Breaking News
Home / ਸਾਹਿਤ / ਇਹ ਹੈ ਸਿੱਖ ਪੰਥ ਲਈ ‘ਮਨਹੂਸ ਦਰਵਾਜਾ’, ਲਾਹੌਰ ਦੇ ਮੁਸਲਮਾਨ ਨੇ ਸਦਾ ਲਈ ਕੀਤਾ ਬੰਦ

ਇਹ ਹੈ ਸਿੱਖ ਪੰਥ ਲਈ ‘ਮਨਹੂਸ ਦਰਵਾਜਾ’, ਲਾਹੌਰ ਦੇ ਮੁਸਲਮਾਨ ਨੇ ਸਦਾ ਲਈ ਕੀਤਾ ਬੰਦ

ਖ਼ਾਲਸਾ ਰਾਜ ਦੀ ਮੁਕੰਮਲ ਤਬਾਹੀ ਵਿਚ ਮੋਹਰੀ ਰੋਲ ਨਿਭਾਉਣ ਵਾਲੇ ਤਿੰਨ ਭਰਾਵਾਂ ਦੇ ਬਾਪ ਦਾ ਨਾਂ ਮੀਆਂ ਕਿਸ਼ੋਰੀ ਸਿੰਘ ਸੀ। ਇਹ ਜੰਮਵਾਲ ਰਾਜਪੂਤ ਖ਼ਾਨਦਾਨ ਨਾਲ ਸਬੰਧ ਰਖਦੇ ਸਨ ਜਿਸ ਦੀ ਨੀਂਹ 1703 ਈ. ਵਿਚ ਰਾਜਾ ਧਰੁਵਦੇਵ ਨੇ ਜੰਮੂ ਤੇ ਕਬਜ਼ਾ ਕਰ ਕੇ ਰੱਖੀ ਸੀ। ਧਰੁਵਦੇਵ ਦੇ ਬੇਟੇ ਰਣਜੀਤ ਦੇਵ ਨੇ 1728 ਤੋਂ 1780 ਤਕ ਰਾਜ ਕੀਤਾ। ਉਸ ਦੀਆਂ ਸਿੱਖ ਮਿਸਲਾਂ ਨਾਲ ਲੜਾਈਆਂ ਲਗਾਤਾਰ ਚਲਦੀਆਂ ਰਹੀਆਂ। ਮਹਾਰਾਜਾ ਰਣਜੀਤ ਸਿੰਘ ਦੇ ਦਾਦੇ ਸ. ਚੜ੍ਹਤ ਸਿੰਘ ਦੀ ਮੌਤ 1774 ਈ. ਵਿਚ ਜੰਮੂ ਹਮਲੇ ਦੌਰਾਨ ਬੰਦੂਕ ਫਟਣ ਨਾਲ ਹੋਈ ਸੀ। ਰਣਜੀਤ ਸਿੰਘ ਦੇ ਪਿਤਾ ਸ. ਮਹਾਂ ਸਿੰਘ ਨੇ ਵੀ ਜੰਮੂ ਤੇ ਕਈ ਹਮਲੇ ਕੀਤੇ ਸਨ। ਰਣਜੀਤ ਦੇਵ ਸੁਧਾਰਵਾਦੀ ਸੀ। ਉਹ ਪਹਿਲਾ ਭਾਰਤੀ ਰਾਜਾ ਸੀ ਜਿਸ ਨੇ ਸਤੀ ਅਤੇ ਕੁੜੀ ਮਾਰਨ ਦੀ ਪ੍ਰਥਾ ਤੇ ਪਾਬੰਦੀ ਲਾਈ। ਰਣਜੀਤ ਦੇਵ ਦਾ ਬੇਟਾ ਬ੍ਰਿਜ ਦੇਵ ਤੇ ਉਸ ਦਾ ਬੇਟਾ ਸੰਪੂਰਨ ਸਿੰਘ ਸੀ। 1808 ਦੌਰਾਨ ਮਹਾਰਾਜਾ ਰਣਜੀਤ ਸਿੰਘ ਨੇ ਰਾਜਾ ਜੀਤ ਸਿੰਘ ਨੂੰ ਹਰਾ ਕੇ ਜੰਮੂ ਤੇ ਕਬਜ਼ਾ ਕਰ ਲਿਆ ਅਤੇ ਅਪਣੇ ਪੁੱਤਰ ਕੁੰਵਰ ਖੜਕ ਸਿੰਘ ਦੇ ਹਵਾਲੇ ਕਰ ਦਿਤਾ।ਪਰ ਪਹਾੜੀਆਂ ਨੇ ਮੀਆਂ ਦਿੱਦੋ ਜੰਮਵਾਲ ਦੀ ਅਗਵਾਈ ਹੇਠ ਬਗ਼ਾਵਤ ਕਰ ਦਿਤੀ। ਜਦੋਂ ਖੜਕ ਸਿੰਘ ਇਸ ਗੜਬੜ ਤੇ ਕੰਟਰੋਲ ਨਾ ਕਰ ਸਕਿਆ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਰਾਜਾ ਜੀਤ ਸਿੰਘ ਦੇ ਦੂਰ ਦੇ ਰਿਸ਼ਤੇਦਾਰ ਅਤੇ ਬਹੁਤ ਹੀ ਕਾਬਲ ਸੈਨਿਕ ਮੀਆਂ ਕਿਸ਼ੋਰ ਸਿੰਘ ਡੋਗਰੇ ਨੂੰ ਜੰੰਮੂ ਦੀ ਜਾਗੀਰ ਸੌਂਪ ਦਿਤੀ। ਇਲਾਕੇ ਦਾ ਭੇਤੀ ਹੋਣ ਕਾਰਨ ਕੁੱਝ ਹੀ ਦਿਨਾਂ ਵਿਚ ਕਿਸ਼ੋਰ ਸਿੰਘ ਨੇ ਮੀਆਂ ਦਿੱਦੋ ਨੂੰ ਕਠੂਏ ਨਜ਼ਦੀਕ ਹਰਾ ਕੇ ਮਾਰ ਦਿਤਾ ਅਤੇ ਜੰਮੂ ਵਿਚ ਸ਼ਾਂਤੀ ਸਥਾਪਤ ਕਰ ਦਿਤੀ। ਉਸ ਦੀ ਇਸ ਸਫ਼ਲਤਾ ਕਾਰਨ ਇਹ ਖ਼ਾਨਦਾਨ ਮਹਾਰਾਜੇ ਦਾ ਕ੍ਰਿਪਾ ਦਾ ਪਾਤਰ ਬਣ ਗਿਆ ਅਤੇ ਦਿਨੋਂ ਦਿਨ ਤਰੱਕੀ ਦੀਆਂ ਪੌੜੀਆਂ ਚੜ੍ਹਦਾ ਗਿਆ। ਹੌਲੀ ਹੌਲੀ ਖ਼ਾਲਸਾ ਦਰਬਾਰ ਇਕ ਤਰ੍ਹਾਂ ਨਾਲ ਡੋਗਰਿਆਂ ਦੇ ਕਬਜ਼ੇ ਵਿਚ ਹੀ ਆ ਗਿਆ। 1822 ਵਿਚ ਕਿਸ਼ੋਰ ਸਿੰਘ ਦੀ ਮੌਤ ਹੋ ਗਈ ਤਾਂ ਮਹਾਰਾਜਾ ਰਣਜੀਤ ਸਿੰਘ ਨੇ ਰਾਜੇ ਦਾ ਖ਼ਿਤਾਬ ਦੇ ਕੇ ਗੁਲਾਬ ਸਿੰਘ ਡੋਗਰੇ ਨੂੰ ਜੰਮੂ ਦਾ ਜਾਗੀਰਦਾਰ ਬਣਾ ਦਿਤਾ। ਮਹਾਰਾਜੇ ਨੇ ਅਪਣੇ ਹੱਥੀਂ ਇਸ ਦਾ ਰਾਜ ਤਿਲਕ ਕੀਤਾ ਸੀ। ਗੁਲਾਬ ਸਿੰਘ ਹੁਰੀਂ ਤਿੰਨੇ ਭਰਾ ਅੱਤ ਦੇ ਤੇਜ਼-ਤਰਾਰ ਅਤੇ ਜ਼ੁਬਾਨ ਦੇ ਸ਼ਹਿਦ ਨਾਲੋਂ ਵੀ ਮਿੱਠੇ ਸਨ।ਗੁਲਾਬ ਸਿੰਘ ਡੋਗਰਾ: ਭਾਵੇਂ ਸਾਰੇ ਡੋਗਰਾ ਭਰਾਵਾਂ ਨਾਲੋਂ ਧਿਆਨ ਸਿੰਘ ਜ਼ਿਆਦਾ ਮਸ਼ਹੂਰ ਹੈ, ਪਰ ਇਸ ਪ੍ਰਵਾਰ ਦੀ ਤਰੱਕੀ ਦਾ ਸੱਭ ਤੋਂ ਵੱਡਾ ਜ਼ਿੰਮੇਵਾਰ ਗੁਲਾਬ ਸਿੰਘ ਡੋਗਰਾ ਹੈ। ਉਸੇ ਦੀ ਸਿਫ਼ਾਰਸ਼ ਕਾਰਨ ਧਿਆਨ ਸਿੰਘ ਅਤੇ ਸੁਚੇਤ ਸਿੰਘ ਨੂੰ ਖ਼ਾਲਸਾ ਦਰਬਾਰ ਵਿਚ ਨੌਕਰੀ ਪ੍ਰਾਪਤ ਹੋਈ। ਇਸ ਦਾ ਜਨਮ 17 ਅਕਤੂਬਰ 1792 ਨੂੰ ਜੰਮੂ ਵਿਚ ਹੋਇਆ ਸੀ। ਇਸ ਦੀ ਪਤਨੀ ਦਾ ਨਾਂ ਨਿਹਾਲ ਕੌਰ ਅਤੇ ਪੁੱਤਰ ਦਾ ਨਾਂ ਰਣਬੀਰ ਸਿੰਘ ਸੀ। ਉਹ 1809 ਨੂੰ ਖ਼ਾਲਸਾ ਫ਼ੌਜ ਵਿਚ ਭਰਤੀ ਹੋਇਆ ਅਤੇ ਅਪਣੀ ਕਾਬਲੀਅਤ ਸਦਕਾ ਜਲਦੀ ਹੀ 12000 ਸਲਾਨਾ ਜਾਗੀਰ ਦਾ ਮਾਲਕ ਅਤੇ 250 ਘੋੜਸਵਾਰਾਂ ਦਾ ਕਮਾਂਡਰ ਬਣਾ ਦਿਤਾ ਗਿਆ।

ਗੁਲਾਬ ਸਿੰਘ ਨੇ ਮਹਾਰਾਜਾ ਰਣਜੀਤ ਸਿੰਘ ਦੀ ਬਹੁਤ ਹੀ ਵਫ਼ਾਦਾਰੀ ਨਾਲ ਸੇਵਾ ਕੀਤੀ ਅਤੇ ਬਦਲੇ ਵਿਚ ਵੱਡੇ ਇਨਾਮ ਪ੍ਰਾਪਤ ਕੀਤੇ। ਉਸ ਨੇ ਖ਼ਾਲਸਾ ਫ਼ੌਜ ਵਲੋਂ ਅਨੇਕਾਂ ਲੜਾਈਆਂ ਵਿਚ ਹਿੱਸਾ ਲਿਆ। 1821 ਵਿਚ ਉਸ ਨੇ ਰਾਜੌਰੀ ਅਤੇ ਕਿਸ਼ਤਵਾੜ ਨੂੰ ਖ਼ਾਲਸਾ ਰਾਜ ਵਿਚ ਮਿਲਾਇਆ ਅਤੇ ਡੇਰਾ ਗਾਜ਼ੀ ਖ਼ਾਨ ਦੀ ਜਿੱਤ ਵਿਚ ਅਹਿਮ ਰੋਲ ਨਿਭਾਇਆ। 1824 ਵਿਚ ਸਮਾਰਥਾ ਦਾ ਕਿਲ੍ਹਾ ਜਿਤਿਆ ਅਤੇ 1827 ਵਿਚ ਹਰੀ ਸਿੰਘ ਨਲਵਾ ਦੀ ਕਮਾਂਡ ਹੇਠ ਸਾਦੂ ਦੀ ਜੰਗ ਵਿਚ ਸੱਯਦ ਅਹਿਮਦ ਸ਼ਾਹ ਬਰੇਲਵੀ ਨੂੰ ਹਰਾਇਆ। ਹੌਲੀ ਹੌਲੀ ਉਹ ਖ਼ਾਲਸਾ ਦਰਬਾਰ ਦਾ ਸੱਭ ਤੋਂ ਤਾਕਤਵਰ ਸਰਦਾਰ ਬਣ ਗਿਆ। ਉਸ ਨੂੰ 3 ਪੈਦਲ ਰੈਜਮੈਂਟਾਂ, 15 ਛੋਟੀਆਂ ਅਤੇ 40 ਵੱਡੀਆਂ ਤੋਪਾਂ ਰੱਖਣ ਦੀ ਆਗਿਆ ਸੀ (ਕਰੀਬ 6000 ਸੈਨਿਕ)। 1831 ਵਿਚ ਮਹਾਰਾਜੇ ਨੇ ਮਿਆਣੀ ਦੀਆਂ ਲੂਣ ਦੀ ਖਾਣਾਂ, ਭੇਰਾ, ਜੇਹਲਮ, ਰੋਹਤਾਸ ਅਤੇ ਗੁਜਰਾਤ ਦੀ ਜਾਗੀਰ ਵੀ ਗੁਲਾਬ ਸਿੰਘ ਡੋਗਰੇ ਨੂੰ ਬਖ਼ਸ਼ ਦਿਤੀ।ਮਹਾਰਾਜਾ ਰਣਜੀਤ ਸਿੰਘ ਦੀ ਮੌਤ (1839) ਤੋਂ ਬਾਅਦ ਲਾਹੌਰ ਦਰਬਾਰ ਸਾਜ਼ਸ਼ਾਂ ਦਾ ਅਖਾੜਾ ਬਣ ਗਿਆ ਅਤੇ ਤਿੰਨੇ ਡੋਗਰਾ ਭਰਾ ਇਸ ਸ਼ਤਰੰਜ ਦੇ ਮੋਹਰੀ ਖਿਡਾਰੀ। ਗੁਲਾਬ ਸਿੰਘ ਜੰਮੂ ਵਿਚ ਅਤੇ ਧਿਆਨ ਸਿੰਘ ਪ੍ਰਧਾਨ ਮੰਤਰੀ ਵਜੋਂ ਆਕੀ ਹੋ ਗਏ। 1840 ਵਿਚ ਮਹਾਰਾਜਾ ਖੜਕ ਸਿੰਘ ਅਤੇ ਕੁੰਵਰ ਨੌਨਿਹਾਲ ਸਿੰਘ ਨੂੰ ਮਹਾਰਾਜੇ ਕੋਲ ਪਹੁੰਚਾ ਦਿਤਾ ਗਿਆ। ਛੱਜਾ ਡਿੱਗਣ ਕਾਰਨ ਕੁੰਵਰ ਨੌਨਿਹਾਲ ਸਿੰਘ ਦੇ ਨਾਲ ਮਰਨ ਵਾਲਾ ਮੀਆਂ ਊਧਮ ਸਿੰਘ, ਗੁਲਾਬ ਸਿੰਘ ਦਾ ਪੁੱਤਰ ਸੀ। ਮਹਾਰਾਜਾ ਸ਼ੇਰ ਸਿੰਘ ਦੇ ਰਾਜ ਪ੍ਰਾਪਤੀ ਵੇਲੇ ਵੀ ਬਹੁਤ ਵੱਡੀ ਖੇਡ ਖੇਡੀ ਗਈ। ਧਿਆਨ ਸਿੰਘ, ਸ਼ੇਰ ਸਿੰਘ ਦੀ ਅਤੇ ਗੁਲਾਬ ਸਿੰਘ ਰਾਣੀ ਚੰਦ ਕੌਰ ਦੀ ਮਦਦ ਕਰ ਰਿਹਾ ਸੀ। ਸ਼ੇਰ ਸਿੰਘ ਦੀ ਜਿੱਤ ਤੋਂ ਬਾਅਦ ਧਿਆਨ ਸਿੰਘ ਦੀ ਦਖ਼ਲਅੰਦਾਜ਼ੀ ਕਾਰਨ ਹੀ ਗੁਲਾਬ ਸਿੰਘ ਘੇਰੇ ਵਿਚੋਂ ਸੁਰੱਖਿਅਤ ਬਚ ਕੇ ਨਿਕਲ ਸਕਿਆ। ਉਹ ਲਾਹੌਰ ਦਾ ਤਕਰੀਬਨ ਸਾਰਾ ਖ਼ਜ਼ਾਨਾ ਅਪਣੇ ਨਾਲ ਜੰਮੂ ਲੈ ਗਿਆ।

ਇਸ ਤੋਂ ਬਾਅਦ ਅਗਲੇ ਕੁੱਝ ਸਾਲਾਂ ਵਿਚ ਉਸ ਨੇ ਮੰਗਲਾ ਕਿਲ੍ਹਾ ਜਿੱਤ ਲਿਆ ਅਤੇ ਹਰੀ ਸਿੰਘ ਨਲਵਾ ਦੀ ਮੌਤ ਤੋਂ ਬਾਅਦ ਬਾਗ਼ੀ ਹੋਏ ਹਜ਼ਾਰੇ ਦੇ ਕਬਾਇਲੀ ਬਾਗ਼ੀਆਂ ਨੂੰ ਸਖ਼ਤੀ ਨਾਲ ਦਬਾਇਆ। ਉਸ ਦੇ ਕਮਾਂਡਰ ਜ਼ੋਰਾਵਰ ਸਿੰਘ ਨੇ ਹਿਮਾਲੀਆ ਟੱਪ ਕੇ ਸੁਰੂ ਘਾਟੀ, ਕਾਰਗਿਲ (1835), ਲੱਦਾਖ਼ (1836-40) ਅਤੇ ਬਾਲਟਿਸਤਾਨ (1840) ਤੇ ਕਬਜ਼ਾ ਜਮਾ ਲਿਆ। ਉਸ ਨੇ 1841 ਵਿਚ ਤਿੱਬਤ ਦੇ ਵੱਡੇ ਹਿੱਸੇ ਤੇ ਵੀ ਕਬਜ਼ਾ ਕਰ ਲਿਆ ਸੀ।ਸ਼ੇਰ ਸਿੰਘ ਦੇ ਮਹਾਰਾਜਾ ਬਣਨ ਤੋਂ ਬਾਅਦ ਉਸ ਨੇ ਲਾਹੌਰ ਦਰਬਾਰ ਦੀਆਂ ਸਾਜ਼ਸ਼ਾਂ ਤੋਂ ਅਪਣੇ ਆਪ ਨੂੰ ਵੱਖ ਰਖਿਆ ਅਤੇ ਅੰਗਰੇਜ਼ਾਂ ਨਾਲ ਗੱਲਬਾਤ ਸ਼ੁਰੂ ਕਰ ਲਈ। ਹੌਲੀ ਹੌਲੀ ਮਹਾਰਾਜਾ ਸ਼ੇਰ ਸਿੰਘ (1842), ਧਿਆਨ ਸਿੰਘ ਡੋਗਰਾ (1842), ਸੁਚੇਤ ਸਿੰਘ ਡੋਗਰਾ (1844) ਅਤੇ ਹੀਰਾ ਸਿੰਘ ਡੋਗਰਾ (1844) ਆਦਿ ਕਤਲ ਕਰ ਦਿਤੇ ਗਏ। 1844 ਵਿਚ ਖ਼ਾਲਸਾ ਫ਼ੌਜ ਨੇ ਜੰਮੂ ਉੱਪਰ ਚੜ੍ਹਾਈ ਕਰ ਦਿਤੀ। ਗੁਲਾਬ ਸਿੰਘ ਨੇ ਸੰਧੀ ਕਰ ਲਈ ਅਤੇ 27 ਲੱਖ ਰੁਪਈਆ ਹਰਜਾਨਾ ਭਰ ਕੇ ਜਾਨ ਛੁਡਾਈ। ਪਹਿਲੀ ਐਂਗਲੋ-ਸਿੱਖ ਜੰਗ (1845-46) ਵਿਚ ਉਸ ਨੇ ਅੰਗਰੇਜ਼ਾਂ ਦੀ ਹਰ ਤਰ੍ਹਾਂ ਨਾਲ ਖੁਲ੍ਹ ਕੇ ਮਦਦ ਕੀਤੀ। ਉਸ ਦੀਆਂ ਇਨ੍ਹਾਂ ਸੇਵਾਵਾਂ ਬਦਲੇ ਲਾਹੌਰ ਸੰਧੀ (1846) ਅਧੀਨ ਅੰਗਰੇਜ਼ਾਂ ਨੇ ਜੰਮੂ ਅਤੇ ਕਸ਼ਮੀਰ 75 ਲੱਖ ਰੁਪਏ ਬਦਲੇ ਗੁਲਾਬ ਸਿੰਘ ਦੇ ਹਵਾਲੇ ਕਰ ਦਿਤਾ।ਆਖ਼ਰਕਾਰ ਉਸ ਦਾ ਮਹਾਰਾਜਾ ਬਣਨ ਦਾ ਚਿਰਾਂ ਦਾ ਸੁਪਨਾ ਪੂਰਾ ਹੋ ਗਿਆ। ਦਸੰਬਰ 1846 ਵਿਚ ਇਕ ਸ਼ਾਨਦਾਰ ਸਮਾਰੋਹ ਵਿਚ ਜੰੰਮੂ ਵਿਖੇ ਉਸ ਨੂੰ ਰਾਜ ਤਿਲਕ ਕੀਤਾ ਗਿਆ। ਜੰਮੂ-ਕਸ਼ਮੀਰ ਭਾਰਤ ਦੀ ਸੱਭ ਤੋਂ ਵੱਡੀ ਸਟੇਟ ਸੀ। ਉਸ ਦੀ 30 ਜੂਨ 1857 ਵਿਚ 65 ਸਾਲ ਦੀ ਉਮਰ ਵਿਚ ਮੌਤ ਹੋ ਗਈ। ਉਸ ਦੇ ਵਾਰਸ 1947 ਤਕ ਕਸ਼ਮੀਰ ਤੇ ਰਾਜ ਕਰਦੇ ਰਹੇ।ਧਿਆਨ ਸਿੰਘ ਡੋਗਰਾ: ਧਿਆਨ ਸਿੰਘ ਚਾਹੇ ਗੁਲਾਬ ਸਿੰਘ ਨਾਲੋਂ ਛੋਟਾ ਸੀ ਪਰ ਉਸ ਨਾਲੋਂ ਕਿਤੇ ਵੱਧ ਚੁਸਤ-ਚਲਾਕ ਅਤੇ ਸਾਜ਼ਸ਼ੀ ਸੀ। ਖ਼ਾਲਸਾ ਰਾਜ ਦੀ ਤਬਾਹੀ ਵਿਚ ਸੱਭ ਤੋਂ ਵੱਡਾ ਹੱਥ ਇਸੇ ਦਾ ਹੈ। ਇਸ ਦਾ ਜਨਮ 22 ਅਗੱਸਤ 1796 ਨੂੰ ਜੰਮੂ ਦੇ ਨਜ਼ਦੀਕ ਇਕ ਪਿੰਡ ਵਿਚ ਹੋਇਆ। ਜਦੋਂ 1812 ਵਿਚ ਇਹ 16 ਸਾਲ ਦਾ ਸੀ ਤਾਂ ਗੁਲਾਬ ਸਿੰਘ ਨੇ ਇਸ ਨੂੰ ਰੋਹਤਾਸਗੜ੍ਹ ਵਿਖੇ ਮਹਾਰਾਜੇ ਸਾਹਮਣੇ ਪੇਸ਼ ਕੀਤਾ। ਇਸ ਨੂੰ 60 ਰੁਪਏ ਮਹੀਨਾ ਤੇ ਮਹਾਰਾਜੇ ਦੇ ਨਿੱਜੀ ਸਟਾਫ਼ ਵਿਚ ਸਿਪਾਹੀ ਭਰਤੀ ਕਰ ਲਿਆ ਗਿਆ। ਪਰ ਧਿਆਨ ਸਿੰਘ ਦੇ ਸ਼ਾਨਦਾਰ ਵਿਅਕਤਿਤਵ, ਚਤੁਰਾਈ, ਗੱਲਬਾਤ ਦੇ ਅੰਦਾਜ਼, ਚਾਲ-ਢਾਲ ਅਤੇ ਕੰਮ ਨਿਪਟਾਉਣ ਦੀ ਨਿਪੁੰਨਤਾ ਕਾਰਨ ਉਹ ਜਲਦੀ ਹੀ ਮਹਾਰਾਜੇ ਦੀ ਨਜ਼ਰੀਂ ਚੜ੍ਹ ਗਿਆ। 1818 ਵਿਚ ਉਸ ਨੂੰ ਜਮਾਂਦਾਰ ਖ਼ੁਸ਼ਹਾਲ ਸਿੰਘ ਦੀ ਜਗ੍ਹਾ ਡਿਉੜੀਦਾਰ ਬਣਾ ਦਿਤਾ ਗਿਆ ਅਤੇ ਉਸ ਦੀ ਮਹਾਰਾਜੇ ਤਕ ਸਿੱਧੀ ਪਹੁੰਚ ਹੋ ਗਈ।
ਸਵੇਰੇ ਦਾਤਣ ਕਰਨ ਤੋਂ ਲੈ ਕੇ ਰਾਤ ਸੌਣ ਤਕ ਉਹ ਮਹਾਰਾਜੇ ਦੇ ਨਾਲ ਨਾਲ ਰਹਿੰਦਾ ਸੀ ਅਤੇ ਕਈ ਵਾਰ ਮਹਾਰਾਜੇ ਦੇ ਤੰਬੂ ਦੇ ਬਾਹਰ ਹੀ ਸੌਂ ਜਾਂਦਾ ਸੀ। ਉਹ ਮਹਾਰਾਜੇ ਤੋਂ ਬਾਅਦ ਖ਼ਾਲਸਾ ਰਾਜ ਦਾ ਸੱਭ ਤੋਂ ਤਾਕਤਵਰ ਵਿਅਕਤੀ ਸੀ। ਕੋਈ ਚਿੱਠੀ ਪੱਤਰ ਜਾਂ ਵਿਅਕਤੀ ਉਸ ਦੀ ਆਗਿਆ ਤੋਂ ਬਿਨਾਂ ਮਹਾਰਾਜੇ ਸਾਹਮਣੇ ਪੇਸ਼ ਨਹੀਂ ਸੀ ਕੀਤਾ ਜਾ ਸਕਦਾ। ਉਹ ਵਾਹਿਦ ਸ਼ਖ਼ਸ ਸੀ ਜੋ ਮਹਾਰਾਜੇ ਦੇ ਜ਼ਨਾਨਖ਼ਾਨੇ ਵਿਚ ਪ੍ਰਵੇਸ਼ ਕਰ ਸਕਦਾ ਸੀ ਅਤੇ ਦਰਬਾਰ ਵਿਚ ਬਿਨਾਂ ਆਗਿਆ ਬੋਲ ਸਕਦਾ ਸੀ। ਖੜਕ ਸਿੰਘ, ਨੌਨਿਹਾਲ ਸਿੰਘ ਅਤੇ ਹੀਰਾ ਸਿੰਘ ਡੋਗਰੇ ਤੋਂ ਬਾਅਦ ਸਿਰਫ਼ ਉਸ ਨੂੰ ਮਹਾਰਾਜੇ ਦੀ ਸੋਨੇ ਦੀ ਕੁਰਸੀ ਤੇ ਬੈਠਣ ਦਾ ਅਧਿਕਾਰ ਸੀ। ਉਸ ਤੇ ਮਹਾਰਾਜੇ ਵਲੋਂ ਬੇਅੰਤ ਬਖ਼ਸ਼ਿਸ਼ਾਂ ਕੀਤੀਆਂ ਗਈਆਂ। ਉਸ ਨੂੰ ਜੰੰਮੂ ਇਲਾਕੇ ਵਿਚ ਵੱਡੀਆਂ ਜਾਗੀਰਾਂ ਬਖ਼ਸ਼ੀਆਂ ਗਈਆਂ ਅਤੇ 20 ਜੂਨ 1827 ਨੂੰ ਰਾਜਾਰਜਗਾਨ ਰਾਜਾ ਕਲਾ ਬਹਾਦਰ ਦਾ ਖ਼ਿਤਾਬ ਦਿਤਾ ਗਿਆ। ਉਸ ਦੀ ਤਾਕਤ ਦਾ ਸਿਖਰ ਉਦੋਂ ਆਇਆ ਜਦੋਂ ਅੰਤਿਮ ਸਾਹਾਂ ਤੇ ਪਏ ਮਹਾਰਾਜਾ ਰਣਜੀਤ ਸਿੰਘ ਨੇ ਸਾਰੇ ਦਰਬਾਰੀਆਂ, ਸਰਦਾਰਾਂ ਅਤੇ ਫ਼ੌਜੀ ਕਮਾਂਡਰਾਂ ਦੀ ਹਾਜ਼ਰੀ ਵਿਚ ਕੁੰਵਰ ਖੜਕ ਸਿੰਘ ਨੂੰ ਅਪਣਾ ਉੱਤਰਾਧਿਕਾਰੀ ਅਤੇ ਰਾਜਾ ਧਿਆਨ ਸਿੰਘ ਨੂੰ ਉਸ ਦਾ ਵਜ਼ੀਰੇ ਆਜ਼ਮ ਘੋਸ਼ਿਤ ਕਰ ਦਿਤਾ। ਮਹਾਰਾਜੇ ਨੇ ਧਿਆਨ ਸਿੰਘ ਨੂੰ ਨਾਇਬ ਸਲਤਨਤੇ ਅਜ਼ਮਤ, ਖ਼ੈਰਖਵਾਹ ਸਾਮੀਮੀ ਦੌਲਤੇ ਸਿਰਕਾਰੀਕੁਬਰਾ, ਵਜ਼ੀਰੇਆਜ਼ਮ, ਦਸਤੂਰੇਮੁਅੱਜ਼ਮ, ਮੁਖਤਾਰੇਮੁਲਕ ਦਾ ਖ਼ਿਤਾਬ ਬਖਸ਼ਿਆ।28 ਜੂਨ 1839 ਨੂੰ ਮਹਾਰਾਜੇ ਦੇ ਅੰਤਿਮ ਸੰਸਕਾਰ ਮੌਕੇ ਧਿਆਨ ਸਿੰਘ ਨੇ ਬਹੁਤ ਪਾਖੰਡ ਕੀਤੇ। ਉਸ ਨੇ ਕਈ ਵਾਰ ਭੱਜ ਕੇ ਚਿਤਾ ਵਿਚ ਛਾਲ ਮਾਰਨ ਦੀ ਕੋਸ਼ਿਸ਼ ਕੀਤੀ। ਜੇ ਕਿਤੇ ਉਸ ਨੂੰ ਕੋਈ ਨਾ ਰੋਕਦਾ ਤੇ ਉਹ ਸੱਚੀਂ ਸੜ-ਬਲ ਜਾਂਦਾ ਤਾਂ ਅੱਜ ਪੰਜਾਬ ਦਾ ਇਤਿਹਾਸ ਕੁੱਝ ਹੋਰ ਹੋਣਾ ਸੀ। ਪਰ ਖ਼ਾਲਸਾ ਰਾਜ ਦੀ ਬਦਕਿਸਮਤੀ ਕਿ ਉਸ ਨੂੰ ਮੰਤਰੀਆਂ ਅਤੇ ਰਾਣੀਆਂ ਨੇ ਅਜਿਹਾ ਕਰਨ ਤੋਂ ਰੋਕ ਲਿਆ। ਖੜਕ ਸਿੰਘ ਮਹਾਰਾਜਾ ਬਣ ਗਿਆ ਪਰ ਉਸ ਨੇ ਧਿਆਨ ਸਿੰਘ ਦੇ ਪਰ ਕੁਤਰਨੇ ਅਤੇ ਅਪਣੇ ਰਿਸ਼ਤੇਦਾਰ ਚੇਤ ਸਿੰਘ ਬਾਜਵਾ ਨੂੰ ਅੱਗੇ ਵਧਾਉਣਾ ਸ਼ੁਰੂ ਕਰ ਦਿਤਾ। ਤਾਕਤ ਖੁਸਦੀ ਵੇਖ ਕੇ ਧਿਆਨ ਸਿੰਘ ਨੇ ਚੇਤ ਸਿੰਘ ਬਾਜਵਾ ਦੇ ਕਤਲ ਦੀ ਸਕੀਮ ਘੜ ਲਈ। ਉਸ ਨੇ ਖੜਕ ਸਿੰਘ ਦੇ ਅੰਗਰੇਜ਼ਾਂ ਨਾਲ ਮਿਲੇ ਹੋਣ ਦੀ ਅਫ਼ਵਾਹ ਫੈਲਾ ਦਿਤੀ ਅਤੇ ਨੌਨਿਹਾਲ ਸਿੰਘ ਅਤੇ ਰਾਣੀ ਚੰਦ ਕੌਰ ਨੂੰ ਅਪਣੇ ਨਾਲ ਮਿਲਾ ਲਿਆ। 9 ਅਕਤੂਬਰ 1839 ਨੂੰ ਉਸ ਨੇ ਨੌਨਿਹਾਲ ਸਿੰਘ, ਸੁਚੇਤ ਸਿੰਘ ਡੋਗਰੇ, ਜਨਰਲ ਗਾਰਡਨਰ ਅਤੇ ਹੋਰ ਸਾਥੀਆਂ ਨਾਲ ਮਿਲ ਕੇ ਚੇਤ ਸਿੰਘ ਬਾਜਵਾ ਦਾ ਕਤਲ ਕਰ ਕੇ ਦਰਬਾਰ ਵਿਚ ਉਸ ਖ਼ੂਨੀ ਖੇਡ ਦੀ ਸ਼ੁਰੂਆਤ ਕੀਤੀ ਜੋ ਉਸ ਦੀ ਖ਼ੁਦ ਦੀ ਜਾਨ ਲੈ ਕੇ ਵੀ ਸ਼ਾਂਤ ਨਾ ਹੋਈ।ਖੜਕ ਸਿੰਘ ਅਤੇ ਨੌਨਿਹਾਲ ਦੀ ਕ੍ਰਮਵਾਰ 4 ਅਤੇ 5 ਨਵੰਬਰ 1840 ਨੂੰ ਮੌਤ ਹੋ ਗਈ। ਧਿਆਨ ਸਿੰਘ ਨੇ ਸਾਜ਼ਸ਼ ਖੇਡ ਕੇ ਸ਼ੇਰ ਸਿੰਘ ਨੂੰ ਮਹਾਰਾਜਾ ਬਣਾ ਦਿਤਾ ਅਤੇ ਆਪ ਉਸ ਦਾ ਵਜ਼ੀਰ ਬਣ ਗਿਆ। ਆਖ਼ਰ ਉਸ ਦੇ ਪਾਪਾਂ ਦਾ ਘੜਾ ਭਰ ਗਿਆ। ਅਜੀਤ ਸਿੰਘ ਅਤੇ ਲਹਿਣਾ ਸਿੰਘ ਸੰਧਾਵਾਲੀਆ ਨੇ 15 ਸਤੰਬਰ 1843 ਨੂੰ ਮਹਾਰਾਜਾ ਸ਼ੇਰ ਸਿੰਘ ਅਤੇ ਧਿਆਨ ਸਿੰਘ ਡੋਗਰੇ ਦਾ ਕਤਲ ਕਰ ਦਿਤਾ। 21 ਦਸੰਬਰ 1844 ਨੂੰ ਸ. ਸ਼ਾਮ ਸਿੰਘ ਅਟਾਰੀ ਨੇ ਹੀਰਾ ਸਿੰਘ ਡੋਗਰੇ ਨੂੰ ਖ਼ਜ਼ਾਨਾ ਲੈ ਕੇ ਜੰਮੂ ਵਲ ਭਜਦੇ ਸਮੇਂ ਪੰਡਿਤ ਜੱਲ੍ਹੇ ਸਮੇਤ ਮਾਰ ਕੇ ਇਸ ਪਾਪੀ ਦਾ ਖ਼ਾਨਦਾਨ ਸਮੂਲ ਖ਼ਤਮ ਕਰ ਦਿਤਾ।

ਧਿਆਨ ਸਿੰਘ ਡੋਗਰਾ ਅੰਗਰੇਜ਼ਾਂ ਨੂੰ ਬੇਹੱਦ ਨਫ਼ਰਤ ਕਰਦਾ ਸੀ। ਉਹ ਸਾਰੀ ਉਮਰ ਮਹਾਰਾਜੇ ਨੂੰ ਅੰਗਰੇਜ਼ਾਂ ਵਿਰੁਧ ਲੜਾਈ ਕਰਨ ਲਈ ਉਕਸਾਉਂਦਾ ਰਿਹਾ। ਮਹਾਰਾਜਾ ਸਿਰਫ਼ ਇਕ ਵਾਰ ਉਸ ਨਾਲ ਨਾਰਾਜ਼ ਹੋਇਆ ਸੀ ਜਦੋਂ ਉਸ ਨੇ ਹਰੀ ਸਿੰਘ ਨਲਵਾ ਦੀਆਂ ਚਿੱਠੀਆਂ ਮਹਾਰਾਜੇ ਤਕ ਨਾ ਪਹੁੰਚਣ ਦਿਤੀਆਂ ਅਤੇ ਘੱਟ ਫ਼ੌਜ ਕਾਰਨ ਮਾਰਚ 1837 ਦੀ ਜਮਰੌਦ ਦੀ ਲੜਾਈ ਵਿਚ ਹਰੀ ਸਿੰਘ ਨਲਵਾ ਸ਼ਹੀਦ ਹੋ ਗਿਆ। ਬਾਅਦ ਵਿਚ ਸੱਚਾਈ ਪਤਾ ਲੱਗਣ ਤੇ ਸਵੇਰੇ ਦਾਤਣ ਕਰਦੇ ਸਮੇਂ ਮਹਾਰਾਜੇ ਨੇ ਗੁੱਸੇ ਵਿਚ ਆ ਕੇ ਪਾਣੀ ਵਾਲੀ ਗੜਵੀ ਧਿਆਨ ਸਿੰਘ ਨੂੰ ਮਾਰੀ ਜੋ ਉਸ ਦੀ ਲੱਤ ਤੇ ਲੱਗੀ।ਸੁਚੇਤ ਸਿੰਘ ਡੋਗਰਾ: ਇਹ ਡੋਗਰਾ ਭਰਾਵਾਂ ਵਿਚ ਸੱਭ ਤੋਂ ਛੋਟਾ ਸੀ। ਉਸ ਦਾ ਜਨਮ 18 ਜਨਵਰੀ 1801 ਨੂੰ ਹੋਇਆ। ਉਸ ਨੂੰ ਵੀ ਗੁਲਾਬ ਸਿੰਘ ਨੇ ਛੋਟੀ ਉਮਰ ਵਿਚ ਹੀ ਦਰਬਾਰ ਵਿਚ ਭਰਤੀ ਕਰਵਾ ਦਿਤਾ। ਉਹ ਮਹਾਰਾਜੇ ਸਾਹਮਣੇ ਲੋਕਾਂ ਦੀਆਂ ਦਰਖ਼ਾਸਤਾਂ ਆਦਿ ਪੇਸ਼ ਕਰਨ ਲਈ ਅਪਣੇ ਭਰਾ ਧਿਆਨ ਸਿੰਘ ਦਾ ਸਹਾਇਕ ਨਿਯੁਕਤ ਕੀਤਾ ਗਿਆ। ਜਦੋਂ 1820 ਵਿਚ ਧਿਆਨ ਸਿੰਘ ਮੰਤਰੀ ਬਣ ਗਿਆ ਤਾਂ ਇਸ ਨੂੰ ਡਿਉੜੀਦਾਰ ਬਣਾ ਦਿਤਾ ਗਿਆ। 1822 ਵਿਚ ਮਹਾਰਾਜੇ ਨੇ ਇਸ ਨੂੰ ਵੀ ਰਾਜਾ ਦਾ ਖ਼ਿਤਾਬ ਦੇ ਕੇ ਸਾਂਬਾ, ਜਸਰੋਟਾ, ਅਟੱਲਗੜ੍ਹ, ਕੋਠੀ ਅਤੇ ਨਾਦੌਣ ਦੀ ਜਾਗੀਰ ਦੇ ਦਿਤੀ ਅਤੇ ਮਹਾਰਾਜੇ ਦੀ ਸੱਭ ਤੋਂ ਸ਼ਾਨਦਾਰ ਘੋੜਸਵਾਰ ਰਸਾਲੇ, ਚਾਰਯਾਰੀ ਸਵਾਰਾਂ ਦਾ ਕਮਾਂਡਰ ਵੀ ਲਗਾ ਦਿਤਾ ਗਿਆ। ਉਸ ਨੇ ਪੇਸ਼ਾਵਰ ਆਦਿ ਕੁੱਝ ਯੁੱਧਾਂ ਵਿਚ ਵੀ ਹਿੱਸਾ ਲਿਆ ਪਰ ਉਹ ਬਹੁਤਾ ਸਮਾਂ ਦਰਬਾਰ ਵਿਚ ਹੀ ਰਹਿੰਦਾ ਸੀ ਅਤੇ ਮਹਾਰਾਜੇ ਦੇ ਨਿਜੀ ਕੰਮ ਕਰਦਾ ਸੀ।ਮਹਾਰਾਜੇ ਦੀ ਮੌਤ ਤੋਂ ਬਾਅਦ ਉਹ ਵੀ ਧਿਆਨ ਸਿੰਘ ਨਾਲ ਰਲ ਕੇ ਸਾਜ਼ਸ਼ਾਂ ਵਿਚ ਹਿੱਸਾ ਲੈਣ ਲੱਗ ਪਿਆ। ਚੇਤ ਸਿੰਘ ਬਾਜਵਾ ਦੇ ਕਤਲ ਵੇਲੇ ਉਹ ਨਾਲ ਹੀ ਸੀ। ਉਹ ਮਹਾਰਾਜਾ ਸ਼ੇਰ ਸਿੰਘ ਦਾ ਮੰਤਰੀ ਬਣ ਗਿਆ ਅਤੇ ਕੁੰਵਰ ਪ੍ਰਤਾਪ ਸਿੰਘ ਦੀ ਲਾਰਡ ਐਲਨਬਰੋ ਨਾਲ 1842 ਨੂੰ ਫ਼ਿਰੋਜ਼ਪੁਰ ਵਿਖੇ ਹੋਈ ਮਿਲਣੀ ਵੇਲੇ ਨਾਲ ਗਿਆ। ਸ਼ੇਰ ਸਿੰਘ, ਪ੍ਰਤਾਪ ਸਿੰਘ ਅਤੇ ਧਿਆਨ ਸਿੰਘ ਦੇ ਕਤਲ ਤੋਂ ਬਾਅਦ ਜਦੋਂ ਉਸ ਦੀ ਬਜਾਏ ਹੀਰਾ ਸਿੰਘ ਡੋਗਰਾ ਪ੍ਰਧਾਨ ਮੰਤਰੀ ਬਣ ਗਿਆ ਤਾਂ ਉਹ ਸੜ-ਬਲ ਗਿਆ। ਗੁਲਾਬ ਸਿੰਘ ਡੋਗਰੇ ਵਲੋਂ ਵਰਜਣ ਦੇ ਬਾਵਜੂਦ ਉਸ ਨੇ ਮਹਾਰਾਣੀ ਜਿੰਦਾਂ ਦੇ ਭਰਾ ਜਵਾਹਰ ਸਿੰਘ ਨਾਲ ਮਿਲ ਕੇ ਹੀਰਾ ਸਿੰਘ ਡੋਗਰਾ ਵਿਰੁਧ ਸਾਜ਼ਸ਼ਾਂ ਘੜਨੀਆਂ ਸ਼ੁਰੂ ਕਰ ਦਿਤੀਆਂ। ਇਸ ਕਾਰਨ ਹੀਰਾ ਸਿੰਘ ਡੋਗਰਾ ਉਸ ਦੀ ਜਾਨ ਦਾ ਦੁਸ਼ਮਣ ਬਣ ਗਿਆ। 5 ਦਸੰਬਰ 1843 ਨੂੰ ਗੁਲਾਬ ਸਿੰਘ ਉਸ ਨੂੰ ਜੰਮੂ ਲੈ ਗਿਆ ਪਰ ਉਸ ਨੇ ਲਾਹੌਰ ਚਿੱਠੀ ਪੱਤਰੀ ਜਾਰੀ ਰੱਖੀ। ਕੁੱਝ ਛੋਟੇ ਫ਼ੌਜੀ ਅਫ਼ਸਰਾਂ ਵਲੋਂ ਮਿਲ ਰਹੇ ਹਾਂ-ਪੱਖੀ ਜਵਾਬਾਂ ਕਾਰਨ ਉਹ ਉਤਸ਼ਾਹ ਵਿਚ ਆ ਗਿਆ ਅਤੇ ਪ੍ਰਧਾਨ ਮੰਤਰੀ ਦਾ ਅਹੁਦਾ ਸੰਭਾਲਣ ਲਈ ਥੋੜ੍ਹੀ ਜਿਹੀ ਫ਼ੌਜ ਲੈ ਕੇ 26 ਮਾਰਚ 1844 ਨੂੰ ਲਾਹੌਰ ਪਹੁੰਚ ਗਿਆ।ਦੁਸ਼ਮਣ ਚਾਚੇ ਨੂੰ ਮਾਰ ਹੇਠ ਆਇਆ ਵੇਖ ਕੇ ਹੀਰਾ ਸਿੰਘ ਡੋਗਰੇ ਨੇ 27 ਮਾਰਚ ਨੂੰ ਉਸ ਦਾ ਡੇਰਾ ਘੇਰ ਲਿਆ ਅਤੇ ਗੋਲਾਬਾਰੀ ਕਰ ਕੇ ਕਤਲ ਕਰ ਦਿਤਾ। ਹਮਜਿਨਸੀ ਹੋਣ ਕਾਰਨ ਸੁਚੇਤ ਸਿੰਘ ਦੇ ਕੋਈ ਔਲਾਦ ਨਹੀਂ ਸੀ ਪਰ ਉਸ ਨੇ ਕਰੋੜਾਂ ਦਾ ਖ਼ਜ਼ਾਨਾ ਜਮ੍ਹਾਂ ਕੀਤਾ ਹੋਇਆ ਸੀ ਜੋ ਉਸ ਦੀਆਂ ਜਾਗੀਰਾਂ ਸਮੇਤ ਹੀਰਾ ਸਿੰਘ ਦੇ ਹੱਥ ਆ ਗਿਆ।
ਲੇਖਕ : ਬਲਰਾਜ ਸਿੰਘ ਸਿੱਧੂ

Check Also

ਸਿੱਖ ਕਿੰਨ੍ਹਾਂ ਚਿਰ ਹੋਰ ਜਿਉਂਦੇ ਰਹਿਣਗੇ ……”?

ਆਖਿਰ ਕੀ ਕਾਰਨ ਹਨ ਪੰਜਾਬ ਖਾਸ ਤੌਰ ਤੇ ਪੰਜਾਬ ਦੇ ਸਿੱਖ ਬੋਧਿਕ ਸੰਸਾਰ ਚੇਤਨਤਾ ਗਿਆਨ …

%d bloggers like this: