Breaking News
Home / ਮੁੱਖ ਖਬਰਾਂ / ਭਾਈ ਘਨਈਆ ਤੋਂ ਉਡਦੇ ਤਾਬੂਤ ਤੱਕ, ਬਾਦਲ ਪਰਿਵਾਰ ਦੀ ਮੱਤ

ਭਾਈ ਘਨਈਆ ਤੋਂ ਉਡਦੇ ਤਾਬੂਤ ਤੱਕ, ਬਾਦਲ ਪਰਿਵਾਰ ਦੀ ਮੱਤ

ਬਠਿੰਡਾ ਵਿੱਚ ਥਰਮਲ ਪਲਾਂਟ ਅਤੇ ਨਹਿਰ ਦੇ ਵਿਚਾਲੇ ਇਕ ਥਾਂ ਤੋਂ ਸੜਕਾਂ ਪਾਟਦੀਆਂ ਨੇ। ਇਕ ਸੜਕ ਅਮ੍ਰਿਤਸਰ ਨੂੰ ਚਲੀ ਜਾਂਦੀ ਆ ਅਤੇ ਦੂਜੀ ਮੁਕਤਸਰ, ਅਬੋਹਰ ਵੱਲ। ਇਸੇ ਚੌਂਕ ਨੂੰ ਭਾਈ ਘਨਈਆ ਚੌਂਕ ਕਿਹਾ ਜਾਂਦਾ ਏ।

ਇਸੇ ਜਗ੍ਹਾ ‘ਤੇ ਤਿੰਨ ਕੁ ਸਾਲ ਪਹਿਲਾਂ ਤੱਕ ਭਾਈ ਘਨਈਆ ਜੀ ਦੇ ਮੁਗਲਾਂ ਨੂੰ ਪਾਣੀ ਪਿਆਉਣ ਦੇ ਬਿਰਤਾਂਤ ਨੂੰ ਸਿਰਜਦਾ ਇਕ ਵੱਡ ਅਕਾਰੀ ਬੁੱਤ ਲੱਗਿਆ ਹੁੰਦਾ ਸੀ। ਭਾਈ ਘਨਈਆ ਜੀ ਦੀ ਮਸਕ ਇਕ ਫੁਹਾਰਾ ਵੀ ਸੀ , ਜਿਸ ਵਿਚੋਂ ਪਾਣੀ ਡੁੱਲਦਾ ਅਤੇ ਇਕ ਮੁਗਲ ਸਿਪਾਹੀ ਦੀ ਓਕ ਵਿੱਚ ਪੈਂਦਾ ਰਹਿੰਦਾ। ਆਥਣ ਦੇ ਸਮੇਂ ਲਾਈਟਾਂ ਇਸ ਦ੍ਰਿਸ਼ ਨੂੰ ਹੋਰ ਵੀ ਨਿਰਮਲ ਬਣਾ ਦਿੰਦੀਆਂ। ਪਰ ਸੜਕਾਂ ਨੂੰ ਚੌੜੀਆਂ ਕਰਨ ਬਹਾਨੇ ਇਸ ਬੁੱਤ ਨੂੰ ਇਥੋਂ ਹਟਾ ਦਿੱਤਾ ਗਿਆ। ਪਿਛਲੇ ਦੋ ਸਾਲਾਂ ਤੋਂ ਚੋਂਕ ਵਿੱਚ ਸਿਰਫ ਭਾਈ ਘਨਈਆ ਚੌਂਕ ਦਾ ਬੋਰਡ ਲਾ ਦਿੱਤਾ ਗਿਆ।

ਪਰ ਹੁਣ ਇਥੇ ਇਕ ਲੜਾਕੂ ਜਹਾਜ਼ ਲਿਆ ਕੇ ਖੜਾ ਕਰ ਦਿੱਤਾ ਗਿਆ ਹੈ। ਜੇ ਇਹ ਲੜਾਕੂ ਜਹਾਜ਼ ਸ਼ਾਂਤੀ ਦੇ ਅਖੌਤੀ ਪੁੰਜ ਗਾਂਧੀ ਦੇ ਨਾਮ ‘ਤੇ ਬਣੇ ਕਿਸੇ ਚੌਂਕ ‘ਤੇ ਲਾ ਦਿੱਤਾ ਜਾਵੇ ਤਾਂ ਹੰਗਾਮਾ ਹੋ ਜਾਵੇ।‌

ਪਰ ਇਥੇ ਧੁਰ ਸਿਆਸੀ ਵਿਰੋਧੀ ਹਰਸਿਮਰਤ ਕੌਰ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਦੋਵੇਂ ਹੀ ਇਸ ਜਹਾਜ਼ ਨੂੰ ਭਾਈ ਘਨਈਆ ਚੌਂਕ ‘ਚ ਲਾਉਣ ਨੂੰ ਆਪਣੀ ਆਪਣੀ ਵਡਿਆਈ ਸਮਝ ਰਹੇ ਨੇ।

ਭਾਈ ਘਨਈਆ ਦੇ ਨਾਮ ਦਾ ਮਤਲਬ ਦੁਸ਼ਮਣ ਵਾਸਤੇ ਆਪਣੇ ਮਨ ਵਿੱਚ ਰਹਿਮ ਪੈਦਾ ਕਰਨਾ ਹੈ। ਨਾ ਕਿ ਦੁਸ਼ਮਣ ਖ਼ਿਲਾਫ਼ ਵਰਤੇ ਜਾਣ ਵਾਲੇ ਹਥਿਆਰਾਂ ਦੀ ਨੁਮਾਇਸ਼ ਕਰਨਾ। ਜਿਵੇਂ ਕਿ ਜਹਾਜ਼ ਭਾਈ ਘਨਈਆ ਚੌਂਕ ‘ਚ ਲੱਗਿਆ।

ਇਹ ਜਹਾਜ਼ ਸਾਨੂੰ ਇਹ ਵੀ ਦੱਸਦਾ ਹੈ ਕਿ ਬਾਦਲ ਪਰਿਵਾਰ ਦੀ ਸੋਚ ਇਕ ਹੀ ਹੈ। ਭਾਵੇਂ ਪਾਰਟੀਆਂ ਵੱਖਰੀਆਂ ਹੋਣ। ਸੋਚ ਕੇ ਸਮਝਣ ਵਾਲਾ ਕੰਮ ਬਿਲਕੁੱਲ ਖਤਮ ਹੋ ਚੁੱਕਿਆ ਹੈ। ਨਹੀਂ ਤਾਂ ਭਾਈ ਘਨਈਆ ਚੌਂਕ ‘ਚ ਲੜਾਕੂ ਜਹਾਜ਼ ਲਾਉਣ ਵੇਲੇ ਕਿਸੇ ਦਾ ਮੱਥਾ ਤਾਂ ਠਣਕਦਾ।

ਇਹ ਵੀ ਸੋਚਣਾ ਬਣਦਾ ਹੈ ਕਿ ਉਥੇ ਬੁੱਤ ਲਾਉਣ ਲਈ ਲੜਾਕੂ ਜਹਾਜ਼ ਨੂੰ ਹੀ ਕਿਉਂ ਚੁਣਿਆ ਗਿਆ? ਅਸਲ ਵਿਚ ਚੌਂਕ ਚੌਰਾਹਿਆਂ ‘ਤੇ ਲੱਗੇ ਬੁੱਤ ਉਸ ਧਰਤੀ ਤੇ ਵਸਦੇ ਲੋਕ ਮਨਾਂ ਦੇ ਪ੍ਰਗਟਾਵੇ ਹੁੰਦੇ ਹਨ। ਬਿੰਬ ਘੜ੍ਹਣ ਦੀ ਵਿਧੀ ਰਾਹੀਂ ਪੀੜ੍ਹੀ ਦਰ ਪੀੜ੍ਹੀ ਸਭਿਆਚਾਰ , ਨਾਇਕ ਤੇ ਕਦਰਾਂ ਕੀਮਤਾਂ ਉਸਰਦੀਆਂ ਰਹਿੰਦੀਆਂ ਹਨ। ਉਸ ਧਰਤੀ ‘ਤੇ ਰਹਿਣ ਵਾਲੇ ਲੋਕਾਂ ਦਾ ਮਨੋ ਸੰਸਾਰ ਬਣਦਾ ਹੈ। ਬਿੰਬ ਘੜ੍ਹਣਾ ਇਕ ਐਸਾ ਸੂਖਮ ਢੰਗ ਹੈ ਜਿਸ ਨਾਲ ਬੰਦਾ ਅਚੇਤ ਹੀ ਆਪਣੀ ਦੁਨੀਆ ਤੇ ਉਸ ਨੂੰ ਸਮਝਣ ਵਾਲਾ ਸੱਚ ਘੜਦਾ ਹੈ।

ਰਾਜ ਕਰਦੀਆਂ ਤਾਕਤਾਂ ਨੂੰ ਇਸ ਦਾ ਪਤਾ ਹੁੰਦਾ ਹੈ। ਇਸੇ ਲਈ ਉਹ ਜਦ ਕਿਸੇ ਕੌਮ ਦੀ ਤਸੀਰ ਨੂੰ ਬਦਲਣ ਦਾ ਏਜੰਡਾ ਲਾਗੂ ਕਰਦੀਆਂ ਹਨ ਤਾਂ ਸਭ ਤੋਂ ਪਹਿਲਾਂ ਉਸ ਕੌਮ ਦੀਆਂ ਇਤਿਹਾਸਿਕ ਇਮਾਰਤਾਂ, ਚੌਂਕ ਚੌਰਾਹਿਆਂ ਚ ਲੱਗੇ ਬੁੱਤਾਂ, ਸੜਕਾਂ ਦੇ ਨਾਮਾਂ , ਤੇ ਹੋਰ ਇਤਿਹਾਸਿਕ ਸਰੋਤਾਂ ਨੂੰ ਬਦਲ ਕੇ ਆਪਣੇ ਹਿਤ ਵਾਲੇ ਬਿੰਬਾਂ ਨੂੰ ਮੜ੍ਹ ਦਿੰਦੀਆਂ ਨੇ। ਹੌਲੀ ਹੌਲੀ ਅਗਲੀਆਂ ਪੀੜ੍ਹੀਆਂ ਦੇ ਮਨਾਂ ਅੰਦਰ ਇਸ ਤਰਾਂ ਆਪਣਾ ਰੰਗ ਭਰਨ ਚ ਕਾਮਯਾਬ ਹੋ ਜਾਂਦੀਆਂ ਹਨ।

ਲੜਾਕੂ ਜਹਾਜ਼ ਲਾ ਕੇ ਭਾਈ ਘਨੱਈਆ ਦੇ ਬਿੰਬ ਤੋਂ ਉਲਟ ਬਿੰਬ ਘੜਿਆ ਜਾ ਰਿਹਾ ਹੈ।

ਗੂਗਲ ‘ਤੇ ਅੰਗਰੇਜ਼ੀ ਵਿੱਚ Flying Coffin ਭਰੋ। ਤੁਹਾਡੇ ਸਾਹਮਣੇ ਉਸੇ ਜਹਾਜ਼ ਦੀਆਂ ਫੋਟੋਆਂ ਹੋਣਗੀਆਂ ਜੋ ਬਠਿੰਡਾ ਦੇ ਭਾਈ ਘਨੱਈਆ ਚੌਂਕ ‘ਚ ਲਾਇਆ ਜਾ ਰਿਹਾ।

ਇਹ ਲੜਾਕੂ ਜਹਾਜ਼ ਮਿਗ 21 ਹੈ। ਇਸ ਨੂੰ ਫਲਾਇੰਗ ਕਾਫਿਨ ਭਾਵ ਉਡਦਾ ਤਾਬੂਤ ਕਿਹਾ ਜਾਂਦਾ ਹੈ। ਬਹੁਤ ਸਾਰੀਆਂ ਮਾਵਾਂ ਦੇ ਨੌਜਵਾਨ ਪੁੱਤ ਇਸ ਜਹਾਜ਼ ਨੂੰ ਉਡਾਉਂਦੇ ਇਸ ਕਰਕੇ ਮਰ ਗਏ ਕਿਉਂ ਕਿ ਮਿਗ 21 ਵਿੱਚ ਤਕਨੀਕੀ ਖਾਮੀਆਂ ਬਹੁਤ ਸਨ।

ਸਾਨੂੰ ਨਹੀਂ ਪਤਾ ਕਿ ਬਾਦਲ ਪਰਿਵਾਰ ਚੋਂ ਕੋਈ ਕਦੇ ਫੌਜ ‘ਚ ਰਿਹਾ ਹੈ ਜਾਂ ਨਹੀਂ। ਹਰਸਿਮਰਤ ਕੌਰ ਬਾਦਲ ਅਤੇ ਮਨਪ੍ਰੀਤ ਸਿੰਘ ਬਾਦਲ ਦੋਵਾਂ ਦਾ ਕਹਿਣਾ ਕਿ ਭਾਈ ਘਨਈਆ ਚੌਂਕ ‘ਤੇ ਮਿਗ 21 ਖੜਾ ਦੇਖ ਕੇ ਨੌਜਵਾਨ ਫੌਜ ‘ਚ ਜਾਣ ਲਈ ਉਤਸ਼ਾਹਿਤ ਹੋਣਗੇ। ਕਿਹੜੇ ਮਾਪੇ ਹੋਣਗੇ ਜੋ ਉਡਦੇ ਤਾਬੂਤ ਨੂੰ ਦੇਖ ਕੇ ਉਤਸ਼ਾਹਿਤ ਹੋਣਗੇ ? ਕੀ ਬਾਦਲ ਪਰਿਵਾਰ ਚੋਂ ਕੋਈ ਇਸ ਜਹਾਜ਼ ਨੂੰ ਉਡਾਉਣ ਵਾਸਤੇ ਫੌਜ ‘ਚ ਭਰਤੀ ਹੋਊ ? ਕੋਈ ਬਾਦਲ ਦੇ ਪਰਿਵਾਰ ‘ਚੋਂ ਫੌਜ ‘ਚ ਜਾਣ ਲਈ ਉਤਸ਼ਾਹਿਤ ਹੋਊ ਉਡਦੇ ਤਾਬੂਤ ਨੂੰ ਦੇਖ ਕੇ ?

#ਮਹਿਕਮਾ_ਪੰਜਾਬੀ

Check Also

ਜ਼ਰੂਰ ਦੇਖੋ ਇਹ ਵੀਡੀਉ – ਕਰੋਨਾ ਵਾ ਇ ਰ ਸ ਤੋਂ ਮੌਤ ਦੀ ਸੰਭਾਵਨਾ ਅਤੇ ਇਲਾਜ

ਸਿਹਤ ਮੰਤਰੀ ਨੇ 29 ਮਰੀਜ਼ਾਂ, ਜਿਨ੍ਹਾਂ ਚੋਂ 3 ਠੀਕ ਹੋ ਚੁੱਕੇ ਹਨ, ਬਾਰੇ ਜਾਣਕਾਰੀ ਦਿੰਦਿਆਂ …

%d bloggers like this: