Breaking News
Home / ਮੁੱਖ ਖਬਰਾਂ / ਬੇਅਦਬੀ ਸਾਡੀ ਸਰਕਾਰ ‘ਚ ਹੋਈ ਅਤੇ ਦੋਸ਼ੀ ਨਹੀਂ ਫੜੇ ਜਾ ਸਕੇ-ਪਰਮਿੰਦਰ ਸਿੰਘ ਢੀਂਡਸਾ

ਬੇਅਦਬੀ ਸਾਡੀ ਸਰਕਾਰ ‘ਚ ਹੋਈ ਅਤੇ ਦੋਸ਼ੀ ਨਹੀਂ ਫੜੇ ਜਾ ਸਕੇ-ਪਰਮਿੰਦਰ ਸਿੰਘ ਢੀਂਡਸਾ

ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਦਲ ਦੇ ਨੇਤਾ ਤੋਂ ਅਸਤੀਫ਼ਾ ਦੇਣ ਤੋਂ ਬਾਅਦ ਸ. ਪਰਮਿੰਦਰ ਸਿੰਘ ਢੀਂਡਸਾ ਨੇ ਅਕਾਲੀ ਦਲ ਤੇ ਚੰਡੀਗੜ੍ਹ ਵਿਖੇ ਕੁਝ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਬੇਅਦਬੀ ਸਾਡੀ ਸਰਕਾਰ ‘ਚ ਹੋਈ ਸੀ ਤੇ ਦੋਸ਼ੀ ਨਹੀਂ ਫੜੇ ਜਾ ਸਕੇ ਅਤੇ ਅਕਾਲੀ ਦਲ ਦਾ ਸਭ ਤੋਂ ਵੱਡਾ ਨੁਕਸਾਨ ਸੂਬੇ ‘ਚ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਕਾਰਨ ਹੀ ਹੋਇਆ | ਉਨ੍ਹਾਂ ਇਸ ਮੌਕੇ ਪਾਰਟੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਪ੍ਰਧਾਨਗੀ ਅਤੇ ਹਾਲ ਹੀ ਵਿਚ ਚੁਣੇ ਪਾਰਟੀ ਦੇ ਵਿਧਾਇਕ ਦਲ ਨੇਤਾ ਦੀ ਚੋਣ ‘ਤੇ ਵੀ ਸਵਾਲ ਖੜ੍ਹੇ ਕੀਤੇ | ਇਸ ਦੇ ਇਲਾਵਾ ਉਨ੍ਹਾਂ ਇੱਥੋਂ ਤੱਕ ਵੀ ਕਿਹਾ ਕਿ ਉਹ ਲੋਕ ਸਭਾ ਚੋਣ ਨਹੀਂ ਲੜਨਾ ਚਾਹੁੰਦੇ ਸੀ ਪਰ ਮਜਬੂਰੀ ‘ਚ ਚੋਣ ਲੜਨੀ ਪਈ | ਹਾਲਾਂਕਿ ਉਨ੍ਹਾਂ ਡੇਰਾ ਸਿਰਸਾ ਮੁਖੀ ਦੀ ਮੁਆਫ਼ੀ ਬਾਰੇ ਕੋਈ ਵੀ ਜਾਣਕਾਰੀ ਹੋਣ ਤੋਂ ਸਾਫ਼ ਇਨਕਾਰ ਕਰ ਦਿੱਤਾ | ਪਿਛਲੇ ਲੰਮੇ ਸਮੇਂ ਤੋਂ ਚੁੱਪੀ ਧਾਰੀ ਬੈਠੇ ਪਰਮਿੰਦਰ ਸਿੰਘ ਢੀਂਡਸਾ ਨੇ ਪਾਰਟੀ ਬਾਰੇ ਖੁੱਲ੍ਹੀਆਂ ਗੱਲਾਂ ਕਰਦੇ ਹੋਏ ਕਿਹਾ ਕਿ ਪਾਰਟੀ ਪਾਰਟੀ ਪ੍ਰਧਾਨ ਦੀ ਚੋਣ ਲਈ ਜੋ ਪ੍ਰਕਿਰਿਆ ਅਪਣਾਈ ਜਾਣੀ ਚਾਹੀਦੀ ਸੀ ਉਸ ਨੂੰ ਅੱਖੋਂ-ਪਰੋਖੇ ਕੀਤਾ ਗਿਆ ਅਤੇ ਹੁਣ ਵਿਧਾਇਕ ਦਲ ਦੇ ਨੇਤਾ ਦੀ ਚੋਣ ਬਾਰੇ ਵੀ ਫ਼ੈਸਲਾ ਲੈ ਲਿਆ ਗਿਆ, ਜਦਕਿ ਇਹ ਵਿਧਾਇਕ ਦਲ ਦੀ ਮੀਟਿੰਗ ਸੱਦ ਕੇ ਲਿਆ ਜਾਣ ਵਾਲਾ ਫ਼ੈਸਲਾ ਸੀ | ਉਨ੍ਹਾਂ ਕਿਹਾ ਕਿ ਦਲ ਦੇ ਨੇਤਾ ਵਜੋਂ ਅਸਤੀਫ਼ਾ ਦੇਣ ਤੋਂ ਪਹਿਲਾਂ ਉਨ੍ਹਾਂ ਦੀ ਸ. ਸੁਖਬੀਰ ਸਿੰਘ ਬਾਦਲ ਅਤੇ ਸ. ਬਿਕਰਮ ਸਿੰਘ ਮਜੀਠੀਆ ਨਾਲ ਗੱਲ ਹੋਈ ਸੀ ਅਤੇ ਉਨ੍ਹਾਂ ਆਪਣੇ ਸਟੈਂਡ ਬਾਰੇ ਉਨ੍ਹਾਂ ਨੂੰ ਜਾਣੂੰ ਕਰਵਾ ਦਿੱਤਾ ਸੀ ਕਿ ਉਹ ਆਪਣੇ ਪਿਤਾ ਦੇ ਫ਼ੈਸਲਿਆਂ ਅਤੇ ਰਾਏ ਨਾਲ ਇਤਫ਼ਾਕ ਰੱਖਦੇ ਹਨ |

ਉਨ੍ਹਾਂ ਕਿਹਾ ਕਿ ਮੈਂ ਆਪਣੇ ਪਿਤਾ ਤੋਂ ਸਿਆਸਤ ਸਿੱਖੀ ਅਤੇ ਅੱਜ ਉਨ੍ਹਾਂ ਕਰਕੇ ਹੀ ਸਿਆਸਤ ਵਿਚ ਇਸ ਮੁਕਾਮ ‘ਤੇ ਪੁੱਜਿਆ ਹਾਂ | ਉਨ੍ਹਾਂ ਕਿਹਾ ਕਿ ਮੇਰੇ ਪਿਤਾ ਨੇ ਕੋਈ ਵਿਰੋਧੀ ਗੱਲ ਨਹੀਂ ਕੀਤੀ ਸਗੋਂ ਪਾਰਟੀ ਦੇ ਫ਼ਾਇਦੇ ਲਈ ਆਪਣੀ ਚੰਗੀ ਸਲਾਹ ਹਮੇਸ਼ਾ ਪਾਰਟੀ ਨੂੰ ਦਿੱਤੀ ਪਰ ਜੇਕਰ ਪਾਰਟੀ ਦੇ ਹਿੱਤ ‘ਚ ਚੰਗੀ ਸਲਾਹ ਦੇਣ ਵਾਲੇ ਨੂੰ ਵਿਰੋਧੀ ਦੀ ਨਜ਼ਰ ਨਾਲ ਦੇਖਿਆ ਜਾਂਦਾ ਹੈ ਤਾਂ ਮਾੜੀ ਗੱਲ ਹੈ | ਉਨ੍ਹਾਂ ਕਿਹਾ ਕਿ ਕਈ ਕੋਰ ਕਮੇਟੀ ਮੈਂਬਰ ਅਜਿਹੇ ਵੀ ਹਨ ਜੋ ਆਪਣੀ ਚਾਪਲੂਸੀ ਨਾਲ ਪਾਰਟੀ ‘ਚ ਮੂਹਰੇ ਰਹਿਣਾ ਚਾਹੁੰਦੇ ਹਨ, ਜਿਨ੍ਹਾਂ ਕਰਕੇ ਪਾਰਟੀ ਦਾ ਨੁਕਸਾਨ ਵੀ ਹੁੰਦਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ‘ਚ ਬਹੁਤੇ ਫ਼ੈਸਲਿਆਂ ਬਾਰੇ ਬਹੁਤੇ ਆਗੂਆਂ ਨਾਲ ਰਾਏ ਸਲਾਹ ਨਹੀਂ ਕੀਤੀ ਜਾਂਦੀ | ਉਨ੍ਹਾਂ ਕਿਹਾ ਕਿ ਅੱਜ ਪਾਰਟੀ ਦਾ ਹਰ ਲੀਡਰ ਅਤੇ ਵਰਕਰ ਜਾਣਦਾ ਹੈ ਕਿ ਅਕਾਲੀ ਦਲ ‘ਚ ਵੱਡੇ ਸੁਧਾਰ ਦੀ ਲੋੜ ਹੈ | ਉਨ੍ਹਾਂ ਕਿਹਾ ਕਿ ਪਹਿਲਾਂ ਅਕਾਲੀ ਦਲ ਨੂੰ ਕੁਰਬਾਨੀਆਂ ਵਾਲੀ ਪਾਰਟੀ ਕਿਹਾ ਜਾਂਦਾ ਸੀ, ਪੰਜਾਬ ਅਤੇ ਸਿੱਖਾਂ ਦੇ ਹਿਤਾਂ ਲਈ ਆਗੂ ਕੁਰਸੀ ਛੱਡਣ ਨੂੰ ਵੀ ਸਮਾਂ ਨਹੀਂ ਸਨ ਲਗਾਉਂਦੇ ਪਰ ਹੁਣ ਅਜਿਹਾ ਦੇਖਣ ਨੂੰ ਨਹੀਂ ਮਿਲ ਰਿਹਾ | ਹਾਲਾਂਕਿ ਉਨ੍ਹਾਂ ਕਿਹਾ ਕਿ ਮੈਂ ਅਜੇ ਵਿਧਾਇਕ ਦਲ ਦੇ ਨੇਤਾ ਦੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਹੈ ਜਦਕਿ ਪਾਰਟੀ ਦੇ ਉਹ ਅਜੇ ਵੀ ਮੈਂਬਰ ਹਨ | ਉਨ੍ਹਾਂ ਕਿਹਾ ਕਿ ਪਾਰਟੀ ਉੱਤੋਂ ਲੋਕਾਂ ਦਾ ਵਿਸ਼ਵਾਸ ਟੁੱਟ ਚੁੱਕਿਆ ਹੈ ਜਿਸ ਨੂੰ ਦੁਬਾਰਾ ਬਣਾਉਣ ਦੀ ਲੋੜ ਹੈ | ਸ. ਢੀਂਡਸਾ ਨੇ ਕਿਹਾ ਹੁਣ ਪਾਰਟੀ ਵਿਚ ਸੰਕਟ ਵੱਧ ਗਿਆ ਹੈ, ਗ਼ਲਤੀ ਹਰ ਇਕ ਤੋਂ ਹੁੰਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਹੋਈ ਹੈ ਭਾਵੇਂ ਅਕਾਲੀ ਦਲ ਨੇ ਨਹੀਂ ਕੀਤੀ, ਨਾ ਕਰਵਾਈ ਪਰ ਅਕਾਲੀ ਸਰਕਾਰ ਵਿਚ ਹੋਈ ਹੈ | ਉਨ੍ਹਾਂ ਕਿਹਾ ਕਿ ਮੇਰੇ ਸ. ਸੁਖਬੀਰ ਸਿੰਘ ਬਾਦਲ ਤੇ ਸ. ਮਜੀਠੀਆ ਨਾਲ ਚੰਗੇ ਸਬੰਧ ਰਹੇ ਹਨ ਪਰ ਸਾਡੀ ਲੜਾਈ ਸਿਧਾਂਤਕ ਹੈ | ਹਾਲਾਂਕਿ ਉਨ੍ਹਾਂ ਇਹ ਵੀ ਕਿਹਾ ਕਿ ਉਹ ਅਕਾਲੀ ਦਲ ਨੂੰ ਪਾਰਟੀ ਵਿਚ ਰਹਿ ਕੇ ਠੀਕ ਕਰਨ ਦੀ ਕੋਸ਼ਿਸ਼ ਕਰਨਗੇ |

Check Also

ਦਿੱਲੀ – ਕੋਰੋਨ ਵਾ ਇ ਰ ਸ ਦੇ ਸ਼ੱਕੀ ਮਰੀਜ਼ ਨੇ ਹਸਪਤਾਲ ਤੋਂ ਛਾਲ ਮਾਰ ਕੇ ਕੀਤੀ ਖੁ ਦ ਕੁ ਸ਼ੀ, ਆਸਟਰੇਲੀਆ ਤੋਂ ਪਰਤਿਆ ਸੀ ਮ੍ਰਿਤਕ

ਦਿੱਲੀ – ਕੋਰੋਨ ਵਾ ਇ ਰ ਸ ਦੇ ਸ਼ੱ ਕੀ ਮਰੀਜ਼ ਨੇ ਹਸਪਤਾਲ ਦੀ ਛੱਤ …

%d bloggers like this: