Breaking News
Home / ਮੁੱਖ ਖਬਰਾਂ / ਭਾਰਤ ਦੇ ਮੌਜੂਦਾ ਹਾਲਾਤ ਅਤੇ ਬਹੁਗਿਣਤੀ ਦੀ ਖੁਸ਼ੀ

ਭਾਰਤ ਦੇ ਮੌਜੂਦਾ ਹਾਲਾਤ ਅਤੇ ਬਹੁਗਿਣਤੀ ਦੀ ਖੁਸ਼ੀ

ਸੋਸ਼ਲ ਮੀਡੀਆ ਤੇ ਰਵਾਇਤੀ ਪ੍ਰਿੰਟ-ਟੀਵੀ ਮੀਡੀਆ ਪੜ੍ਹ-ਸੁਣ-ਦੇਖ ਕੇ ਇਹੀ ਸਿੱਟਾ ਨਿਕਲਦਾ ਕਿ ਜਿਸ ਬਹੁਗਿਣਤੀ ਨੇ ਮੋਦੀ-ਸ਼ਾਹ ਨੂੰ ਵੋਟਾਂ ਪਾ ਕੇ ਜਿਤਾਇਆ, ਉਹ ਹਾਲੇ ਵੀ ਸਰਕਾਰ ਨੂੰ ਮਾੜਾ ਨਹੀਂ ਕਹਿੰਦੀ ਬਲਕਿ ਧੱਕਾ ਦੇਖ ਕੇ ਸੰਤੁਸ਼ਟ ਅਤੇ ਖੁਸ਼ ਹਨ।

ਨੁਕਸਾਨ ਚਾਹੇ ਨੋਟਬੰਦੀ ਕਾਰਨ ਹੋਇਆ ਹੋਵੇ ਜਾਂ ਡਿਗ ਰਹੀ ਆਰਥਿਕਤਾ ਕਾਰਨ ਹੋ ਰਿਹਾ ਹੋਵੇ, ਹਿੰਦੂ ਰਾਸ਼ਟਰ ਬਣਨ ਵੱਲ ਵਧਦੇ ਕਦਮਾਂ ਤੋਂ ਬਹੁਗਿਣਤੀ ਖੁਸ਼ ਹੈ ਅਤੇ ਘਾਟੇ ਦੀ ਪਰਵਾਹ ਨਹੀਂ ਕਰ ਰਹੀ।

ਪਹਿਲੀ ਵਾਰ ਉਨ੍ਹਾਂ ਨੂੰ ਮੋਦੀ-ਸ਼ਾਹ ‘ਚ ਫਿਲਮੀ ਨਾਇਕਾਂ ਵਰਗੀ ਫੀਲਿੰਗ ਆ ਰਹੀ ਹੈ, ਜੋ ਛੋਟੇ-ਵੱਡੇ ਨੁਕਸਾਨਾਂ ਦੀ ਪਰਵਾਹ ਨਾ ਕਰਦਿਆਂ ਅਖੀਰ ਆਪਣੀ ਮੰਜ਼ਿਲ ਪਾ ਲੈਂਦਾ ਹੈ ਤੇ ਇਸ ਮਾਮਲੇ ‘ਚ ਮੰਜ਼ਿਲ ਹੈ, ਭਾਰਤ ਨੂੰ ਹਿੰਦੂ ਰਾਸ਼ਟਰ ਬਣਾਉਣਾ। ਬਹੁਗਿਣਤੀ ਸਿਨਮੇ ਦੀ ਬਾਲਕੋਨੀ ‘ਚ ਬੈਠੇ ਦਰਸ਼ਕਾਂ ਵਾਂਗ ਖੁਸ਼ ਹੈ, ਕਲਾਈਮੈਕਸ ਜਾਣੀਕਿ ਫਿਲਮ ਦੇ ਅਖੀਰ ਦਾ ਇੰਤਜ਼ਾਰ ਕਰ ਰਹੀ ਹੈ।

ਭਾਰਤ ਤੋਂ ਬਾਹਰ ਬੈਠੇ ਬਹੁਗਿਣਤੀ ਨਾਲ ਸਬੰਧਤ ਲੋਕ ਵੀ ਮੋਦੀ-ਸ਼ਾਹ ਦੇ ਹੱਕ ‘ਚ ਹਨ।ਕਸ਼ਮੀਰ, ਬਾਬਰੀ ਮਸੀਤ ਤੋਂ ਬਾਅਦ ਮੁਸਲਮਾਨਾਂ ਨੂੰ ਸਬਕ ਸਿਖਾਉਣ ਲਈ ਕੌਮੀ ਨਾਗਰਿਕਤਾ ਸੋਧ ਬਿਲ ਪਾਸ ਕਰਨ ਤੋਂ ਬਾਗੋ ਬਾਗ ਹੋਈ ਬਹੁਗਿਣਤੀ ਨੇ ਜਦ ਮੋਦੀ-ਸ਼ਾਹ ਜੋੜੀ ਨੂੰ ਰਾਖਵਾਂਕਰਨ ਖਤਮ ਕਰਕੇ ਦਲਿਤਾਂ ਨੂੰ ਥਾਂ ਸਿਰ ਕਰਦਿਆਂ ਵੇਖਣਾ ਤਾਂ ਇਨ੍ਹਾਂ ਅੰਦਰਲੀ ਖੁਸ਼ੀ ਹੋਰ ਫੁੱਟ-ਫੁੱਟ ਬਾਹਰ ਆਉਣੀ।

ਖੇਤਰੀ ਪਾਰਟੀਆਂ ਦੇ ਆਗੂ ਝੂਠੇ ਜਿਹੇ ਹੋਏ ਨਕਲੀ ਜਿਹੇ ਬਿਆਨ ਦਾਗੀ ਜਾ ਰਹੇ ਹਨ ਜਦਕਿ ਇਸ ਹਮਾਮ ‘ਚ ਪਾਕਿਸਤਾਨ ਵਾਂਗ ਉਹ ਵੀ ਨੰਗੇ ਹਨ। ਸਾਰਿਆਂ ਦੇ ਘਪਲਿਆਂ ਦੀਆਂ ਫਾਈਲਾਂ ਸਰਕਾਰ ਕੋਲ ਹਨ, ਇਹ ਕਠਪੁਤਲੀਆਂ ਲੋਕਾਂ ਲਈ ਕੁਝ ਨਹੀਂ ਕਰ ਸਕਣਗੀਆਂ। ਭਾਰਤ ‘ਚ ਖੇਤਰੀ ਪਾਰਟੀਆਂ ਦੀ ਚੜ੍ਹਤ ਦਾ ਸੁ੍ਰਜ ਡੁੱਬ ਚੁੱਕਾ ਹੈ।

ਹਿੰਦੂ ਰਾਸ਼ਟਰ ਵੱਲ ਵਧ ਰਹੀ ਇਸ ਪੇਸ਼ਕਦਮੀ ਨੂੰ ਕੇਵਲ ਜ਼ਿਆਦਾ ਡਿਗ ਗਈ ਆਰਥਿਕਤਾ ਬੇਸ਼ੱਕ ਰੋਕ ਲਵੇ ਵਰਨਾ ਲਗਦਾ ਨੀ ਕਿ ਲੋਕ ਰੋਕ ਸਕਣਗੇ ਕਿਉਂਕਿ ਬਹੁਗਿਣਤੀ ਮੋਦੀ-ਸ਼ਾਹ ਵੱਲ ਹੈ ਤੇ ਵਿਰੋਧ ਕਰਨ ਵਾਲਿਆਂ ‘ਤੇ ਸਖਤੀ ਕਰਨ ਵਾਲਿਆਂ ਦੇ ਇਹ ਬਹੁਗਿਣਤੀ ਰੱਖੜੀਆਂ ਬੰਨ੍ਹੇਗੀ।

ਜਿਹੜਾ ਸੇਕ ਅੱਜ ਕਾਮਰੇਡ, ਕਾਂਗਰਸੀ, ਮੁਸਲਮਾਨ ਤੇ ਕੁਝ ਹੋਰ ਲੋਕ ਝੱਲਣ ਲੱਗੇ ਹਨ, ਇਸਤੋਂ ਕਿਤੇ ਵੱਡੇ ਸੇਕ ਸਿੱਖਾਂ ਨੇ ਹੁਣ ਤੱਕ ਝੱਲੇ ਹਨ। ਬਥੇਰਾ ਜਗਾਇਆ 35 ਸਾਲ ਪਹਿਲਾਂ ਕਿ ਇਹ ਅੱਗ ਰੁਕਣੀ ਨੀ ਪਰ ਸਭ ਮਸਤ ਰਹੇ। ਅਸੀਂ ਤਾਂ ਰਾਖ ਹੋ ਗਏ, ਹੁਣ ਤੁਹਾਡੀ ਸਭਨਾਂ ਦੀ ਵਾਰੀ ਹੈ।

