Breaking News
Home / ਪੰਜਾਬ / ਸ਼੍ਰੋਮਣੀ ਕਮੇਟੀ ਦੇ ਅਧੂਰੇ ਪੰਡਾਲ ਕਾਰਨ ਅਕਾਲੀ ਆਗੂ ਔਖੇ

ਸ਼੍ਰੋਮਣੀ ਕਮੇਟੀ ਦੇ ਅਧੂਰੇ ਪੰਡਾਲ ਕਾਰਨ ਅਕਾਲੀ ਆਗੂ ਔਖੇ

ਜਲੰਧਰ (ਸੁਲਤਾਨਪੁਰ ਲੋਧੀ), (9 ਨਵੰਬਰ,ਪਾਲ ਸਿੰਘ ਨੌਲੀ)-ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਮਾਗਮਾਂ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪੰਡਾਲ ਸਮੇਂ ਸਿਰ ਤਿਆਰ ਨਾ ਹੋਣ ਕਾਰਨ ਅਕਾਲੀ ਆਗੂ ਭਰੇ ਪੀਤੇ ਬੈਠੇ ਹਨ। ਗੁਰੂ ਨਾਨਕ ਸਟੇਡੀਅਮ ’ਚ ਬਣ ਰਿਹਾ ਸ਼੍ਰੋਮਣੀ ਕਮੇਟੀ ਦਾ ਪੰਡਾਲ 7 ਨਵੰਬਰ ਨੂੰ ਤਿਆਰ ਕਰਕੇ ਕਮੇਟੀ ਦੇ ਹਵਾਲੇ ਕਰਨਾ ਸੀ ਪਰ ਇਹ ਸ਼ਨਿਚਰਵਾਰ ਤੱਕ ਵੀ ਮੁਕੰਮਲ ਨਹੀਂ ਹੋ ਸਕਿਆ।

ਦਸ ਕਰੋੜ ਦੀ ਲਾਗਤ ਨਾਲ ਬਣ ਰਹੇ ਇਸ ਪੰਡਾਲ ਵਿੱਚ ਜਿੱਥੇ ਅੱਜ ਤਿਆਰੀਆਂ ਚੱਲ ਰਹੀਆਂ ਸਨ ਉਥੇ ਹੀ ਇਸਤਰੀ ਸੰਮੇਲਨ ਵੀ ਚੱਲ ਰਿਹਾ ਸੀ। ਅਕਾਲੀ ਆਗੂ ਇਸ ਗੱਲੋਂ ਔਖੇ ਸਨ ਕਿ ਇੱਕ ਪਾਸੇ ਤਾਂ ਸਰਕਾਰ ਨਾਲ ਮੁੱਖ ਪੰਡਾਲ ਨੂੰ ਲੈ ਕੇ ਮੁਕਾਬਲੇਬਾਜ਼ੀ ਚੱਲ ਰਹੀ ਹੈ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਦਾ 10 ਕਰੋੜੀ ਪੰਡਾਲ ਅਜੇ ਤਿਆਰ ਵੀ ਨਹੀਂ ਹੋਇਆ। ਗੁਰਦੁਆਰਾ ਬੇਰ ਸਾਹਿਬ ਦੇ ਨਵੇਂ ਬਣੇ ਪ੍ਰਸ਼ਾਸਕੀ ਕੰਪਲੈਕਸ ਵਿੱਚ ਅਕਾਲੀ ਆਗੂਆਂ ਨੇ ਪੰਡਾਲ ਤਿਆਰ ਨਾ ਹੋਣ ਕਾਰਨ ਭੜਾਸ ਕੱਢੀ। ਬਹੁਤੇ ਅਕਾਲੀ ਆਗੂ ਇਸ ਗੱਲੋਂ ਲੋਹੇ ਲਾਖੇ ਹਨ ਕਿ ਸ਼੍ਰੋਮਣੀ ਕਮੇਟੀ ਵੱਲੋਂ ਬਣਾਏ ਸਵਾਗਤੀ ਗੇਟਾਂ ’ਤੇ ਕਾਲਾ ਕੱਪੜਾ ਕਿਉਂ ਲਾਇਆ ਗਿਆ ਹੈ? ਅਕਾਲੀ ਆਗੂਆਂ ਵੱਲੋਂ ਪ੍ਰਗਟਾਏ ਗਏ ਰੋਸ ਮਗਰੋਂ ਗੇਟਾਂ ’ਤੇ ਕਾਲੇ ਦੀ ਥਾਂ ਕੇਸਰੀ ਰੰਗ ਦਾ ਕੱਪੜਾ ਚੜ੍ਹਾਇਆ ਗਿਆ। ਕਈ ਅਕਾਲੀ ਆਗੂਆਂ ਵੱਲੋਂ ਆਪਣੇ ਇਸ ਪੰਡਾਲ ਨੂੰ ਕੋਲਡ ਸਟੋਰ ਕਿਹਾ ਜਾ ਰਿਹਾ ਹੈ ਕਿਉਂਕਿ ਇਸ ਦੀ ਬਾਹਰੋਂ ਦਿੱਖ ਕੋਲਡ ਸਟੋਰ ਵਰਗੀ ਲੱਗਦੀ ਹੈ ਤੇ ਅੰਦਰ ਚੱਲਦੇ ਏਅਰ ਕੰਡੀਸ਼ਨ ਵੀ ਸੰਗਤ ਨੂੰ ਕੰਬਣੀ ਛੇੜ ਰਹੇ ਹਨ। ਇਸ ਦੌਰਾਨ ਮੁਕਤਸਰ ਜ਼ਿਲ੍ਹੇ ਵਿੱਚੋਂ ਆਈਆਂ ਕੁਝ ਬੀਬੀਆਂ ਨੇ ਕਿਹਾ ਅਕਾਲੀਆਂ ਦਾ ਪੰਡਾਲ ਅਜੇ ਤਿਆਰ ਵੀ ਨਹੀਂ ਹੋਇਆ ਜਦਕਿ ਪ੍ਰਕਾਸ਼ ਪੁਰਬ 12 ਨਵੰਬਰ ਨੂੰ ਹੈ। ਚਾਰ ਦਿਨਾਂ ਦੇ ਸਮਾਗਮਾਂ ਲਈ ਸ਼੍ਰੋਮਣੀ ਕਮੇਟੀ ਨੂੰ ਕਰੋੜਾਂ ਰੁਪਏ ਖਰਚਣ ਦੀ ਕੀ ਲੋੜ ਸੀ। ਬਠਿੰਡਾ ਤੋਂ ਆਏ ਸੁਰਜੀਤ ਸਿੰਘ ਤੇ ਬਲਵਿੰਦਰ ਸਿੰਘ ਨੇ ਕਿਹਾ ਕਿ ਪੈਸਾ ਸ਼੍ਰੋਮਣੀ ਕਮੇਟੀ ਲਾ ਰਹੀ ਹੈ ਪਰ ਪ੍ਰਚਾਰ ਅਕਾਲੀਆਂ ਦਾ ਕੀਤਾ ਜਾ ਰਿਹਾ ਹੈ।

Check Also

ਮੋਗਾ ਵਿਚ ਪੈਦਲ ਜਾ ਰਹੇ ਪਿਉ-ਪੁੱਤ ਉਤੇ ਪਲਟਿਆ ਟੈਂਪੂ, ਦੋਵਾਂ ਦੀ ਮੌਤ

ਮੋਗਾ ਦੇ ਬਰਨਾਲਾ ਰੋਡ ‘ਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਨੇ ਪਿਉ-ਪੁੱਤ ਦੀ ਜਾਨ …