Breaking News
Home / ਰਾਸ਼ਟਰੀ / ਰੇਲਵੇ ਉਤੇ ਵੀ ਪਈ ਆਰਥਿਕ ਮੰਦੀ ਦੀ ਮਾਰ, ਇਸ ਵਰ੍ਹੇ ਪਿਆ ਵੱਡਾ ਘਾਟਾ

ਰੇਲਵੇ ਉਤੇ ਵੀ ਪਈ ਆਰਥਿਕ ਮੰਦੀ ਦੀ ਮਾਰ, ਇਸ ਵਰ੍ਹੇ ਪਿਆ ਵੱਡਾ ਘਾਟਾ

ਆਰਥਿਕ ਵਿਕਾਸ ਦਰ ਵਿਚ ਆਈ ਖੜੋਤ ਨੇ ਭਾਰਤੀ ਰੇਲਵੇ ਨੂੰ ਆਪਣੀ ਲਪੇਟ ਵਿਚ ਲੈ ਲਿਆ ਹੈ। ਯਾਤਰੀ ਕਰਾਏ ਤੋਂ ਹੁੰਦੀ ਕਮਾਈ ਦੇ ਲਿਹਾਜ਼ ਨਾਲ ਇਸ ਕੌਮੀ ਟਰਾਂਸਪੋਰਟਰ ਨੂੰ 155 ਕਰੋੜ ਦਾ ਘਾਟਾ ਪਿਆ ਹੈ ਜਦਕਿ ਮਾਲ ਦੀ ਢੋਆ-ਢੁਆਈ ਨਾਲ ਹੁੰਦੀ ਕਮਾਈ ਵਿਚ ਘਾਟਾ 3,901 ਕਰੋੜ ਰੁਪਏ ਨੂੰ ਅੱਪੜ ਗਿਆ ਹੈ। ਇਹ ਘਾਟਾ ਮੌਜੂਦਾ ਵਿੱਤੀ ਵਰ੍ਹੇ ਦੇ ਦੂਜੇ ਕੁਆਰਟਰ ਵਿਚ ਪਿਆ ਹੈ।

ਇਸ ਦਾ ਖੁਲਾਸਾ ਇਕ ਆਰ.ਟੀ.ਆਈ. ਤਹਿਤ ਹੋਇਆ ਹੈ। ਮੱਧ ਪ੍ਰਦੇਸ਼ ਦੇ ਆਰ.ਟੀ.ਆਈ. ਕਾਰਕੁਨ ਚੰਦਰ ਸ਼ੇਖਰ ਗੌੜ ਵੱਲੋਂ ਸੂਚਨਾ ਦੇ ਅਧਿਕਾਰ ਕਾਨੂੰਨ (ਆਰ.ਟੀ.ਆਈ.) ਤਹਿਤ ਪਾਈ ਅਰਜ਼ੀ ਦੇ ਜਵਾਬ ਵਿਚ ਖੁਲਾਸਾ ਹੋਇਆ ਹੈ ਕਿ ਵਿੱਤੀ ਵਰ੍ਹੇ 2019-20 ਦੇ ਪਹਿਲੇ ਕੁਆਰਟਰ (ਅਪਰੈਲ-ਜੂਨ) ਤੱਕ ਰੇਲਵੇ ਨੇ ਯਾਤਰੀ ਕਿਰਾਏ ਤੋਂ 13,398 ਕਰੋੜ ਰੁਪਏ ਕਮਾਏ ਸਨ ਜਦਕਿ ਜੁਲਾਈ ਤੋਂ ਸਤੰਬਰ ਕੁਆਰਟਰ ਤੱਕ ਯਾਤਰੀ ਕਿਰਾਏ ਤੋਂ ਰੇਲਵੇ ਨੇ 13,243 ਕਰੋੜ ਰੁਪਏ ਕਮਾਏ ਹਨ।

ਇਸ ਤਰ੍ਹਾਂ ਇਹ ਪਾੜਾ 155 ਕਰੋੜ ਰੁਪਏ ਦੇ ਕਰੀਬ ਬਣਦਾ ਹੈ। ਇਸੇ ਤਰ੍ਹਾਂ ਪਹਿਲੇ ਕੁਆਰਟਰ ਵਿਚ ਰੇਲਵੇ ਨੇ ਮਾਲ ਦੀ ਢੋਆ-ਢੁਆਈ ਤੋਂ 29,066 ਕਰੋੜ ਰੁਪਏ ਕਮਾਏ ਸਨ ਜਦਕਿ ਦੂਜੇ ਕੁਆਰਟਰ ਵਿਚ ਕਮਾਈ ਘਟ ਕੇ 25,165 ਕਰੋੜ ਰੁਪਏ ਰਹਿ ਗਈ ਹੈ ਤੇ ਕਰੀਬ 3900 ਕਰੋੜ ਰੁਪਏ ਦਾ ਘਾਟਾ ਉੱਭਰ ਕੇ ਸਾਹਮਣੇ ਆਇਆ ਹੈ। ਆਰਥਿਕ ਘਾਟੇ ਦਾ ਅਸਰ ਟਿਕਟ ਬੁਕਿੰਗ ’ਤੇ ਵੀ ਪਿਆ ਹੈ।

ਪਿਛਲੇ ਸਾਲ ਦੇ ਮੁਕਾਬਲੇ ਮੌਜੂਦਾ ਵਰ੍ਹੇ ਦੇ ਅਪਰੈਲ-ਸਤੰਬਰ ਦੌਰਾਨ ਇਸ ਵਿਚ 1.27 ਫੀਸਦੀ ਦੀ ਕਮੀ ਆਈ ਹੈ। ਉਪਨਗਰਾਂ ਦੇ ਰੇਲ ਅੰਕੜੇ ਵੀ 1.13 ਫੀਸਦੀ ਦੀ ਕਮੀ ਦਰਜ ਕਰ ਰਹੇ ਹਨ। ਰੇਲਵੇ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ ਹੈ ਕਿ ਕੋਲਾ ਖਾਣਾ ’ਚ ਹੜ੍ਹ ਆਉਣ ਕਾਰਨ ਕੋਲੇ ਦੀ ਲੋਡਿੰਗ ਘਟੀ ਹੈ। ਮੰਦੀ ਕਾਰਨ ਸਟੀਲ ਤੇ ਸੀਮਿੰਟ ਸੈਕਟਰ ਵੀ ਪ੍ਰਭਾਵਿਤ ਹਨ।

Check Also

ਅਮਰੀਕੀ ਕਮਿਸ਼ਨ ਵੱਲੋਂ ਸ਼ਾਹ ਖ਼ਿਲਾਫ਼ ਪਾਬੰਦੀਆਂ ਦੀ ਸਿਫਾਰਸ਼

ਵਾਸ਼ਿੰਗਟਨ’ਕੌਮਾਂਤਰੀ ਧਾਰਮਿਕ ਆਜ਼ਾਦੀ ਬਾਰੇ ਸੰਘੀ ਅਮਰੀਕੀ ਕਮਿਸ਼ਨ (ਯੂਐੱਸਸੀਆਈਆਰਐੱਫ) ਨੇ ਕਿਹਾ ਕਿ ਨਾਗਰਿਕਤਾ ਸੋਧ ਬਿੱਲ ਗਲਤ …