ਭੱਜਦੇ ਨੀ, ਜਿੰਨੇ ਜੋਗੇ ਹਾਂ, ਸਾਥ ਦੇ ਦਿਆਂਗੇ, ਲੰਗਰ ਵੀ ਛਕਾ ਦਿਆਂਗੇ, ਧਰਨੇ-ਮੁਜਾਹਰਿਆਂ ‘ਚ ਵੀ ਸ਼ਾਮਲ ਹੋ ਜਾਇਆ ਕਰਾਂਗੇ ਪਰ 1975 ਦੀ ਐਮਰਜੈਂਸੀ ਵਾਂਗ ਅਸੀਂ ਹਨੂੰਮਾਨ ਬਣਕੇ ਆਪਣੀ ਪੂਛ ਨੂੰ ਹੁਣ ਅੱਗ ਨਹੀਂ ਲਵਾਉਣੀ। ਉਸ ਅੱਗ ਕਾਰਨ ਸਾਡੀ ਪੂਛ ਵੀ ਨੀ ਰਹੀ ਤੇ ਨਾ ਸਰੀਰ, ਤੇ ਜਿਨ੍ਹਾਂ ਲਈ ਅਸੀਂ ਸੜਨਾ ਪਰਵਾਨ ਕੀਤਾ ਸੀ, ਉਹੀ ਸਾਨੂੰ ਅੱਤਵਾਦੀ ਕਹਿਣ ਲੱਗ ਪਏ।

ਅੱਜ ਡਾਉਨਟਾਊਨ ਵੈਨਕੂਵਰ ਦੀ ਰੌਬਸਨ ਸਟਰੀਟ ‘ਤੇ ਕੁਝ ਜਣੇ ਭਾਰਤ ਦੇ ਝੰਡੇ ਲੈ ਕੇ ਘੁੰਮ ਰਹੇ ਸਨ ਤੇ ਨਾਅਰੇ ਲਾ ਰਹੇ ਸਨ; “ਲੈ ਕੇ ਰਹੇਂਗੇ ਆਜ਼ਾਦੀ, ਗਾਂਧੀ ਵਾਲੀ ਆਜ਼ਾਦੀ”।

ਅਸੀਂ ਤਾਂ ਗਾਂਧੀ ਵਾਲੀ ਦਾ ਵੀ ਨਜ਼ਾਰਾ ਦੇਖਿਆ ਹੋਇਆ ਤੇ ਮੋਦੀ ਵਾਲੀ ਦਾ ਵੀ।

ਸ਼ਾਬਾਸ਼ੇ! ਚੁੱਕੋ ਹੁਣ ਕੰਮ ਨੂੰ, ਆਪਾਂ ਤੁਹਾਡੇ ਨਾਲ ਹਾਂ, ਬਿਲਕੁਲ ਉਵੇਂ ਜਿਵੇਂ ਤੁਸੀਂ ਸਾਡੇ ਨਾਲ ਸੀ।

– ਗੁਰਪ੍ਰੀਤ ਸਿੰਘ ਸਹੋਤਾ

Check Also

ਉੱਤਰਾਖੰਡ ਦੇ ਗੁਰੂਘਰ ਨਾਨਕ ਮੱਤਾ ਮਾਮਲੇ ਦਾ ਜਾਣੋ ਪੂਰਾ ਸੱਚ

ਉੱਤਰਾਖੰਡ ਦੇ ਗੁਰੂਘਰ ਨਾਨਕ ਮੱਤਾ ‘ਤੇ ਮਾਮਲੇ ਦਾ ਜਾਣੋ ਪੂਰਾ ਸੱਚ   ਪੰਥਕ ਮਸਲਿਆਂ ‘ਚ …

%d bloggers like this: