Breaking News
Home / ਮੁੱਖ ਖਬਰਾਂ / ਉੱਤਰ ਪ੍ਰਦੇਸ਼ ‘ਚ ਸਿੱਖਾਂ ਉੱਤੇ ਨਗਰ ਕੀਰਤਨ ਸਜਾਉਣ ਤੇ ਪਾਬੰਦੀ

ਉੱਤਰ ਪ੍ਰਦੇਸ਼ ‘ਚ ਸਿੱਖਾਂ ਉੱਤੇ ਨਗਰ ਕੀਰਤਨ ਸਜਾਉਣ ਤੇ ਪਾਬੰਦੀ

ਉੱਤਰ ਪ੍ਰਦੇਸ਼ ‘ਚ ਨਗਰ ਕੀਰਤਨ ਸਜਾਉਣ ਸਮੇਂ ਪੁਲਸ ਵੱਲੋਂ ਸੰਗਤਾਂ ਖਿਲਾਫ ਕੇਸ ਦਰਜ ਕਰਨ ਦੀ ਨਿਖੇਧੀ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਨੇ ਕਿਹਾ ਕਿ ਇਹ ਸਿੱਖਾਂ ਦੀ ਧਾਰਮਿਕ ਅਜ਼ਾਦੀ ‘ਤੇ ਪਾਬੰਦੀ ਲਾਉਣ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਦੱਸਣਯੋਗ ਹੈ ਕਿ ਯੂ. ਪੀ. ‘ਚ ਪੀਲੀਭੀਤ ਦੇ ਪਿੰਡ ਖੇੜੀ ਨੌਬਰਾਮਾਦ ਵਿਚ ਸੰਗਤਾਂ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਸਮੇਂ ਨਗਰ ਕੀਰਤਨ ਸਜਾਉਣ ਤੋਂ ਰੋਕਿਆ ਗਿਆ ਹੈ। ਜਾਣਕਾਰੀ ਅਨੁਸਾਰ ਇਸ ਦੌਰਾਨ 55 ਸਿੱਖ ਸੰਗਤਾਂ ‘ਤੇ ਕੇਸ ਵੀ ਦਰਜ ਕਰ ਦਿੱਤਾ ਗਿਆ। ਇਸ ਘਟਨਾ ਨੂੰ ਸ਼੍ਰੋਮਣੀ ਕਮੇਟੀ ਨੇ ਨਾਦਰਸ਼ਾਹੀ ਫੈਸਲਾ ਕਰਾਰ ਦਿੱਤਾ ਹੈ ਅਤੇ ਇਸ ਦੀ ਘੋਰ ਨਿਖੇਧੀ ਕੀਤੀ ਹੈ।

ਸ਼੍ਰੋਮਣੀ ਕਮੇਟੀ ਪ੍ਰਧਾਨ ਭਾਈ ਲੌਂਗੋਵਾਲ ਨੇ ਆਖਿਆ ਹੈ ਕਿ ਸਿੱਖ ਸੰਗਤਾਂ ਦੇਸ਼-ਦੁਨੀਆ ‘ਚ ਗੁਰਪੁਰਬ ਅਤੇ ਹੋਰ ਇਤਿਹਾਸਕ ਦਿਹਾੜਿਆਂ ਮੌਕੇ ਨਗਰ ਕੀਰਤਨ ਸਜਾ ਕੇ ਸ਼ਰਧਾ ਪ੍ਰਗਟਾਉਂਦੀਆਂ ਹਨ। ਦੁੱਖ ਦੀ ਗੱਲ ਹੈ ਕਿ ਉੱਤਰ ਪ੍ਰਦੇਸ਼ ‘ਚ ਪੀਲੀਭੀਤ ਦੇ ਇਕ ਪਿੰਡ ‘ਚ ਪੁਲਸ ਵੱਲੋਂ ਨਗਰ ਕੀਰਤਨ ਸਜਾ ਰਹੇ ਸਿੱਖਾਂ ਵਿਰੁੱਧ ਕੇਸ ਦਰਜ ਕਰ ਦਿੱਤਾ ਗਿਆ। ਉਨ੍ਹਾਂ ਕਿਹਾ ਕਿ ਸਿੱਖਾਂ ਦੀ ਧਾਰਮਿਕ ਆਜ਼ਾਦੀ ਵਿਰੁੱਧ ਉੱਤਰ ਪ੍ਰਦੇਸ਼ ਪੁਲਸ ਦੇ ਸਿੱਖ ਵਿਰੋਧੀ ਫੈਸਲੇ ਨਾਲ ਸਿੱਖਾਂ ਅੰਦਰ ਭਾਰੀ ਰੋਸ ਹੈ। ਪੁਲਸ ਦੀ ਕਾਰਵਾਈ ਨਾਲ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਪੁੱਜੀ ਹੈ।

ਭਾਈ ਲੌਂਗੋਵਾਲ ਨੇ ਕਿਹਾ ਕਿ ਨਗਰ ਕੀਰਤਨ ਸਜਾਉਣ ‘ਤੇ ਰੋਕ ਲਾਉਣ ਦੀ ਕੋਈ ਤੁਕ ਨਹੀਂ ਸੀ ਬਣਦੀ ਕਿਉਂਕਿ ਸਿੱਖ ਕੌਮ ਵੱਲੋਂ ਸਜਾਏ ਜਾਂਦੇ ਨਗਰ ਕੀਰਤਨ ਆਪਣੇ ਗੁਰੂ ਸਾਹਿਬ ਪ੍ਰਤੀ ਸ਼ਰਧਾ ਪ੍ਰਗਟਾਉਣ ਦੇ ਨਾਲ-ਨਾਲ ਮਨੁੱਖੀ ਭਾਈਚਾਰੇ ਨੂੰ ਜੋੜਦੇ ਹਨ। ਇਸ ਸਮੇਂ ਹਰ ਧਰਮ ਦੇ ਲੋਕ ਰਲ-ਮਿਲ ਕੇ ਗੁਰੂ ਘਰਾਂ ਅੰਦਰ ਸ਼ਮੂਲੀਅਤ ਕਰਦੇ ਹਨ। ਹੈਰਾਨੀਜਨਕ ਗੱਲ ਹੈ ਕਿ ਉੱਤਰ ਪ੍ਰਦੇਸ਼ ਪੁਲਸ ਵੱਲੋਂ ਨਗਰ ਕੀਰਤਨ ਸਜਾਉਣ ਦੀ ਇਜਾਜ਼ਤ ਨਹੀਂ ਦਿੱਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਇਸ ਸਬੰਧੀ ਯੂ. ਪੀ. ਸਰਕਾਰ ਨੂੰ ਦੋਸ਼ੀ ਪੁਲਸ ਕਰਮਚਾਰੀਆਂ ਖਿਲਾਫ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਸਿੱਖ ਕੌਮ ਅਜਿਹਾ ਧੱਕਾ ਹਰਗਿਜ਼ ਬਰਦਾਸ਼ਤ ਨਹੀਂ ਕਰੇਗੀ ਕਿ ਉਸ ਨੂੰ ਆਪਣੇ ਧਾਰਮਿਕ ਦਿਹਾੜੇ ਮਨਾਉਣ ਤੋਂ ਰੋਕਿਆ ਜਾਵੇ।

Check Also

ਉੱਤਰਾਖੰਡ ਦੇ ਗੁਰੂਘਰ ਨਾਨਕ ਮੱਤਾ ਮਾਮਲੇ ਦਾ ਜਾਣੋ ਪੂਰਾ ਸੱਚ

ਉੱਤਰਾਖੰਡ ਦੇ ਗੁਰੂਘਰ ਨਾਨਕ ਮੱਤਾ ‘ਤੇ ਮਾਮਲੇ ਦਾ ਜਾਣੋ ਪੂਰਾ ਸੱਚ   ਪੰਥਕ ਮਸਲਿਆਂ ‘ਚ …

%d bloggers like this: