ਸਿੱਖ ਪੰਥ ਨੂੰ “ਸਿੱਖ ਕਲਟ” ਕਰਕੇ ਲਿਖਿਆ ਹੈ, ਉਹ ਅਢੁੱਕਵਾਂ ਵੀ ਹੈ ਅਤੇ ਪੰਥ ਸ਼ਬਦ ਨੂੰ” ਵੱਡੇ” ਅਤੇ ਧਰਮ ਨਾਲ ਜੁੜੇ ਗੰਭੀਰ ਅਰਥਾਂ ਦੀ ਸ਼ਕਲ ਵਿੱਚ ਨਹੀਂ ਵਰਤਿਆ ਗਿਆ। ਜੱਜ ਸਾਹਿਬ ਨੂੰ ਚਾਹੀਦਾ ਸੀ ਕਿ ਉਹ ਪੰਥ ਸ਼ਬਦ ਦਾ ਤਰਜਮਾ ਕਰਨ ਲਈ ਸਿੱਧਾ ਕਿਸੇ ਡਿਕਸ਼ਨਰੀ ਵੱਲ ਜਾਣ ਦੀ ਥਾਂ ਭਾਸ਼ਾ ਵਿਭਾਗ ਪਟਿਆਲਾ ਦੇ “ਮਹਾਨ ਕੋਸ਼” ਦੀ ਵਰਤੋਂ ਕਰਦੇ ਜੋ ਇੱਕ ਤਰ੍ਹਾਂ ਨਾਲ ਵਿਦਵਾਨਾਂ, ਸਾਹਿਤਕਾਰਾਂ, ਆਲੋਚਕਾਂ ਅਤੇ ਇਤਿਹਾਸਕਾਰਾਂ ਵਿੱਚ ਵੀ ਸਰਵ ਪ੍ਰਵਾਨਿਤ ਹੀ ਨਹੀਂ ਸਗੋਂ ਇਸ ਕੋਸ਼ ਵਿੱਚ ਗੁਰੂ ਗ੍ਰੰਥ ਸਾਹਿਬ ਅਤੇ ਗੁਰਮਤਿ ਸਾਹਿਤ ਦੀਆਂ ਹੋਰ ਸਮੂਹ ਪ੍ਰਤੀਨਿਧ ਰਚਨਾਵਾਂ ਦੀ ਸ਼ਬਦਾਵਲੀ ਨਿਰੁਕਤੀ, ਵਿਆਕਰਣ ਅਤੇ ਪੂਰੇ ਅਰਥ ਭੇਦਾਂ ਸਹਿਤ ਦਰਜ ਕੀਤੀ ਗਈ ਹੈ ।ਇਹ ਕੋਸ਼ ਭਾਸ਼ਾ ਵਿਗਿਆਨ ਦੇ ਪੱਖੋਂ ਵੀ ਅਤਿ ਮਹੱਤਵਪੂਰਨ ਹੈ। ਮਹਾਨ ਕੋਸ਼ ਵਿੱਚ ਪੰਥ ਦੇ ਅਰਥ ਹੋਰਨਾਂ ਅਰਥਾਂ ਤੋਂ ਇਲਾਵਾ “ਧਰਮ ਅਤੇ ਮਜ਼ਹਬ” ਵੀ ਕੀਤੇ ਗਏ ਹਨ ਜਦ ਕਿ ਜਜ ਸਾਹਿਬ ਨੂੰ “ਸਿੱਖ ਧਰਮ” ਸ਼ਬਦ ਵਰਤਣਾ ਚਾਹੀਦਾ ਸੀ।
ਜਦੋਂ ਅਸੀਂ “ਕਲਟ” ਸ਼ਬਦ ਦੀ ਵਰਤੋਂ ਕਰਦੇ ਹਾਂ ਤਾਂ ਸਿੱਖ ਧਰਮ ਦੇ ਸਬੰਧ ਵਿੱਚ ਇਹ ਅਰਥ ਬੜੇ ਸੌੜੇ, ਅਢੁੱਕਵੇਂ ਬਣ ਜਾਂਦੇ ਹਨ ਅਤੇ ਸਿੱਖ ਧਰਮ ਦੀ ਮੁਕੰਮਲ ਅਤੇ ਅੰਤਰੀਵ ਹਸਤੀ ਨਾਲ ਕਿਸੇ ਤਰ੍ਹਾਂ ਵੀ ਮੇਲ ਨਹੀਂ ਖਾਂਦੇ। ਗੁਰੂ ਗ੍ਰੰਥ ਸਾਹਿਬ ਵਿੱਚ ਪੰਥ ਸ਼ਬਦ ਕਈ ਥਾਈਂ ਵਰਤਿਆ ਗਿਆ ਹੈ ਜਦਕਿ ਪ੍ਰੋਫੈਸਰ ਸਾਹਿਬ ਸਿੰਘ ਹੁਰਾਂ ਇਸ ਦੇ ਅਰਥ ਮਾਰਗ ਜਾਂ ਰਸਤਾ ਵੀ ਦੱਸਿਆ ਹੈ।ਵੈਸੇ ” ਇਨਕਾਰਟਾ ਵਰਲਡ ਡਿਕਸ਼ਨਰੀ “ਵਿੱਚ ਕਲਟ ਦਾ ਅਰਥ ਰਿਲੀਜਨ ਦੱਸਿਆ ਗਿਆ ਹੈ ਜਦਕਿ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਅੰਗਰੇਜ਼ੀ ਪੰਜਾਬੀ ਕੋਸ਼ ਵਿੱਚ ਵੀ ਕਲਟ ਦੇ ਅਰਥ ਧਰਮ, ਰੀਤ, ਮਾਰਗ ਕੀਤੇ ਗਏ ਹਨ। ਵੈਸੇ ਅਸੀਂ ਜਦੋਂ ਵੀ “ਸਿੱਖ ਪੰਥ” ਦੀ ਗੱਲ ਕਰਦੇ ਹਾਂ ਤਾਂ ਦੁਨੀਆ ਭਰ ਦੇ ਵਿਦਵਾਨਾਂ ਅਤੇ ਇਤਿਹਾਸਕਾਰਾਂ ਨੇ ਸਰਬ ਸਹਿਮਤੀ ਨਾਲ ਇਸ ਨੂੰ ਸਿੱਖ ਧਰਮ ਜਾਂ ਸਿੱਖਿਜ਼ਮ ਦੇ ਅਰਥਾਂ ਵਿੱਚ ਹੀ ਵਰਤਿਆ ਗਿਆ ਹੈ ਨਾ ਕਿ ਕਲਟ ਦੇ ਅਰਥਾਂ ਵਿੱਚ। ਸਿਰਦਾਰ ਕਪੂਰ ਸਿੰਘ ਨੇ ਆਨੰਦਪੁਰ ਸਾਹਿਬ ਦੇ ਮਤੇ ਵਿੱਚ ਸਿੱਖ ਪੰਥ ਨੂੰ “ਸਿੱਖ ਨੇਸ਼ਨ” ਦੱਸ ਕੇ ਇਸ ਸ਼ਬਦ ਨੂੰ ਅੰਤਰਰਾਸ਼ਟਰੀ ਮੁਹਾਵਰੇ ਵਿੱਚ ਪੇਸ਼ ਕਰਕੇ ਵਿਸ਼ਾਲ ਅਰਥ ਪ੍ਰਦਾਨ ਕੀਤੇ ਹਨ। ਸੁਪਰੀਮ ਕੋਰਟ ਨੂੰ ਆਪਣੇ ਫੈਸਲੇ ਵਿੱਚ ਸੁਧਾਈ ਕਰਕੇ ਪੰਥ ਨੂੰ ਕਲਟ ਕਹਿਣ ਦੀ ਥਾਂ” ਧਰਮ” ਜਾਂ” ਕੌਮ ਦੀ ਵਰਤੋਂ ਕਰਨੀ ਚਾਹੀਦੀ ਹੈ।
ਕਰਮਜੀਤ ਸਿੰਘ ਚੰਡੀਗੜ੍ਹ,99150-91063
