Breaking News
Home / ਅੰਤਰ ਰਾਸ਼ਟਰੀ / ਹਾਂਗ ਕਾਂਗ ਅਦਾਲਤ ਵੱਲੋਂ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਦੇ ਹੁਕਮ

ਹਾਂਗ ਕਾਂਗ ਅਦਾਲਤ ਵੱਲੋਂ ਰਮਨਜੀਤ ਸਿੰਘ ਰੋਮੀ ਦੀ ਹਵਾਲਗੀ ਦੇ ਹੁਕਮ

ਕੇਂਦਰ ਸਰਕਾਰ ਵੱਲੋਂ ਪੰਜਾਬ ਪੁਲੀਸ ਦੀ ਮਦਦ ਨਾਲ ਪੱਕੇ ਪੈਰੀਂ ਕੀਤੀ ਪੈਰਵੀ ਮਗਰੋਂ ਹਾਂਗ ਕਾਂਗ ਅਦਾਲਤ ਨੇ ਰਮਨਜੀਤ ਸਿੰਘ ਰੋਮੀ ਨੂੰ ਭਾਰਤ ਹਵਾਲੇ ਕਰਨ ਦੇ ਹੁਕਮ ਕੀਤੇ ਹਨ। ਰੋਮੀ ਤਿੰਨ ਸਾਲ ਪਹਿਲਾਂ ਵਾਪਰੇ ਨਾਭਾ ਜੇਲ੍ਹ ਬ੍ਰੇਕ ਕੇਸ ਦਾ ਮੁੱਖ ਸਾਜ਼ਿਸ਼ਘਾੜਾ ਹੈ ਤੇ ਕਾਰ ਚੋਰੀ ਦੇ ਕੇਸ ਵਿੱਚ ਕਥਿਤ ਸ਼ਮੂਲੀਅਤ ਲਈ ਲੋੜੀਂਦਾ ਸੀ। ਕੇਂਦਰ ਸਰਕਾਰ ਹਾਂਗ ਕਾਂਗ ਵਿੱਚ ਰੋਮੀ ਦੀ ‘ਆਰਜ਼ੀ ਗ੍ਰਿਫ਼ਤਾਰੀ’ ਨੂੰ ਯਕੀਨੀ ਬਣਾਉਣ ਵਿੱਚ ਸਫ਼ਲ ਰਹੀ ਹੈ। ਇੰਟਰਪੋਲ ਨੂੰ ਰੋਮੀ ਦੀ ਦਹਿਸ਼ਤੀ ਸਰਗਰਮੀਆਂ ’ਚ ਕਥਿਤ ਭੂਮਿਕਾ ਤੇ ਇਰਾਦਤਨ ਹੱਤਿਆਵਾਂ ਦੇ ਮਾਮਲੇ ਵਿੱਚ ਭਾਲ ਸੀ।

ਪੰਜਾਬ ਪੁਲੀਸ ਦੇ ਇੰਟੈਲੀਜੈਂਸ ਵਿੰਗ ਦੀ ਏਆਈਜੀ ਗੁਰਮੀਤ ਚੌਹਾਨ ਤੇ ਐੱਸਪੀ ਹਰਵਿੰਦਰ ਵਿਰਕ ਦੀ ਅਗਵਾਈ ਵਾਲੀ ਟੀਮ ਪਿਛਲੇ ਤਿੰਨ ਸਾਲ ਤੋਂ ਕੇਂਦਰ ਅਤੇ ਹਾਂਗ ਕਾਂਗ ਅਦਾਲਤ ਵਿੱਚ ਕੇਸ ਦੀ ਪੈਰਵੀ ਕਰ ਰਹੀ ਸੀ। ਪੂਰਬੀ ਅਦਾਲਤ ਦੇ ਜੱਜ ਪੈਂਗ ਲਿਉਂਗ-ਟਿੰਗ ਨੇ ਭਾਰਤ ਸਰਕਾਰ ਦੇ ਹੱਕ ਵਿਚ ਫੈਸਲਾ ਸੁਣਾਉਂਦਿਆਂ ਰੋਮੀ ਨੂੰ ਭਾਰਤ ਸਪੁਰਦ ਕਰਨ ਦੇ ਹੁਕਮ ਕੀਤੇ। ਉਂਜ ਕੇਸ ਦੀ ਸੁਣਵਾਈ ਦੌਰਾਨ ਰੋਮੀ ਨੇ ਉਸ ਖ਼ਿਲਾਫ਼ ਪੇਸ਼ ਸਬੂਤਾਂ ਦਾ ਇਹ ਕਹਿੰਦਿਆਂ ਵਿਰੋਧ ਕੀਤਾ ਸੀ ਕਿ ਇਕ ਨੌਜਵਾਨ ਸਿੱਖ ਵਜੋਂ ਵੱਖਵਾਦੀ ਮੁਹਿੰਮ ਦਾ ਹਮਾਇਤੀ ਹੋਣ ਕਰਕੇ ਮਹਿਜ਼ ਸ਼ੱਕ ਦੇ ਅਧਾਰ ’ਤੇ ਉਸ ਨੂੰ ਤਸੀਹੇ ਦਿੱਤੇ ਜਾ ਰਹੇ ਹਨ। ਤੀਹ ਸਾਲਾ ਰੋਮੀ ਨੇ ਵਕੀਲਾਂ ਦੀ ਆਪਣੀ ਵੱਖਰੀ ਟੀਮ ਰਾਹੀਂ ਹਵਾਲਗੀ ਦੇ ਵਿਰੋਧ ਲਈ ਭਾਰਤ ਵਿੱਚ ਕੀਤੇ ਕਥਿਤ ਤਸ਼ੱਦਦ ਨੂੰ ਆਧਾਰ ਬਣਾਇਆ ਸੀ। ਕੇਂਦਰ ਸਰਕਾਰ ਨੇ ਸਾਲ 2016 ਵਿੱਚ ਦਰਜ ਦੋ ਅਪਰਾਧਿਕ ਕੇਸਾਂ, ਜੋ ਹਾਂਗਕਾਂਗ ਵਿੱਚ 26 ਸੰਗੀਨ ਅਪਰਾਧਾਂ ਦੇ ਬਰਾਬਰ ਹੈ, ਵਿੱਚ ਰੋਮੀ ਦੀ ਹਵਾਲਗੀ ਮੰਗੀ ਸੀ।

Check Also

ਨਿਊਜ਼ੀਲੈਂਡ- ਕੈਬਨਿਟ ਮੰਤਰੀ ਨੇ ਆਪਣੇ ਦੋਸਤ ਦੇ ਇਮੀਗ੍ਰੇਸ਼ਨ ਮਾਮਲੇ ‘ਚ ਦਖਲ ਅੰਦਾਜ਼ੀ ਲਈ ਮੰਗੀ ਮੁਆਫੀ

ਔਕਲੈਂਡ 6 ਦਸੰਬਰ (ਹਰਜਿੰਦਰ ਸਿੰਘ ਬਸਿਆਲਾ)-ਨਿਊਜ਼ੀਲੈਂਡ ਦੇ ਬ੍ਰਾਡਕਾਸਟਿੰਗ, ਕਮਿਉਨੀਕੇਸ਼ਨ ਅਤੇ ਡਿਜ਼ੀਟਲ ਮੀਡੀਆ ਮੰਤਰੀ ਸ੍ਰੀ ਕ੍ਰਿਸ …