Breaking News
Home / ਪੰਥਕ ਖਬਰਾਂ / ਹੁਕਮਨਾਮੇ ‘ਤੇ ਕਾਪੀਰਾਈਟ ਨੂੰ ਲੈ ਕੇ ਮਾਮਲਾ ਭਖਿਆ

ਹੁਕਮਨਾਮੇ ‘ਤੇ ਕਾਪੀਰਾਈਟ ਨੂੰ ਲੈ ਕੇ ਮਾਮਲਾ ਭਖਿਆ

ਜਲੰਧਰ, 13 ਜਨਵਰੀ (ਮੇਜਰ ਸਿੰਘ)-ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮਿ੍ਤਸਰ ਤੋਂ ਪ੍ਰਸਾਰਤ ਹੁੰਦੇ ਹੁਕਮਨਾਮੇ ਬਾਰੇ ਉੱਠੇ ਵਿਵਾਦ ਸਬੰਧੀ ਪੱਖ ਸਪੱਸ਼ਟ ਕਰਦਿਆਂ ਪੀ. ਟੀ. ਸੀ. ਨੈੱਟਵਰਕ ਦੇ ਪ੍ਰੈਜ਼ੀਡੈਂਟ ਤੇ ਮੈਨੇਜਿੰਗ ਡਾਇਰੈਕਟਰ ਰਬਿੰਦਰ ਨਰਾਇਣ ਨੇ ਕਿਹਾ ਕਿ ਗੁਰਬਾਣੀ ‘ਤੇ ਸਾਡਾ ਬੌਧਿਕ ਹੱਕ ਹੋਣ ਦਾ ਕੀਤਾ ਜਾ ਰਿਹਾ ਪ੍ਰਚਾਰ ਪੂਰੀ ਤਰ੍ਹਾਂ ਗੁਮਰਾਹਕੁਨ ਹੈ | ਉਨ੍ਹਾਂ ਕਿਹਾ ਕਿ ਗੁਰਬਾਣੀ ਜਾਂ ਹੁਕਮਨਾਮੇ ‘ਤੇ ਪੀ. ਟੀ. ਸੀ. ਦੇ ਹੱਕ ਦੀ ਗੱਲ ਨਾ ਅਸੀਂ ਕਦੇ ਕਹੀ ਹੈ ਤੇ ਨਾ ਹੀ ਇਹ ਗੱਲ ਸਹੀ ਹੈ |

ਉਨ੍ਹਾਂ ਕਿਹਾ ਕਿ ਸਾਡਾ ਹੱਕ ਸ੍ਰੀ ਹਰਿਮੰਦਰ ਸਾਹਿਬ ਤੋਂ ਹੋਣ ਵਾਲੇ ਪ੍ਰਸਾਰਨ ਦੇ ਸਿਗਨਲ ਉੱਪਰ ਹੈ | ਇਹ ਹੱਕ ਉਨ੍ਹਾਂ ਨੂੰ 1998 ਵਿਚ ਜ: ਗੁਰਚਰਨ ਸਿੰਘ ਟੌਹੜਾ ਦੇ ਪ੍ਰਧਾਨ ਹੋਣ ਸਮੇਂ ਸ਼੍ਰੋਮਣੀ ਕਮੇਟੀ ਨਾਲ ਹੋਏ ਇਕਰਾਰ ਰਾਹੀਂ ਮਿਲਿਆ ਹੈ | ਸ੍ਰੀ ਨਰਾਇਣ ਨੇ ਦੱਸਿਆ ਕਿ ਪੀ. ਟੀ. ਸੀ. ਹਰ ਵਰ੍ਹੇ ਇਸ ਇਕਰਾਰਨਾਮੇ ਤਹਿਤ ਫੀਸ ਜਮ੍ਹਾਂ ਕਰਵਾਉਂਦੀ ਹੈ ਤੇ ਇਸ ਸਾਲ 1 ਕਰੋੜ 70 ਲੱਖ ਰੁਪਏ ਜਮ੍ਹਾਂ ਕਰਵਾਏ ਗਏ ਹਨ | ਇਸ ਤੋਂ ਇਲਾਵਾ ਕਰੀਬ ਚਾਰ ਕਰੋੜ ਰੁਪਏ ਦਾ ਏਅਰ ਟਾਈਮ ਸ਼੍ਰੋਮਣੀ ਕਮੇਟੀ ਦੇ ਸਮਾਗਮਾਂ ਦਾ ਦੁਨੀਆ ਭਰ ‘ਚ ਪ੍ਰਸਾਰਨ ਲਈ ਵੱਖਰਾ ਦਿੱਤਾ ਜਾਂਦਾ ਹੈ | ਕੁਝ ਮੀਡੀਆ ਵਲੋਂ ਬੌਧਿਕ ਜਾਇਦਾਦ ਬਾਰੇ ਦਿਖਾਏ ਜਾ ਰਹੇ ਸ਼ਾਟ ਸਕਰੀਨਾਂ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਿਕਾਇਤ ਬਾਰੇ ਫੇਸਬੁੱਕ ਦਾ ਸਟੈਂਡਰਡ ਰਿਸਪਾਂਸ (ਆਮ ਪ੍ਰਤੀਕ੍ਰਮ) ਇਹੀ ਹੁੰਦਾ ਹੈ | ਉਨ੍ਹਾਂ ਕਿਹਾ ਕਿ ਅਸੀਂ ਪਿਛਲੇ 20 ਸਾਲ ਤੋਂ ਗੁਰਬਾਣੀ ਪ੍ਰਸਾਰਨ ਦੀ ਨਿਰੰਤਰ ਸੇਵਾ ਵਿਚ ਲੱਗੇ ਹੋਏ ਹਾਂ ਤੇ ਪਵਿੱਤਰ ਬਾਣੀ ਦੀ ਮਰਿਆਦਾ ਦੇ ਅਜਿਹੇ ਘਾਣ ਬਾਰੇ ਸੋਚ ਵੀ ਨਹੀਂ ਸਕਦੇ |

ਸ੍ਰੀ ਨਰਾਇਣ ਨੇ ਸਪੱਸ਼ਟ ਕੀਤਾ ਕਿ ਗੁਰਬਾਣੀ ਦੇ ਪ੍ਰਸਾਰ ਲਈ ਸ਼੍ਰੋਮਣੀ ਕਮੇਟੀ ਤੇ ਪੀ. ਟੀ. ਸੀ. ਦੀ ਸਾਈਟ ‘ਤੇ ਮੌਜੂਦ ਿਲੰਕ ਨੂੰ ਕੋਈ ਵੀ ਜਦ ਮਰਜ਼ੀ ਸ਼ੇਅਰ ਕਰ ਸਕਦਾ ਹੈ, ਸਾਨੂੰ ਕੋਈ ਇਤਰਾਜ਼ ਨਹੀਂ | ਉਨ੍ਹਾਂ ਸਪੱਸ਼ਟ ਕੀਤਾ ਕਿ ਸਾਡਾ ਇਤਰਾਜ਼ ਸਿਰਫ ਕੁਝ ਉਨ੍ਹਾਂ ਲੋਕਾਂ ‘ਤੇ ਹੈ ਜੋ ਸਾਡੇ ਸਿਗਨਲ ਨੂੰ ਚੋਰੀ ਕਰਕੇ ਆਪਣਾ ਬਣਾ ਕੇ ਨਿੱਜੀ ਵਪਾਰਕ ਹਿੱਤ ਪੂਰਨ ‘ਚ ਲੱਗੇ ਹੋਏ ਹਨ | ਉਨ੍ਹਾਂ ਕਿਹਾ ਕਿ ਬਹੁਤ ਸਮਾਂ ਪਹਿਲਾਂ ਅਜਿਹੇ ਕੁਝ ਲੋਕ ਹਾਈਕੋਰਟ ਵਿਚ ਵੀ ਗਏ ਸਨ ਪਰ ਹਾਈਕੋਰਟ ਨੇ ਸ਼੍ਰੋਮਣੀ ਕਮੇਟੀ ਵਲੋਂ ਕੀਤੇ ਇਕਰਾਰ ਨੂੰ ਸਹੀ ਕਰਾਰ ਦਿੱਤਾ ਸੀ | ਉਨ੍ਹਾਂ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਵੀ ਅਪੀਲ ਕੀਤੀ ਕਿ ਉਹ ਸਿਗਨਲ ਚੋਰੀ ਕਰਕੇ ਵੱਡੀ ਦੁਰਵਰਤੋਂ ਹੀ ਨਹੀਂ ਸਗੋਂ ਗੁਰਬਾਣੀ ਦੀ ਬੇਅਦਬੀ ਕਰਨ ਵਾਲੇ ਅਜਿਹੇ ਲੋਕਾਂ ਖਿਲਾਫ਼ ਕਾਰਵਾਈ ਕਰਨ | ਉਨ੍ਹਾਂ ਸਮੂਹ ਸੰਗਤ ਨਾਲ ਵਾਅਦਾ ਕੀਤਾ ਕਿ ਗੁਰੂ ਘਰ ਦੀ ਮਰਿਆਦਾ ਸਾਡੇ ਲਈ ਸਭ ਤੋਂ ਉਤਮ ਹੈ ਤੇ ਗੁਰਬਾਣੀ ਨੂੰ ਘਰ-ਘਰ ਪਹੁੰਚਾਉਣ ਲਈ ਆਪਣਾ ਉਪਰਾਲਾ ਨਿਰੰਤਰ ਜਾਰੀ ਰੱਖਾਂਗੇ |

Check Also

ਝੂਠੇ ਕੇਸਾਂ ਵਿਚ ਫਸਾਏ ਜਾਂਦੇ ਸਿੱਖ ਨੌਜਵਾਨਾਂ ਦੇ ਮਾਮਲਿਆਂ ਦੀ ਪੈਰਵਾਈ ਕਰੇ ਸ਼੍ਰੋਮਣੀ ਕਮੇਟੀ: ਗਿਆਨੀ ਹਰਪ੍ਰੀਤ ਸਿੰਘ

ਮੀਰੀ ਪੀਰੀ ਦਿਹਾੜੇ ਦੇ ਸਮਾਗਮਾਂ ਵਿਚ ਸ਼ਾਮਲ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲ ਕਰਦਿਆਂ ਅਕਾਲ ਤਖ਼ਤ …

%d bloggers like this: