ਵਾਸ਼ਿੰਗਟਨ-ਅਮਰੀਕੀ ਸੈਨੇਟ ਨੇ ਸਰਬਸੰਮਤੀ ਨਾਲ ਇਕ ਪ੍ਰਸਤਾਵ ਪਾਸ ਕਰ ਕੇ ਸਿੱਖ ਧਰਮ ਦੇ ਸੰਸਥਾਪਕ ਗੁਰੂ ਨਾਨਕ ਦੇਵ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਇਸ ਦੇ ਇਤਿਹਾਸਕ, ਸਭਿਆਚਾਰਕ ਤੇ ਧਾਰਮਿਕ ਮਹੱਤਵ ਦੇ ਨਾਲ ਹੀ ਅਮਰੀਕਾ ਵਿੱਚ ਸਿੱਖਾਂ ਦੇ ਯੋਗਦਾਨ ਦਾ ਜ਼ਿਕਰ ਕੀਤਾ ਹੈ।
ਇੰਡੀਆਨਾ ਤੋਂ ਰਿਪਬਲੀਕਨ ਸੈਨੇਟਰ ਟੌਡ ਯੰਗ ਅਤੇ ਮੈਰੀਲੈਂਡ ਤੋਂ ਡੈਮੋਕ੍ਰੇਟਿਕ ਸੈਨੇਟਰ ਬੈਨ ਕਾਰਡਿਨ ਵੱਲੋਂ ਪੇਸ਼ ਕੀਤੇ ਗਏ ਸਿੱਖ ਧਰਮ ’ਤੇ ਆਪਣੀ ਤਰ੍ਹਾਂ ਦੇ ਪਹਿਲੇ ਪ੍ਰਸਤਾਵ ਨੂੰ ਸਿੱਖਾਂ ਦੇ ਪਹਿਲੇ ਗੁਰੂ ਦੇ 550ਵੇਂ ਪ੍ਰਕਾਸ਼ ਪੁਰਬ ਮੌਕੇ ਪਾਸ ਕੀਤਾ ਗਿਆ। ਪ੍ਰਸਤਾਵ ’ਚ ਕਿਹਾ ਗਿਆ ਕਿ ਅਮਰੀਕਾ ਤੇ ਦੁਨੀਆਂ ਭਰ ’ਚ ਸਿੱਖ ਬਰਾਬਰੀ, ਸੇਵਾ ਤੇ ਰੱਬ ਪ੍ਰਤੀ ਭਗਤੀ ਦੀਆਂ ਕਦਰਾਂ-ਕੀਮਤਾਂ ਤੇ ਆਦਰਸ਼ਾਂ ਨਾਲ ਰਹਿੰਦੇ ਹਨ, ਜਿਸ ਦੀ ਸਿੱਖਿਆ ਸਭ ਤੋਂ ਪਹਿਲਾਂ ਗੁਰੂ ਨਾਨਕ ਦੇਵ ਨੇ ਦਿੱਤੀ ਸੀ।
ਸੈਨੇਟ ਦੇ ਪ੍ਰਸਤਾਵ ਵਿੱਚ ਚਾਰ ਪ੍ਰਮੁੱਖ ਸਿੱਖਾਂ ਦਾ ਜ਼ਿਕਰ ਵੀ ਸੀ ਜਿਨ੍ਹਾਂ ਨੇ ਅਮਰੀਕਾ ਲਈ ਯੋਗਦਾਨ ਦਿੱਤਾ। ਇਸ ਪ੍ਰਸਤਾਵ ’ਚ ਜਿਨ੍ਹਾਂ ਸਿੱਖਾਂ ਨੂੰ ਸ਼ਾਮਲ ਕੀਤਾ ਗਿਆ ਉਨ੍ਹਾਂ ’ਚ ਦਲੀਪ ਸਿੰਘ ਸੌਂਦ, ਡਾ. ਨਰਿੰਦਰ ਕਪਾਨੀ, ਦਿਨਾਰ ਸਿੰਘ ਬੈਂਸ ਅਤੇ ਗੁਰਿੰਦਰ ਸਿੰਘ ਖਾਲਸਾ ਸ਼ਾਮਲ ਹਨ। ਸ੍ਰੀ ਸੌਂਦ ਪਹਿਲੇ ਏਸ਼ਿਆਈ-ਅਮਰੀਕੀ ਸੰਸਦ ਮੈਂਬਰ ਹਨ ਜੋ 1957 ’ਚ ਇਸ ਅਹੁਦੇ ਲਈ ਚੁਣੇ ਗਏ ਸਨ। ਸ੍ਰੀ ਕਪਾਨੀ ਨੇ ਫਾਈਬਰ ਆਪਟਿਕਸ ਦੀ ਖੋਜ ਕੀਤੀ ਸੀ। ਸ੍ਰੀ ਬੈਂਸ ਆੜੂ ਦੇ ਸਭ ਤੋਂ ਵੱਡੇ ਉਤਪਾਦਕ ਹਨ ਜਦੋਂਕਿ ਗੁਰਿੰਦਰ ਸਿੰਘ ਖਾਲਸਾ ਵੱਕਾਰੀ ਰੋਜ਼ਾ ਪਾਰਕਸ ਟਰੇਲਬਲੇਜ਼ਰ ਐਵਾਰਡ ਨਾਲ ਸਨਮਾਨਿਤ ਹਨ। ਇੰਡੀਆਨਾ ਸਥਿਤ ਸ੍ਰੀ ਖਾਲਸਾ ਨੇ ਇਸ ਪ੍ਰਸਤਾਵ ਦਾ ਸਵਾਗਤ ਕੀਤਾ ਹੈ।
