Breaking News
Home / ਰਾਸ਼ਟਰੀ / ਪੰਜਾਬ ਨੂੰ ਸਮਝ ਆ ਗਿਆ ਹੈ ਕਿ ਹਿੰਦੀ ਸੂਬਿਆਂ ਦੀ ਥੋਪੀ ਹੋਈ ਬੇਵਕੂਫੀ ਤੋਂ ਇਕ ਦਿਨ ਪਾਸਾ ਵੱਟਣਾ ਹੀ ਪੈਣਾ – ਰਵੀਸ਼ ਕੁਮਾਰ

ਪੰਜਾਬ ਨੂੰ ਸਮਝ ਆ ਗਿਆ ਹੈ ਕਿ ਹਿੰਦੀ ਸੂਬਿਆਂ ਦੀ ਥੋਪੀ ਹੋਈ ਬੇਵਕੂਫੀ ਤੋਂ ਇਕ ਦਿਨ ਪਾਸਾ ਵੱਟਣਾ ਹੀ ਪੈਣਾ – ਰਵੀਸ਼ ਕੁਮਾਰ

ਸੁੰਦਰ ਸਿੰਘ, ਗੋਰਖਪੁਰ। ਪੋਸਟਕਾਰਡ ‘ਤੇ ਬਸ ਇਹੀ ਲਿਖਿਆ ਸੀ। ਸੁੰਦਰ ਸਿੰਘ ਦੇ ਘਰ ਗਿਆ। 1945 ਵਿਚ ਅੱਜ ਦੇ ਪਾਕਿਸਤਾਨ ‘ਚ ਮੁਜ਼ਫਰਾਬਾਦ ਤੋਂ ਸੁੰਦਰ ਸਿੰਘ ਕੰਮ ਦੀ ਭਾਲ ਵਿਚ ਗੋਰਖਪੁਰ ਆ ਗਿਆ। ਓਦੋ ਹੀ ਭਾਰਤ-ਪਾਕਿਸਤਾਨ ਦੀ ਵੰਡ ਹੋ ਗਈ। ਆਵਦੇ ਘਰ ਕਦੇ ਨਾ ਜਾ ਸਕਿਆ। ਕਸ਼ਮੀਰ ਵਿਚ ਜਦੋਂ ਕਬਾਈਲੀ ਹਮਲਾ ਹੋਇਆ ਤਾਂ ਉਸਨੇ ਆਵਦੇ ਟੱਬਰ ਦੇ ਜੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ। ਫੌਜ ਉਸਦੇ ਟੱਬਰ ਦੇ ਜੀਆਂ ਨੂੰ ਲੈ ਕੇ ਦਿੱਲੀ ਆ ਗਈ ਪਰ ਇਕ ਭੈਣ ਅਤੇ ਦੋ ਪੁੱਤ ਗਵਾਚ ਗਏ।

ਪੋਸਟ ਕਾਰਡ ਵਿਚ ਓਹਨਾਂ ਦੋ ਬੱਚਿਆਂ ਦੇ ਜਿਓਂਦੇ ਹੋਣ ਦੀ ਖਬਰ ਸੀ: ਅਰਜਨ ਸਿੰਘ ਤੇ ਹਰੀ ਸਿੰਘ। ਸੁੰਦਰ ਸਿੰਘ ਫਿਰ ਗੋਰਖਪੁਰ ਤੋਂ ਦਿੱਲੀ ਆਇਆ। ਰੱਖਿਆ ਮੰਤਰੀ ਬਲਦੇਵ ਸਿੰਘ ਨੂੰ ਮਿਲਿਆ। ਫਾਇਲਾਂ ਬਣਾਈਆਂ ਗਈਆਂ ਅਤੇ ਦੋਵੇਂ ਬੱਚੇ ਵਾਪਸ ਆ ਜਾਂਦੇ ਨੇ।

ਇਸ ਸੁੰਦਰ ਸਿੰਘ ਦਾ ਵੱਡਾ ਪੁੱਤਰ ਅਮਰਦੀਪ ਸਿੰਘ ਹੈ। ਅਮਰਦੀਪ ਸਿੰਗਾਪੁਰ ਵਿਚ ਨੌਕਰੀ ਕਰਦਾ ਸੀ। ਨੌਕਰੀ ਛੱਡ ਦਿੱਤੀ। ਆਵਦੀ ਪਛਾਣ ਦੀਆਂ ਜੜ੍ਹਾਂ ਲੱਭਣ ਨਿਕਲ ਪੈਂਦਾ ਹੈ। ਉਹਦੇ ਅੰਦਰ ਦਾ ਜਨੂਨ ਉਹਨੂੰ ਪਾਕਿਸਤਾਨ ਲੈ ਜਾਂਦਾ ਹੈ। ਪਹਿਲਾਂ 30 ਦਿਨ ਅਤੇ ਦੂਜੀ ਵਾਰ 90 ਦਿਨਾਂ ਦਾ ਵੀਜ਼ਾ ਮਿਲਦਾ ਹੈ ਬਗੈਰ ਰੁਕਿਆਂ ਉਹ ਸ਼ਹਿਰ-ਸ਼ਹਿਰ, ਪਿੰਡ-ਪਿੰਡ ਜਾਂਦਾ ਹੈ। ਵੰਡ ਦੇ ਨਾਲ ਸਿਖਾਂ ਦੀ ਵਿਰਾਸਤ ਦਾ 80 ਫੀਸਦੀ ਹਿੱਸਾ ਪਾਕਿਸਤਾਨ ਵਿਚ ਰਹਿ ਗਿਆ। ਉਹ ਹਮੇਸ਼ਾਂ ਲਈ ਵਿੱਛੜ ਗਿਆ। ਯੂਪੀ, ਬਿਹਾਰ ਅਤੇ ਦਿੱਲੀ ਤੋਂ ਪੰਜਾਬ ਬਹੁਤ ਦੂਰ ਹੈ। ਪਰ ਪੰਜਾਬ ਅਤੇ ਪਾਕਿਸਤਾਨ ਵਿਚ ਸਿਰਫ ਇਕ ਲਕੀਰ ਹੈ।

ਸਿਖਾਂ ਦੀ ਨਜ਼ਰ ਵਿਚ ਵੰਡ ਅਤੇ ਭਾਰਤ- ਪਾਕਿਸਤਾਨ ਨੂੰ ਅੱਜਕੱਲ ਹੋ ਰਹੀ ਘਬਰਾਹਟ ਨੂੰ ਵੇਖੀਏ ਤਾਂ ਇਨਸਾਨ ਬਣਨ ਵਿਚ ਮਦਦ ਮਿਲੂਗੀ। ਸਿਰਫ ਜਾਨ ਨਹੀਂ, ਮਜ਼ਹਬ ਨਾਲ ਜੁੜੀਆਂ ਯਾਦਾਂ ਢਹਿ ਗਈਆਂ। ਚੱਪੇ ਚੱਪੇ ਦਾ ਇਤਿਹਾਸ ਸਿਖ ਇਤਿਹਾਸ ਹੈ। ਗੁਰੂ ਅਰਜਨ ਦੇਵ ਜੀ ਨੇ ਜਦੋਂ ਗੁਰੂ ਗਰੰਥ ਸਾਹਿਬ ਜੀ ਦੀ ਬਾਣੀ ਇਕੱਠੀ ਕੀਤੀ ਤਾਂ ਪਵਿੱਤਰ ਗਰੰਥ ਦੀ ਪੋਥੀ ਬੰਨਣ ਲਈ ਲਹੌਰ ਭੇਜਿਆ। ਰਾਹ ਵਿਚ ਭਾਈ ਬੰਨੋ ਨੇ ਬਾਣੀ ਦਾ ਉਤਾਰਾ ਕਰ ਲਿਆ। ਮਹਾਰਾਜਾ ਰਣਜੀਤ ਸਿੰਘ ਦੇ ਕਾਲ ‘ਚ ਮੰਨਤ ਪਿੰਡ ਵਿਚ ਭਾਈ ਬੰਨੋ ਦੀ ਯਾਦ ਵਿਚ ਇਕ ਵੱਡਾ ਗੁਰੂਘਰ ਬਣਾਇਆ ਗਿਆ।

ਅਮਰਦੀਪ ਦੀ ਕਿਤਾਬ ਵਿਚ ਭਾਈ ਬੰਨੋ ਵਾਲੇ ਗੁਰਦੁਆਰੇ ਦੀ ਤਸਵੀਰ ਵੇਖੋ। ਗੁਰਦੁਆਰਾ ਖੰਡਰ ਬਣ ਚੁੱਕਿਆ ਹੈ। ਫਿਰ ਵੀ ਉਸ ਦੀ ਅਲੌਕਿਕਤਾ ਕਿਸੇ ਨਵੀਂ ਇਮਾਰਤ ਤੋਂ ਸ਼ਾਨਦਾਰ ਹੈ। ਸਾਡੀਆਂ ਮੂਰਖਤਾਵਾਂ ਨੇ ਸਾਡਾ ਬਹੁਤ ਨੁਕਸਾਨ ਕੀਤਾ ਹੈ। ਅਸੀਂ ਸ਼ਾਨਦਾਰ ਅਨਮੋਲ ਵਿਰਾਸਤ ਗਵਾ ਲਈ ਹੈ।

ਯੂਪੀ ਬਿਹਾਰ ਦੇ ਲੋਕ ਇਸ ਗੱਲ ਨੂੰ ਸਮਝ ਹੀ ਨਹੀਂ ਸਕਦੇ। ਉਹ ਕਦੇ ਪੰਜਾਬ ਨਹੀਂ ਹੋ ਸਕਦੇ। ਜੋ (ਪੰਜਾਬ ਦੇ ਲੋਕ) ਹਿੰਸਾ ਦੇ ਸਾਰੇ ਦੌਰ ਨੂੰ ਝਲਦੇ ਹੋਏ ਇਕ ਲਾਂਘਾ(ਕਰਤਾਰਪੁਰ ਸਾਹਿਬ ) ਮਿਲ ਜਾਣ ‘ਤੇ ਖੁਸ਼ ਹਨ। ਚਲੋ ਇੱਕ ਰਸਤਾ ਤਾਂ ਖੁੱਲਿਆ। ਜਿਸ ‘ਤੇ ਚੱਲ ਉਹ ਆਪਣੀ ਵਿਰਾਸਤ ਨੂੰ ਦੇਖ ਸਕਦੇ ਹਨ। ਪੰਜਾਬ ਨੂੰ ਸਮਝ ਆ ਗਿਆ ਹੈ ਕਿ ਹਿੰਦੀ ਸੂਬਿਆਂ ਦੀ ਥੋਪੀ ਹੋਈ ਬੇਵਕੂਫੀ ਤੋਂ ਇਕ ਦਿਨ ਪਾਸਾ ਵੱਟਣਾ ਹੀ ਹੋਵੇਗਾ। ਅਸੀਂ ਅਤੇ ਤੁਸੀਂ ਪੰਜਾਬ ਨਹੀਂ ਹਾਂ। ਇਸ ਲਈ ਕਰਤਾਰਪੁਰ ਲਾਂਘੇ ਦਾ ਮਹੱਤਵ ਇਕ ਦਰਸ਼ਨ ਕਰਨ ਤੱਕ ਸੀਮਤ ਨਜ਼ਰ ਆਵੇਗਾ। ਦਿਲਾਂ ਦਾ ਦਰਿਆ ਦਿਲ ਹੋਣਾ ਨਜ਼ਰ ਨਹੀਂ ਆਵੇਗਾ। ਰੱਬ ਭਾਰਤ ਨੂੰ ਹਿੰਦੀ ਪ੍ਰਦੇਸ਼ਾਂ ਦੀ ਤੰਗ ਸੋਚ ਤੋਂ ਮੁਕਤੀ ਦੇਵੇ।
ਅਮਰਦੀਪ ਸਿੰਘ ਵਰਗੇ ਬੰਦੇ ਨਾਲ ਗੱਲ ਕਰਕੇ ਮੇਰਾ ਦਿਨ ਸਫਲਾ ਹੋ ਗਿਆ।ਪੜਦੇ ਸੁਣਦੇ ਰਹੋ, ਜਿਉਂਦੇ ਰਹੋ।ਲਿਖਤਮ: ਬਿਹਾਰੀ ਮੂਲ ਦੇ ਰਵੀਸ਼ ਕੁਮਾਰ (ਦੇ ਫੇਸਬੁੱਕ ਖਾਤੇ ਤੋਂ)

Check Also

ਬਾਂਦਰਾ ਸਟੇਸ਼ਨ ਮਾਮਲਾ: ਮਜ਼ਦੂਰਾਂ ਨੂੰ ਗੁੰਮਰਾਹ ਕਰਨ ਵਾਲਾ ਦੋਸ਼ੀ ਵਿਨੈ ਦੂਬੇ 21 ਅਪ੍ਰੈਲ ਤੱਕ ਪੁਲਸ ਹਿਰਾਸਤ ’ਚ

ਮੁੰਬਈ ਦੇ ਬਾਂਦਰਾ ਰੇਲਵੇ ਸਟੇਸ਼ਨ ’ਤੇ ਭਾਰੀ ਗਿਣਤੀ ’ਚ ਪ੍ਰਵਾਸੀ ਮਜ਼ਦੂਰਾਂ ਦੀ ਭੀੜ ਇਕੱਠੀ ਹੋਣ …

%d bloggers like this: