Breaking News
Home / ਪੰਜਾਬ / ਪਰਾਲੀ ਸਾੜਨ ‘ਤੇ ਠੇਕੇ ਉੱਤੇ ਜ਼ਮੀਨ ਦੇਣ ਵਾਲੇ ਮਾਲਕਾਂ ਖ਼ਿਲਾਫ਼ ਵੀ ਹੋਵੇਗੀ ਕਾਰਵਾਈ

ਪਰਾਲੀ ਸਾੜਨ ‘ਤੇ ਠੇਕੇ ਉੱਤੇ ਜ਼ਮੀਨ ਦੇਣ ਵਾਲੇ ਮਾਲਕਾਂ ਖ਼ਿਲਾਫ਼ ਵੀ ਹੋਵੇਗੀ ਕਾਰਵਾਈ

ਚਾਹੇ ਸਰਕਾਰ ਵੱਲੋਂ ਕਿਸਾਨਾਂ ਨੂੰ ਪਰਾਲੀ ਨਾ ਸਾੜਨ ਦੀ ਅਪੀਲ ਕੀਤੀ ਜਾ ਰਹੀ ਹੈ ਪਰ ਭਵਾਨੀਗੜ੍ਹ ਦੇ ਪਿੰਡ ਘਰਾਚੋ ਦੇ ਕਿਸਾਨ ਪਰਾਲੀ ਸਾੜਨ ਤੇ ਬਜ਼ਿਦ ਹਨ। ਇਸ ਨੂੰ ਲੈ ਕੇ ਬਕਾਇਦਾ ਕਿਸਾਨ ਜਥੇਬੰਦੀਆਂ ਨੇ ਇੱਕ ਮਤਾ ਵੀ ਪਾਸ ਕੀਤਾ ਹੈ। ਇੱਥੇ ਹੀ ਬਸ ਨਹੀਂ ਕਿਸਾਨਾਂ ਨੇ ਸਰਕਾਰੀ ਅਫਸਰਾਂ ਨੂੰ ਵੀ ਚਿਤਾਵਨੀ ਜਾਰੀ ਕਰ ਦਿੱਤੀ ਹੈ।

ਭਵਾਨੀਗੜ੍ਹ ਦੇ ਪਿੰਡ ਘਰਾਚੋ ‘ਚ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਚ ਕਿਸਾਨਾਂ ਦੀ ਬੈਠਕ ਹੋਈ। ਇਸ ਬੈਠਕ ਵਿੱਚ ਕਿਸਾਨਾਂ ਨੇ ਵੱਡਾ ਫੈਸਲਾ ਲੈਂਦੇ ਹੋਏ ਪ੍ਰਸਤਾਵ ਪਾਸ ਕੀਤਾ ਗਿਆ ਕਿ ਉਹ ਹਰ ਹਾਲ ਵਿੱਚ ਝੋਨੇ ਦੀ ਪਰਾਲੀ ਨੂੰ ਅੱਗ ਦੇ ਹਵਾਲੇ ਕਰਨਗੇ। ਚਾਹੇ ਉਨ੍ਹਾਂ ਖਿਲਾਫ ਕੋਈ ਵੀ ਕਾਰਵਾਈ ਕੀਤੀ ਜਾਵੇ। ਇਸ ਦੌਰਾਨ ਕਿਸਾਨਾਂ ਨੇ ਪ੍ਰਸ਼ਾਸਨ ਤੇ ਸਰਕਾਰ ਖਿਲਾਫ ਜੰਮਕੇ ਨਾਅਰੇਬਾਜੀ ਕੀਤੀ ਤੇ ਪਰਾਲੀ ਦੇ ਪੱਕੇ ਹੱਲ ਦੀ ਮੰਗ ਕੀਤੀ ਹੈ।

ਉੱਥੇ ਹੀ ਕਿਸਾਨ ਪ੍ਰਸ਼ਾਸਨ ਨਾਲ ਆਰ ਪਾਰ ਦੀ ਲੜਾਈ ਲੜਨ ਲਈ ਤਿਆਰ ਹਨ। ਕਿਸਾਨਾਂ ਨੇ ਚਿਤਾਵਨੀ ਦਿੱਤੀ ਹੈ ਕਿ ਜੇਕਰ ਪਰਾਲੀ ਸਾੜਨ ਤੋਂ ਰੋਕਣ ਆਇਆ ਕੋਈ ਅਧਿਕਾਰੀ ਸਮਝਾਉਣ ਤੇ ਨਾ ਸਮਝਿਆ ਤਾਂ ਉਸਨੂੰ ਬੰਧਕ ਬਣਾ ਲਿਆ ਜਾਵੇਗਾ।

ਇਕ ਪਾਸੇ ਸਰਕਾਰ ਪਰਾਲੀ ਨਾ ਸਾੜਨ ਦੀ ਅਪੀਲ ਕਰ ਰਹੀ ਹੈ ਤੇ ਦੂਜੇ ਪਾਸੇ ਕਿਸਾਨਾਂ ਵੱਲੋਂ ਸਰਕਾਰ ਨੂੰ ਹੀ ਵੰਗਾਰਿਆ ਜਾ ਰਿਹਾ ਹੈ। ਪਰ ਸਮੱਸਿਆ ਦਾ ਹੱਲ ਨਿਕਲਦਾ ਵਿਖਾਈ ਨਹੀਂ ਦੇ ਰਿਹਾ।

ਪੰਜਾਬ ਵਿਚ ਇਸ ਸਮੇਂ ਝੋਨੇ ਦੀ ਵਾਢੀ ਦਾ ਕੰਮ ਸ਼ੁਰੂ ਹੋ ਚੁੱਕਾ ਹੈ ਤੇ ਇੱਥੇ ਇਸ ਵਾਰ 11 ਅਕਤੂਬਰ ਤੱਕ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ‘ਚ 45 ਫ਼ੀਸਦੀ ਵਾਧਾ ਦਰਜ ਕੀਤਾ ਗਿਆ ਹੈ ਜਦੋਂ ਕਿ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਇਸ ਸਾਲ ਇਸ ਸਬੰਧੀ ਚੁੱਕੇ ਗਏ ਸਖ਼ਤ ਕਦਮਾਂ ਤੋਂ ਬਾਅਦ ਇਹ ਅੰਕੜਾ ਹੌਲੀ-ਹੌਲੀ ਹੇਠਾਂ ਆਵੇਗਾ। ਜ਼ਿਕਰਯੋਗ ਹੈ ਕਿ 15 ਅਕਤੂਬਰ ਤੋਂ 15 ਨਵੰਬਰ ਦੇ ਸਮੇਂ ਨੂੰ ਬਹੁਤ ਹੀ ਨਾਜ਼ੁਕ ਮੰਨਿਆ ਜਾਂਦਾ ਹੈ ਕਿਉਂਕਿ ਇਸ ਸਮੇਂ ਦੌਰਾਨ ਵਾਢੀ ਦਾ ਕੰਮ ਜ਼ੋਰਾਂ ‘ਤੇ ਹੁੰਦਾ ਹੈ ਅਤੇ ਇਸ ਸਮੇਂ ਦੌਰਾਨ ਪੰਜਾਬ ਅਤੇ ਗੁਆਂਢੀ ਸੂਬਿਆਂ ਵਿਚ ਵੱਡੇ ਪੱਧਰ ‘ਤੇ ਪਰਾਲੀ ਨੂੰ ਅੱਜ ਲਗਾਈ ਜਾਂਦੀ ਹੈ ਜੋ ਦਿੱਲੀ ਵਿਚ ਪ੍ਰਦੂਸ਼ਣ ਦਾ ਕਾਰਨ ਬਣਦਾ ਹੈ। ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ (ਪੀ. ਪੀ. ਸੀ. ਬੀ.) ਦੇ ਅੰਕੜਿਆਂ ਅਨੁਸਾਰ ਪਿਛਲੇ ਸਾਲ 11 ਅਕਤੂਬਰ ਤੱਕ ਪਰਾਲੀ ਸਾੜਨ ਦੀਆਂ 435 ਘਟਨਾਵਾਂ ਰਿਕਾਰਡ ਕੀਤੀਆਂ ਗਈਆਂ ਸਨ ਜਦੋਂ ਕਿ ਇਸ ਸਾਲ ਇਹ ਅੰਕੜਾ 630 ਤੱਕ ਪਹੁੰਚ ਚੁੱਕਾ ਹੈ। ਇਕੱਲੇ ਅੰਮ੍ਰਿਤਸਰ ‘ਚ ਹੀ 295 ਅੱਗ ਲਾਉਣ ਦੀਆਂ ਘਟਨਾਵਾਂ ਦਰਜ ਕੀਤੀਆਂ ਗਈਆਂ ਜਦੋਂ ਕਿ ਤਰਨਤਾਰਨ ਤੇ ਪਟਿਆਲਾ ‘ਚ ਕ੍ਰਮਵਾਰ ਇਨ੍ਹਾਂ ਦੀ ਗਿਣਤੀ 126 ਤੇ 57 ਰਹੀ ਹੈ। ਪੰਜਾਬ ਖੇਤੀਬਾੜੀ ਸਕੱਤਰ ਕੇ. ਐਸ. ਪੰਨੂ ਨੇ ਕਿਹਾ ਕਿ ਪਰਾਲੀ ਨੂੰ ਅੱਗ ਲਾਉਣ ਦੀਆਂ ਘਟਨਾਵਾਂ ਨੂੰ ਸੈਟੇਲਾਈਟ ਰਾਹੀਂ ਲੱਭਿਆ ਜਾਂਦਾ ਹੈ ਜੋ ਕਿ ਇਨ੍ਹਾਂ ਘਟਨਾਵਾਂ ਦੀਆਂ ਸਾਫ਼ ਤਸਵੀਰਾਂ ਨਹੀਂ ਦਿੰਦਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਸੈਟੇਲਾਈਟ ਅੰਕੜਿਆਂ ‘ਚ ਅੰਤਿਮ ਸੰਸਕਾਰ ਸਮੇਂ ਲਗਾਈ ਅੱਗ ਅਤੇ ਡੰਪਾਂ ‘ਚ ਲਗਾਈ ਅੱਗ ਵੀ ਸ਼ਾਮਿਲ ਹੁੰਦੇ ਹਨ ਜਦੋਂ ਕਿ ਪੰਜਾਬ ‘ਚ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ਬਹੁਤ ਘੱਟ ਹਨ। ਉਨ੍ਹਾਂ ਕਿਹਾ ਕਿ ਇਸ ਸਾਲ ਦੌਰਾਨ ਪਿਛਲੇ ਸਾਲ ਲਾਈ ਅੱਗ ਦੀਆਂ ਘਟਨਾਵਾਂ ‘ਚ ਕਮੀ ਆਵੇਗੀ। ਪੰਨੂ ਨੇ ਕਿਹਾ ਕਿ ਕੇਂਦਰ ਦੇ ਅੰਕੜਿਆਂ ਅਨੁਸਾਰ ਪੰਜਾਬ ‘ਚ ਪਰਾਲੀ ਨੂੰ ਅੱਗ ਲਗਾਉਣ ਦੀਆਂ ਘਟਨਾਵਾਂ ‘ਚ 1 ਤੋਂ 10 ਅਕਤੂਬਰ ਤੱਕ ਸਾਲ 2016 ਦੀਆਂ 1714 ਘਟਨਾਵਾਂ ਦੇ ਮੁਕਾਬਲੇ ਇਸ ਸਾਲ 430 ਘਟਨਾਵਾਂ ਹੀ ਸਾਹਮਣੇ ਆਈਆਂ ਹਨ। ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਹੁਣ ਤੱਕ ਕਿਸਾਨਾਂ ਤੇ ਕੋਆਪਰੇਟਿਵ ਸੁਸਾਇਟੀਆਂ ਨੂੰ ਹੈਪੀ ਸੀਡਰ, ਐਸ. ਐਮ. ਐਸ., ਮਲਚਰ ਤੇ ਹੋਰ ਵੱਖ-ਵੱਖ 28000 ਮਸ਼ੀਨਾਂ ਦਿੱਤੀਆਂ ਹਨ ਤੇ ਇਸ ਸਾਲ 23000 ਹੋਰ ਮਸ਼ੀਨਾਂ ਦਿੱਤੀਆਂ ਜਾਣਗੀਆਂ ਜਿਨ੍ਹਾਂ ‘ਚੋਂ 15000 ਮਸ਼ੀਨਾਂ ਦਿੱਤੀਆਂ ਜਾ ਚੁੱਕੀਆਂ ਹਨ ਹਾਲਾਂਕਿ ਕਿਸਾਨਾਂ ਦਾ ਕਹਿਣਾ ਹੈ ਕਿ ਮਹਿੰਗੀ ਮਸ਼ੀਨਰੀ ਖ਼ਰੀਦਣਾ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਤੇ ਡੀਜ਼ਲ ਦੀਆਂ ਵਧਦੀਆਂ ਕੀਮਤਾਂ ਕਾਰਨ ਇਨ੍ਹਾਂ ਦਾ ਕਿਰਾਇਆ ਦੇਣਾ ਵੀ ਸੌਖਾ ਨਹੀਂ। ਪੰਨੂ ਨੇ ਕਿਹਾ ਕਿ ਕਿਸਾਨਾਂ ਨੂੰ 100 ਰੁਪਏ ਪ੍ਰਤੀ ਕੁਇੰਟਲ ਵਿੱਤੀ ਸਹਾਇਤਾ ਦੇਣ ਨਾਲ ਇਹ ਮਸਲਾ ਹੱਲ ਹੋ ਸਕਦਾ ਹੈ। ਪੀ.ਪੀ.ਸੀ.ਬੀ. ਦੇ ਚੇਅਰਮੈਨ ਐਸ. ਐਸ. ਮਰਵਾਹਾ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਵੱਡੇ ਪੱਧਰ ‘ਤੇ ਮੁਹਿੰਮ ਚਲਾਈ ਹੈ ਜਿਸ ਲਈ ਅਸੀਂ 6000 ਟੀਮਾਂ ਬਣਾਈਆਂ ਹਨ। ਇਹ ਟੀਮਾਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਜਾਗਰੂਕ ਕਰਦੀਆਂ ਹਨ। ਮਰਵਾਹਾ ਨੇ ਇਹ ਵੀ ਕਿਹਾ ਕਿ ਦਿੱਲੀ ਆਪਣੇ ਹਵਾ ਪ੍ਰਦੂਸ਼ਣ ਲਈ ਖ਼ੁਦ ਜ਼ਿੰਮੇਵਾਰ ਹੈ ਤੇ ਪੰਜਾਬ ਦੀ ਉਸ ਦੇ ਪ੍ਰਦੂਸ਼ਣ ਵਿਚ ਨਾਮਾਤਰ ਭੂਮਿਕਾ ਹੈ।


ਪੰਜਾਬ ਸਰਕਾਰ ਨੇ ਠੇਕੇ ‘ਤੇ ਜ਼ਮੀਨ ਦੇਣ ਵਾਲੇ ਜ਼ਮੀਨ ਮਾਲਕਾਂ ਨੂੰ ਆਖਿਆ ਕਿ ਉਹ ਆਪਣੇ ਖੇਤਾਂ ‘ਚ ਪਰਾਲੀ ਸਾੜਨ ਦੀ ਕੋਈ ਵੀ ਘਟਨਾ ਨਾ ਵਾਪਰਨ ਦੇਣ ਨੂੰ ਯਕੀਨੀ ਬਣਾਉਣ। ਖੇਤੀਬਾੜੀ ਸਕੱਤਰ ਕਾਹਨ ਸਿੰਘ ਪੰਨੂ ਨੇ ਦੱਸਿਆ ਕਿ ਪੰਜਾਬ ‘ਚ ਖੇਤੀਬਾੜੀ ਜ਼ਮੀਨ ਦਾ ਲਗਪਗ 25 ਫ਼ੀਸਦੀ ਰਕਬਾ ਐਨ. ਆਰ. ਆਈ. ਪੰਜਾਬੀਆਂ ਜਾਂ ਸ਼ਹਿਰੀ ਖੇਤਰਾਂ ‘ਚ ਰਹਿੰਦੇ ਲੋਕਾਂ ਦੀ ਮਾਲਕੀ ਵਾਲਾ ਹੈ ਅਤੇ ਇਹ ਲੋਕ ਪ੍ਰਤੀ ਏਕੜ 40000 ਤੋਂ ਲੈ ਕੇ 55000 ਰੁਪਏ ਠੇਕਾ ਲੈ ਰਹੇ ਹਨ। ਇਸ ਕਰਕੇ ਇਨ੍ਹਾਂ ਲੋਕਾਂ ਦੀ ਆਪਣੇ ਖੇਤਾਂ ‘ਚ ਪਰਾਲੀ ਸਾੜਨ ਤੋਂ ਰੋਕਣ ਦੀ ਬਰਾਬਰ ਦੀ ਜ਼ਿੰਮੇਵਾਰੀ ਬਣਦੀ ਹੈ। ਪੰਨੂ ਨੇ ਕਿਹਾ ਕਿ ਜੇਕਰ ਇਨ੍ਹਾਂ ਲੋਕਾਂ ਦੇ ਖੇਤਾਂ ‘ਚ ਅੱਗ ਲਾਉਣ ਦੀ ਘਟਨਾ ਵਾਪਰਦੀ ਹੈ ਤਾਂ ਇਸ ਨੂੰ ਸਿੱਧੇ ਤੌਰ ‘ਤੇ ਸਰਕਾਰ ਦੇ ਹੁਕਮਾਂ ਦੀ ਉਲੰਘਣਾ ਮੰਨਦੇ ਹੋਏ ਜ਼ਮੀਨ ਮਾਲਕਾਂ ਵਿਰੁੱਧ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਜ਼ਮੀਨ ਮਾਲਕਾਂ ਨੂੰ ਅਪੀਲ ਕੀਤੀ ਕਿ ਉਹ ਉਨ੍ਹਾਂ ਦੀ ਜ਼ਮੀਨ ਠੇਕੇ ‘ਤੇ ਵਾਹੁਣ ਵਾਲੇ ਕਾਸ਼ਤਕਾਰਾਂ ਲਈ ਠੇਕੇ ਦੀ ਰਕਮ ਕੁਝ ਘੱਟ ਕਰਨ ਤੇ ਉਨ੍ਹਾਂ ਨੂੰ ਪਰਾਲੀ ਸਾੜਨ ਦੀ ਬਜਾਏ ਖੇਤਾਂ ‘ਚ ਮਿਲਾ ਦੇਣ ਲਈ ਪ੍ਰੇਰਿਤ ਕਰਨ, ਜਿਸ ਨਾਲ ਜ਼ਮੀਨ ਦੀ ਸਿਹਤ ‘ਚ ਸੁਧਾਰ ਹੋਣ ਦੇ ਨਾਲ-ਨਾਲ ਵਾਤਾਵਰਨ ਨੂੰ ਬਚਾਇਆ ਜਾ ਸਕੇਗਾ। ਖੇਤੀਬਾੜੀ ਸਕੱਤਰ ਨੇ ਦੱਸਿਆ ਕਿ ਪਰਾਲੀ ਸਾੜਨ ਦੀ ਸਮੱਸਿਆ ‘ਤੇ ਰੋਕ ਲਾਉਣ ਲਈ ਡਿਪਟੀ ਕਮਿਸ਼ਨਰਾਂ ਨੂੰ ਆਪਣੇ ਸਬੰਧਿਤ ਜ਼ਿਲ੍ਹਿਆਂ ‘ਚ ਪਿੰਡ ਪੱਧਰ ‘ਤੇ ਤਾਇਨਾਤ ਨੋਡਲ ਅਫ਼ਸਰਾਂ ਰਾਹੀਂ ਜ਼ਮੀਨ ਮਾਲਕਾਂ ਦੀ ਸੂਚੀ ਤਿਆਰ ਕਰਨ ਲਈ ਕਿਹਾ ਗਿਆ ਹੈ। ਇਨ੍ਹਾਂ ਨੋਡਲ ਅਫ਼ਸਰਾਂ ਨੂੰ ਨਿਰਦੇਸ਼ ਦਿੱਤੇ ਗਏ ਹਨ ਕਿ ਉਹ ਠੇਕੇ ‘ਤੇ ਜ਼ਮੀਨ ਦੇਣ ਵਾਲੇ ਵਿਅਕਤੀਆਂ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਪਰਾਲੀ ਨਾ ਸਾੜਨ ਸਬੰਧੀ ਜਾਰੀ ਹਦਾਇਤਾਂ ਦੀ ਪਾਲਣਾ ਕਰਨ ਲਈ ਜ਼ੋਰ ਪਾਉਣ। ਖੇਤੀਬਾੜੀ ਸਕੱਤਰ ਨੇ ਅੱਗੇ ਦੱਸਿਆ ਕਿ ਸਾਰੇ ਮਾਲ ਪਟਵਾਰੀਆਂ ਨੂੰ ਉਸ ਖੇਤੀਬਾੜੀ ਜ਼ਮੀਨ, ਜਿਸ ‘ਚ ਪਰਾਲੀ ਸਾੜਨ ਦੀ ਕੋਈ ਘਟਨਾ ਵਾਪਰਦੀ ਹੈ, ਦੀ ਗਿਰਦਾਵਰੀ ‘ਚ ‘ਰੈੱਡ ਐਂਟਰੀ’ ਦਰਜ ਕਰਨ ਦੇ ਨਿਰਦੇਸ਼ ਪਹਿਲਾਂ ਹੀ ਦਿੱਤੇ ਜਾ ਚੁੱਕੇ ਹਨ।

Check Also

ਮੋਗਾ ਵਿਚ ਪੈਦਲ ਜਾ ਰਹੇ ਪਿਉ-ਪੁੱਤ ਉਤੇ ਪਲਟਿਆ ਟੈਂਪੂ, ਦੋਵਾਂ ਦੀ ਮੌਤ

ਮੋਗਾ ਦੇ ਬਰਨਾਲਾ ਰੋਡ ‘ਤੇ ਇਕ ਦਰਦਨਾਕ ਹਾਦਸਾ ਵਾਪਰਿਆ ਹੈ ਜਿਸ ਨੇ ਪਿਉ-ਪੁੱਤ ਦੀ ਜਾਨ …