Breaking News
Home / ਪੰਜਾਬ / ਪੁੱਤਰ ਨਾ ਹੋਣ ’ਤੇ ਕੀਤਾ ਜਾਂਦਾ ਸੀ ‘ਤੰਗ’, ਸੜਨ ਕਾਰਨ ਵਿਆਹੁਤਾ ਤੇ ਧੀ ਦੀ ਮੌਤ

ਪੁੱਤਰ ਨਾ ਹੋਣ ’ਤੇ ਕੀਤਾ ਜਾਂਦਾ ਸੀ ‘ਤੰਗ’, ਸੜਨ ਕਾਰਨ ਵਿਆਹੁਤਾ ਤੇ ਧੀ ਦੀ ਮੌਤ

ਡੇਰਾਬੱਸੀ-ਨੇੜਲੇ ਪਿੰਡ ਧਨੋਨੀ ਵਿਚ 26 ਸਾਲਾਂ ਦੀ ਵਿਆਹੁਤਾ ਅਤੇ ਉਸ ਦੀ ਦੋ ਸਾਲਾਂ ਦੀ ਧੀ ਦੀ ਸ਼ੱਕੀ ਹਾਲਤ ’ਚ ਸੜ ਕੇ ਮੌਤ ਹੋ ਗਈ ਹੈ। ਵਿਆਹੁਤਾ ਦੇ ਪੇਕੇ ਪਰਿਵਾਰ ਨੇ ਉਸ ਦੇ ਸਹੁਰੇ ਪਰਿਵਾਰ ’ਤੇ ਉਨ੍ਹਾਂ ਦੀ ਧੀ ਅਤੇ ਦੋਹਤੀ ਨੂੰ ਮਿੱਟੀ ਦਾ ਤੇਲ ਪਾ ਕੇ ਸਾੜਨ ਦਾ ਦੋਸ਼ ਲਗਾਇਆ ਹੈ। ਪੁਲੀਸ ਨੇ ਮੌਕੇ ’ਤੇ ਪੁੱਜ ਕੇ ਲਾਸ਼ਾਂ ਨੂੰ ਕਬਜ਼ੇ ’ਚ ਲੈ ਕੇ ਪਤੀ ਜਸਪਾਲ ਸਿੰਘ ਸਮੇਤ ਸੱਸ ਜਸਬੀਰ ਕੌਰ ਅਤੇ ਸਹੁਰੇ ਰਾਮ ਸਿੰਘ ਖ਼ਿਲਾਫ਼ ਕੇਸ ਦਰਜ ਕਰ ਜਸਪਾਲ ਸਿੰਘ ਅਤੇ ਉਸ ਦੇ ਪਿਤਾ ਨੂੰ ਹਿਰਾਸਤ ’ਚ ਲੈ ਲਿਆ ਹੈ।
ਏਐੱਸਆਈ ਨਰਿੰਦਰ ਕੁਮਾਰ ਨੇ ਦੱਸਿਆ ਮ੍ਰਿਤਕ ਵਿਆਹੁਤਾ ਹਰਮਨਪ੍ਰੀਤ ਦੇ ਪਿਤਾ ਗੁਰਮੁੱਖ ਸਿੰਘ ਵਾਸੀ ਪਿੰਡ ਕੜੋਲੀ, ਯਮੁਨਾਨਗਰ ਨੇ ਦੱਸਿਆ ਕਿ ਤਿੰਨ ਸਾਲ ਪਹਿਲਾਂ ਉਨ੍ਹਾਂ ਦੀ ਧੀ ਦਾ ਵਿਆਹ ਪਿੰਡ ਧਨੋਨੀ ਵਾਸੀ ਜਸਪਾਲ ਸਿੰਘ ਨਾਲ ਹੋਇਆ ਸੀ। ਅੱਜ ਸਵੇਰੇ ਪਿੰਡ ਧਨੋਨੀ ਤੋਂ ਇੱਕ ਵਿਅਕਤੀ ਨੇ ਫੋਨ ਕਰਕੇ ਸੂਚਨਾ ਦਿੱਤੀ ਕਿ ਉਨ੍ਹਾਂ ਦੀ ਧੀ ਹਾਦਸੇ ਦਾ ਸ਼ਿਕਾਰ ਹੋ ਗਈ ਹੈ। ਜਦੋ ਉਹ ਮੌਕੇ ’ਤੇ ਪੁੱਜੇ ਤਾਂ ਉਨ੍ਹਾਂ ਦੀ ਧੀ ਅਤੇ ਦੋਹਤੀ ਦੀਆਂ ਸੜੀਆਂ ਹੋਈਆਂ ਲਾਸ਼ਾਂ ਰਸੋਈ ’ਚ ਪਈਆਂ ਸਨ। ਸਹੁਰੇ ਪਰਿਵਾਰ ਮੁਤਾਬਕ ਰਸੋਈ ਗੈਸ ਸਿਲੰਡਰ ਦੇ ਪਾਈਪ ’ਚ ਲੱਗੀ ਅੱਗ ਦੀ ਲਪੇਟ ’ਚ ਆਉਣ ਕਰਕੇ ਹਰਮਨਪ੍ਰੀਤ ਕੌਰ ਅਤੇ ਉਸ ਦੀ ਧੀ ਜਸਰੀਤ ਕੌਰ ਦੀ ਮੌਤ ਹੋਈ ਹੈ। ਦੂਜੇ ਪਾਸੇ ਲੜਕੀ ਦੇ ਪਿਤਾ ਗੁਰਮੁੱਖ ਸਿੰਘ ਅਤੇ ਹੋਰ ਰਿਸ਼ਤੇਦਾਰਾਂ ਨੇ ਦੋਸ਼ ਲਗਾਇਆ ਕਿ ਇਹ ਹਾਦਸਾ ਨਹੀਂ ਬਲਕਿ ਸਾਜ਼ਿਸ਼ ਤਹਿਤ ਹੱਤਿਆ ਹੈ। ਉਨ੍ਹਾਂ ਕਿਹਾ ਕਿ ਲਾਸ਼ਾਂ ਕੋਲ ਫਰਸ਼ ’ਤੇ ਮਿੱਟੀ ਦਾ ਤੇਲ ਪਿਆ ਸੀ ਜਿਸ ਤੋਂ ਪਤਾ ਲੱਗਦਾ ਹੈ ਕਿ ਮਾਂ-ਧੀ ਨੂੰ ਸਾੜਿਆ ਗਿਆ ਹੈ। ਮਾਮਲੇ ਦੀ ਸੂਚਨਾ ਮਿਲਣ ’ਤੇ ਡੀਐੱਸਪੀ ਡੇਰਾਬੱਸੀ ਗੁਰਬਖਸ਼ੀਸ ਸਿੰਘ ਅਤੇ ਥਾਣਾ ਮੁਖੀ ਗੁਰਵੰਤ ਸਿੰਘ ਨੇ ਮੌਕੇ ’ਤੇ ਪੁੱਜ ਕੇ ਫੌਰੈਂਸਿਕ ਟੀਮ ਨੂੰ ਬੁਲਾਇਆ ਤੇ ਮਾਮਲੇ ਦੀ ਜਾਂਚ ਸ਼ੁਰੂ ਕੀਤੀ। ਏ.ਐੱਸ.ਆਈ ਨਰਿੰਦਰ ਕੁਮਾਰ ਨੇ ਦੱਸਿਆ ਕਿ ਪਿਤਾ ਗੁਰਮੁੱਖ ਸਿੰਘ ਦੀ ਸ਼ਿਕਾਇਤ ’ਤੇ ਪਤੀ ਜਸਪਾਲ ਸਿੰਘ ਅਤੇ ਸੱਸ-ਸਹੁਰੇ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਹੈ।

ਵਿਆਹੁਤਾ ਦੇ ਪਿਤਾ ਗੁਰਮੁੱਖ ਸਿੰਘ ਅਤੇ ਭਰਾ ਮਨਮੋਹਨ ਸਿੰਘ ਨੇ ਕਿਹਾ ਕਿ ਉਨ੍ਹਾਂ ਦੀ ਭੈਣ ਘਰ ਦੋ ਸਾਲ ਪਹਿਲਾਂ ਲੜਕੀ ਨੇ ਜਨਮ ਲਿਆ ਸੀ। ਉਸ ਤੋਂ ਬਾਅਦ ਹੀ ਸਹੁਰੇ ਪਰਿਵਾਰ ਨੇ ਲੜਕਾ ਨਾ ਹੋਣ ’ਤੇ ਉਨ੍ਹਾਂ ਦੀ ਧੀ ਨੂੰ ਤੰਗ ਕਰਨਾ ਸ਼ੁਰੂ ਕਰ ਦਿੱਤਾ ਸੀ। ਜਦੋਂ ਵੀ ਉਨ੍ਹਾਂ ਦੀ ਲੜਕੀ ਮਾਪਿਆਂ ਨਾਲ ਫੋਨ ’ਤੇ ਗੱਲ ਕਰਦੀ ਸੀ ਤਾਂ ਉਸ ਨੂੰ ਸਹੁਰੇ ਪਰਿਵਾਰ ਵਾਲੇ ਇੱਕਲਾ ਨਹੀਂ ਛੱਡਦੇ ਸਨ। ਉਨ੍ਹਾਂ ਦੋਸ਼ ਲਗਾਇਆ ਕਿ ਵਿਆਹ ਦੇ ਤਿੰਨ ਸਾਲ ਬੀਤ ਜਾਣ ’ਤੇ ਵੀ ਉਨ੍ਹਾਂ ਦੀ ਧੀ ਇੱਕ ਜਾਂ ਦੋ ਵਾਰ ਹੀ ਪੇਕੇ ਆਈ ਸੀ।

Check Also

VIDEO-ਬਠਿੰਡਾ ਵਿਚ ‘ਕੈਪਟਨ ਸਾਹਬ’ ਦੇ ਪਿੱਛੇ ਕਿਉਂ ਪਏ ਲੋਕ, ਵੇਖੋ ਵੀਡੀਓ

ਬਠਿੰਡਾ ਵਿਚ ਲੋਕਾਂ ਨੇ ਕੈਪਟਨ ਸਰਕਾਰ ਖਿ਼ਲਾਫ਼ ਅਨੋਖਾ ਪ੍ਰਦਰਸ਼ਨ ਕੀਤਾ। ਇੱਕ ਪ੍ਰਦਰਸ਼ਨਕਾਰੀ ਨੇ ਕੈਪਟਨ ਅਮਰਿੰਦਰ …

%d bloggers like this: