Breaking News
Home / ਅੰਤਰ ਰਾਸ਼ਟਰੀ / ਪੰਜਾਬੀ ਨੇ ਟੋਰਾਂਟੋ ਪੁਲਿਸ ਖਿਲਾਫ ਠੋਕਿਆ 12 ਮਿਲੀਅਨ ਡਾਲਰ ਦਾ ਮੁੱਕਦਮਾ

ਪੰਜਾਬੀ ਨੇ ਟੋਰਾਂਟੋ ਪੁਲਿਸ ਖਿਲਾਫ ਠੋਕਿਆ 12 ਮਿਲੀਅਨ ਡਾਲਰ ਦਾ ਮੁੱਕਦਮਾ

ਕੰਜ਼ਰਵੇਟਿਵ ਉਮੀਦਵਾਰ ਬਣਨ ਦੇ ਦਾਅਵੇਦਾਰ ਵੱਲੋਂ ਉਸ ਨੂੰ ਬਦਨਾਮ ਕਰਨ ਲਈ ਚਲਾਈ ਗਈ ਮੁਹਿੰਮ ਲਈ ਗੁਪਤ ਪੁਲਿਸ ਦਸਤਾਵੇਜ਼ਾਂ ਨੂੰ ਲੀਕ ਕਰਨ ਵਾਲੇ ਅਧਿਕਾਰੀਆਂ ਦੇ ਸਬੰਧ ਵਿੱਚ ਟੋਰਾਂਟੋ ਪੁਲਿਸ ਖਿਲਾਫ 12 ਮਿਲੀਅਨ ਡਾਲਰ ਦਾ ਮੁਕੱਦਮਾ ਦਾਇਰ ਕੀਤਾ ਜਾ ਰਿਹਾ ਹੈ।ਪੁਲਿਸ ਦੇ ਇਸ ਤਰ੍ਹਾਂ ਦੇ ਮਾੜੇ ਵਿਵਹਾਰ ਦੇ ਆਲੇ ਦੁਆਲੇ ਬੁਣੀ ਗਈ ਗੰਦੀ ਸਿਆਸੀ ਖੇਡ ਦਾ ਇਹ ਅਲੋਕਾਰਾ ਮਾਮਲਾ ਹੈ ਜਿਸ ਵਿੱਚ ਨਿੱਕ ਗਹੂਨੀਆ ਨੂੰ ਫਸਾਉਣ ਦੀ ਕੋਸਿ਼ਸ਼ ਕੀਤੀ ਗਈ। ਇੱਥੇ ਦੱਸਣਾ ਬਣਦਾ ਹੈ ਕਿ ਪਿਛਲੇ ਸਾਲ ਪ੍ਰੋਵਿੰਸ਼ੀਅਲ ਚੋਣਾਂ ਤੋਂ ਠੀਕ ਪਹਿਲਾਂ ਬਰੈਂਪਟਨ ਦੇ ਹਲਕੇ ਤੋਂ ਪ੍ਰੋਗਰੈਸਿਵ ਕੰਜ਼ਰਵੇਟਿਵ ਉਮੀਦਵਾਰ ਨਿੱਕ ਗਹੂਨੀਆ ਦੀ ਨਾਮੀਨੇਸ਼ਨ ਰੱਦ ਕਰ ਦਿੱਤੀ ਗਈ ਸੀ। ਪਾਰਟੀ ਵੱਲੋਂ ਇਹ ਕਾਰਵਾਈ ਉਦੋਂ ਕੀਤੀ ਗਈ ਜਦੋਂ 29 ਸਾਲਾ ਗਹੂਨੀਆ ਦੀ ਗ੍ਰਿਫਤਾਰੀ ਸਬੰਧੀ ਪੱਤਰ ਬਰੈਂਪਟਨ, ਓਨਟਾਰੀਓ ਦੇ ਵੱਖ ਵੱਖ ਕਮਿਊਨਿਟੀ ਮੈਂਬਰਜ਼ ਨੂੰ ਮੇਲ ਕੀਤੇ ਗਏ।ਲਾਅ ਸਕੂਲ ਦੇ ਇਸ ਗ੍ਰੈਜੂਏਟ ਦਾ ਕੋਈ ਮੁਜਰਮਾਨਾ ਰਿਕਾਰਡ ਨਹੀਂ ਹੈ। ਇਸ ਘਟਨਾਕ੍ਰਮ ਦੀ ਅਗਲੀ ਕੜੀ ਵਿੱਚ ਇਸ ਸਾਲ ਦੇ ਸੁ਼ਰੂ ਵਿੱਚ ਟੋਰਾਂਟੋ ਦੇ ਇੱਕ ਫਰਾਡ ਡਿਟੈਕਟਿਵ ਨੂੰ ਗਹੂਨੀਆ ਨਾਲ ਸਬੰਧਤ ਦਸਤਾਵੇਜ਼ ਹਾਸਲ ਕਰਨ ਤੇ ਉਨ੍ਹਾਂ ਨੂੰ ਹੋਰਨਾਂ ਮੈਂਬਰਾਂ ਤੱਕ ਪਹੁੰਚਾਉਣ ਦੇ ਸਬੰਧ ਵਿੱਚ ਅਨੁਸ਼ਾਸਕੀ ਜੁਰਮਾਂ ਕਾਰਨ ਚਾਰਜ ਕੀਤਾ ਗਿਆ। ਇਸ ਵਿਅਕਤੀ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਗਹੂਨਿਆ ਦੇ ਪੱਖ ਉੱਤੇ ਇਹ ਕੇਸ ਫਾਈਲ ਕਰਨ ਵਾਲੇ ਟੋਰਾਂਟੋ ਦੇ ਕ੍ਰਿਮੀਨਲ ਲਾਇਰ ਫਰੈਂਕ ਅਡਾਰੀਓ ਦਾ ਕਹਿਣਾ ਹੈ ਕਿ ਇਸ ਅਧਿਕਾਰੀ ਦੀਆਂ ਪ੍ਰਤੱਖ ਤੇ ਅਪਮਾਨਜਨਕ ਗਤੀਵਿਧੀਆਂ ਕਾਰਨ ਪੁਲਿਸ ਵਿੱਚੋਂ ਲੋਕਾਂ ਦਾ ਭਰੋਸਾ ਉੱਠਿਆ ਹੈ।

ਮੁਕੱਦਮਾ ਠੋਕਣ ਸਮੇਂ ਸਟੇਟਮੈਂਟ ਆਫ ਕਲੇਮ ਵਿੱਚ ਆਖਿਆ ਗਿਆ ਕਿ ਪ੍ਰਤੀਵਾਦੀ ਨੇ ਕੈਨੇਡੀਅਨ ਚੋਣਾਂ ਵਿੱਚ ਦਖਲਅੰਦਾਜ਼ੀ ਕੀਤੀ ਤੇ ਜਮਹੂਰੀ ਪ੍ਰਕਿਰਿਆ ਦੀਆਂ ਧੱਜੀਆਂ ਉਡਾਈਆਂ। ਇਹ ਵੀ ਆਖਿਆ ਗਿਆ ਕਿ ਅਤੀਤ ਵਿੱਚ ਪੁਲਿਸ ਨਾਲ ਗਹੂਨੀਆ ਦੇ ਨਿੱਕੇ ਜਿਹੇ ਮਾਮਲੇ ਸਬੰਧੀ ਗੁਪਤ ਦਸਤਾਵੇਜ਼ਾਂ ਨੂੰ ਲੀਕ ਕੀਤੇ ਜਾਣ ਨਾਲ ਸੰਭਾਵੀ ਉਮੀਦਵਾਰ ਦੀ ਪਾਰਟੀ ਘਬਰਾ ਗਈ ਤੇ ਉਸ ਦੀ ਨਾਮਜ਼ਦਗੀ ਜਾਂਦੀ ਰਹੀ। ਜਿਨ੍ਹਾਂ ਨੇ ਵੀ ਗਹੂਨੀਆਂ ਨਾਲ ਅਜਿਹਾ ਕਰਨ ਦੀ ਕੋਸਿ਼ਸ਼ ਕੀਤੀ ਉਨ੍ਹਾਂ ਦੇ ਹੱਥਕੰਢੇ ਰਾਸ ਆ ਗਏ। ਮੁਕੱਦਮੇ ਵਿੱਚ ਜੌਹਨ ਡੋਅ (ਫਰਜ਼ੀ ਨਾਮ) ਨਾਂ ਦੇ ਵਿਅਕਤੀ ਦਾ ਵੀ ਜਿ਼ਕਰ ਕੀਤਾ ਗਿਆ ਹੈ ਜਿਸ ਨੇ ਇਹ ਦਸਤਾਵੇਜ਼ ਮੇਲ ਕਰਵਾਏ। ਗਹੂਨੀਆ ਨੇ ਆਖਿਆ ਕਿ ਉਹ ਜਾਨਣਾ ਚਾਹੁੰਦੇ ਹਨ ਕਿ ਪਹਿਲਾਂ ਤੋਂ ਹੀ ਚਾਰਜ ਕੀਤੇ ਜਾ ਚੁੱਕੇ ਅਧਿਕਾਰੀ ਤੋਂ ਇਲਾਵਾ ਹੋਰ ਕੌਣ ਹੈ ਜਿਹੜਾ ਇਸ ਮਾਮਲੇ ਵਿੱਚ ਸ਼ਾਮਲ ਹੈ। ਡਿਟੈਕਟਿਵ ਕਾਂਸਟੇਬਲ ਸੂਨ ਲੁੰਮ ਦਾ ਮਾਮਲਾ ਪਹਿਲਾਂ ਹੀ ਟੋਰਾਂਟੋ ਪੁਲਿਸ ਦੇ ਅਨੁਸ਼ਾਸਕੀ ਟ੍ਰਿਬਿਊਨਲ ਕੋਲ ਪੈਂਡਿੰਗ ਪਿਆ ਹੈ।

ਨੈਸ਼ਨਲ ਪੋਸਟ ਨੂੰ ਭੇਜੀ ਇੱਕ ਈਮੇਲ ਵਿੱਚ ਗਹੂਨੀਆ ਨੇ ਆਖਿਆ ਕਿ ਇਸ ਘਟਨਾ ਨੇ ਉਸ ਦੀ ਜਿ਼ੰਦਗੀ ਤਬਾਹ ਕਰ ਦਿੱਤੀ। ਉਨ੍ਹਾਂ ਆਖਿਆ ਕਿ ਉਨ੍ਹਾਂ ਨੂੰ ਇਨਸਾਫ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਉਹ ਜਾਨਣਾ ਚਾਹੁੰਦੇ ਹਨ ਕਿ ਇਸ ਤਰ੍ਹਾਂ ਜਨਤਕ ਤੌਰ ਉੱਤੇ ਉਨ੍ਹਾਂ ਦੇ ਸਿਆਸੀ ਕਰੀਅਰ ਦਾ ਕਤਲ ਕਿਉਂ ਕੀਤਾ ਗਿਆ।ਬਰੈਂਪਟਨ ਸੈਂਟਰ ਪ੍ਰੋਗਰੈਸਿਵ ਕੰਜ਼ਰਵੇਟਿਵ ਨਾਮੀਨੇਸ਼ਨ ਦੀ ਦੌੜ ਲਈ ਗਹੂਨੀਆ ਨੂੰ ਮੂਹਰਲੀ ਕਤਾਰ ਦਾ ਉਮੀਦਵਾਰ ਮੰਨਿਆ ਜਾ ਰਿਹਾ ਸੀ। ਉਸ ਨੇ ਹਲਕੇ ਵਿੱਚ 5000 ਮੈਂਬਰ ਦੀ ਸ਼ਰਤ ਵਿੱਚੋਂ 3000 ਮੈਂਬਰਜ਼ ਬਣਾ ਵੀ ਲਏ ਸਨ ਪਰ ਅਪਰੈਲ ਦੇ ਅਖੀਰ ਵਿੱਚ ਪੁਲਿਸ ਦੇ ਗੁਪਤ ਰਿਕਾਰਡ ਦੀਆਂ ਕਾਪੀਆਂ ਸਰਕੂਲੇਟ ਕਰ ਦਿੱਤੀਆਂ ਗਈਆਂ। ਇਹ ਕਾਪੀਆਂ ਬਰੈਂਪਟਨ ਦੀ ਤਤਕਾਲੀ ਮੇਅਰ ਲਿੰਡਾ ਜੈਫਰੀ ਤੋਂ ਲੈ ਕੇ ਗੁਰਦੁਆਰੇ ਤੇ ਨੈਸ਼ਨਲ ਪੋਸਟ ਨੂੰ ਵੀ ਭੇਜੀਆਂ ਗਈਆਂ। ਜਿ਼ਕਰਯੋਗ ਹੈ ਕਿ 18 ਸਾਲ ਦੀ ਉਮਰ ਵਿੱਚ ਕਥਿਤ ਕ੍ਰੈਡਿਟ ਕਾਰਡ ਫਰਾਡ ਲਈ ਪੁਲਿਸ ਦਾ ਟਾਕਰਾ ਗਹੂਨੀਆ ਨਾਲ ਹੋਇਆ ਸੀ, ਪਰ ਪਹਿਲਾਂ ਚਾਰਜ ਲਾਏ ਜਾਣ ਤੋਂ ਬਾਅਦ ਉਨ੍ਹਾਂ ਨੂੰ ਵਾਪਿਸ ਲੈ ਲਿਆ ਗਿਆ ਸੀ। 2016 ਵਿੱਚ ਕੋਕੀਨ ਰੱਖਣ ਦੇ ਸ਼ੱਕ ਵਿੱਚ ਟਰੈਫਿਕ ਸਟੌਪ ਉੱਤੇ ਵੀ ਗਹੂਨੀਆ ਨੂੰ ਰੋਕਿਆ ਗਿਆ ਪਰ ਉਸ ਸਮੇਂ ਗਹੂਨੀਆ ਤੇ ਐਸਯੂਵੀ ਵਿੱਚ ਬੈਠੇ ਇੱਕ ਹੋਰ ਯਾਤਰੀ ਨੂੰ ਅੱਧੇ ਘੰਟੇ ਵਿੱਚ ਹੀ ਛੱਡ ਦਿੱਤਾ ਗਿਆ ਸੀ। ਇਸ ਤੋਂ ਬਾਅਦ ਗਹੂਨੀਆ ਦੀ ਨਾਮਜ਼ਦਗੀ ਰੱਦ ਕਰ ਦਿੱਤੀ ਗਈ ਤੇ ਉਨ੍ਹਾਂ ਦੇ ਫੈਡਰਲ ਕੰਜ਼ਰਵੇਟਿਵ ਦੇ ਅਹੁਦੇ ਲਈ ਖੜ੍ਹੇ ਹੋਣ ਉੱਤੇ ਵੀ ਰੋਕ ਲਾ ਦਿੱਤੀ ਗਈ। ਭਰੋਸੇਯੋਗ ਸੂਤਰਾਂ ਤੋਂ ਪਤਾ ਲੱਗਾ ਕਿ ਜਿਨ੍ਹਾਂ ਨੇ ਗਹੂਨੀਆ ਪਰਿਵਾਰ ਨਾਲ ਸਿਆਸੀ ਰੰਜਿ਼ਸ਼ ਜਾਂ ਦੁਸ਼ਮਣੀ ਕੱਢੀ ਹੈ ਉਨ੍ਹਾਂ ਦਾ ਵੀ ਬਹੁਤ ਜਲਦੀ ਪਰਦਾਫਾਸ਼ ਹੋਣ ਵਾਲਾ ਹੈ।

Check Also

‘ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ

ਦ ਕੋਰ ਮੂਵਮੈਂਟ’ ਦੀ ਧਾਕੜ ਕੁੜੀ ਦਾ ਪਹਿਲਾ ਇੰਟਰਵਿਊ ਸਮਾਜ ਦੇ ਡਰ ਤੋਂ ਨਾ ਬੋਲਣ …

%d bloggers like this: