Breaking News
Home / ਸਾਹਿਤ / ਬਾਲੀਵੁੱਡ ‘ਚ ਜਾਨੀ ਲੀਵਰ ਵਾਲੇ ‘ਪੰਜਾਬੀ’ ਦੀ ਘਾਟ ਪੂਰੀ ਕਰ ਰਿਹਾ ਦਿਲਜੀਤ ਦੋਸਾਂਝ

ਬਾਲੀਵੁੱਡ ‘ਚ ਜਾਨੀ ਲੀਵਰ ਵਾਲੇ ‘ਪੰਜਾਬੀ’ ਦੀ ਘਾਟ ਪੂਰੀ ਕਰ ਰਿਹਾ ਦਿਲਜੀਤ ਦੋਸਾਂਝ

ਊਂ ਤਾਂ ਮੁੱਖ ਧਾਰਾ ਦੇ ਬਾਲੀਵੁੱਡ ਸਿਨੇਮੇ ਤੋਂ ਕਦੀ ਵੀ ਕੋਈ ਬਹੁਤੀ ਆਸ ਨਹੀਂ ਹੁੰਦੀ, ਫਿਲਮ ਦੇ ਪੱਧਰ ਤੇ ਤਾਂ ਹੁਣੇ ਆਈ ਫਿਲਮ ‘ਗੁਡ ਨਿਊਜ਼’ ਗੱਲ ਕਰਨ ਲਾਇਕ ਵੀ ਨਹੀਂ। ਏਸ ਫਿਲਮ ਦੇ ਤੱਤ ਤੇ ਗੱਲ ਕਰੀਏ ਤਾਂ ਅਕਸ਼ੈ ਕੁਮਾਰ ਇੱਕ ਆਦਰਸ਼ਵਾਦੀ ਜਿਹਾ ਬਣ ਰਿਹਾ ਹੈ। ਸਾਈਕਲ ਤੇ ਦਫ਼ਤਰ ਜਾਣ ਵਰਗੀਆਂ ਚੰਗੀਆਂ ਆਦਤਾਂ ਇਸ ਚੰਗੇ ਹਿੰਦੋਸਤਾਨੀ ਦੇ ਚਰਿੱਤਰ ਵਿੱਚ ਹਨ, ਇਸ ਤੋਂ ਵਧ ਕੇ ਇਹ ਆਪਣਾ ਚੰਗਾ ‘ਹਿੰਦੋਸਤਾਨੀ’ ਕਿਰਦਾਰ ਵੱਖਰੀ ਪਛਾਣ ਵਾਲਿਆਂ ਨਾਲ ਭੇਦ ਭਾਵ ਵਿੱਚ ਵਿਖਾਉਂਦਾ ਹੈ। ਖੈਰ ਇਹ ਗੱਲ ਵੱਖਰੀ ਹੈ ਕਿ ਅੱਜ ਦੇ ਬਾਲੀਵੁੱਡ ਸਿਨੇਮੇ ਦੀ ਮੰਗ ਦੇ ਆਧਾਰ ਤੇ ਚਾਲੂ ਜਿਹੇ ਵਟਸਐਪ ਵਾਲੇ ਅਸ਼ਲੀਲ ਚੁਟਕਲੇ ਵੀ ਬੋਲਣੇ ਹੀ ਪੈਂਦੇ ਨੇ। ਵੈਸੇ ਜੇ ਅਕਸ਼ੈ ਕੁਮਾਰ ਦੇ ਫਿਲਮੀ ਕਿਰਦਾਰਾਂ ਤੇ ਗੱਲ ਕਰਨੀ ਹੋਵੇ ਤਾਂ ਇਹ ਇੱਕ ਵੱਖਰਾ ਵਿਸ਼ਾ ਬਣਦਾ ਹੈ ਕਿ ਕਿਵੇਂ ਬਹੁਤੀਆਂ ਫਿਲਮਾਂ ਵਿੱਚ ਇਸਦੇ ਚੁਟਕਲੇ ਤੇ ਹਾਵ-ਭਾਵ ਨਸਲੀ ਹੀ ਹੁੰਦੇ ਨੇ। ਇਸ ਫਿਲਮ ‘ਚ ਦਿਲਜੀਤ ਵੀ ਇਹਦਾ ਹਿੱਸੇਦਾਰ ਹੈ। ਸਿੱਖ਼ਾਂ ਨੂੰ ਜਿੰਨਾਂ ਕੁ ਹਾਸੋਹੀਣਾ ਨਕਲੀ ਪੱਗਾਂ ਬੰਨ ਕੇ ਜਾਨੀ ਲੀਵਰ ਵਰਗਿਆਂ ਨੇ ਵਿਖਾਇਆ ਤੇ ਉਹਨਾਂ ਦਾ ਇੱਕ ਜੋਕਰ ਕਿਰਦਾਰ ਸਥਾਪਿਤ ਕੀਤਾ ਉਸਨੂੰ ਅੱਗੇ ਵਧਾਇਆ ਅਕਸ਼ੈ ਕੁਮਾਰ ਨੇ ‘ਸਿੰਘ ਇਜ਼ ਕਿੰਗ’ ਵਰਗੀਆਂ ਫਿਲਮਾਂ ਵਿੱਚ ਤੇ ਹੁਣ ਇਸਦਾ ਆਧੁਨਿਕ ਮਾਡਲ ਦਿਲਜ਼ੀਤ ਖੁਦ ਹੈ, ਦਿਲਜੀਤ ਵਾਲਾ ਪੰਜਾਬੀ ਸਿੱਖ ਜਾਨੀ ਲੀਵਰ ਤੋਂ ਬੱਸ ਇੰਨਾ ਕੁ ਵੱਖਰਾ ਹੈ ਕਿ ਇਹਦੀ ਪੱਗ ਤੇ ਦਾਹੜੀ ਅਸਲੀ ਹੈ ਤੇ ਇਹ ਸੱਚੀਓਂ ਪੰਜਾਬੀ ਹੈ।

ਭਾਵੇਂ ਇਹਨਾਂ ਫਿਲਮਾਂ ਵਿੱਚ ਸਿੱਖਾਂ ਦਾ ਮਜ਼ਾਕ ਵੱਧ ਜਾਂ ਘੱਟ ਉਡਾਇਆ ਹੋਵੇ, ਪਰ ਇੱਕ ਗੱਲ ਸਾਂਝੀ ਹੈ ਸਾਰੀ ਫਿਲਮ ਵਿੱਚ ਮਜ਼ਾਕ ਉਡਾ ਕੇ, ਮੂਰਖ ਵਿਖਾ ਕੇ ਅੰਤ ਵਿੱਚ ਉਹਨਾਂ ਨੂੰ ਬੇਹੱਦ ਸੰਵੇਦਨਸ਼ੀਲ ਵਿਖਾ ਕੇ ਬਾਲੀਵੁੱਡ ਨੂੰ ਲਗਦਾ ਹੈ ਉਸਨੇ ਆਪਣੇ ਸਾਰੇ ਪਾਪ ਧੋ ਲਏ। ਦਿਲਜੀਤ ਦੀ ਜੁਲਾਈ ਵਿੱਚ ਫਿਲਮ ਆਈ ਸੀ ਅਰਜੁਨ ਪਟਿਆਲਾ, ਉਸ ਫਿਲਮ ਦੀ ਪ੍ਰਮੋਸ਼ਨ ਇੰਟਰਵਿਊ ਦੌਰਾਨ ਦਿਲਜੀਤ ਨੇ ਕਿਹਾ ਸੀ ਕਿ ਇਹ ਫਿਲਮ ਬਾਲੀਵੁੱਡ ਵੱਲੋਂ ਸਿੱਖਾਂ ਦੇ ਬਣੇ ਇੱਕ ਜੋਕਰ ਤੇ ਮਜ਼ਾਕੀਆ ਸਾਂਚੇ ਨੂੰ ਤੋੜੇਗੀ। ਮਤਲਬ ਦਿਲਜੀਤ ਜਾਣਦਾ ਹੈ ਕਿ ਬਾਲੀਵੁੱਡ ਸਾਡੀ ਪਰਦਾਪੇਸ਼ੀ ਨਕਲੀ ਕਰ ਰਿਹਾ ਹੈ, ਫਿਰ ਵੀ…..! ਖੈਰ ਛੱਡੋ। ਪੈਸੇ ਵਿੱਚ ਵੱਡੇ ਵੱਡੇ ਜਮੀਰ ਖਾ ਜਾਣ ਦੀ ਤਾਕਤ ਹੁੰਦੀ ਹੈ, ਤੇ ਦਿਲਜੀਤ ਦੀ ਇਹ ‘ਹੂਕ’ ਉਦੋਂ ਵੀ ਕਿਸੇ ਜਮੀਰ ‘ਚੋਂ ਨਹੀਂ ਸਗੋਂ ਸਿਨਮੇਆਂ ‘ਚ ਪੰਜਾਬੀ ਦਰਸ਼ਕਾਂ ਨੂੰ ਲਿਆਉਣ ਲਈ ਨਿੱਕਲੀ ਸੀ। ਤੇ ‘ਅਰਜੁਨ ਪਟਿਆਲਾ’ ਨੇ ਕਿੰਨੀ ਕੁ ਸਹੀ ਪਰਦਾਪੇਸ਼ੀ ਕਰ ਲਈ ਇਹ ਵੀ ਜਗ ਜਾਹਿਰ ਹੈ। ਫਿਲਮ ਵੱਲ ਮੁੜਦੇ ਹਾਂ, ਇਸ ਫਿਲਮ ਵਿੱਚ ਅਕਸ਼ੈ ਕੁਮਾਰ ਤੇ ਦਿਲਜੀਤ ‘ਐਕਸੀਡੈਂਟਲੀ’ ਇੱਕੋ ਗੋਤ ਦੇ ਨੇ ਪਰ ਦਿਲਜੀਤ ਚੰਡੀਗੜ ‘ਚ ਰਹਿੰਦਾ ਅਨਪੜ, ਜ਼ਾਹਿਲ, ਮੂਰਖ ਪੰਜਾਬੀ ਹੈ ਤੇ ਅਕਸ਼ੈ ਕੁਮਾਰ ਬੰਬੇ ਦਾ ‘ਘੈਂਟ ਸਿਵੀਲੀਅਨ’ ਦੋਵੇਂ ਸੰਤਾਨ ਚਾਹੁੰਦੇ ਹਨ, ਏਸੇ ਰੌਲੇ ਰੱਪੇ ‘ਚ ਦੋਵੇਂ ਟੱਕਰ ਜਾਂਦੇ ਹਨ। ਦਿਲਜੀਤ ਦਾ ਖੱਪ ਖਾਨਾ ਨਾ ਸਹਾਰਣਯੋਗ ਹੈ, ਕੋਈ ਵੀ ਸਮਝਦਾਰ ਇਨਸਾਨ ਸਮਝਦਾ ਹੈ ਕਿ ਚੰਡੀਗੜ ਵਿੱਚ ਰਹਿਣ ਵਾਲੇ ਕਿਹੋ ਜਿਹੇ ਨੇ, ਚੰਡੀਗੜ੍ਹ ‘ਚ ਰਹਿਣ ਵਾਲੇ ਪੰਜਾਬੀ ਤਾਂ ਉਂਝ ਹੀ ਬਾਕੀ ਦੇ ਪੰਜਾਬੀਆਂ ਨਾਲੋਂ ਜਮਾਤ ਪੱਖੋਂ ਵੱਖਰੇ ਹੋਣ ਕਰਕੇ ਬਹੁਤੇ ਹੀ ਪੜੇ ਲਿਖੇ ਨੇ, ਤੇ ਫਿਰ ਇਹ ਫਿਲਮ ਆਲਿਆਂ ਨੇ ਕਿਹੜੇ ਚੰਡੀਗੜ ਦਾ ਦਿਲਜੀਤ ਲੱਭਿਆ ਹੈ, ਇਹ ਅਚੰਭੇ ਆਲੀ ਗੱਲ ਏ। ਦਿਲਜੀਤ ਤੇ ਉਹਦੀ ਘਰਵਾਲੀ ਦਾ ਪੂਰੀ ਫਿਲਮ ਵਿੱਚ ਮਾੜੀ ਅੰਗਰੇਜ਼ੀ ਕਰਕੇ ਮਖੌਲ ਬਣਾਇਆ ਜਾਂਦਾ ਹੈ। ਉਹਨਾਂ ਨੂੰ ਹਰ ਵਾਰ ਘਰੋਂ ਕੱਢਿਆ ਜਾਂਦਾ ਹੈ, ਪਿੱਛਾ ਕਰਨ ਲਈ ਬੇਇੱਜਤ ਕੀਤਾ ਜਾਂਦਾ ਹੈ। ਪਰ ਫਿਲਮ ਦਾ ਢੀਠ ਤੇ ਚੀਪੜ ਪੰਜਾਬੀ ਇਹ ਗੱਲ ਹੀ ਨਹੀਂ ਸਮਝ ਰਿਹਾ ਕਿ ਉਸਦੀ ਬੇਇੱਜਤੀ ਵੀ ਹੋ ਰਹੀ ਏ। ਫਿਲਮ ਵਿੱਚ ਇੱਕ ਸੀਨ ਦਿਲਚਸਪ ਹੈ ਜਦ ਦਿਲਜੀਤ ਮਠਿਆਈ ਦੇ ਡੱਬੇ ਲੈ ਕੇ ਅਕਸ਼ੈ ਕੁਮਾਰ ਦੇ ਘਰੇ ਜਾਂਦਾ ਹੈ ਤਾਂ ਅਕਸ਼ੈ ਆਪਣੀ ਘਰਵਾਲੀ ਨੂੰ ਕਹਿੰਦਾ ਹੈ ਕਿ ਵੇਖੀਂ ਇਹਦੇ ‘ਚ ਆਰ.ਡੀ.ਐਕਸ ਹੋਣਾ ਏ। ਇਹ ਨਸਲਵਾਦੀ ਧਾਰਨਾ ਆਉਂਦੀ ਕਿੱਥੌ ਹੈ, ਬਾਲੀਵੁੱਡ ਵੱਖਰੀ ਪਛਾਣ ਵਾਲਿਆਂ ਲਈ ਇੱਕ ਨਵੇਂ ਸਾਂਚੇ ਬੁਣ ਰਿਹਾ ਹੈ, ਮੁਸਲਮਾਨਾਂ ਨੂੰ ਅੱਤਵਾਦੀ ਦਿਖਾ ਕੇ। ਸਿੱਖ਼ਾਂ ਨੂੰ ਜ਼ਾਹਿਲ ਦਿਖਾ ਕੇ, ਦੱਖਣੀ ਭਾਰਤੀਆਂ ਨੂੰ ਹਰ ਵੇਲੇ ਗੰਡਾਸੇ ਚੁੱਕੀ ਫਿਰਦੇ ਦਿਖਾ ਕੇ ਤੇ ਆਦਿਵਾਸੀਆਂ ਨੂੰ ਫੁੱਲ ਕਲਗੀਆਂ ਲਾ ਕੇ ਹੁਲਾ ਲਾ ਲਾ ਕਰਦੇ ਵਿਖਾ ਕੇ। ਇਹ ਸਭ ਕੁਝ ਕਰਕੇ ਬਾਲੀਵੁੱਡ ਕਿਹੜੀ ਪਛਾਣ ਦੀ ਠੁੱਕ ਬਣਾਉਣੀ ਚਾਹੁੰਦਾ ਏ? ਕਿਹੜੀ ਪਛਾਣ ਸਾਧਾਰਨ ਹੈ ਤੇ ਕਿਹੜੀ ਵੱਖਰੀ, ਸਾਡੀਆਂ ਫਿਲਮਾਂ ਸਾਨੂੰ ਬਾਖੂਬੀ ਸਿਖਾਉਣ ਦੀ ਕੋਸ਼ਿਸ਼ ਵਿੱਚ ਨੇ।

ਬਲਤੇਜ

Check Also

ਮਹਾਰਾਜਾ ਪਟਿਆਲਾ ਦੀ ਹਿਟਲਰ ਨਾਲ ਦੋਸਤੀ ਦਾ ਕਿੱਸਾ

ਆਜ਼ਾਦੀ ਤੋਂ ਪਹਿਲਾਂ ਦੇਸ਼ ’ਚ ਜੋ ਅਮੀਰ ਰਿਆਸਤਾਂ ਸੀ, ਉਸ ਵਿੱਚ ਪਟਿਆਲਾ ਰਾਜਘਰਾਨ ਸਭ ਤੋਂ …

%d bloggers like this: