Breaking News
Home / ਸਾਹਿਤ / ਜਦੋਂ ਸਰਦਾਰ ਲਹਿਣਾ ਸਿੰਘ ਭੰਗੀ ਨੇ ਅਬਦਾਲੀ ਦੀ ਦੋਸਤੀ ਅਤੇ ਸੂਬੇਦਾਰੀ ਦੀ ਪੇਸ਼ਕਸ਼ ਕਬੂਲ ਨਾ ਕੀਤੀ

ਜਦੋਂ ਸਰਦਾਰ ਲਹਿਣਾ ਸਿੰਘ ਭੰਗੀ ਨੇ ਅਬਦਾਲੀ ਦੀ ਦੋਸਤੀ ਅਤੇ ਸੂਬੇਦਾਰੀ ਦੀ ਪੇਸ਼ਕਸ਼ ਕਬੂਲ ਨਾ ਕੀਤੀ

ਸਿੱਖ ਇਤਿਹਾਸ ਦੇ ਅਣਗੌਲੇ ਪੰਨ੍ਹੇ – ੨੯ ; ਜਦੋਂ ਸਰਦਾਰ ਲਹਿਣਾ ਸਿੰਘ ਭੰਗੀ ਨੇ ਅਬਦਾਲੀ ਦੀ ਦੋਸਤੀ ਅਤੇ ਸੂਬੇਦਾਰੀ ਦੀ ਪੇਸ਼ਕਸ਼ ਕਬੂਲ ਨਾ ਕੀਤੀ
ਅਠਾਹਰਵੀਂ ਸਦੀ ਦੇ 60ਵਿਆਂ ਭੰਗੀ ਮਿਸਲ ਦੀ ਤਾਕਤ ਕਾਫ਼ੀ ਵੱਧ ਗਈ ਸੀ ਅਤੇ ਇਹ ਮਿਸਲ ਉਸ ਸਮੇਂ ਲਗਭਗ ਵੀਹ ਹਜ਼ਾਰ ਦੇ ਕਰੀਬ ਫੌਜ ਮੈਦਾਨ’ਚ ਉਤਾਰਨ ਦੀ ਸਮਰੱਥਾ ਰੱਖਦੀ ਸੀ। ਇਸੇ ਤਾਕਤ ਦੇ ਬਲ ਉੱਤੇ ਸਰਦਾਰ ਲਹਿਣਾ ਸਿੰਘ ਭੰਗੀ ਅਤੇ ਸਰਦਾਰ ਗੁੱਜਰ ਸਿੰਘ ਨੇ ਲਾਹੌਰ’ਤੇ ਕਬਜ਼ਾ ਕਰਨ ਦੀ ਧਾਰ ਲਈ। ਉਸ ਸਮੇਂ ਅਹਿਮਦ ਸ਼ਾਹ ਅਬਦਾਲੀ ਵੱਲੋਂ ਲਗਾਇਆ ਲਾਹੌਰ ਦਾ ਸੂਬੇਦਾਰ ਅੱਯਾਸ਼ ਅਤੇ ਜ਼ਾਲਮ ਸੀ, ਇਸ ਕਰਕੇ ਪਰਜਾ ਉਸ ਤੋਂ ਦੁਖੀ ਸੀ। ਕਿਲੇ ਅੰਦਰ ਕੰਮ ਕਰਦੇ ਉਹਨਾਂ ਦੁਖੀ ਲੋਕਾਂ ਨਾਲ ਭੰਗੀ ਸਰਦਾਰਾਂ ਨੇ ਗੰਢ-ਤੁੱਪ ਕਰ ਲਈ ਅਤੇ 15 ਮਈ 1765 ਦੀ ਰਾਤ ਨੂੰ ਲਾਹੌਰ ਕਿਲੇ ਦੀ ਕੰਧ ਪਾੜ ਕੇ ਅੰਦਰ ਜਾ ਵੜੇ। ਭੰਗੀ ਸਰਦਾਰਾਂ ਨੇ ਨਾਚ ਦੇਖ ਰਹੇ ਸੂਬੇਦਾਰ ਨੂੰ ਕੈਦ ਕਰ ਲਿਆ। ਇਸ ਤਰਾਂ ਸਿੱਖਾਂ ਨੇ ਪਹਿਲੀ ਵਾਰ ਲਾਹੌਰ’ਤੇ ਆਪਣਾ ਫੌਜੀ ਰਾਜ ਕਾਇਮ ਕਰਕੇ “ਗੁਰੂ ਨਾਨਕ ਸਾਹਿਬ ਜੀ” ਦੇ ਨਾਮ ਉੱਤੇ “ਨਾਨਕਸ਼ਾਹੀ ਸਿੱਕਾ” ਜਾਰੀ ਕੀਤਾ ਅਤੇ ਅਮਨ ਦਾ ਰਾਜ ਕਾਇਮ ਕੀਤਾ।

ਫਿਰ ਅਗਲੇ ਹੀ ਸਾਲ ਦਸੰਬਰ1766’ਚ ਤੋਪਖਾਨੇ ਅਤੇ ਵੱਡੀ ਫੌਜ ਨਾਲ ਅਬਦਾਲੀ ਨੇ ਲਾਹੌਰ ਤੇ ਨੌਵਾਂ ਹਮਲਾ ਕਰ ਦਿੱਤਾ। ਭੰਗੀ ਸਰਦਾਰ ਲਾਹੌਰ ਖਾਲੀ ਕਰਕੇ ਚਲੇ ਗਏ ਅਤੇ ਅਬਦਾਲੀ ਨੇ ਖਾਲੀ ਪਏ ਲਾਹੌਰ’ਤੇ 22 ਦਸਬੰਰ 1766 ਨੂੰ ਫਿਰ ਕਬਜ਼ਾ ਕਰ ਲਿਆ। ਕਬਜ਼ਾ ਕਰਕੇ ਉਸ ਨੇ ਸ਼ਹਿਰ ਦੇ ਨਾਮਵਰ ਮੁਸਲਮਾਨਾਂ ਨੂੰ ਸੂਬੇਦਾਰੀ ਦੀ ਪੇਸ਼ਕਸ਼ ਕੀਤੀ, ਪਰ ਸ਼ਹਿਰ ਦੇ ਮੁਸਲਮਾਨਾਂ’ਚੋ ਕਿਸੇ ਨੇ ਵੀ ਇਹ ਪੇਸ਼ਕਸ਼ ਪ੍ਰਵਾਨ ਨਾ ਕੀਤੀ।

ਉਸ ਸਮੇਂ ਇੱਕ ਬਹੁਤ ਹੈਰਾਨੀ ਵਾਲੀ ਘਟਨਾ ਵਾਪਰੀ ਜਦੋਂ ਸ਼ਹਿਰ ਦੇ ਪਤਵੰਤੇ ਮੁਸਲਮਾਨ ਅਤੇ ਹਿੰਦੂ ਇੱਕ ਵਫ਼ਦ ਲੈ ਕੇ ਅਬਦਾਲੀ ਕੋਲ ਗਏ ਅਤੇ ਉਹਨਾਂ ਨੇ ਬੇਨਤੀ ਕੀਤੀ ਕਿ ” ਸਰਦਾਰ ਲਹਿਣਾ ਸਿੰਘ ਭੰਗੀ ਨੂੰ ਲਾਹੌਰ ਦਾ ਸੂਬੇਦਾਰ ਬਣਾ ਦਵੋ। ਉਹ ਬਹੁਤ ਹੀ ਨੇਕ, ਇਨਸਾਫ਼ਪਸੰਦ ਅਤੇ ਸਭ ਦਾ ਸਾਂਝਾ ਹੁਕਮਰਾਨ ਹੈ। ਉਸ ਨੇ ਈਦ ਦੇ ਦਿਨ ਮੁਸਲਮਾਨਾਂ ਨੂੰ ਇੱਜ਼ਤ ਵਜੋੰ ਤੋਹਫ਼ੇ ਦਿੱਤੇ। ਲਾਹੌਰ’ਤੇ ਅਮਨ ਅਤੇ ਬਰਾਬਰੀ ਦਾ ਰਾਜ ਕਾਇਮ ਕੀਤਾ। ਜੇਕਰ ਤੁਸੀਂ ਕਿਸੇ ਹੋਰ ਨੂੰ ਸੂਬੇਦਾਰ ਬਣਾ ਵੀ ਦਿੱਤਾ ਤਾਂ ਸਿੱਖਾਂ ਨੇ ਉਸ ਦਾ ਰਾਜ ਕਾਇਮ ਨਹੀੰ ਰਹਿਣ ਦੇਣਾ।”

ਅਹਿਮਦ ਸ਼ਾਹ ਅਬਦਾਲੀ ਨੂੰ ਇਹ ਗੱਲ ਜਚ ਗਈ। ਉਸ ਨੇ ਆਪਣੇ ਦੂਤ ਰਹਿਮਤੁੱਲਾ ਬੇਗ ਕੋਲ ਦੋਸਤਾਨਾ ਚਿੱਠੀ ਅਤੇ ਕਾਬਲੀ ਮੇਵਿਆਂ ਨਾਲ ਊਠ ਲੱਦ ਕੇ ਸਰਦਾਰ ਲਹਿਣਾ ਸਿੰਘ ਭੰਗੀ ਕੋਲ ਭੇਜੇ। ਪਰ ਉੱਚੇ ਆਦਰਸ਼ਾਂ ਵਾਲੇ ਸਰਦਾਰ ਲਹਿਣਾ ਸਿੰਘ ਨੇ ਜ਼ਾਲਮ ਅਬਦਾਲੀ ਨਾਲ ਹੱਥ ਮਿਲਾਉਣ ਤੋੰ ਕੋਰੀ ਨਾਂਹ ਕਰ ਦਿੱਤੀ। ਉਸ ਨੇ ਅਬਦਾਲੀ ਵੱਲੋੰ ਭੇਜੇ ਕਾਬਲੀ ਮੇਵੇ ਮੋੜ ਦਿੱਤੇ। ਜਵਾਬ’ਚ ਇਕ ਚਿੱਠੀ ਅਤੇ ਦੋ ਮੂਠੀਆਂ ਛੋਲੇ ਅਬਦਾਲੀ ਵੱਲ ਭੇਜ ਦਿੱਤੇ। ਚਿੱਠੀ’ਚ ਸਰਦਾਰ ਲਹਿਣਾ ਸਿੰਘ ਨੇ ਲਿਖਿਆ ਕਿ, ” ਮੇਵੇ ਬਾਦਸ਼ਾਹ ਦੀ ਖ਼ੁਰਾਕ ਹਨ। ਮੈਂ ਇੱਕ ਜਝਾਰੂ ਹਾਂ ਅਤੇ ਛੋਲੇ ਖਾ ਕੇ ਗੁਜ਼ਾਰਾ ਕਰ ਸਕਦਾ ਹਾਂ। ਬਾਕੀ ਰਹੀ ਗੱਲ ਸੂਬੇਦਾਰੀ ਦੀ, ਮੈਂ ਉਸ ਪੰਥ ਦਾ ਸੇਵਾਦਾਰ ਹਾਂ, ਜੋ ਗੁੁਰੂ ਗੋਬਿੰਦ ਸਿੰਘ ਦੀ ਬਖ਼ਸ਼ਸ਼ ਤੋਂ ਬਿਨ੍ਹਾਂ, ਹੋਰ ਕਿਸੇ ਦਾ ਦਿੱਤਾ ਰਾਜ ਲੈਣ ਲਈ ਤਿਆਰ ਨਹੀਂ।”

ਸਰਦਾਰ ਲਹਿਣਾ ਸਿੰਘ ਦੀ ਨਾਂਹ ਤੋਂ ਬਾਅਦ ਅਬਦਾਲੀ, ਦਾਦਨ ਖ਼ਾਂ ਨੂੰ ਲਾਹੌਰ ਦਾ ਸੂਬੇਦਾਰ ਲਗਾ ਕੇ ਵਾਪਸ ਚਲਾ ਗਿਆ। ਉਸ ਦੇ ਜਾਣ ਸਾਰ ਭੰਗੀ ਮਿਸਲ ਦੇ ਸਰਦਾਰ ਲਹਿਣਾ ਸਿੰਘ, ਸਰਦਾਰ ਗੁੱਜਰ ਸਿੰਘ ਅਤੇ ਸਰਦਾਰ ਸੋਭਾ ਸਿੰਘ ਨਿਆਜ਼ ਬੇਗ ਵਾਲਾ ਨੇ ਫੌਜ ਲੈ ਕੇ ਲਾਹੌਰ ਕਿਲੇ ਦੇ ਬਾਹਰ ਫਿਰ ਉਤਾਰਾ ਕਰ ਲਿਆ ਅਤੇ ਸੂਬੇਦਾਰ ਦਾਦਨ ਖ਼ਾਂ ਨੂੰ ਸੁਨੇਹਾ ਭੇਜਿਆ ਕਿ ਜਾਂ ਤਾਂ ਲਾਹੌਰ ਖਾਲੀ ਕਰੋ ਅਤੇ ਜਾਂ ਫਿਰ ਮੈਦਾਨ’ਚ ਆ ਕੇ ਟਾਕਰਾ ਕਰੋ। ਦਾਦਨ ਖ਼ਾਂ ਨੇ ਸਿੱਖਾਂ ਅੱਗੇ ਆਤਮਸਮਰਪਣ ਕਰ ਦਿੱਤਾ ਅਤੇ ਸਿੱਖਾਂ ਨੇ ਫਿਰ ਦੁਬਾਰਾ ਬਗ਼ੈਰ ਕਿਸੇ ਲੜਾਈ ਤੋਂ ਅਮਨ ਨਾਲ ਲਾਹੌਰ’ਤੇ ਮੁੜ ਕਬਜ਼ਾ ਕਰ ਲਿਆ।

– ਸਤਵੰਤ ਸਿੰਘ

Check Also

ਦੇਖੋ ਮਨੁੱਖ ਕਿੰਨਾ ਬੇਰਹਿਮ ਹੈ- ਕਿਉਂ ਮਨੁੱਖ ਤੋਂ ਸਭ ਜੀਵ ਜੰਤੂ ਬਹੁਤ ਦੁਖੀ ਹਨ

ਸੰਸਾਰ ਦੇ ਮੈਡੀਕਲ ਕਾਲਜਾਂ, ਖੋਜ ਯੂਨੀਵਰਸਿਟੀਆਂ ਅਤੇ ਅਨੇਕਾਂ ਹੋਰ ਟਰੇਨਿੰਗ ਇੰਸਟੀਚਿਊਟਸ ਵਿੱਚ ਹਰ ਸਾਲ ਕਰੀਬ …

%d bloggers like this: