Breaking News
Home / ਅੰਤਰ ਰਾਸ਼ਟਰੀ / ਜਦੋਂ ਜਗਮੀਤ ਸਿੰਘ ਦੇ ਸਲਾਹਕਾਰ ਨੇ ਉਸਨੂੰ ਆਪਣਾ ਨਾਮ ‘ਜੈਗ’ ਰੱਖਣ ਦੀ ਸਲਾਹ ਦਿੱਤੀ

ਜਦੋਂ ਜਗਮੀਤ ਸਿੰਘ ਦੇ ਸਲਾਹਕਾਰ ਨੇ ਉਸਨੂੰ ਆਪਣਾ ਨਾਮ ‘ਜੈਗ’ ਰੱਖਣ ਦੀ ਸਲਾਹ ਦਿੱਤੀ

ਡਾ. ਗੁਰਵਿੰਦਰ ਸਿੰਘ , ਕੈਨੇਡਾ

ਇਹ ਗੱਲ ਉਸ ਵੇਲੇ ਦੀ ਹੈ, ਜਦੋਂ ਜਗਮੀਤ ਸਿੰਘ ਕੈਨੇਡਾ ਦੀ ਤੀਜੀ ਸਭ ਤੋਂ ਵੱਡੀ ਪਾਰਟੀ ਨਿਊ ਡੈਮੋਕਰੈਟਿਕ ਦਾ ਕੌਮੀ ਆਗੂ ਬਣਨ ਲਈ ਤਿਆਰੀ ਕਰ ਰਿਹਾ ਸੀ। ਉਸ ਨੇ ਸਿਆਸੀ ਪੱਧਰ ਤੇ ਕਾਮਯਾਬੀ ਲਈ ‘ਗੁਰ ਲੈਣ ਵਾਸਤੇ’ ਕਿਸੇ ਨਾਮਵਰ ਰਾਜਸੀ ਨੇਤਾ ਤੋਂ ਸਲਾਹ ਮੰਗੀ, ਜਗਮੀਤ ਸਿੰਘ ਦੇ ਦੱਸਣ ਅਨੁਸਾਰ ਉਸ ਸਲਾਹਕਾਰ ਨੇ ਕਿਹਾ ਕਿ ਜੇਕਰ ਕੈਨੇਡਾ ਦਾ ਰਾਸ਼ਟਰੀ ਪੱਧਰ ਦਾ ਆਗੂ ਬਣਨਾ ਹੈ ਤਾਂ, ਉਸਨੂੰ ਕੁਝ ਤਬਦੀਲੀਆਂ ਦੀ ਲੋੜ ਹੈ। ਪਹਿਲੀ ਗੱਲ ਇਹ ਹੈ ਆਪਣਾ ਪੂਰਾ ਨਾਂ ਜਗਮੀਤ ਸਿੰਘ ਲੈਣ ਦੀ ਬਜਾਏ ‘ਜੈਗ’ ਅਖਵਾਉਣਾ ਸ਼ੁਰੂ ਕਰ ਦੇਵੇ।

ਦੂਜੀ ਉਪਨਾਮ ‘ਸਿੰਘ’ ਦੀ ਥਾਂ ਗੋਤ ਵਰਤੋਂ ਕਰੇ। ਤੀਜੀ ਦਾੜ੍ਹੀ ਖੁੱਲ੍ਹੀ ਰੱਖਣ ਦੀ ਬਜਾਏ ਬੰਨ੍ਹਣੀ ਸ਼ੁਰੂ ਕਰੇ ਅਤੇ ਚੌਥੀ ਗੱਲ ਆਪਣੀ ਪੱਗ ਦਾ ਸਟਾਈਲ ਗੋਲ ਤੇ ਦੁਮਾਲੇ ਵਾਲਾ ਛੱਡ ਕੇ, ਨੋਕਦਾਰ ਬਣਾਏ ਅਤੇ ਪੰਜਵੀਂ ਗੱਲ, ਕਿਰਪਾਨ ਉੱਪਰੋਂ ਪਹਿਨਣ ਦੀ ਥਾਂ ਕੱਪੜਿਆਂ ਦੇ ਹੇਠਾਂ ਦੀ ਪਹਿਨੇ। ਅਜਿਹਾ ਕਰਕੇ ਉਹ ਕੈਨੇਡੀਅਨ ਲੋਕਾਂ ‘ਚ ਜਚ ਜਾਵੇਗਾ, ਨਹੀਂ ਤਾਂ ਉਸ ਲਈ ਕਾਮਯਾਬ ਹੋਣਾ ਔਖਾ ਹੈ।ਜਗਮੀਤ ਸਿੰਘ ਨੇ ‘ਸਲਾਹਕਾਰ’ ਨੂੰ ਬੜੇ ਅਦਬ ਨਾਲ ਕਿਹਾ ਕਿ ਉਹ ਨਹੀਂ ਸਮਝਦਾ ਕਿ ਕੈਨੇਡਾ ਦੇ ਬਹੁ-ਸਭਿਆਚਾਰਕ ਭਾਈਚਾਰੇ ਨੂੰ ਉਸਦੇ ਨਾਂ ਨਾਲ ਕੋਈ ਔਖ ਮਹਿਸੂਸ ਹੋਵੇਗੀ, ਜੋ ਨਾਂ ਬਦਲ ਕੇ ਠੀਕ ਹੋ ਜਾਏਗੀ।

ਉਪਨਾਮ ਉਹ ਗੋਤ ਜਾਂ ਇਲਾਕੇ ਦਾ ਵਰਤਣ ਦੀ ਥਾਂ, ਸਿੰਘ ਹੀ ਲਿਖਣਾ ਚਾਹੇਗਾ, ਕਿਉਂਕਿ ਇਹ ਉਹਦੀ ਪਛਾਣ ਹੈ। ਰਹੀ ਗੱਲ ਦਾਹੜੀ ਬੰਨ੍ਹਣ ਦੀ, ਉਹ ਤੋਂ ਹੀ ‘ਦਾਹੜਾ ਪ੍ਰਕਾਸ਼’ ਕਰਦਾ ਹੈ, ਇਸ ਨੂੰ ਬੰਨ੍ਹਣਾ ਨਹੀਂ ਚਾਹੁੰਦਾ। ਬਾਕੀ ਦਸਤਾਰ ਬੰਨ੍ਹਣ ਦੇ ਤਰੀਕੇ ਸਾਰੇ ਹੀ ਚੰਗੇ ਹਨ, ਪਰ ਉਸਦੇ ਲੰਮੇ ਚਿਹਰੇ ‘ਤੇ ਗੋਲ ਦਸਤਾਰ ਵਧੇਰੇ ਜਚਦੀ ਹੈ ਤੇ ਉਸਨੇ ਇਤਿਹਾਸ ਪੜ੍ਹਦਿਆਂ ਵੀ ਜਾਣਿਆ ਹੈ ਕਿ ਸਦੀਆਂ ਤੋਂ ਸਿੱਖ ਗੋਲ ਦਸਤਾਰ ਜਾਂ ਦੁਮਾਲਾ ਹੀ ਸਜਾਉਂਦੇ ਆ ਰਹੇ ਹਨ। ਹੋਰ ਅੰਮ੍ਰਿਤਧਾਰੀ ਸਿੱਖ ਹੋਣ ਕਰਕੇ ਕਿਰਪਾਨ ਉਹ ਕਮੀਜ਼ ਦੇ ਉੱਪਰੋਂ ਪਾਉਂਦਾ ਹੈ ਤੇ ਉਸ ਨੂੰ ਅਜਿਹਾ ਚੰਗਾ ਲੱਗਦਾ ਹੈ। ਇਸ ਤਰ੍ਹਾਂ ਆਪਣੀ ਪਛਾਣ ਨੂੰ ਬਦਲ ਕੇ ਉਹ ਕੈਨੇਡਾ ਦਾ ਰਾਸ਼ਟਰੀ ਨੇਤਾ ਨਹੀਂ ਬਣਨਾ ਚਾਹੇਗਾ। ਜੇਕਰ ਕੈਨੇਡਾ ਦੇ ਲੋਕ ਚਾਹੁਣਗੇ, ਤਾਂ ਉਸ ਨੂੰ ਇਉਂ ਹੀ ਸਵੀਕਾਰ ਕਰਨਗੇ।

ਜਗਮੀਤ ਸਿੰਘ ਦੀ ਸੋਚ ਸਹੀ ਸਾਬਤ ਹੋਈ ਤੇ ਕੈਨੇਡਾ ਵਾਸੀਆਂ ਨੇ ਉਸਨੂੰ ਓਵੇਂ – ਜਿਵੇਂ ਨਾ ਸਿਰਫ਼਼ ਪ੍ਰਵਾਨ ਹੀ ਕੀਤਾ, ਸਗੋਂ ਕੈਨੇਡਾ ਦੇ ਇਤਿਹਾਸ ਵਿੱਚ ਕਿਸੇ ਨੈਸ਼ਨਲ ਪਾਰਟੀ ਦਾ ਕੌਮੀ ਨੇਤਾ ਵੀ ਬਣਾ ਦਿੱਤਾ। ਇਹ ਕੈਨੇਡਾ ਦੇ ਬਹੁ – ਸਭਿਆਚਾਰਕ ਢਾਂਚੇ ‘ਚ ਵੱਸਦੇ ਲੋਕਾਂ ਦੀ ਮਹਾਨ ਸੋਚ ਦਾ ਨਤੀਜਾ ਹੀ ਸੀ ਕਿ ਜਿੱਥੇ ਵਿਅਕਤੀ ਦੇ ਪ੍ਰਵਾਸੀ ਪਿਛੋਕੜ, ਧਰਮ, ਪਹਿਰਾਵੇ ਅਤੇ ਬੋਲੀ ਦੇ ਵਖਰੇਵੇਂ ਕਾਰਨ ਉਸਨੂੰ ਨਕਾਰਨ ਦੀ ਥਾਂ, ਉਸ ਦੀ ਸੂਝ-ਬੂਝ , ਦੂਰ ਅੰਦੇਸ਼ੀ ਅਤੇ ਲੀਡਰਸ਼ਿਪ ਨਿਪੁੰਨਤਾ ਕਰਕੇ ਸਵੀਕਾਰ ਕੀਤਾ ਗਿਆ ਹੋਵੇ।

Check Also

ਪੂਰੀ ਰਿਪੋਰਟ -ਜਾਣੋ ਕੈਨੇਡਾ ਸਰਕਾਰ ਨੇ ਲੋਕਾਂ ਦੀ ਮਦਦ ਲਈ ਕਿਹੜੇ ਕਿਹੜੇ ਪੈਕੇਜ ਐਲਾਨੇ

ਕੈਨੇਡਾ ਸਰਕਾਰ ਨੇ ਲੋਕਾਂ ਦੀ ਮਦਦ ਲਈ ਪੈਕੇਜ ਐਲਾਨੇ ਵਿਸ਼ਵਵਿਆਪੀ COVID-19 ਦੇ ਫੈਲਣ ਦੌਰਾਨ ਕਨੇਡਾ …

%d bloggers like this: