Breaking News
Home / ਸਾਹਿਤ / ਜਦੋਂ ਡਾ: ਮਨਮੋਹਨ ਸਿੰਘ ਨੇ ਨਨਕਾਣਾ ਸਾਹਿਬ ਦੀ ਗੁਪਤ ਯਾਤਰਾ ਕੀਤੀ

ਜਦੋਂ ਡਾ: ਮਨਮੋਹਨ ਸਿੰਘ ਨੇ ਨਨਕਾਣਾ ਸਾਹਿਬ ਦੀ ਗੁਪਤ ਯਾਤਰਾ ਕੀਤੀ

(ਗੁਲਾਮ ਮੁਸਤਫਾ ਡੋਗਰ)
ਬਹੁਤ ਸਾਰੇ ਦੇਸ਼ਾਂ ‘ਚ ਸਿਆਸਤਦਾਨ ਅਕਸਰ ਹੀ ਕਈ ਵਾਰ ਅਜਿਹੇ ਖੁਫ਼ੀਆ ਕੰਮ ਕਰਦੇ ਹਨ, ਜਿਸ ਦਾ ਆਮ ਲੋਕਾਂ ਤੋਂ ਪਰਦਾ ਰੱਖਿਆ ਜਾਂਦਾ ਹੈ। ਪਰ ਕਈ ਵਾਰ ਦੇਰ-ਸਵੇਰ ਅਜਿਹੇ ਘਟਨਾਕ੍ਰਮ ਜੱਗ-ਜ਼ਾਹਿਰ ਹੋ ਜਾਂਦੇ ਹਨ। ਹਾਲਾਂਕਿ ਕੁਝ ਦੇਸ਼ਾਂ ‘ਚ ਕਿਸੇ ਵੀ ਜਾਣਕਾਰੀ ਨੂੰ 25 ਸਾਲਾਂ ਤੋਂ ਬਾਅਦ ਜਨਤਕ ਕਰਨ ਦੇ ਕਾਨੂੰਨ ਵੀ ਪ੍ਰਚੱਲਿਤ ਹਨ। ਅੱਜ ਅਸੀਂ ਜਿਹੜੀ ਗੱਲ ਦੱਸਣ ਜਾ ਰਹੇ ਹਾਂ ਇਹ ਵੀ ਇਕ ਖੁਫ਼ੀਆ ਯਾਤਰਾ ਦੇ ਸੰਦਰਭ ਵਿਚ ਹੈ। ਭਾਰਤ ਦੇ ਰਿਜ਼ਰਵ ਬੈਂਕ ਦੇ ਸਾਬਕ ਗਵਰਨਰ ਡਾ: ਮਨਮੋਹਨ ਸਿੰਘ, ਜੋ ਬਾਅਦ ਵਿਚ ਪ੍ਰਧਾਨ ਮੰਤਰੀ ਵੀ ਬਣੇ, ਵਲੋਂ ਆਪਣੇ ਪਾਕਿਸਤਾਨ ਦੌਰੇ ਦੌਰਾਨ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਸ੍ਰੀ ਨਨਕਾਣਾ ਸਾਹਿਬ ਦੀ ਗੁਪਤ ਯਾਤਰਾ ਕੀਤੀ ਗਈ ਸੀ। ਬੇਸ਼ਕ ਡਾ: ਮਨਮੋਹਨ ਸਿੰਘ ਦੇ ਇਸ ਦੌਰੇ ਨੂੰ ਖੁਫ਼ੀਆ ਰੱਖਣ ਦਾ ਬਹੁਤ ਯਤਨ ਕੀਤਾ ਗਿਆ ਪਰ ਕਈਂ ਦਹਾਕਿਆਂ ਬਾਅਦ ਅੱਜ ਅਸੀਂ ਡਾ: ਮਨਮੋਹਨ ਸਿੰਘ ਦੇ ਇਸ ਦੌਰੇ ਬਾਰੇ ਆਪ ਨੂੰ ਦੱਸਣ ਜਾ ਰਹੇ ਹਾਂ।

ਡਾ: ਮਨਮੋਹਨ ਸਿੰਘ ਸਤੰਬਰ 1982 ਤੋਂ ਲੈ ਕਿ ਜਨਵਰੀ 1985 ਤੱਕ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਵੀ ਰਹਿ ਚੁੱਕੇ ਹਨ।ਇਸੇ ਸਮੇਂ ਦੌਰਾਨ ਪਾਕਿਸਤਾਨ ਦੇ ਕਰਾਚੀ ਸ਼ਹਿਰ ਵਿਚ ਬੈਂਕ ਅਧਿਕਾਰੀਆਂ ਦੀ ਇਕ ਬਹੁਤ ਵੱਡੀ ਮੀਟਿੰਗ ਹੋਈ ਸੀ, ਜਿਸ ਵਿਚ ਦੱਖਣ ਅਤੇ ਪੂਰਬੀ ਏਸ਼ੀਆ ਦੇ ਬੈਂਕਾਂ ਦੇ ਸਰਬਰਾਹ (ਮੁਖੀ) ਸ਼ਾਮਿਲ ਹੋਏ ਸਨ। ਇਸ ਮੀਟਿੰਗ ਵਿਚ ਹਿੰਦੋਸਤਾਨ ਦੀ ਨੁਮਾਇੰਦਗੀ ਉਸ ਸਮੇਂ ਦੇ ਰਿਜ਼ਰਵ ਬੈਂਕ ਆਫ਼ ਇੰਡੀਆ ਦੇ ਗਵਰਨਰ ਡਾ: ਮਨਮੋਹਨ ਸਿੰਘ ਕਰਨ ਆਏ ਸਨ। ਕਾਨਫ਼ਰੰਸ ਖ਼ਤਮ ਹੋ ਗਈ ਅਤੇ ਸਾਰੇ ਦੇਸ਼ਾਂ ਦੇ ਨੁਮਾਇੰਦੇ ਆਪਣੇ-ਆਪਣੇ ਦੇਸ਼ਾਂ ਨੂੰ ਤੁਰ ਗਏ ਪਰ ਡਾ: ਮਨਮੋਹਨ ਸਿੰਘ ਨੇ ਹਬੀਬ ਬੈਂਕ ਜਿਨ੍ਹਾਂ ਵਲੋਂ ਇਹ ਸਾਰਾ ਇੰਤਜ਼ਾਮ ਕੀਤਾ ਹੋਇਆ ਸੀ, ਉਨ੍ਹਾਂ ਨੂੰ ਆਪਣੇ ਦਿਲ ਦੀ ਇੱਛਾ ਪ੍ਰਗਟਾਈ ਕਿ ਉਹ ਲਾਹੌਰ ਘੁੰਮਣਾ ਚਾਹੁੰਦੇ ਹਨ। ਹਬੀਬ ਬੈਂਕ ਵਾਲਿਆਂ ਨੇ ਵੀ ਇਸ ਗੱਲ ‘ਤੇ ਸਹਿਮਤੀ ਪ੍ਰਗਟ ਕੀਤੀ ਅਤੇ ਮਨਮੋਹਨ ਸਿੰਘ ਨੂੰ ਲਾਹੌਰ ਦੇ ਹੋਟਲ ‘ਚ ਠਹਿਰਾਇਆ ਗਿਆ, ਉਸ ਸਮੇਂ ਇਸਲਾਮਾਬਾਦ ਵਿਚ ਭਾਰਤੀ ਸਫ਼ਾਰਤਖਾਨੇ ਵਿਚ ਤਾਇਨਾਤ ਜੁਆਇੰਟ ਸਕੱਤਰ ਲਾਲਾ ਜੀ ਵੀ ਉਨ੍ਹਾਂ ਦੇ ਨਾਲ ਆਏ ਸਨ ਅਤੇ ਉਹ ਹਰ ਪੱਖ ਤੋਂ ਡਾ: ਮਨਮੋਹਨ ਸਿੰਘ ਦੇ ਦੌਰੇ ‘ਤੇ ਨਜ਼ਰ ਰੱਖ ਰਹੇ ਸਨ। ਜੇ ਗੱਲ ਕੀਤੀ ਜਾਵੇ ਡਾ: ਮਨਮੋਹਨ ਸਿੰਘ ਦੇ ਪਿਛੋਕੜ ਦੀ ਤਾਂ ਉਹ ਖੱਤਰੀ ਭਾਈਚਾਰੇ ਨਾਲ ਸਬੰਧ ਰੱਖਦੇ ਹਨ। ਇਨ੍ਹਾਂ ਦਾ ਗੋਤਰ ਕੋਹਲੀ ਹੈ ਤੇ ਪਾਕਿਸਤਾਨ ਦੇ ਚੱਕਵਾਲ ‘ਚ ਇਨ੍ਹਾਂ ਦੇ ਪਿੰਡ ਦਾ ਨਾਮ ਗਾਹ ਸੀ। ਮੌਜੂਦਾ ਸਮੇਂ ਵਿਚ ਵੀ ਚੱਕਵਾਲ ਇਲਾਕੇ ਵਿਚ ਕੋਹਲੀ ਮੁਸਲਮਾਨ ਕਾਫ਼ੀ ਵੱਡੀ ਗਿਣਤੀ ‘ਚ ਰਹਿੰਦੇ ਹਨ। ਤਕਰੀਬਨ ਪੋਠੋਹਾਰ ਤੋਂ ਲੈ ਕੇ ਪਾਕਿਸਤਾਨੀ ਕਸ਼ਮੀਰ ਦੇ ਇਲਾਕੇ ਤੱਕ ਕੋਹਲੀ ਮੁਸਲਮਾਨਾਂ ਦੀ ਕਾਫ਼ੀ ਆਬਾਦੀ ਹੈ ਅਤੇ ਮੌਜੂਦਾ ਸਮੇਂ ਵਿਚ ਦੋਵਾਂ ਦੇਸ਼ਾਂ ਦਰਮਿਆਨ ਚੱਲ ਰਹੇ ਵਿਵਾਦ ਕਾਰਨ ਗੋਲੀਆਂ ਦਾ ਸ਼ਿਕਾਰ ਹੋਣ ਵਾਲੇ ਲੋਕਾਂ ‘ਚ ਕੋਹਲੀ ਭਾਈਚਾਰਾ ਵੀ ਸ਼ਾਮਿਲ ਹੈ।ਭਾਰਤ ਸਰਕਾਰ ਦੀ ਮਨਸ਼ਾ ਸੀ ਕਿ ਲਾਲਾ ਜੀ ਪਰਛਾਵੇਂ ਵਾਂਗੂ ਉਨ੍ਹਾਂ ਦੇ ਨਾਲ ਰਹਿਣ ਅਤੇ ਕਿਸੇ ਵੀ ਹਾਲਤ ‘ਚ ਡਾ: ਮਨਮੋਹਨ ਸਿੰਘ ਨੂੰ ਪਾਸੇ ਨਾ ਛੱਡਿਆ ਜਾਵੇ। ਲਾਹੌਰ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵੀ ਡਾ: ਮਨਮੋਹਨ ਸਿੰਘ ਨੇ ਖੁੱਲ੍ਹ ਕੇ ਕਿਸੇ ਨਾਲ ਆਪਣੇ ਦਿਲ ਦੀ ਗੱਲ ਨਹੀਂ ਕੀਤੀ। ਉਸ ਸਮੇਂ ਪੱਤਰਕਾਰਾਂ ਵਿੱਚ ਮੁਹੰਮਦ ਰਫ਼ੀਕ ਡੋਗਰ ਨਾਮ ਦਾ ਕਾਫ਼ੀ ਸੀਨੀਅਰ ਪੱਤਰਕਾਰ ਵੀ ਸ਼ਾਮਿਲ ਸੀ।

ਉਹ ਵੀ ਚੜ੍ਹਦੇ ਪੰਜਾਬ ‘ਚ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੀ ਸਰਹੱਦ ਕੋਲ ਪੈਂਦੇ ਪਿੰਡ ਪੱਬਾਰਾਲੀ ਦਾ ਜੰਮਪਲ ਸੀ, ਜੋ ਕਿ ਬਟਵਾਰੇ ਸਮੇਂ ਮਹਿਜ਼ 7-8 ਸਾਲ ਦੀ ਉਮਰ ਦਾ ਹੋਵੇਗਾ। ਫਿਰਕੂ ਹਿੰਸਾ ਫੈਲਣ ਕਰਕੇ 1947 ਵਿਚ ਉਨ੍ਹਾਂ ਦੇ ਪਰਿਵਾਰ ਨੂੰ ਉਥੋਂ ਉਜੜਨਾ ਪਿਆ ਸੀ।ਸ਼ਾਇਦ ਭਾਰਤੀ ਸਫ਼ਾਰਤਖਾਨੇ ਦੇ ਜੁਆਇੰਟ ਸਕੱਤਰ ਦੀ ਹਾਜ਼ਰੀ ਕਾਰਨ ਡਾ: ਮਨਮੋਹਨ ਸਿੰਘ ਬਹੁਤੀ ਗੱਲ ਨਹੀਂ ਕਰਨਾ ਚਾਹੁੰਦੇ ਸਨ। ਪਰ ਆਪਣੀ ਜਨਮਭੂਮੀ ਦਾ ਵਿਛੋੜਾ ਡਾ: ਮਨਮੋਹਨ ਸਿੰਘ ਦੀਆਂ ਅੱਖਾਂ ਵਿਚੋਂ ਸਾਫ਼ ਵੇਖਿਆ ਜਾ ਸਕਦਾ ਸੀ। ਹਬੀਬ ਬੈਂਕ ਵਾਲਿਆਂ ਨੇ ਇਸੇ ਦੌਰਾਨ ਮਨਮੋਹਨ ਸਿੰਘ ਨੂੰ ਜਹਾਂਗੀਰ ਅਤੇ ਨੂਰਜਹਾਂ ਦੇ ਮਕਬਰੇ, ਜੋ ਕਿ ਰਾਵੀ ਦਾ ਦਰਿਆ ਪਾਰ ਕਰ ਕੇ ਸ਼ਾਹਦਰੇ ‘ਚ ਮੌਜੂਦ ਹੈ, ਉਸ ਥਾਂ ਘੁੰਮਾਉਣ ਦੀ ਪੇਸ਼ਕਸ਼ ਕੀਤੀ। ਪੱਤਰਕਾਰਾਂ ਸਮੇਤ ਜਹਾਂਗੀਰ ਦਾ ਮਕਬਰਾ ਵੇਖਣ ਗਏ ਡਾ: ਮਨਮੋਹਨ ਸਿੰਘ ਦੀ ਮਕਬਰੇ ਦੇ ਨਿਗਰਾਨ ਸ਼ੇਖ਼ ਸਈਅਦ ਨੇ ਕਾਫ਼ੀ ਟਹਿਲ ਸੇਵਾ ਕੀਤੀ। ਇਸ ਤੋਂ ਬਾਅਦ ਹਬੀਬ ਬੈਂਕ ਦੇ ਜ਼ੋਨਲ ਮੈਨੇਜਰ ਸ਼ਫ਼ੀ ਅਰਸ਼ਦ ਨੇ ਪੱਤਰਕਾਰ ਰਫ਼ੀਕ ਡੋਗਰ ਨੂੰ ਬੇਨਤੀ ਕੀਤੀ ਕਿ ਜੇਕਰ ਤੁਸੀਂ ਇਜਾਜ਼ਤ ਲੈ ਦੇਵੋ ਤਾਂ ਅਸੀਂ ਡਾ: ਮਨਮੋਹਨ ਸਿੰਘ ਨੂੰ ਕੱਲ ਸ਼ਾਲਾਮਾਰ ਬਾਗ਼ ਲਾਹੌਰ ਵਿੱਚ ਸੱਦ ਕੇ ਉਨ੍ਹਾਂ ਨੂੰ ਰਾਤ ਦਾ ਭੋਜਨ ਕਰਵਾਉਣਾ ਚਾਹੁੰਦੇ ਹਾਂ। ਕਿਉਕਿ ਪੱਤਰਕਾਰਾਂ ਦਾ ਸਰਕਾਰਾਂ ਸਾਹਮਣੇ ਇਕ ਚੰਗਾ ਰੁਤਬਾ ਹੁੰਦਾ ਹੈ ਇਸ ਲਈ ਰਫ਼ੀਕ ਡੋਗਰ ਨੇ ਪੁਰਾਤਤੱਵ ਵਿਭਾਗ ਦੇ ਮੈਂਬਰ ਨਬੀ ਖ਼ਾਨ, ਜੋ ਕਿ ਉਸ ਕਾਫ਼ਲੇ ‘ਚ ਸ਼ਾਮਿਲ ਸਨ, ਨਾਲ ਗੱਲ-ਬਾਤ ਕੀਤੀ।

ਪਹਿਲਾਂ ਤਾਂ ਉਨ੍ਹਾਂ ਨੇ ਇਸ ਗੱਲ ਤੋਂ ਕੁੱਝ ਨਾਂਹ-ਨੁਕਰ ਕੀਤੀ ਪਰ ਫ਼ਿਰ ਬਾਅਦ ਵਿੱਚ ਉਹ ਡਾ: ਮਨਮੋਹਨ ਸਿੰਘ ਨੂੰ ਇਹ ਭੋਜਨ ਦੇਣ ਲਈ ਮੰਨ ਗਏ। ਹਬੀਬ ਬੈਂਕ ਦੇ ਸ਼ਫੀ ਅਰਸ਼ਦ ਅਤੇ ਲਾਹੌਰ ਜ਼ੋਨ ਦੇ ਆਗੂ ਸਰਫ਼ਰਾਜ਼ ਮੁਹੰਮਦ ਭੱਟੀ ਵੀ ਇਹ ਭੋਜਨ ਦੇਣ ਲਈ ਕਾਫ਼ੀ ਖੁਸ਼ ਸਨ। ਅਗਲੇ ਦਿਨ ਡਾ: ਮਨਮੋਹਨ ਸਿੰਘ ਸ਼ਾਲਾਮਾਰ ਬਾਗ਼ ਪਹੁੰਚੇ ਅਤੇ ਭੋਜਨ ਮੌਕੇ ਮਨਮੋਹਨ ਸਿੰਘ ਦੀ ਸੇਵਾ ਵੀ ਬਹੁਤ ਕੀਤੀ ਗਈ। ਇਕ ਦਫ਼ਾ ਮਨਮੋਹਨ ਸਿੰਘ ਨੇ ਸਰਫ਼ਰਾਜ ਭੱਟੀ ਨੂੰ ਕਿਹਾ ਕਿ ਭੱਟੀ ਸਾਹਿਬ ਲਗਦਾ ਹੈ ਕਿ ਅੱਜ ਤੁਸੀਂ ਵੀ ਸਾਨੂੰ ਕੋਕਾ ਕੋਲਾ ਹੀ ਡਾਹੋਗੇ, ਤਾਂ ਭੱਟੀ ਸਾਹਿਬ ਨੇ ਵੀ ਜੁਆਬ ਦਿੰਦੇ ਹੋਇਆਂ ਕਿਹਾ ਕਿ ਸਰਦਾਰ ਸਾਹਿਬ ਦਾਰੂ ਤਾਂ ਨਹੀਂ ਦੇ ਸਕਦੇ ਪਰ ਹਾਂ ਲੱਸੀ ਜ਼ਰੂਰ ਦੇ ਸਕਦੇ ਹਾਂ। ਇਹ ਸੁਣ ਕੇ ਮੁਸਕਰਾਉਂਦਿਆਂ ਹੋਇਆਂ ਡਾ: ਮਨਮੋਹਨ ਸਿੰਘ ਨੇ ਕਿਹਾ ਕਿ ਚਲੋ ਉਹੀ ਡਾਹ ਦਿਓ। ਵੇਖਦਿਆਂ ਹੀ ਵੇਖਦਿਆਂ ਲੱਸੀ ਵੀ ਹਾਜ਼ਰ ਹੋ ਗਈ। ਮਨਮੋਹਨ ਸਿੰਘ ਨੇ ਮਿੰਟਾਂ ‘ਚ ਹੀ ਲੱਸੀ ਦਾ ਜੱਗ ਖਾਲੀ ਕਰ ਦਿੱਤਾ ਤੇ ਆਖ਼ਿਆ ਸੁਆਦ ਆ ਗਿਆ। ਲਾਹੌਰ ‘ਚ ਪੁਰਾਣੀਆਂ ਇਮਾਰਤਾਂ ਵੇਖਦਿਆਂ ਹੋਇਆਂ ਮਨਮੋਹਨ ਸਿੰਘ ਕਾਫ਼ੀ ਦਿਲਚਸਪੀ ਲੈ ਰਹੇ ਸਨ।ਪਾਕਿਸਤਾਨ ‘ਚ ਸਿੱਖਾਂ ਦੇ ਅਨੇਕਾਂ ਇਤਿਹਾਸਕ ਧਾਰਮਿਕ ਸਥਾਨ ਹਨ ਪਰ ਮਨਮੋਹਨ ਸਿੰਘ ਨੇ ਉਨ੍ਹਾਂ ਸਥਾਨਾਂ ਨੂੰ ਵੇਖਣ ਲਈ ਮੂੰਹ ਤੋਂ ਇਕ ਲਫ਼ਜ਼ ਤੱਕ ਨਾ ਕੱਢਿਆ। ਇਸ ਤੋਂ ਬਾਅਦ ਮੌਕਾ ਵੇਖਦਿਆਂ ਹੋਇਆਂ ਮਨਮੋਹਨ ਸਿੰਘ ਨੇ ਸ਼ਰਫ਼ਾਜ਼ ਭੱਟੀ ਦੇ ਕੰਨ ‘ਚ ਆਖ਼ਿਆ ਕਿ ਭੱਟੀ ਸਾਹਿਬ ਤੁਸੀਂ ਮੈਨੂੰ ਮੱਕੇ ਦਾ ਹੱਜ ਨਹੀਂ ਕਰਵਾਉਣਾ? ਥੋੜਾ ਹੈਰਾਨ ਹੁੰਦਿਆਂ ਹੋਇਆਂ ਭੱਟੀ ਸਾਹਿਬ ਨੇ ਪੁੱਛਿਆ ਕਿ ਸਰਦਾਰ ਜੀ ਕਿਹੜਾ ਹੱਜ? ਤਾਂ ਡਾ: ਮਨਮੋਹਨ ਸਿੰਘ ਹੁਰਾਂ ਨੇ ਜੁਆਬ ਦਿੰਦਿਆਂ ਕਿਹਾ ਕਿ ਜਨਾਬ ਸਾਡਾ ਮੱਕਾ। ਫ਼ਿਰ ਭੱਟੀ ਸਾਹਿਬ ਨੇ ਸਾਊਦੀ ਅਰਬ ਵਾਲੇ ਮੱਕੇ ਦਾ ਹਵਾਲਾ ਦਿੰਦਿਆਂ ਪੁੱਛਿਆ ਤਾਂ ਡਾ: ਮਨਮੋਹਨ ਸਿੰਘ ਨੇ ਉਤਰ ਦਿੱਤਾ ਕਿ ਭੱਟੀ ਸਾਹਿਬ ਸਾਡਾ ਮੱਕਾ ਤਾਂ ਪਾਕਿਸਤਾਨ ‘ਚ ਹੈ ਭਾਵ ਬਾਬੇ ਨਾਨਕ ਦਾ ਜਨਮ ਅਸਥਾਨ। ਭੱਟੀ ਸਾਹਿਬ ਨੇ ਡਾ: ਮਨਮੋਹਨ ਸਿੰਘ ਦੇ ਮਨੋਭਾਵਾਂ ਨੂੰ ਸਮਝਦਿਆਂ ਹੋਇਆ ਹਾਂ ਆਖ਼ ਦਿੱਤੀ ਸੀ। ઠઠਇਸ ਤੋਂ ਬਾਅਦ ਸਰਫ਼ਰਾਜ਼ ਭੱਟੀ ਸਾਹਿਬ ਨੇ ਪਾਕਿਸਤਾਨ ਦੀ ਹਕੂਮਤ ਨਾਲ ਇਸ ਮਾਮਲੇ ਸਬੰਧੀ ਗੱਲਬਾਤ ਕੀਤੀ ਤਾਂ ਹਕੂਮਤ ਨੇ ਵੀ ਇਸ ਬਾਰੇ ਵਿਚਾਰ ਕਰਦਿਆਂ ਹੋਇਆਂ ਸਹਿਯੋਗ ਦੇਣ ਦੀ ਗੱਲ ਆਖੀ। ਇਸ ਸਬੰਧੀ ਇਕ ਗੁਪਤ ਯੋਜਨਾ ਤਿਆਰ ਕੀਤੀ ਗਈ। ਡਾ: ਮਨਮੋਹਨ ਸਿੰਘ ਨੇ ਸ਼ਾਮ ਦੇ 7 ਵਜੇ ਹੀ ਰਾਤ ਦਾ ਭੋਜਨ ਕਰ ਲਿਆ ਅਤੇ ਕਿਹਾ ਕਿ ਉਨ੍ਹਾਂ ਦੀ ਸਿਹਤ ਠੀਕ ਨਹੀਂ ਹੈ ਅਤੇ ਉਹ ਆਰਾਮ ਕਰਨਾ ਚਾਹੁੰਦੇ ਹਨ ਅਤੇ ਕੋਈ ਵੀ ਮੈਨੂੰ ਤੰਗ ਨਾ ਕਰੇ। ਆਰਾਮ ਕਰਨ ਲਈ ਕਮਰੇ ਵਿਚ ਜਿਵੇਂ ਹੀ ਦਾਖ਼ਲ ਹੋਏ ਤਾਂ ਉਨ੍ਹਾਂ ਦੇ ਕਮਰੇ ਦੇ ਬਾਹਰ ‘ਡੂ ਨਾਟ ਡਿਸਟਰਬ’ ਦੀ ਤਖ਼ਤੀ ਜੜ ਦਿੱਤੀ ਗਈ। ਹੋਟਲ ਦੇ ਟੈਲੀਫ਼ੋਨ ਆਪ੍ਰੇਟਰ ਨੂੰ ਵੀ ਹਦਾਇਤ ਕੀਤੀ ਗਈ ਕਿ ਉਹ ਮਨਮੋਹਨ ਸਿੰਘ ਨੂੰ ਕੋਈ ਵੀ ਕਾਲ ਨਹੀਂ ਦੇਵੇਗਾ।

ਰਾਤ ਨੂੰ ਜਿਵੇਂ ਹੀ 8:30 ਦਾ ਸਮਾਂ ਹੋਇਆ ਤਾਂ ਡਾ: ਮਨਮੋਹਨ ਸਿੰਘ ਉੱਪਰ ਚਾਦਰ ਲੈ ਕੇ ਹੋਟਲ ਦੇ ਬਾਹਰ ਖੜ੍ਹੀ ਪਜੈਰੋ ਗੱਡੀ ਵਿੱਚ ਆ ਬੈਠੇ। ਕੇਂਦਰ ਵਲੋਂ ਮੌਕੇ ‘ਤੇ ਭੇਜੇ ਗਏ ਖਾਸ ਸੁਰੱਖਿਆ ਦਸਤਿਆਂ ਦੇ ਕਾਫ਼ਲੇ ਨਾਲ ਡਾ: ਮਨਮੋਹਨ ਸਿੰਘ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਹੋਟਲ ਤੋਂ ਤੁਰ ਪਏ। ਲਾਹੌਰ ਤੋਂ ਘੰਟਾ ਕੁ ਵਿੱਥ ਦਾ ਸਫ਼ਰ ਤੈਅ ਕਰਕੇ ਉਹ ਆਖ਼ਿਰ ਨਨਕਾਣਾ ਸਾਹਿਬ ਪਹੁੰਚੇ। ਦੂਜੇ ਪਾਸੇ ਗੁਰੂ ਘਰ ਦੇ ਸੇਵਾਦਾਰਾਂ ਅਤੇ ਗ੍ਰੰਥੀਆਂ ਤੋਂ ਵੀ ਇਸ ਗੱਲ ਦਾ ਪਰਦਾ ਰੱਖਿਆ ਗਿਆ ਸੀ ਕਿ ਡਾ: ਮਨਮੋਹਨ ਸਿੰਘ ਆ ਰਹੇ ਹਨ। ਉਨ੍ਹਾਂ ਨੂੰ ਦੱਸਿਆ ਗਿਆ ਸੀ ਕਿ ਕੁੱਝ ਸਿੱਖ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਆ ਰਹੇ ਹਨ। ਇਸ ਤੋਂ ਬਾਅਦ ਮਨਮੋਹਨ ਸਿੰਘ ਗੁਰਦੁਆਰਾ ਸਾਹਿਬ ‘ਚ ਦਾਖ਼ਲ ਹੋਏ, ਮੱਥਾ ਟੇਕਿਆ ਅਤੇ ਅਰਦਾਸ ਕੀਤੀ। ਆਪਣੇ ਧਰਮ ਮੁਤਾਬਿਕ ਸਾਰੀਆਂ ਰਸਮਾਂ ਕੀਤੀਆਂ ਅਤੇ ਇਸ ਦੌਰਾਨ ਸਰਦਾਰ ਸਾਹਿਬ ਕਾਫ਼ੀ ਨਿਹਾਲ ਅਤੇ ਸ਼ਾਂਤ ਦਿਖਾਈ ਦੇ ਰਹੇ ਸਨ। ਕੁਝ ਸਮਾਂ ਗੁਜ਼ਾਰਨ ਤੋਂ ਬਾਅਦ ਕਾਫ਼ਲਾ ਫ਼ਿਰ ਤੋਂ ਹੋਟਲ ਵੱਲ ਰਵਾਨਾ ਹੋ ਗਿਆ। ਅੰਮ੍ਰਿਤ ਵੇਲੇ 3 ਕੁ ਵਜੇ ਤੱਕ ਕਾਫ਼ਲਾ ਹੋਟਲ ਪਹੁੰਚ ਗਿਆ। ਦੂਜੇ ਪਾਸੇ ਇਸ ਗੱਲ ਦੀ ਕਿਸੇ ਨੂੰ ਵੀ ਭਿਣਕ ਤੱਕ ਨਾ ਲੱਗੀ।ઠਮਨਮੋਹਨ ਸਿੰਘ ਸਵੇਰੇ ਆਪਣੀ ਨੀਂਦ ਪੂਰੀ ਕਰ ਕੇ ਉੱਠੇ ਅਤੇ ਉਨ੍ਹਾਂ ਦੀ ਸਿਹਤ ਦੀ ਜਾਣਕਾਰੀ ਹਾਸਲ ਕਰਨ ਲਈ ਡਾਕਟਰ ਸਮੇਤ ਹੋਰ ਕਈਂ ਸੱਜਣ ਪਹੁੰਚੇ। ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਹਬੀਬ ਬੈਂਕ ਦੇ ਅਫ਼ਸਰ ਸਰਫ਼ਰਾਜ਼ ਭੱਟੀ ਵੀ ਖੁਸ਼ ਸਨ ਕਿ ਹੁਣ ਡਾ: ਮਨਮੋਹਨ ਸਿੰਘ ਪਾਕਿਸਤਾਨ ਤੋਂ ਖ਼ੁਸ਼ੀ-ਖ਼ੁਸ਼ੀ ਜਾਣਗੇ।ਅਖ਼ੀਰ ਡਾ: ਮਨਮੋਹਨ ਸਿੰਘ ਭਾਰਤ ਵਾਪਸ ਪਰਤੇ। ਪ੍ਰਧਾਨ ਮੰਤਰੀ ਬਣਨ ਤੋਂ ਬਾਅਦ 10 ਸਾਲ ਤੱਕ ਪਾਕਿਸਤਾਨ ਦੇ ਲੋਕਾਂ ਨੂੰ, ਖ਼ਾਸ ਕਰਕੇ ਉਨ੍ਹਾਂ ਦੇ ਪਿੰਡ ਗਾਹ ਦੇ ਲੋਕਾਂ ਨੂੰ ਬਹੁਤ ਉਡੀਕ ਸੀ ਕਿ ਡਾ: ਸਾਹਿਬ ਪਰਿਵਾਰ ਸਮੇਤ ਪਾਕਿਸਤਾਨ ਜ਼ਰੂਰ ਆਉਣਗੇ ਪਰ ਸ਼ਾਇਦ ਦੋਵਾਂ ਦੇਸ਼ਾਂ ਦੇ ਰਿਸ਼ਤੇ ਬਿਹਤਰ ਨਾ ਰਹਿਣ ਕਾਰਨ ਅਜਿਹਾ ਨਹੀਂ ਹੋ ਸਕਿਆ।ਹੁਣ ਪਾਠਕਾਂ ਦੇ ਦਿਲ ‘ਚ ਇਹ ਪ੍ਰਸ਼ਨ ਜ਼ਰੂਰ ਉੱਠਦਾ ਹੋਵੇਗਾ ਕਿ ਮੈਨੂੰ ਇਸ ਮਾਮਲੇ ਬਾਰੇ ਕਿਵੇਂ ਪਤਾ ਲੱਗਾ ਤਾਂ ਮੈਂ ਦੱਸਣਾ ਚਾਹੁੰਦਾ ਹਾਂ ਕਿ ਇਸ ਮਾਮਾਲੇ ਦੇ ਚਸ਼ਮਦੀਦ ਗਵਾਹ ਰਹੇ ਪੱਤਰਕਾਰ ਮੁਹੰਮਦ ਰਫ਼ੀਕ ਡੋਗਰ ਨਾਲ ਵੀ ਮੇਰੀ ਮੁਲਾਕਾਤ ਹੁੰਦੀ ਰਹਿੰਦੀ ਹੈ। ਰਫ਼ੀਕ ਡੋਗਰ ਨੇ ਆਪਣੀ ਕਿਤਾਬ ਡੋਗਰਨਾਮਾ ‘ਚ ਵੀ ਇਹ ਗੱਲ ਬਾਖ਼ੂਬੀ ਬਿਆਨ ਕੀਤੀ ਹੈ। ਸਾਲ 2016 ‘ਚ ਲਾਹੌਰ ‘ਚ ਪ੍ਰਕਾਸ਼ਤ ਹੋਈ ਇਸ ਕਿਤਾਬ ਦੇ ਸਫ਼ਾ ਨੰਬਰ 225 ‘ਤੇ ਸਭ ਕੁਝ ਦਰਜ ਹੈ। ਜਿਵੇਂ ਕਿ ਅਸੀਂ ਪਿੱਛੇ ਵੀ ਇਹ ਬਿਆਨ ਕਰ ਚੁੱਕੇ ਹਾਂ ਕਿ ਰਫ਼ੀਕ ਡੋਗਰ ਭਾਰਤ-ਪਾਕਿਸਤਾਨ ਦੇ ਬਟਵਾਰੇ ਦਾ ਦੁੱਖ ਅੱਜ ਵੀ ਆਪਣੇ ਦਿਲ ‘ਚ ਸਮੋਈ ਬੈਠੇ ਹਨ ਅਤੇ ਜਿਸ ਸਮੇਂ ਉਨ੍ਹਾਂ ਨੇ ਆਪਣਾ ਘਰ ਛੱਡਿਆ ਸੀ ਤਾਂ ਉਦੋਂ ਉਨ੍ਹਾਂ ਦਾ ਦਾਦਾ, ਪਿੰਡ ਦੀ ਮਸਜਿਦ ਦਾ ਮੌਲਵੀ ਅਤੇ ਇਕ ਹੋਰ ਨਜ਼ਦੀਕੀ ਸਾਥੀ ਭਾਰਤ ਹੀ ਰਹਿ ਗਏ ਸਨ ਅਤੇ ਉਨ੍ਹਾਂ ਨੇ ਪਰਿਵਾਰ ਦੇ ਬਾਕੀ ਮੈਂਬਰਾਂ ਨੂੰ ਆਖਿਆ ਸੀ ਕਿ ਤੁਸੀਂ ਚਲੋ ਅਸੀਂ ਜਲਦੀ ਆ ਜਾਵਾਂਗੇ ਪਰ ਉਹ ਅੱਜ ਤੱਕ ਪਾਕਿਸਤਾਨ ਨਹੀ ਪਹੁੰਚੇ।

ਜ਼ਾਹਿਰ ਹੈ ਕਿ ਉਹ ਕਤਲੇਆਮ ਦਾ ਸ਼ਿਕਾਰ ਹੋ ਗਏ ਸਨ। ਬੇਸ਼ਕ ਇਸ ਦੁਖਾਂਤ ਨੂੰ 70 ਸਾਲ ਦਾ ਸਮਾਂ ਹੋ ਚੁੱਕਿਆ ਹੈ ਪਰ ਰਫ਼ੀਕ ਡੋਗਰ ਅੱਜ ਵੀ ਆਪਣੇ ਦਾਦੇ ਦੀ ਉਡੀਕ ਕਰਦੇ ਹਨ ਅਤੇ ਜਦੋਂ ਵੀ ਭਾਰਤ ਤੋਂ ਕੋਈ ਯਾਤਰੀ ਪਾਕਿਸਤਾਨ ਜਾਂਦਾ ਹੈ ਤਾਂ ਰਫ਼ੀਕ ਡੋਗਰ ਦੇ ਦਿਲ ‘ਚ ਉਨ੍ਹਾਂ ਨੂੰ ਮਿਲਣ ਦੀ ਤਾਂਘ ਉੱਠ ਖੜ੍ਹੀ ਹੁੰਦੀ ਹੈ। ਉਨ੍ਹਾਂ ਵਲੋਂ ਡਾ: ਮਨਮੋਹਨ ਸਿੰਘ ਨਾਲ ਉਸ ਸਮੇਂ ਨੇੜਤਾ ਬਣਾਉਣਾ ਜਾਂ ਉਨ੍ਹਾਂ ਨੂੰ ਨਨਕਾਣਾ ਸਾਹਿਬ ਦੇ ਦਰਸ਼ਨਾਂ ਲਈ ਹਰ ਸੰਭਵ ਮਦਦ ਦੇਣ ਦਾ ਵੀ ਸ਼ਾਇਦ ਇਹੀ ਕਾਰਨ ਸੀ। ਇੱਥੇ ਇਹ ਵੀ ਦੱਸਣਯੋਗ ਹੈ ਕਿ ਪੱਤਰਕਾਰ ਰਫ਼ੀਕ ਡੋਗਰ ‘ਨਵਾ-ਏ-ਵਕਤ’ ਅਖ਼ਬਾਰ ‘ਚ ਬਹੁਤ ਲੰਮਾਂ ਸਮਾਂ ਕੰਮ ਕਰਕੇ ਹੁਣ ਸੇਵਾ ਮੁਕਤ ਜ਼ਿੰਦਗੀ ਬਤੀਤ ਕਰ ਰਹੇ ਹਨ ਅਤੇ ਉਹ ਹੁਣ ਤੱਕ 25 ਤੋਂ ਵੱਧ ਕਿਤਾਬਾਂ ਵੀ ਲੋਕ ਅਰਪਣ ਕਰ ਚੁੱਕੇ ਹਨ।-ਲੇਖਕ ਤੇ ਖੋਜਕਾਰ ਦਾ ਸਬੰਧ ਲਹਿੰਦੇ ਪੰਜਾਬ (ਪਾਕਿਸਤਾਨ) ਨਾਲ ਹੈ ਅਤੇ ਉਹ ਬਰਤਾਨੀਆ ਵਿਚ ਰਹਿੰਦੇ ਹਨ।
ਮੋਬਾ: +447878132209 email : kotroy@hotmail.co.uk ਅਨੁਵਾਦਕ : ਗੁਰਿੰਦਰ ਸਿੰਘ ਬੈਦਵਾਣ ਮੋਬਾ: 8872221333 gurinder25.gs@gmail.com

Check Also

ਜੂਨ 1984- ਜਦੋਂ ਅਧਿਆਪਕਾ ਨਾਲ ਭਾਰਤੀ ਫੋਜੀਆ ਨੇ ਬਲਾਤਕਾਰ ਕੀਤਾ

“ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ …

%d bloggers like this: