Breaking News
Home / ਸਾਹਿਤ / ਜ਼ਰੂਰ ਪੜ੍ਹੋ- ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ

ਜ਼ਰੂਰ ਪੜ੍ਹੋ- ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਵਿੱਦਿਆ ਪ੍ਰਬੰਧ

ਡਾ. ਕਿਰਨਦੀਪ ਕੌਰ
ਮਹਾਰਾਜਾ ਰਣਜੀਤ ਸਿੰਘ (1780-1839) ਦੀ ਕਾਬਲੀਅਤ ਅਤੇ ਦੂਰ ਅੰਦੇਸ਼ੀ ਸੋਚ ਕਰਕੇ ਹੀ ਪਹਿਲੀ ਵਾਰ ਸਿੱਖ ਰਾਜ (ਸਰਕਾਰ-ਏ-ਖਾਲਸਾ) ਦੀ ਸਥਾਪਨਾ ਹੋਈ। ਸਿੱਖ ਰਾਜ ਵਿੱਚ ਵਿੱਦਿਆ ਦਾ ਪ੍ਰਬੰਧ ਏਨਾ ਵਧੀਆ ਸੀ ਕਿ ਅੰਗਰੇਜ਼ ਲਿਖਾਰੀਆਂ ਨੇ ਇਸ ਨੂੰ ਇੰਗਲੈਂਡ ਅਤੇ ਯੋਰਪੀਅਨ ਦੇਸ਼ਾਂ ਤੋਂ ਵੀ ਵਧੀਆ ਦੱਸਿਆ ਹੈ। ਕੇਵਲ ਲਾਹੌਰ ਵਿੱਚ ਹੀ 546 ਸਕੂਲ ਸਨ। ਹਰੇਕ ਮੰਦਰ, ਗੁਰਦੁਆਰੇ, ਧਰਮਸ਼ਾਲਾ ਅਤੇ ਮਸਜਿਦ ਵਿੱਚ ਵਿੱਦਿਆ ਦਿੱਤੀ ਜਾਂਦੀ ਸੀ। ਮਹਾਰਾਜਾ ਫਾਰਸੀ, ਅਰਬੀ, ਸੰਸਕ੍ਰਿਤ, ਪੰਜਾਬੀ, ਹਿੰਦੀ ਦੇ ਲਿਖਾਰੀਆਂ ਅਤੇ ਵਿਦਵਾਨਾਂ ਨੂੰ ਸਨਮਾਨਿਤ ਅਤੇ ਉਤਸ਼ਾਹਿਤ ਕਰਦਾ ਸੀ।

ਔਰਤਾਂ ਦੀ ਪੜ੍ਹਾਈ ਵੱਲ ਮਹਾਰਾਜਾ ਦਾ ਬਹੁਤ ਧਿਆਨ ਸੀ। ਹਰੇਕ ਪਿੰਡ ਵਿੱਚ ਔਰਤਾਂ ਤੱਕ ‘ਕੈਦਾ’ ਪਹੁੰਚਾਇਆ ਜਾਂਦਾ। ਜੇ ਕੋਈ ਨੰਬਰਦਾਰ ਕੁਤਾਹੀ ਕਰਦਾ ਤਾਂ ਉਸ ਨੂੰ ਬਦਲ ਦਿੱਤਾ ਜਾਂਦਾ। ਸਿੱਖ ਰਾਜ ਵਿੱਚ ਤਕਰੀਬਨ ਸਾਰੀਆਂ ਔਰਤਾਂ ਨੂੰ ਮੁੱਢਲੀ ਵਿੱਦਿਆ ਬਾਰੇ ਜਾਣਕਾਰੀ ਸੀ। ਰਾਜ ਵਿੱਚ ਬੇਸ਼ਕ ਫਾਰਸੀ ਸਰਕਾਰੀ ਭਾਸ਼ਾ ਸੀ ਪਰ ਆਮ ਗੱਲਬਾਤ ਪੰਜਾਬੀ ਵਿੱਚ ਹੀ ਹੁੰਦੀ ਸੀ।

ਜੀ. ਡਬਲਿਊ ਲੈਟਨਰ ਅਨੁਸਾਰ ਲਾਹੌਰ ਦੇ ਸਕੂਲਾਂ ਵਿੱਚ ਭਾਸ਼ਾਵਾਂ, ਸਹਿਤ, ਵਿਆਕਰਨ, ਹਿਸਾਬ, ਕਾਨੂੰਨ, ਜੀਊਮੈਟਰੀ, ਦਾਰਸ਼ਨਿਕਤਾ ਆਦਿ ਵਿਸ਼ੇ ਪੜ੍ਹਾਏ ਜਾਂਦੇ ਸਨ।
ਮਹਾਰਾਜਾ ਕੋਲ ਅੰਗਰੇਜ਼, ਅਮਰੀਕਨ, ਰੂਸੀ, ਫਰਾਂਸਿਸੀ, ਇਟਲੀ ਅਤੇ ਹੋਰ ਕਈ ਦੇਸ਼ਾਂ ਦੇ ਫੌਜੀ ਅਫਸਰ ਨੌਕਰੀ ਕਰਦੇ ਸਨ। ਮਹਾਰਾਜਾ ਨੇ ਕੰਵਰ ਸ਼ੇਰ ਸਿੰਘ ਦੇ ਬੇਟੇ ਪ੍ਰਿੰਸ ਪਰਤਾਪ ਸਿੰਘ ਨੂੰ ਅੰਗਰੇਜ਼ੀ ਵਿੱਦਿਆ ਦੇਣ ਲਈ ਯਤਨ ਕੀਤੇ, ਜਿਸ ਬਾਰੇ W.G. Osborne B ਨੇ ਆਪਣੀ ਪੁਸਤਕ ‘Ranjit Singh: The Lion of the Punjab’ ਵਿੱਚ ਬਹੁਤ ਤਾਰੀਫ ਕੀਤੀ। ਪਰਤਾਪ ਸਿੰਘ ਦੀ ਲਿਆਕਤ, ਯੋਗਤਾ ਉਸ ਨੂੰ ਅਮੀਰ ਅੰਗਰੇਜ਼ਾਂ ਦੇ ਬੱਚਿਆਂ ਨਾਲੋਂ ਵੀ ਕਈ ਗੁਣਾਂ ਵੱਧ ਲੱਗੀ। ਇਕ ਵਾਰ ਪਰਤਾਪ ਸਿੰਘ ਨੇ ਐਮਿਲੀ ਈਡਨ ਨੂੰ ਅੰਗਰੇਜ਼ੀ ਵਿੱਚ ਖ਼ਤ ਲਿਖਿਆ ਸੀ, ਜਿਸ ਦਾ ਉੱਤਰ ਉਸ ਨੇ ਫਾਰਸੀ ਵਿੱਚ ਦਸਤਖਤ ਕਰਕੇ ਭੇਜਿਆ।
ਜੌਹਾਨ ਮਾਰਟਿਨ ਹੋਨਿੰਗ ਬਰਗਰ (1795-1869) ਜੋ ਕਿੱਤੇ ਵਜੋਂ ਡਾਕਟਰ ਸੀ, ਨੇ ਸ਼ਹਿਜ਼ਾਦਾ ਸ਼ੇਰ ਸਿੰਘ ਦੇ ਉਦਯੋਗ, ਫੌਜੀ ਸਿਖਲਾਈ ਅਤੇ ਅੰਗਰੇਜ਼ੀ ਭਾਸ਼ਾ ਵਿੱਚ ਵਿਦਿਆ ਬਾਰੇ ਬਹੁਤ ਤਾਰੀਫ ਕੀਤੀ ਹੈ।

ਮਹਾਰਾਜਾ ਰਣਜੀਤ ਸਿੰਘ ਨੇ ਰਾਜਾ ਧਿਆਨ ਸਿੰਘ ਦੇ ਬੇਟੇ ਹੀਰਾ ਸਿੰਘ (1816-1844) ਨੂੰ ਵੀ ਅੰਗਰੇਜ਼ੀ ਵਿੱਦਿਆ ਦੇਣ ਲਈ ਖਾਸ ਪ੍ਰਬੰਧ ਕੀਤਾ। ਮਹਾਰਾਜਾ ਚਾਹੁੰਦਾ ਸੀ ਕਿ ਉਸ ਦੇ ਦਰਬਾਰੀ ਜਾਂ ਨਜ਼ਦੀਕੀ ਚੰਗੀ ਤਰ੍ਹਾਂ ਅੰਗਰੇਜ਼ਾਂ ਨਾਲ ਗੱਲ ਕਰ ਸਕਣ ਅਤੇ ਉਸ ਨੂੰ ਠੀਕ ਰਿਪੋਰਟ ਦੇ ਸਕਣ। ਮਹਾਰਾਜਾ ਰਣਜੀਤ ਸਿੰਘ ਲਾਹੌਰ ਵਿੱਚ ਅੰਗਰੇਜ਼ੀ ਸਕੂਲ ਸ਼ੁਰੂ ਕਰਨਾ ਚਾਹੁੰਦਾ ਸੀ ਅਤੇ ਜੇ.ਸੀ. ਲੌਰੀ ਨੂੰ ਛੇ ਮਹੀਨੇ ਲਈ ਲਾਹੌਰ ਵਿੱਚ ਰਹਿਣ ਅਤੇ ਵਿਦਿਆਰਥੀਆਂ ਨੂੰ ਅੰਗਰੇਜ਼ੀ ਵਿੱਦਿਆ ਦੇਣ ਦਾ ਸੱਦਾ ਦਿੱਤਾ। ਲੌਰੀ ਲੁਧਿਆਣੇ ਤੋਂ ਲਾਹੌਰ ਪਹੁੰਚਿਆ ਅਤੇ ਉਸ ਨਾਲ ਫਕੀਰ ਨੂਰ-ਉਦ-ਦੀਨ ਨੇ ਅੰਗਰੇਜ਼ੀ ਭਾਸ਼ਾ ਅਤੇ ਹੋਰ ਵਿਸ਼ਿਆਂ ਬਾਰੇ ਗੱਲਬਾਤ ਕੀਤੀ। ਮਹਾਰਾਜਾ ਨਾਲ ਮਿਲਣੀ ਹੋਈ ਅਤੇ ਉਹ ਤਕਰੀਬਨ ਇਕ ਮਹੀਨੇ ਲਾਹੌਰ ਰਿਹਾ। ਉਸ ਨੂੰ ਬਹੁਤ ਤੋਹਫੇ ਦੇ ਕੇ ਰਵਾਨਾ ਕੀਤਾ ਪਰ ਮਹਾਰਾਜਾ ਬਾਈਬਲ ਪੜ੍ਹਾਏ ਜਾਣ ’ਤੇ ਸਹਿਮਤ ਨਹੀਂ ਸੀ ਕਿਉਂਕਿ ਉਸ ਨੂੰ ਇਸ ਦੀ ਵਿਰੋਧਤਾ ਦਾ ਅੰਦੇਸ਼ਾ ਸੀ। ਸਿੱਖ ਰਾਜ ਸਮੇਂ ਬਹੁਤ ਸਾਰੇ ਵਿਦਵਾਨ ਅੰਗਰੇਜ਼ੀ ਭਾਸ਼ਾ ਦੇ ਚੰਗੇ ਜਾਣੂ ਸਨ।

Check Also

ਜਦੋਂ ਤਰੱਕੀਆਂ ਲੈਣ ਦੀ ਖਾਤਿਰ ਸਦਾ ਦੀ ਨੀਂਦ ਸਵਾ ਦਿੱਤੇ ਗਏ ਕਈ ਮਾਵਾਂ ਦੇ ਪੁੱਤ……..

ਅਸੀਂ ਤੜਕੇ ਮੂੰਹ ਹਨੇਰੇ ਪਿੰਡੋਂ ਬਾਹਰਵਾਰ ਉਸ ਵਿਆਹ ਵਾਲੇ ਘਰ ਜਾ ਛਾਪਾ ਮਾਰਿਆ..ਨਿੱਘੀਆਂ ਰਜਾਈਆਂ ਵਿਚ …