Breaking News
Home / ਪੰਜਾਬ / ਜੇਐਨਯੂ ‘ਤੇ ਪੋਸਟਾਂ ਪਾਉਣ ਵਾਲਿਉ, ਹਿੰਮਤ ਹੈ ਤਾਂ ਐਧਰ ਪੰਗਾ ਲਉ

ਜੇਐਨਯੂ ‘ਤੇ ਪੋਸਟਾਂ ਪਾਉਣ ਵਾਲਿਉ, ਹਿੰਮਤ ਹੈ ਤਾਂ ਐਧਰ ਪੰਗਾ ਲਉ

ਜੇ ਇਹ ਖਬਰ ਕਿਸੇ ਲੋਕਤੰਤਰ ਨੂੰ ਮੰਨਣ ਵਾਲੇ ਮੁਲਕ ਦੀ ਹੁੰਦੀ, ਜਿਥੇ ਮਨੁੱਖੀ ਅਧਿਕਾਰਾਂ ਅਤੇ ਨਿਆਂ ਦਾ ਰਾਜ ਹੁੰਦਾ ਤਾਂ ਇਹ ਖਬਰ ਲੱਗਣ ਸਾਰ ਸੂਬੇ ਦਾ ਮੁੱਖ ਮੰਤਰੀ ਅਸਤੀਫਾ ਦੇ ਦਿੰਦਾ।

ਇਲਜਾਮ ਹੈ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਮੁੱਖ ਸੁਰੱਖਿਆ ਸਲਾਹਕਾਰ ਖੂਬੀ ਰਾਮ ਨੇ ਆਪਣੇ ਰੁਤਬੇ ਅਤੇ ਪਹੁੰਚ ਦੀ ਦੁਰਵਰਤੋਂ ਕੀਤੀ ਅਤੇ ਇਕ 27 ਸਾਲਾਂ ਤੋਂ ਇਨਸਾਫ ਦੀ ਲੜਾਈ ਲੜ ਰਹੇ ਪਰਿਵਾਰ ਨੂੰ ਸਮਝੌਤੇ ਵਾਸਤੇ ਮਜਬੂਰ ਕੀਤਾ।

1993 ਵਿੱਚ ਬਾਬਾ ਚਰਨ ਸਿੰਘ ਅਤੇ ਉਸ ਦੇ ਤਿੰਨ ਭਰਾਵਾਂ, ਸਾਲੇ ਗੁਰਭੇਜ ਸਿੰਘ ਅਤੇ ਸਾਲੇ ਦੇ ਮੁੰਡੇ ਬਲਵਿੰਦਰ ਸਿੰਘ ਨੂੰ ਵਾਰੀ ਵਾਰੀ ਘਰੋਂ ਚੁੱਕ ਕੇ ਮਾਰ ਦਿੱਤਾ ਗਿਆ। ਬਲਵਿੰਦਰ ਪੁਲਿਸ ਵਿਚ ਸਿਪਾਹੀ ਵੀ ਸੀ।

21 ਮਾਰਚ, 1993 ਨੂੰ ਗੁਰਭੇਜ ਅਤੇ ਬਲਵਿੰਦਰ ਨੂੰ ਘਰੋਂ ਚੁੱਕਣ ਵੇਲੇ ਖੂਬੀ ਰਾਮ ਵੀ ਨਾਲ ਸੀ। ਅਜਿਹਾ ਬਲਵਿੰਦਰ ਦੀ ਮਾਂ ਗੁਰਮੀਤ ਕੌਰ ਅਤੇ ਪਤਨੀ ਕੁਲਵਿੰਦਰ ਕੌਰ ਦੇ ਬਿਆਨਾਂ ਤੋਂ ਪਤਾ ਲੱਗਦਾ। ਉਸ ਤੋਂ ਬਾਅਦ ਵੀ ਦੋਵੇਂ ਕੲੀ ਦਿਨ ਗੈਰ ਕਾਨੂੰਨੀ ਪੁਲਿਸ ਹਿਰਾਸਤ ਵਿਚ ਰਹੇ ਅਤੇ ਖੂਬੀ ਰਾਮ ਨੇ ਪਰਿਵਾਰ ਦੀ ਇਕ ਮੁਲਾਕਾਤ ਵੀ ਕਰਵਾਈ।

ਗੁਰਮੀਤ ਕੌਰ ਅਤੇ ਕੁਲਵਿੰਦਰ ਕੌਰ ਦੇ ਬਿਆਨ ਖੂਬੀ ਰਾਮ ‘ਤੇ ਮੁਕਦਮਾ ਚਲਾਉਣ ਲਈ ਕਾਫੀ ਸਨ। ਇਹ ਗੱਲ ਅਸੀਂ ਨਹੀਂ ਕਹਿੰਦੇ। ਇਹ ਗੱਲ ਕਹਿੰਦਾ ਹੈ ਸੁਖਦੇਵ ਰਾਜ ਜੋਸ਼ੀ।

1993 ਵਿੱਚ ਜੋਸ਼ੀ ਖੂਬੀ ਰਾਮ ਦਾ ਰੀਡਰ ਲੱਗਿਆ ਹੋਇਆ ਸੀ। ਜੋਸ਼ੀ ਵੀ ਗੁਰਭੇਜ ਅਤੇ ਬਲਵਿੰਦਰ ਨੂੰ ਚੁੱਕਣ ਵੇਲੇ ਨਾਲ ਸੀ। ਖੂਬੀ ਰਾਮ ਪੁਲਿਸ ਪਾਰਟੀ ਦੀ ਅਗਵਾਈ ਕਰ ਰਿਹਾ ਸੀ।

ਗੁਰਮੀਤ ਕੌਰ ਅਤੇ ਕੁਲਵਿੰਦਰ ਕੌਰ ਦੇ ਬਿਆਨਾਂ ‘ਤੇ ਜੋਸ਼ੀ ਨੂੰ ਤਾਂ ਸਜ਼ਾ ਹੋ ਗੲੀ। ਪਰ ਖੂਬੀ ਰਾਮ ‘ਤੇ ਮੁਕਦਮਾ ਵੀ ਨਹੀਂ ਚੱਲਿਆ।

ਹੁਣ ਜੋਸ਼ੀ ਨੇ ਅਦਾਲਤ ਵਿੱਚ ਪਟੀਸ਼ਨ ਪਾਈ ਹੈ ਕਿ ਮੈਂ ਤਾਂ ਸਿਰਫ ਰੀਡਰ ਸੀ। ਮੇਰੇ ਖਿਲਾਫ ਮੁਕੱਦਮਾ ਚਲਾ ਰੱਖਿਆ ਪਰ ਖੂਬੀ ਰਾਮ ਨੂੰ ਛੱਡ ਦਿੱਤਾ। ਇਹ ਧੱਕਾ ਹੈ।

ਜੋਸ਼ੀ ਅਨੁਸਾਰ ਪਿਛਲੇ ਸਾਲ ਜੂਨ ਦੇ ਮਹੀਨੇ ਗੁਰਮੀਤ ਕੌਰ ਨੇ ਅਦਾਲਤ ਵਿੱਚ ਵਟਸ ਐਪ ਰਾਹੀਂ ਖੂਬੀ ਰਾਮ ਨਾਲ ਹੋਈ ਗੱਲਬਾਤ ਦੇ ਸਬੂਤ ਪੇਸ਼ ਕੀਤੇ। ਗੁਰਮੀਤ ਕੌਰ ਨੇ ਅਦਾਲਤ ਨੂੰ ਕਿਹਾ ਕਿ ਖੂਬੀ ਰਾਮ ਪਰਿਵਾਰ ‘ਤੇ ਸਮਝੌਤੇ ਵਾਸਤੇ ਦਬਾਅ ਪਾ ਰਿਹਾ ਹੈ। ਤਾਂ ਕਿ ਖੂਬੀ ਰਾਮ ਖਿਲਾਫ ਮੁਕੱਦਮੇ ਦੀ ਮੰਗ ਨਾ ਕੀਤੀ ਜਾਵੇ। ਗੁਰਮੀਤ ਕੌਰ ਮੰਗ ਕਰ ਰਹੀ ਸੀ ਕਿ ਖ਼ੂਬੀ ਰਾਮ ਖਿਲਾਫ਼ ਵੀ ਮੁਕਦਮਾ ਚਲਾਇਆ ਜਾਵੇ।

ਪਰ ਅਕਤੂਬਰ ਦੇ ਮਹੀਨੇ ਤੱਕ ਹਲਾਤ ਬਦਲ ਗੲੇ । ਅਕਤੂਬਰ ਦੇ ਮਹੀਨੇ ਗੁਰਮੀਤ ਕੌਰ ਨੇ ਅਦਾਲਤ ਨੂੰ ਕਿਹਾ ਕਿ ਖੂਬੀ ਰਾਮ ਨਾਲ ਜ਼ੁਬਾਨੀ ਸਮਝੌਤਾ ਹੋ ਗਿਆ ਹੈ। ਅਤੇ ਹੁਣ ਉਹ ਖੂਬੀ ਰਾਮ ‘ਤੇ ਮੁਕਦਮਾ ਨਹੀਂ ਚਲਾਉਣਾ ਚਾਹੁੰਦੀ।

ਸਾਨੂੰ ਨਹੀਂ ਪਤਾ ਕੇ ਗੁਰਮੀਤ ਕੌਰ ਦੇ ਇਸ ਸਮਝੌਤੇ ਕਰਨ ਪਿੱਛੇ ਕੀ ਕਾਰਨ ਸੀ। ਪਰ ਜਦੋਂ ਮੱਥਾ ਮੁੱਖ ਮੰਤਰੀ ਦੇ ਸੁਰੱਖਿਆ ਸਲਾਹਕਾਰ ਨਾਲ ਲੱਗਿਆ ਹੋਵੇ ਤਾਂ ਮਜਬੂਰੀ ਸਮਝੀ ਜਾ ਸਕਦੀ ਹੈ।

ਜਦੋਂ ਸਮਝੌਤਾ ਹੋਇਆ ਤਾਂ ਉਸ ਤੋਂ ਬਾਅਦ ਤਰਨਤਾਰਨ ਡੀਸੀ ਅਤੇ ਐਸ ਐਸ ਪੀ ਨੇ ਇਕ ਚਿੱਠੀ ਰਾਹੀਂ ਪਰਿਵਾਰ ਨੂੰ ਗੁਰਭੇਜ ਅਤੇ ਬਲਵਿੰਦਰ ਦਾ ਮੌਤ ਦਾ ਸਰਟੀਫਿਕੇਟ ਬਣਾ ਕੇ ਦੇਣ ਵਾਸਤੇ ਹਾਮੀ ਵੀ ਭਰ ਦਿੱਤੀ। ਜਦੋਂ ਕਿ 27 ਸਾਲ ਤੱਕ ਬਲਵਿੰਦਰ ਪੁਲਿਸ ਰਿਕਾਰਡ ਵਿੱਚ ਭਗੌੜਾ ਸੀ। ਇਕ ਭਗੌੜੇ ਦਾ ਮੌਤ ਦਾ ਸਰਟੀਫਿਕੇਟ। ਇਸੇ ਨੂੰ ਕਹਿੰਦੇ ਹੋਣੇ ‘ਹਨੇਰ ਸਾਈਂ ਦਾ’।

ਜੋਸ਼ੀ ਦੀ ਪਟੀਸ਼ਨ ਹਾਲੇ ਵੀ ਅਦਾਲਤ ਵਿੱਚ ਚਲ ਰਹੀ ਐ। ਪਰ ਕਿੰਨਾ ਕੁ ਚਿਰ ਚੱਲੂ। ਜੋਸ਼ੀ ਤਾਂ ਹੁਣ ਬੰਦ ਵੀ ਪੰਜਾਬ ਜੇਲ ‘ਚ ਹੈ। ਉਸ ਨਾਲ ਕੀ ਨਹੀਂ ਕੀਤਾ ਜਾ ਸਕਦਾ ।

ਜੇ ਗੁਰਮੀਤ ਕੌਰ ‘ਤੇ ਦਬਾਅ ਪੈ ਸਕਦਾ ਤਾਂ ਜੋਸ਼ੀ ‘ਤੇ ਵੀ ਪੈ ਜਾਊ।

ਯਾਦ ਕਰਵਾ ਦੇਈਏ ਕਿ 1993 ਵਿੱਚ ਪੰਜਾਬ ਦਾ ਮੁੱਖ ਮੰਤਰੀ ਕਾਂਗਰਸੀ ਬੇਅੰਤ ਸਿੰਘ ਸੀ ਅਤੇ ਡੀਜੀਪੀ ਕੇ ਪੀ ਐੱਸ ਗਿੱਲ।‌

ਜਦੋਂ ਬਾਬਾ ਚਰਨ ਸਿੰਘ ਦੇ ਦੋ ਭਰਾ ਪੁਲਿਸ ਨੇ ਚੁੱਕ ਲਏ ਤਾਂ ਬਾਬਾ ਚਰਨ ਸਿੰਘ ਖੁੱਦ ਬੇਅੰਤ ਸਿੰਘ ਅਤੇ ਕੇ ਪੀ ਐੱਸ ਗਿਲ ਨੂੰ ਮਿਲ ਕੇ ਆਏ। ਬਾਬਾ ਚਰਨ ਸਿੰਘ ਨੇ ਭਾਰਤ ਵਾਸਤੇ 1962 ਦੀ ਜੰਗ ਚੀਨ ਨਾਲ ਲੜੀ ਸੀ। ਇਸ ਕਰਕੇ ਉਨ੍ਹਾਂ ਦੀ ਇਨ੍ਹੀ ਕੁ ਜਾਣ ਪਹਿਚਾਣ ਸੀ ਕਿ ਭਾਵੇਂ ਉਹ ਭਗੌੜੇ ਸਨ, ਪਰ ਫੇਰ ਵੀ ਮੁੱਖ ਮੰਤਰੀ ਅਤੇ ਡੀਜੀਪੀ ਨਾਲ ਨਿੱਜੀ ਮੁਲਾਕਾਤ ਹੋ ਗੲੀ। ਉਨ੍ਹਾਂ ਕਿਹਾ ਕਿ ਪਰਿਵਾਰ ਨੂੰ ਬਚਾਇਆ ਜਾਵੇ। ਪਰ ਮੁੱਖ ਮੰਤਰੀ ਅਤੇ ਡੀਜੀਪੀ ਨੇ ਕੁੱਝ ਨਾ ਕੀਤਾ।

ਇਸ ਮੁਲਾਕਾਤ ਤੋਂ ਬਾਅਦ ਬਾਬਾ ਚਰਨ ਸਿੰਘ ਦੇ ਇਕ ਹੋਰ ਭਰਾ ਮੇਜਾ ਸਿੰਘ ਅਤੇ ਉਨ੍ਹਾਂ ਦੇ ਸਾਰੇ ਗੁਰਭੇਜ ਅਤੇ ਸਾਲੇ ਦੇ ਮੁੰਡੇ ਬਲਵਿੰਦਰ ਨੂੰ ਚੁੱਕ ਕੇ ਮਾਰਿਆ ਗਿਆ। ਅਖੀਰ ਵਿੱਚ ਬਾਬਾ ਚਰਨ ਸਿੰਘ ਨੂੰ ਮਾਰਿਆ ਗਿਆ।

ਭਾਵ ਕਾਂਗਰਸ ਦੇ ਰਾਜ ਵਿੱਚ ਮੁੱਖ ਮੰਤਰੀ ਅਤੇ ਡੀਜੀਪੀ ਵੀ ਤੁਹਾਡੀ ਜਾਨ ਨਹੀਂ ਬਚਾ ਸਕਦੇ। ਫੇਰ ਕੋਈ ਕਾਂਗਰਸੀ ਮੁੱਖ ਮੰਤਰੀ ਦੇ ਮੁੱਖ ਸਲਾਹਕਾਰ ਨਾਲ ਸਮਝੌਤਾ ਕਿਉਂ ਨਾ ਕਰੇ ?

ਪਰ ਇਸ ਦਾ ਕੋਈ ਰੌਲਾ ਨਹੀਂ ਪਵੇਗਾ । ਕਿਉਂ ਕਿ ਪੰਜਾਬ ਵਿੱਚ ਲੋਕਤੰਤਰ ਦੇ ਰਾਖੇ ਤਾਂ ਜੇਐਨਯੂ ਮਸਲੇ ‘ਤੇ ਮੋਦੀ ਅਤੇ ਅਮਿਤ ਸ਼ਾਹ ਨੂੰ ਲਲਕਾਰ ਰਹੇ ਨੇ। ਉਨ੍ਹਾਂ ਕੋਲ ਕੋਈ ਸਮਾਂ ਨਹੀਂ ਲੋਕਤੰਤਰ ਦੀ ਰਾਖੀ ਕਾਂਗਰਸ ਪਾਰਟੀ ਦੇ ਪੰਜਾਬੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਸਵਾਲ ਪੁੱਛਣ ਦਾ ।

ਪੰਜਾਬ ਵਿੱਚ ਰਹਿ ਕੇ ਕਾਂਗਰਸ ਨਾਲ ਪੰਗਾ ਕੌਣ ਲਵੇ।

ਦੇਖਦੇ ਹਾਂ ਕਿੰਨੇ ਉਹ ਲੋਕ, ਜੋ ਜੇਐਨਯੂ ਦੇ ਮਸਲੇ ‘ਤੇ ਤੱਤੇ ਨੇ, ਪੰਜਾਬ ਦੇ ਮੁੱਖ ਮੰਤਰੀ ਅਤੇ ਮੁੱਖ ਸਲਾਹਕਾਰ ਖਿਲਾਫ ਕਿੰਨੀਆਂ ਪੋਸਟਾਂ ਪਾਉਂਦੇ ਨੇ।

ਖੂਬੀ ਰਾਮ ਖਿਲਾਫ, ਜਿਸ ਕੋਲ ਪੰਜਾਬ ਪੁਲਿਸ ਦੀ ਸੱਤਾ ਹੈ।

ਦੱਸ ਦੇਈਏ ਕਿ ਸਾਨੂੰ ਜੇਐਨਯੂ ਬਾਰੇ ਪੋਸਟਾਂ ਪਾਉਣ ਬਾਰੇ ਕੋਈ ਸਮੱਸਿਆ ਨਹੀਂ। ਸਮੱਸਿਆ ਹੈ ਕਿ ਆਪਾਂ ਪੰਜਾਬੀ ਆਪਣੀ ਪੀੜੀ ਥੱਲੇ ਸੋਟਾ ਕਦੋਂ ਫੇਰਾਂਗੇ।

ਸਰੋਤ: ਇੰਡੀਅਨ ਐਕਸਪ੍ਰੈਸ , ਖਬਰਾਂ ਦੀ ਤੰਦ ਪਹਿਲੀ ਟਿੱਪਣੀ ਨਾਲ ਨੱਥੀ ਏ। #ਮਹਿਕਮਾ_ਪੰਜਾਬੀ

Check Also

ਪਿਉ ਨੇ PUBG ਗੇਮ ‘ਤੇ 16 ਲੱਖ ਉਡਾਉਣ ਵਾਲੇ ਬੇਟੇ ਨੂੰ ਸਬਕ ਸਿਖਾਉਣ ਲਈ ਸਕੂਟਰ ਰਿਪੇਅਰ ਦੇ ਕੰਮ ਲਾਇਆ

ਖਰੜ ਵਿਚ ਇਕ ਵਿਦਿਆਰਥੀ ਸਿਰ ਆਨਲਾਈਨ ਗੇਮ ਦਾ ਨਸ਼ਾ ਇੰਨਾ ਚੜ੍ਹਿਆ ਕਿ ਉਸ ਨੇ ਆਪਣੇ …

%d bloggers like this: