Breaking News
Home / ਸਾਹਿਤ / ਪੰਜਾਬੀ, ਹਿੰਦੀ ਸਾਮਰਾਜਵਾਦ, ਤੇ ਸੈਕੂਲਰ ਅਦਾਰੇ

ਪੰਜਾਬੀ, ਹਿੰਦੀ ਸਾਮਰਾਜਵਾਦ, ਤੇ ਸੈਕੂਲਰ ਅਦਾਰੇ

ਪ੍ਰਭਸ਼ਰਨਦੀਪ ਸਿੰਘ
ਹਿੰਦੂਤਵੀ ਫਾਸ਼ੀਵਾਦ ਦੀ ਨੁਮਾਇੰਦਗੀ ਕਰਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਸਿਆਸੀ ਅਤੇ ਸੱਭਿਆਚਾਰਕ ਇਕਸਾਰਤਾ ਕਾਇਮ ਕਰਨ ਦੀ ਮੁਹਿੰਮ ਛੇੜੀ ਹੋਈ ਹੈ। ਉਹ ਹਿੰਦੁਸਤਾਨ ਦੇ ਕਬਜ਼ੇ ਹੇਠਲੇ ਇਲਾਕਿਆਂ ਵਿੱਚ ਵਸਦੇ ਗ਼ੈਰ-ਹਿੰਦੂਆਂ ਦੇ ਧਰਮ, ਸੱਭਿਆਚਾਰ, ਅਤੇ ਬੋਲੀ ਨੂੰ ਖਤਮ ਕਰਨ ਦੇ ਮਨਸੂਬੇ ਘੜੀ ਫਿਰਦੇ ਹਨ। ਪੰਜਾਬ ਵਿੱਚ ਸਿੱਖਾਂ ਨੇ ਹਿੰਦੂਤਵੀਆਂ ਦੇ ਫਾਸ਼ੀ ਮਨਸੂਬਿਆਂ ਦਾ ਭਰਵਾਂ ਵਿਰੋਧ ਕੀਤਾ ਹੈ। ਪੰਜਾਬ ਦਾ ਹਿੰਦੂ ਭਾਈਚਾਰਾ ਜਾਂ ਤਾਂ ਇਸ ਫਾਸ਼ੀਵਾਦ ਦੀ ਖੁੱਲ੍ਹ ਕੇ ਹਮਾਇਤ ਕਰ ਰਿਹਾ ਹੈ, ਜਾਂ ਇਸ ਨੂੰ ਮੂਕ ਸਹਿਮਤੀ ਦੇ ਰਿਹਾ ਹੈ। ਪੰਜਾਬ ਦੀ ਸਾਹਿਤਕ ਸਥਾਪਤੀ, ਜਿਸ ‘ਤੇ ਮਾਰਕਸੀ ਹਲਕੇ ਭਾਰੂ ਹਨ, ਨੇ ਹਮੇਸ਼ਾ ਵਾਂਗ ਇਸ ਅਮਲ ਦੀ ਰਸਮੀ ਵਿਰੋਧਤਾ ਕੀਤੀ ਹੈ। ਪਰ ਮਾਰਕਸੀ ਹਲਕੇ ਅੰਤ ਨੂੰ ਹਿੰਦੂ ਸਥਾਪਤੀ ਦੇ ਹੱਕ ਵਿੱਚ ਹੀ ਭੁਗਤਦੇ ਹਨ। ਇਸ ਦੀ ਵਜ੍ਹਾ ਇਹ ਹੈ ਕਿ ਉਹ ਫਿਰਕਾਪ੍ਰਸਤੀ ਜਾਂ ਧਰਮ ਦਾ ਬੁਨਿਆਦੀ ਪੱਧਰ ‘ਤੇ ਵਿਰੋਧ ਕਰਨ ਦੀ ਬਜਾਏ ਦਮਨਕਾਰੀ ਹਿੰਦੂ ਸਥਾਪਤੀ ਤੇ ਉਸ ਦੇ ਜਬਰ ਦੀਆਂ ਸ਼ਿਕਾਰ ਧਿਰਾਂ ਨੂੰ ਇੱਕੋ ਰੱਸੇ ਬੰਨ੍ਹ ਦਿੰਦੇ ਹਨ। ਇਸ ਤੋਂ ਵੀ ਜ਼ਿਆਦਾ, ਖਾਲਿਸਤਾਨ ਦੀ ਪ੍ਰਾਪਤੀ ਲਈ ਚੱਲੇ ਜੁਝਾਰੂ ਸੰਘਰਸ਼ ਦੌਰਾਨ ਮਾਰਕਸਵਾਦੀਆਂ ਨੇ ਭਾਰਤੀ ਸਥਾਪਤੀ ਦੇ ਵਿਰੋਧ ਨੂੰ ਰਸਮੀ ਕਾਰਵਾਈ ਤੱਕ ਸੀਮਤ ਰੱਖਿਆ ਪਰ ਸਿੱਖਾਂ ਦੇ ਹੱਕੀ ਸੰਘਰਸ਼ ਖਿਲਾਫ ਸਿਰਤੋੜਵੀਂ ਮੁਹਿੰਮ ਵਿੱਢੀ। ਮਾਰਕਸੀ ਧਿਰਾਂ ਦਾ ਇਹ ਰਵੱਈਆ ਅੱਜ ਤੱਕ ਇਸੇ ਤਰਾਂ ਜਾਰੀ ਹੈ।

ਅਜਿਹੀ ਸਥਿਤੀ ਵਿੱਚ ਭਾਰਤੀ ਸਥਾਪਤੀ ਨੂੰ ਆਪਣੇ ਹੱਕ ਵਿੱਚ ਲੋਕ-ਰਾਇ ਲਾਮਬੰਦ ਕਰਨ ਲਈ ਸਾਰੇ ਹਲਕਿਆਂ ਦੀ ਹਮਾਇਤ ਦੀ ਲੋੜ ਸੀ। ਭਾਵੇਂ ਕਿ ਪੰਜਾਬੀ ਦੇ ਬਹੁਤੇ ਬਹੁਤੇ ਗਾਇਕ ਅਤੇ ਕਲਾਕਾਰ ਪੰਜਾਬੀ ਦੇ ਹੱਕ ਵਿੱਚ ਹੀ ਨਿੱਤਰੇ ਹਨ, ਪਰ ਕੁੱਝ ਮਸ਼ਹੂਰ ਕਲਾਕਾਰ ਹਿੰਦੀ ਸਾਮਰਾਜਵਾਦ ਦੀ ਹਮਾਇਤ ਲਈ ਸ਼ਾਇਦ ਸਰਕਾਰ ਤੋਂ ਵੀ ਕਾਹਲੇ ਸਨ। ਪੰਜਾਬੀ ਗਾਇਕ ਗੁਰਦਾਸ ਮਾਨ ਇਹਨਾਂ ਵਿੱਚੋਂ ਇੱਕ ਹੈ। ਆਪਣੀ ਕੈਨੇਡਾ ਫੇਰੀ ਦੌਰਾਨ, ਗੁਰਦਾਸ ਮਾਨ ਨੇ ਇੱਕ ਦੇਸ਼-ਇੱਕ ਭਾਸ਼ਾ ਦੇ ਫਾਸ਼ੀ ਏਜੰਡੇ ਦੀ ਸਿੱਧੀ ਅਤੇ ਸਪੱਸ਼ਟ ਹਮਾਇਤ ਕੀਤੀ। ਕੈਨੇਡਾ ਦੇ ਸਿੱਖਾਂ ਨੇ ਗੁਰਦਾਸ ਮਾਨ ਦੇ ਇਸ ਬਿਆਨ ਦਾ ਜਮਹੂਰੀ ਹੱਦਬੰਦੀਆਂ ਵਿੱਚ ਰਹਿੰਦਿਆਂ ਵਿਰੋਧ ਕੀਤਾ। ਜ਼ਿਕਰਯੋਗ ਹੈ ਕਿ ਇੱਕਾ-ਦੁੱਕਾ ਬੰਦਿਆਂ ਨੂੰ ਛੱਡ ਕੇ ਪੰਜਾਬੀ ਹਿੰਦੂ ਅਤੇ ਮੁਸਲਮਾਨ ਭਾਈਚਾਰੇ ਹਮੇਸ਼ਾ ਵਾਂਗ ਇਸ ਵਾਰ ਵੀ ਚੁੱਪ ਰਹੇ। ਇਹਨਾਂ ਮੁਜ਼ਾਹਰਿਆਂ ਦੇ ਜੁਆਬ ਵਿੱਚ ਗੁਰਦਾਸ ਮਾਨ ਗਾਲ਼ੀ-ਗਲ਼ੋਚ ‘ਤੇ ਉੱਤਰ ਆਇਆ। ਗੁਰਦਾਸ ਮਾਨ ਦੀ ਮੌਕਾਪ੍ਰਸਤੀ ਅਤੇ ਹੋਛਾਪਣ ਉਸਦੀ ਸ਼ਖਸੀਅਤ ਅਤੇ ਪਹੁੰਚ ਬਾਰੇ ਬਹੁਤ ਸਾਰੇ ਸੁਆਲ ਖੜ੍ਹੇ ਕਰਦੇ ਹਨ ਜਿਹਨਾਂ ਨੂੰ ਅਸੀਂ ਮੁਖਾਤਬ ਹੋਣ ਦੀ ਕੋਸ਼ਿਸ਼ ਕਰਾਂਗੇ।

ਗੁਰਦਾਸ ਮਾਨ ਇੱਕ ਬੇਹੱਦ ਕਾਮਯਾਬ ਪੰਜਾਬੀ ਕਲਾਕਾਰ ਹੈ ਜੋ ਗਾਇਕੀ ਤੇ ਨਾਚ ਦੇ ਸੁਮੇਲ ਰਾਹੀਂ ਲੋਕਾਂ ਦਾ ਮਨਪ੍ਰਚਾਵਾ ਕਰਦਾ ਹੈ। ਮਨੁੱਖ ਜਾਤੀ ਨੇ ਗਾਇਕੀ ਤੇ ਨਾਚ ਦੀਆਂ ਅਨੇਕ ਵੰਨਗੀਆਂ ਪੈਦਾ ਕੀਤੀਆਂ ਹਨ ਜੋ ਆਪੋ-ਆਪਣੇ ਅੰਦਾਜ਼ ਵਿੱਚ ਮਨੁੱਖੀ ਅਨੁਭਵ ਨੂੰ ਜੀਵੰਤ ਕਰਦੀਆਂ ਹਨ। ਗੁਰਦਾਸ ਮਾਨ ਨੂੰ ਗਾਇਕੀ ਤੇ ਨਾਚ ਦੋਹਾਂ ਦੀ ਕੋਈ ਜਾਣਕਾਰੀ ਨਹੀਂ। ਉਸਨੇ ਬਗੈਰ ਕਿਸੇ ਕਲਾ-ਕੌਸ਼ਲਤਾ ਤੋਂ ਕਾਮਯਾਬੀ ਹਾਸਲ ਕੀਤੀ ਹੈ। ਅਜਿਹੀ ਕਾਮਯਾਬੀ ਸਾਡੇ ਸੱਭਿਆਚਾਰਕ ਨਿਘਾਰ ਦੀ ਸੂਚਕ ਹੈ। ਇਹ ਵਰਤਾਰਾ ਨਾਚ-ਗਾਣੇ ਤੱਕ ਸੀਮਤ ਨਹੀਂ ਹੈ। ਪੰਜਾਬ ਦੀ ਧਰਤੀ ‘ਤੇ ਅਜਿਹੇ ਬੰਦੇ ਕਿਸੇ ਵੀ ਖੇਤਰ ਵਿੱਚ ਕਾਮਯਾਬ ਹੋ ਜਾਂਦੇ ਹਨ। ਮਿਸਾਲ ਵਜੋਂ ਗੁਰਦਾਸ ਮਾਨ, ਸੁਰਜੀਤ ਪਾਤਰ, ਅਤੇ ਮਨਪ੍ਰੀਤ ਬਾਦਲ ਇੱਕੋ ਵੰਨਗੀ ਦੇ ਬੰਦੇ ਹਨ। ਮਸਨੂਈ ਜੁਗਤਾਂ ਦਾ ਸ਼ਾਇਰ ਸੁਰਜੀਤ ਪਾਤਰ ਬੇਹੱਦ ਮਸ਼ਹੂਰ ਕਵੀ ਹੈ। ਸਿਆਸੀ ਦਾਨਿਸ਼ਵਰ ਜਾਂ ਸਾਹਿਤ ਦੇ ਰਸੀਏ ਵਜੋਂ ਪ੍ਰਸਿੱਧ ਹੋਣ ਦੇ ਚਾਹਵਾਨ ਮਨਪ੍ਰੀਤ ਬਾਦਲ ਨੂੰ ਐਨੀ ਕੁ ਆਮ-ਸੋਝੀ ਨਹੀਂ ਕਿ ਪੰਜਾਬੀ ਬੋਲਦਿਆਂ ਉਰਦੂ ਸ਼ਬਦਾਵਲੀ ਦੀ ਕਿੰਨੀ ਕੁ ਮਿਕਦਾਰ ਸੁਭਾਵਕ ਹੋ ਸਕਦੀ ਹੈ। ਪੰਜਾਬ ਵਿੱਚ ਅਜਿਹੇ ਬੰਦਿਆਂ ਦਾ ਕਾਮਯਾਬ ਹੋਣਾ ਪੰਜਾਬ-ਦਰਦੀਆਂ ਲਈ ਗੰਭੀਰ ਸਰੋਕਾਰ ਹੋਣਾ ਚਾਹੀਦਾ ਹੈ। ਪਰ ਮਸਲਾ ਇਹ ਹੈ ਕਿ ਅਜਿਹੇ ਬੰਦਿਆਂ ਦੀ ਕਾਮਯਾਬੀ ਦੀ ਵਜ੍ਹਾ ਮਹਿਜ਼ ਆਮ ਲੋਕਾਂ ਦੇ ਸੁਹਜ-ਸੁਆਦ ਵਿੱਚ ਆਇਆ ਨਿਘਾਰ ਨਹੀਂ। ਇਹ ਸਭ ਕੁੱਝ ਇੱਕ ਵਡੇਰੇ ਸੰਕਟ ਕਰਕੇ ਵਾਪਰ ਰਿਹਾ ਹੈ। ਸਾਡੀਆਂ ਸਿਰਮੌਰ ਵਿੱਦਿਅਕ ਅਤੇ ਸਾਹਿਤਕ ਸੰਸਥਾਵਾਂ ਨੇ ਮਿੱਥ ਕੇ ਅਜਿਹੇ ਸ਼ਖਸਾਂ ਨੂੰ ਉਭਾਰਿਆ ਤੇ ਸਥਾਪਤ ਕੀਤਾ ਹੈ। ਪਾਤਰ ਦੀ ਅਸਲੋਂ ਪੇਤਲੀ ਤੇ ਸੁਹਜਹੀਣ ਸ਼ਾਇਰੀ ਨੂੰ ਵਿੱਦਿਅਕ ਤੇ ਸਾਹਿਤਕ ਅਦਾਰਿਆਂ ‘ਤੇ ਕਾਬਜ਼ ਬੰਦਿਆਂ ਨੇ ਇਉਂ ਵਡਿਆਇਆ ਜਿਵੇਂ ਇਸ ਤੋਂ ਪਹਿਲਾਂ ਉਹਨਾਂ ਨੇ ਕਦੇ ਕੋਈ ਕਵਿਤਾ ਪੜ੍ਹੀ ਹੀ ਨਾ ਹੋਵੇ। ਸੰਸਾਰ ਬੈਂਕ ਤੇ ਪੱਛਮੀ ਕਾਰਪੋਰੇਸ਼ਨਾਂ ਦੀਆਂ ਸਾਮਰਾਜੀ ਨੀਤੀਆਂ ਦੀ ਅੰਨ੍ਹੀ ਵਕਾਲਤ ਕਰਨ ਵਾਲ਼ਾ ਮਨਪ੍ਰੀਤ ਬਾਦਲ ਸੂਝਵਾਨ ਵੀ ਕਹਾਉਂਦਾ ਹੈ ਤੇ ਇਨਕਲਾਬੀ ਵੀ। ਸਭ ਤੋਂ ਵੱਡਾ ਅਨਰਥ ਇਹ ਹੋਇਆ ਕਿ ੧੪ ਦਸੰਬਰ ੨੦੧੨ ਨੂੰ ਪੰਜਾਬੀ ਯੂਨੀਵਰਸਿਟੀ ਨੇ ਇੱਕ ਬੇਸੁਰੇ ਨਚਾਰ ਗੁਰਦਾਸ ਮਾਨ ਨੂੰ ਸਨਮਾਨੀ ਡੀ.ਲਿਟ. ਦੀ ਡਿਗਰੀ ਨਾਲ਼ ਨਿਵਾਜਿਆ। ਇਸੇ ਦਿਨ ਸਿੰਘ ਬੰਧੂ ਵਿੱਚੋਂ ਇੱਕ ਸੁਰਿੰਦਰ ਸਿੰਘ ਜੀ ਵਰਗੇ ਪ੍ਰਬੁੱਧ ਕਲਾਸੀਕਲ ਗਾਇਕ ਨੂੰ ਵੀ ਸਨਮਾਨੀ ਡੀ.ਲਿਟ. ਦੀ ਡਿਗਰੀ ਦਿੱਤੀ ਗਈ। ਸਾਰੀ ਉਮਰ ਸੰਗੀਤ ਸਾਧਨਾ ਨੂੰ ਸਮਰਪਿਤ ਕਰਨ ਵਾਲ਼ੇ ਸੁਰਿੰਦਰ ਸਿੰਘ ਜੀ ਨਾਲ਼ ਅਜਿਹਾ ਕੋਝਾ ਮਜ਼ਾਕ ਕਰਨ ਦੀ ਕੀ ਲੋੜ ਸੀ? ਸੁਨੇਹਾ ਸਪੱਸ਼ਟ ਹੈ ਕਿ ਭਾਰਤੀ ਸਥਾਪਤੀ ਪੰਜਾਬੀ ਜਾਂ ਸਿੱਖ ਵਿਰਾਸਤ ਦੀਆਂ ਅਮੀਰ ਪ੍ਰੰਪਰਾਵਾਂ ਨੂੰ ਛੁਟਿਆ ਕੇ ਖਤਮ ਕਰਨ ਦੇ ਮਨਸੂਬੇ ਸਿਰੇ ਚਾੜ੍ਹਨ ਦੀ ਕੋਸ਼ਿਸ਼ ਕਰ ਰਹੀ ਹੈ। ਪਿਛਲੀ ਡੇਢ ਸਦੀ ਤੋਂ ਹਿੰਦੂ ਤੇ ਮੁਸਲਮਾਨ ਕੁਲੀਨ ਵਰਗ ਪੰਜਾਬੀ ਨੂੰ ਗੰਵਾਰਾਂ ਦੀ ਬੋਲੀ ਕਹਿ ਰਹੇ ਹਨ। ਸੁਰਜੀਤ ਪਾਤਰ ਅਤੇ ਗੁਰਦਾਸ ਮਾਨ ਵਰਗੇ ਬੰਦਿਆਂ ਨੂੰ ਸਿਰਮੌਰ ਸ਼ਾਇਰ ਅਤੇ ਗਾਇਕ ਵਜੋਂ ਸਥਾਪਤ ਕਰਨ ਦਾ ਮਕਸਦ ਇਹ ਸਾਬਤ ਕਰਨਾ ਹੈ ਕਿ ਪੰਜਾਬੀ ਸੱਚਮੁੱਚ ਹੀ ਉਜੱਡ ਲੋਕਾਂ ਦੀ ਬੋਲੀ ਹੈ।ਪਰ ਪੰਜਾਬੀ ਦੇ ਅਸਲ ਨੁਮਾਇੰਦੇ ਸੁਰਜੀਤ ਪਾਤਰ ਅਤੇ ਗੁਰਦਾਸ ਮਾਨ ਨਹੀਂ ਹਨ। ਪੰਜਾਬ ਦੀ ਸਾਹਿਤਕ ਅਤੇ ਸੰਗੀਤਕ ਵਿਰਾਸਤ ਬਹੁਤ ਅਮੀਰ ਹੈ। ਵੀਹਵੀਂ ਸਦੀ ਵਿੱਚ ਪੰਜਾਬੀ ਸਾਹਿਤ ਤੇ ਸੰਗੀਤ ਦੋਵੇਂ ਨਿਘਾਰ ਦਾ ਸ਼ਿਕਾਰ ਹੋਏ। ਇਸ ਨਿਘਾਰ ਦੇ ਬਹੁਤ ਸਾਰੇ ਕਾਰਨ ਹਨ। ਸਭ ਤੋਂ ਪਹਿਲਾ ਕਾਰਨ ਫਿਰਕਾਪ੍ਰਸਤੀ ਹੈ। ਜਿਵੇਂ ਕਿ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ, ਪੰਜਾਬ ‘ਤੇ ਅੰਗਰੇਜ਼ਾਂ ਦੇ ਕਬਜ਼ੇ ਤੋਂ ਬਾਅਦ, ਕੁਝ ਕੁ ਵਿਅਕਤੀਆਂ ਦੀਆਂ ਮਿਸਾਲਾਂ ਨੂੰ ਛੱਡ ਕੇ, ਹਿੰਦੂ ਤੇ ਮੁਸਲਮਾਨ ਭਾਈਚਾਰੇ ਪੰਜਾਬੀ ਨੂੰ ਪਿੱਠ ਵਿਖਾ ਗਏ। ਇਕੱਲੇ ਸਿੱਖ ਹੀ ਸਨ ਜੋ ਬਤੌਰ ਭਾਈਚਾਰਾ ਪੰਜਾਬੀ ਨੂੰ ਸਮਰਪਤ ਹੋ ਕੇ ਮੈਦਾਨ ਵਿੱਚ ਨਿੱਤਰੇ। ਅਸਲ ਵਿੱਚ ਅੰਗਰੇਜ਼ਾਂ ਨੇ ਸਿੱਖਾਂ ਨੂੰ ਬਰਬਾਦ ਕਰਨ ਦੇ ਮਕਸਦ ਨਾਲ਼ ਪੰਜਾਬੀ ਨੂੰ ਛੁਟਿਆਉਣ ਦੀ ਕੋਸ਼ਿਸ਼ ਕੀਤੀ ਜਿਸ ਵਿੱਚ ਹਿੰਦੂਆਂ ਤੇ ਮੁਸਲਮਾਨਾਂ ਨੇ ਅੰਗਰੇਜ਼ਾਂ ਦਾ ਡੱਟ ਕੇ ਸਾਥ ਦਿੱਤਾ। ਸਿੱਖਾਂ ਦੀ ਆਬਾਦੀ ਹਿੰਦੂਆਂ ਅਤੇ ਮੁਸਲਮਾਨਾਂ ਦੇ ਮੁਕਾਬਲੇ ਬਹੁਤ ਘੱਟ ਸੀ। ਇਸ ਕਰਕੇ ਪੰਜਾਬੀ ਦੀ ਤਰੱਕੀ ਲਈ ਹਾਸਲ ਮਨੁੱਖੀ ਅਤੇ ਵਿੱਤੀ ਸਰੋਤ ਬਹੁਤ ਸੀਮਤ ਹੋ ਗਏ। ਦੂਜਾ ਕਾਰਨ ਪੱਛਮ ਦੇ ਵਿਚਾਰਧਾਰਕ ਹਮਲੇ ਸਨ। ੧੯੩੦ਵਿਆਂ ਤੱਕ ਬਸਤੀਵਾਦੀ ਆਧੁਨਿਕਤਾ ਪੰਜਾਬ ਦੇ ਪੜ੍ਹੇ-ਲਿਖੇ ਲੋਕਾਂ ਦੇ ਇੱਕ ਵਰਗ ਦੇ ਮਨ-ਮਸਤਕ ਵਿੱਚ ਘਰ ਕਰ ਚੁੱਕੀ ਸੀ। ਇਸ ਦੌਰ ਵਿੱਚ ਅੱਗੇ ਆਏ ਸਾਹਿਤਕਾਰ, ਜਿਨ੍ਹਾਂ ਵਿੱਚੋਂ ਸੰਤ ਸਿੰਘ ਸੇਖੋਂ, ਮੋਹਨ ਸਿੰਘ, ਅੰਮ੍ਰਿਤਾ ਪ੍ਰੀਤਮ, ਪ੍ਰੀਤਮ ਸਿੰਘ ਸਫੀਰ, ਅਤੇ ਗੁਰਬਖਸ਼ ਸਿੰਘ ਪ੍ਰੀਤਲੜੀ ਮੁੱਖ ਹਨ, ਪੰਜਾਬੀ ਨੂੰ ਸਮਰਪਿਤ ਤਾਂ ਸਨ ਪਰ ਦਾਰਸ਼ਨਿਕ ਸੂਝ ਤੋਂ ਸੱਖਣੇ ਸਨ। ਪੱਛਮੀ ਵਿਚਾਰਧਾਰਕ ਸਾਮਰਾਜਵਾਦ ਨਾਲ਼ ਸਿੱਧਾ ਮੱਥਾ ਲਾਉਣਾ ਇਹਨਾਂ ਦੇ ਵੱਸ ਦੀ ਗੱਲ ਨਹੀਂ ਸੀ। ਹਾਲਾਂਕਿ ਇਹਨਾਂ ਤੋਂ ਪਹਿਲੇ ਦੌਰ ਦੇ ਸ਼ਾਇਰ-ਦਾਨਿਸ਼ਵਰ, ਭਾਈ ਵੀਰ ਸਿੰਘ ਅਤੇ ਪੂਰਨ ਸਿੰਘ, ਪੱਛਮੀ ਬਿਰਤਾਂਤਾਂ ਨੂੰ ਆਪੋ-ਆਪਣੇ ਅੰਦਾਜ਼ ਵਿੱਚ ਚੁਣੌਤੀਆਂ ਦੇ ਚੁੱਕੇ ਸਨ, ਪਰ ਤਾਂ ਵੀ ਇਸ ਦੌਰ ਦੇ ਲੇਖਕ ਗੱਲ ਨੂੰ ਅਗਾਂਹ ਨਾ ਤੋਰ ਸਕੇ। ਇਸੇ ਕਰਕੇ ੧੯੩੦ਵਿਆਂ ਤੋਂ ਬਾਅਦ ਦੇ ਸਾਹਿਤ ਦਾ ਮਿਆਰ ਵੀ ਡਿੱਗਣ ਲੱਗ ਪਿਆ। ਪੰਜਾਬੀ ਦੇ ਸੰਕਟ ਦਾ ਤੀਜਾ ਕਾਰਨ ਸੀ ਸੰਨ ਸੰਤਾਲੀ ਦੀ ਵੰਡ। ਸੰਤਾਲੀ ਦੀ ਵੰਡ ਕਰਕੇ ਅੰਗਰੇਜ਼ਾਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਮੁਲਕ ਦੇ ਦਿੱਤੇ ਅਤੇ ਸਿੱਖਾਂ ਨੂੰ ਬੇਘਰੇ ਬਣਾ ਦੂਜਿਆਂ ਦੇ ਰਹਿਮ ‘ਤੇ ਛੱਡ ਦਿੱਤਾ। ਇਸ ਦੀ ਵਜ੍ਹਾ ਸੀ ਕਿ ਹਿੰਦੂ ਤੇ ਮੁਸਲਮਾਨ ਅੰਗਰੇਜ਼ਾਂ ਦੇ ਖਿਲਾਫ ਸੰਘਰਸ਼ ਵਿੱਢਣ ਦੀ ਬਜਾਏ ਉਹਨਾਂ ਦੇ ਹੱਥਠੋਕੇ ਬਣੇ ਰਹੇ। ਅੰਗਰੇਜ਼ੀ ਬਸਤੀਵਾਦ ਖਿਲਾਫ ਸਿਰਫ ਸਿੱਖ ਹੀ ਮੈਦਾਨ ਵਿੱਚ ਜੂਝੇ। ਭਾਵੇਂ ਕਿ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਕੁਰਬਾਨੀਆਂ ਗਿਣਤੀ ਵਿੱਚ ਵੀ ਸਿੱਖਾਂ ਨਾਲੋਂ ਬਹੁਤ ਘੱਟ ਹਨ, ਪਰ ਆਬਾਦੀ ਦੇ ਲਿਹਾਜ਼ ਨਾਲ਼ ਵੇਖੀਏ ਤਾਂ ਇਹ ਨਾਂਹ ਦੇ ਬਰਾਬਰ ਹਨ। ਕਿਉਂਕਿ ਸੱਤਰ ਫੀਸਦੀ ਤੋਂ ਵਧੇਰੇ ਕੁਰਬਾਨੀਆਂ ਕਰਨ ਵਾਲ਼ੇ ਸਿੱਖਾਂ ਦੀ ਆਬਾਦੀ ਸਿਰਫ ੧.੬ ਫੀਸਦੀ ਸੀ, ਇਸ ਲਈ ਹਿੰਦੂਆਂ ਅਤੇ ਮੁਸਲਮਾਨਾਂ ਦੀਆਂ ਕੁਰਬਾਨੀਆਂ ਨਿਗੂਣੀਆਂ ਹੋ ਕੇ ਰਹਿ ਜਾਂਦੀਆਂ ਹਨ। ਕੁੱਝ ਹਿੰਦੂਆਂ ਅਤੇ ਮੁਸਲਮਾਨਾਂ ਵੱਲੋਂ ਅੰਗਰੇਜ਼ਾਂ ਖਿਲਾਫ ਲੜਨ ਦੇ ਬਾਵਜੂਦ ਇਤਿਹਾਸਕ ਹਕੀਕਤ ਇਹੀ ਹੈ ਕਿ ਉਕਤ ਦੋਹਾਂ ਭਾਈਚਾਰਿਆਂ ਨੇ ਅੰਗਰੇਜ਼ਾਂ ਨਾਲ਼ ਸਹਿਯੋਗ ਦੀ ਨੀਤੀ ਅਪਣਾਈ। ਉਹਨਾਂ ਦੇ ਸੰਘਰਸ਼ ਅੰਗਰੇਜ਼ਾਂ ਨਾਲ਼ ਦੋਸਤਾਨਾ ਖੇਡ ਤੋਂ ਵੱਧ ਕੋਈ ਅਹਿਮੀਅਤ ਨਹੀਂ ਰੱਖਦੇ ਜਿਸ ਦੇ ਇਵਜ਼ ਵਿੱਚ ਅੰਗਰੇਜ਼ਾਂ ਨੇ ਹਿੰਦੂਆਂ ਅਤੇ ਮੁਸਲਮਾਨਾਂ ਨੂੰ ਆਜ਼ਾਦ ਮੁਲਕ ਦਿੱਤੇ।

ਸੰਨ ਸੰਤਾਲੀ ਵਿੱਚ ਸਿੱਖਾਂ ਦੇ ਬੇਘਰ ਹੋਣ ਸਦਕਾ ਪੰਜਾਬੀ ਨਾਲ਼ ਦਿਲੀ ਸਨੇਹ ਰੱਖਣ ਵਾਲ਼ਾ ਇੱਕੋ-ਇੱਕ ਭਾਈਚਾਰਾ ਸਰੋਤਾਂ ਤੋਂ ਸੱਖਣਾ ਹੋ ਕੇ ਰਹਿ ਗਿਆ। ਭਾਵੇਂ ਕਿ ਸਿੱਖਾਂ ਨੇ ਸੰਤਾਲੀ ਤੋਂ ਅੱਜ ਤੱਕ ਪੰਜਾਬੀ ਦੀ ਸਲਾਮਤੀ ਅਤੇ ਤਰੱਕੀ ਲਈ ਬੇਸ਼ੁਮਾਰ ਉੱਦਮ ਕੀਤੇ ਪਰ ਪੰਜਾਬੀ ਆਪਣੀਆਂ ਪੁਰਾਣੀਆਂ ਬੁਲੰਦੀਆਂ ਹਾਸਲ ਨਾ ਕਰ ਸਕੀ। ਸਿੱਖਾਂ ਕੋਲ਼ ਰਾਜਭਾਗ ਨਾ ਹੋਣ ਕਰਕੇ ਪੰਜਾਬ ਦੇ ਵਿੱਦਿਅਕ ਅਤੇ ਸਾਹਿਤਕ ਅਦਾਰੇ ਕੌਮਾਂਤਰੀ ਭਾਈਚਾਰੇ ਨਾਲ਼ ਸੰਵਾਦ ਰਚਾਉਣ ਜੋਗੇ ਵੀ ਨਾ ਰਹੇ ਜਦੋਂ ਕਿ ਲੋੜ ਇਸ ਗੱਲ ਦੀ ਸੀ ਕਿ ਅਸੀਂ ਆਪਣੀ ਅਮੀਰ ਵਿਰਾਸਤ ਤੋਂ ਗਿਆਨ ਲੈ ਬਾਕੀ ਦੁਨੀਆਂ ਦੇ ਰਾਹ-ਦਸੇਰੇ ਬਣਦੇ। ਪੰਜਾਬ ਦੇ ਅਣਹੋਏ ਵਿੱਦਿਅਕ ਅਤੇ ਸਾਹਿਤਕ ਅਦਾਰਿਆਂ ਨੇ ਨਾ ਉੱਚਪਾਏ ਦੇ ਸਾਹਿਤਕਾਰ ਪੈਦਾ ਕੀਤੇ ਤੇ ਨਾ ਆਲੋਚਕ। ੧੯੬੦ਵਿਆਂ ਤੋਂ ਸ਼ੁਰੂ ਹੋਏ ਇਸ ਨਿਘਾਰ ਸਦਕਾ ਅੱਜ ਹਾਲਤ ਇਹ ਹੋ ਗਈ ਹੈ ਕਿ ਪੰਜਾਬੀ ਯੂਨੀਵਰਸਿਟੀ ਦੇ ਮਹਿਕਮਾ ਪੰਜਾਬੀ ਦੇ ਮੁਖੀ ਤੇ ਪੰਜਾਬੀ ਸਾਹਿਤ ਅਕਾਦਮੀ ਦੇ ਸਕੱਤਰ ਸੁਰਜੀਤ ਸਿੰਘ ਵਰਗੇ ਬੰਦਿਆਂ ਨੂੰ ਪੰਜਾਬੀ ਲਿਖਣੀ ਵੀ ਨਹੀਂ ਆਉਂਦੀ; ਜਿਹੜੇ ਅੱਖਰ ਹੇਠਾਂ ਬਿੰਦੀ ਲੱਗਦੀ ਹੈ ਉੱਥੇ ਇਹ ਨਹੀਂ ਲਾਉਂਦੇ, ਤੇ ਜਿੱਥੇ ਨਹੀਂ ਲੱਗਣੀ ਚਾਹੀਦੀ ਉੱਥੇ ਲਾ ਦਿੰਦੇ ਹਨ। ਪੰਜਾਬੀ ਅੱਖਰਾਂ ਦੇ ਪੈਰ ‘ਚ ਬਿੰਦੀ ਨਾ ਲਾਉਣ ਵਾਲ਼ੀ ਪਹੁੰਚ ਨਾਲ਼ ਤਾਂ ਸਹਿਮਤ ਹੋ ਸਕਦੇ ਹਾਂ, ਪਰ ਗ਼ਲਤ ਅੱਖਰ ਦੇ ਪੈਰ ‘ਚ ਬਿੰਦੀ ਲਾਉਣ ਦੀ ਤਾਂ ਬਿਲਕੁਲ ਹੀ ਕੋਈ ਤੁਕ ਨਹੀਂ ਬਣਦੀ। ਏਥੇ ਹੀ ਬੱਸ ਨਹੀਂ, ਪੱਤਰਕਾਰ ਯਾਦਵਿੰਦਰ ਸਿੰਘ ਦੇ ਟੀਵੀ ਪ੍ਰੋਗਰਾਮ ਵਿੱਚ ਪੰਜਾਬੀ ਬਾਰੇ ਬਹਿਸ ਦੌਰਾਨ ਸੁਰਜੀਤ ਸਿੰਘ ਨੇ ਅੰਗਰੇਜ਼ੀ ਦੇ ਨੇਸ਼ਨ-ਬਿਲਡਿੰਗ ਦਾ ਉਲਥਾ ਰਾਸ਼ਟਰੀ ਇਮਾਰਤਸਾਜ਼ੀ ਕੀਤਾ। ਇੱਕ ਵਿਦਵਾਨ ਮਿੱਤਰ ਸਰਬਜੀਤ ਸਿੰਘ ਘੁੰਮਣ ਨੇ ਪਿਛਲੇ ਦਿਨੀਂ ਇਹ ਮੁੱਦਾ ਸਾਹਮਣੇ ਲਿਆਂਦਾ ਕਿ ਸੁਰਜੀਤ ਸਿੰਘ ਵਰਗੇ ਨਾਮਵਰ ਪ੍ਰੋਫੈਸਰ ਜੁਰਅਤ ਨੂੰ ਜ਼ੁਰਅਤ, ਤਜਰਬੇ ਨੂੰ ਤਜ਼ਰਬਾ, ਅਤੇ ਮੂਜਬ ਨੂੰ ਮੂਜ਼ਬ ਲਿਖਦੇ ਹਨ ਜੋ ਕਿ ਨਿਹਾਇਤ ਨਮੋਸ਼ੀਜਨਕ ਹੈ। ਇਸ ਦੇ ਜੁਆਬ ਵਿੱਚ ਜੋ ਕੁੱਝ ਸੁਰਜੀਤ ਸਿੰਘ ਨੇ ਕਿਹਾ ਉਸ ਨਾਲ਼ ਇਹਨਾਂ ਵਿਦਵਾਨਾਂ ਦੀ ਅਸਲੀਅਤ ਹੋਰ ਵੀ ਉਜਾਗਰ ਹੁੰਦੀ ਹੈ:

ਇੱਕ ਕੁੱਤਾ ਕਨੇਡਾ ਤੋਂ ਮੇਰੇ ਵੱਲ ਮੂੰਹ ਕਰਕੇ ਭੌਂਕਦਾ ਤੇ ਰੋਂਦਾ ਰਹਿੰਦਾ ਹੈ, ਪਤਾ ਕਰੋ ਉਸ ਨੂੰ ਕੋਈ ਬੀਮਾਰੀ ਤਾਂ ਨਹੀਂ ਜਾਂ ਉਸ ਨੂੰ ਖਾਣ ਲਈ ਰੱਜਵੀਂ ਰੋਟੀ ਨਹੀਂ ਮਿਲੀ? ਕਹਿੰਦੇ ਨੇ ਕਿ ਰਾਤ ਨੂੰ ਜਦੋਂ ਕੁੱਤੇ ਰੋਂਦੇ ਨੇ ਤਾਂ ਕਈ ਵਾਰ ਉਹ ਭੁੱਖੇ ਹੁੰਦੇ ਨੇ। ਉਨ੍ਹਾਂ ਨੂੰ ਕੁਝ ਟੁਕੜੇ ਖਾਣ ਨੂੰ ਦੇ ਦਿਓ ਤਾਂ ਉਹ ਟਿਕ ਜਾਂਦੇ ਹਨ।

ਉਪਰੋਕਤ ਟਿੱਪਣੀ ਸੁਰਜੀਤ ਸਿੰਘ ਨੇ ਸਰਬਜੀਤ ਸਿੰਘ ਘੁੰਮਣ ਬਾਰੇ ਕੀਤੀ। ਘੁੰਮਣ ਸਾਹਿਬ ਦਾ ਗੁਨਾਹ ਹੈ ਕਿ ਉਹਨਾਂ ਨੇ ਪੰਜਾਬੀ ਲਿਖਣ ਦੀ ਸਮਰੱਥਾ ਨੂੰ ਇੱਕ ਬੁਨਿਆਦੀ ਸ਼ਰਤ ਤਸਲੀਮ ਕੀਤਾ। ਸੁਰਜੀਤ ਸਿੰਘ ਦਾ ਜੁਆਬ ਕਿਸੇ ਪ੍ਰੋਫੈਸਰ, ਮੁਖੀ, ਜਾਂ ਸਕੱਤਰ ਦੀ ਸ਼ਖਸੀਅਤ ਦੇ ਪੱਧਰ ਦਾ ਨਹੀਂ ਹੈ; ਉਹਨਾਂ ਦੀ ਟਿੱਪਣੀ ਪੰਜਾਬ ਦੇ ਅਕਾਦਮਿਕ ਅਦਾਰਿਆਂ ‘ਚ ਆਏ ਨਿਘਾਰ ਦਾ ਇੱਕ ਹੋਰ ਪ੍ਰਮਾਣ ਹੀ ਬਣਦੀ ਹੈ। ਇਸ ਦੀ ਵਜ੍ਹਾ ਸਿਰਫ ਇਹ ਨਹੀਂ ਕਿ ਉਹਨਾਂ ਦੀ ਟਿੱਪਣੀ ਦੀ ਭਾਸ਼ਾ ਫਾਹਸ਼ ਅਤੇ ਗੰਵਾਰੂ ਹੈ ਸਗੋਂ ਇਹ ਵੀ ਹੈ ਕਿ ਅਕਾਦਮਿਕ ਅਦਾਰਿਆਂ ਤੇ ਬਿਰਾਜਮਾਨ ਬੰਦਿਆਂ ਨੂੰ ਨਾ ਪੰਜਾਬੀ ਦੀ ਵਾਕ-ਬਣਤਰ ਆਉਂਦੀ ਹੈ ਤੇ ਨਾ ਵਿਸ਼ਰਾਮ ਚਿੰਨਾਂ ਦੀ ਸਹੀ ਵਰਤੋਂ ਦੀ ਸੂਝ ਹੈ। ਮਿਸਾਲ ਵਜੋਂ, ਪਹਿਲੇ ਵਾਕ, ਜੋ “ਰੋਂਦਾ ਰਹਿੰਦਾ ਹੈ” ‘ਤੇ ਖਤਮ ਹੁੰਦਾ ਹੈ, ਤੋਂ ਬਾਅਦ ਪੂਰਨ ਵਿਸ਼ਰਾਮ, ਡੰਡੀ ਚਾਹੀਦੀ ਸੀ, ਕੌਮਾ ਨਹੀਂ। ਇਸ ਵਾਕ ਦੇ ਦੂਜੇ ਹਿੱਸੇ ਤੋਂ ਬਾਅਦ ਵਰਤਿਆ ਪ੍ਰਸ਼ਨ-ਚਿੰਨ ਗ਼ਲਤ ਨਹੀਂ ਪਰ ਅਟਪਟਾ ਹੈ। ਦੂਜੇ ਤੇ ਤੀਜੇ ਫਿਕਰੇ ਵਿੱਚ ਤਾਲਮੇਲ ਤੇ ਰਵਾਨੀ ਦੀ ਘਾਟ ਸਦਕਾ ਇਹ ਪਤਾ ਨਹੀਂ ਲਗਦਾ ਕਿ ਇਹ ਦੋ ਫਿਕਰੇ ਹਨ ਜਾਂ ਇੱਕ ਵਿੱਚ ਗ਼ਲਤੀ ਨਾਲ਼ ਡੰਡੀ ਪੈ ਗਈ ਹੈ। ਪੰਜਾਬੀ ਦੀ ਉਪਰੋਕਤ ਅਵਸਥਾ ਨੂੰ ਰੂਪਮਾਨ ਕਰਨ ਵਾਲ਼ੇ ਇਹ ਸ਼ਖਸ ਸਾਹਿਤ-ਰਚਨਾ, ਆਲੋਚਨਾ, ਅਤੇ ਚਿੰਤਨ ਦਾ ਵੱਡਾ ਨੁਕਸਾਨ ਕਰ ਚੁੱਕੇ ਹਨ। ਮਿਸਾਲ ਵਜੋਂ, ਹਰਿੰਦਰ ਸਿੰਘ ਮਹਿਬੂਬ ਅਤੇ ਕੁਲਵੰਤ ਸਿੰਘ ਗਰੇਵਾਲ ਦੋ ਅਜਿਹੇ ਸ਼ਾਇਰ ਹਨ ਜਿਹਨਾਂ ਨੇ ਇਸ ਨਿਘਾਰ ਵਾਲ਼ੇ ਦੌਰ ਵਿੱਚ ਵੀ ਬਹੁਤ ਉੱਚ-ਪਾਏ ਦੀ ਕਵਿਤਾ ਰਚੀ ਹੈ। ਹਨੇਰਗਰਦੀ ਦੀ ਅੱਤ ਹੈ ਕਿ ਪੰਜਾਬ ਦੇ ਵਿੱਦਿਅਕ ਅਤੇ ਸਾਹਿਤਕ ਅਦਾਰਿਆਂ ਤੇ ਕਾਬਜ਼ ਹੋਣ ਸਦਕਾ, ਸੁਰਜੀਤ ਸਿੰਘ ਵਰਗੇ ਲੋਕ, ਮਹਿਬੂਬ ਸਾਹਿਬ ਤੇ ਗਰੇਵਾਲ ਸਾਹਿਬ ਵਰਗੇ ਮਹਾਨ ਕਵੀਆਂ ਨੂੰ, ਜਿਹਨਾਂ ਦੀ ਸਾਹਿਤ ਅਤੇ ਭਾਸ਼ਾ ਦੋਹਾਂ ਨੂੰ ਅਦੁੱਤੀ ਦੇਣ ਹੈ, ਅੱਖੋਂ-ਪਰੋਖੇ ਕਰਨ ਦੀ ਸਮਰੱਥਾ ਵਿੱਚ ਹਨ; ਪੰਜਾਬੀ ਕਵਿਤਾ ਤੇ ਛਪਦੀਆਂ ਆਲੋਚਨਾ ਦੀਆਂ ਕਿਤਾਬਾਂ ਵਿੱਚ ਉਪਰੋਕਤ ਕਵੀਆਂ ਦਾ ਜ਼ਿਕਰ ਵੀ ਨਹੀਂ ਹੁੰਦਾ ਪਰ ਅਸਲੋਂ ਸਧਾਰਨ ਕਵੀਆਂ ਬਾਰੇ ਪੂਰੇ-ਪੂਰੇ ਕਾਂਡ ਹੁੰਦੇ ਹਨ। ਵਿਚਾਰਧਾਰਕ ਪ੍ਰਤੀਬੱਧਤਾ ਦੇ ਨਾਂ ਹੇਠ ਚੱਲਦੇ ਇਸ ਸਿੱਖ-ਵਿਰੋਧੀ ਫਾਸ਼ੀਵਾਦ ਦੇ ਖਿਲਾਫ ਕਿਤੇ ਕੋਈ ਸੁਣਵਾਈ ਹੀ ਨਹੀਂ। ਸਪੱਸ਼ਟ ਹੈ ਪੰਜਾਬੀ ਲਿਖਣ ਤੋਂ ਵੀ ਅਸਮਰੱਥ ਬੰਦੇ ਇਹ ਨਿਸਚਿਤ ਕਰਦੇ ਹਨ ਕਿ ਵਿਦਿਆਰਥੀਆਂ ਨੇ ਕਿਹੜਾ ਸਾਹਿਤ ਪੜ੍ਹਨਾ ਹੈ ਤੇ ਕਿਹੜਾ ਨਹੀਂ। ਸਿੱਟੇ ਵਜੋਂ, ਗੁਰਦਾਸ ਮਾਨ ਵਰਗਾ ਬੇਸੁਰਾ ਗਾਇਕ ਪੰਜਾਬੀ ਦੇ ਸੱਭਿਆਚਾਰਕ ਮੁਨਾਰੇ ਵਜੋਂ ਸਥਾਪਤ ਕਰ ਦਿੱਤਾ ਗਿਆ। ਜਦੋਂ ਭਾਰਤੀ ਜਨਤਾ ਪਾਰਟੀ ਦੀ ਹਿੰਦੂ ਫਾਸ਼ੀਵਾਦੀ ਹਕੂਮਤ ਨੇ ਇੱਕ ਦੇਸ਼-ਇੱਕ ਭਾਸ਼ਾ ਦੇ ਨਾਂ ਹੇਠ, ਪੰਜਾਬੀ ਵਰਗੀਆਂ ਸਥਾਨਕ ਭਾਸ਼ਾਵਾਂ ਨੂੰ ਹਿੰਦੀ ਸਾਮਰਾਜ ਦੇ ਗ਼ਲਬੇ ਹੇਠ ਲਿਆ ਖਤਮ ਕਰਨ ਦੀ ਮੁਹਿੰਮ ਵਿੱਢੀ ਤਾਂ ਗੁਰਦਾਸ ਮਾਨ ਵਰਗੇ ਪੇਸ਼ੇਵਰ ਨਚਾਰ ਉਕਤ ਫਾਸ਼ੀ ਏਜੰਡੇ ਦੀ ਪੁਸ਼ਤ-ਪਨਾਹੀ ਕਰਨ ਲੱਗੇ।ਜ਼ਿਕਰਯੋਗ ਹੈ ਕਿ ੧੯੮੦ਵਿਆਂ ‘ਚ ਗੁਰਦਾਸ ਮਾਨ ਸੂਫੀ ਰੂਹਾਨੀਅਤ ਦੇ ਨਾਂ ਹੇਠ ਸੈਕੂਲਰ ਬਿਰਤਾਂਤ ਦੀ ਪੰਜਾਬ ਦੇ ਜਨਤਕ ਪਸਾਰ ਵਿੱਚ ਜੜ੍ਹ ਲਾਉਣ ਵਿੱਚ ਆਪਣਾ ਹਿੱਸਾ ਪਾ ਰਿਹਾ ਸੀ। ਉਸ ਦੌਰ ਵਿੱਚ ਸਿੱਖ ਆਪਣੇ ਜਿਉਣ ਦੇ ਹੱਕ ਲਈ ਭਾਰਤੀ ਹਕੂਮਤ ਖਿਲਾਫ ਜੂਝ ਰਹੇ ਸਨ। ਸੈਕੂਲਰ ਬਿਰਤਾਂਤ ਭਾਰਤੀ ਰਾਸ਼ਟਰਵਾਦ ਦੇ ਹਮਾਇਤੀਆਂ ਦੀ ਦਲੀਲ ਦੀ ਬੁਨਿਆਦੀ ਜ਼ਮੀਨ ਸੀ। ਪਹਿਲਾਂ ਉਹਨਾਂ ਨੇ ਇਹ ਮਿੱਥ ਸਿਰਜੀ ਕਿ ਧਰਮ ਸਦਾ ਹੀ ਖੂਨ-ਖਰਾਬੇ ਦਾ ਮੁੱਖ ਕਾਰਨ ਰਿਹਾ ਹੈ। ਦੂਜਾ ਉਹਨਾਂ ਨੇ ਸਿੱਖੀ ਨੂੰ ਧਿੰਙੋਜ਼ੋਰੀ ਧਰਮ ਦੀ ਪੱਛਮੀ ਪਰਿਭਾਸ਼ਾ ਤੱਕ ਸੀਮਤ ਕਰ ਦਿੱਤਾ। ਪੱਛਮੀ ਸਾਮਰਾਜੀ ਆਪਣੀ ਧਰਮ ਦੀ ਪਰਿਭਾਸ਼ਾ ਦੇ ਕਾਇਨਾਤੀ ਹੋਣ ਦਾ ਦਾਅਵਾ ਕਰਦੇ ਸਨ ਜਿਸ ਲਈ ਉਹਨਾਂ ਨੇ ਬਸਤੀਵਾਦੀ ਆਧੁਨਿਕਤਾ ਦੇ ਜ਼ੋਰ ਨਾਲ਼ ਪ੍ਰਵਾਨਗੀ ਹਾਸਲ ਕਰ ਲਈ। ਇਹ ਬਸਤੀਵਾਦੀ ਪਿਛੋਕੜ ਭਾਰਤੀ ਸੈਕੂਲਰ ਬਿਰਤਾਂਤ ਦਾ ਮੂਲ ਆਧਾਰ ਸੀ। ਗੁਰਦਾਸ ਮਾਨ ਨੂੰ ਸੂਫੀਵਾਦ ਤੇ ਸੈਕੂਲਰ ਬਿਰਤਾਂਤ ਦੋਹਾਂ ਦਾ ਕੋਈ ਇਲਮ ਨਹੀਂ ਹੈ। ਉਹ ਮਹਿਜ਼ ਇੱਕ ਮਾਧਿਅਮ ਹੈ ਜਿਸ ਰਾਹੀਂ ਸੈਕੂਲਰ ਹੋਣ ਦਾ ਅਡੰਬਰ ਕਰਨ ਵਾਲ਼ੇ ਹਿੰਦੂ ਰਾਸ਼ਟਰਵਾਦੀ ਉੱਭੜਧੁੰਮੀ ਮਚਾਉਂਦੇ ਹਨ। ਪੰਜਾਬੀ ਸੂਫੀ ਵੱਡੇ ਆਲਮ-ਫਾਜ਼ਲ ਸਨ ਜਿਹਨਾਂ ਦਾ ਇਸਲਾਮ ਨਾਲ਼ ਅਨਿੱਖੜਵਾਂ ਸਬੰਧ ਸੀ। ਸਿੱਖੀ ਧਰਮ ਦੀ ਪੱਛਮੀ ਪਰਿਭਾਸ਼ਾ ਤੋਂ ਅਸਲੋਂ ਵੱਖਰੀ ਸੀ। ਪਰ ਅਜਿਹੇ ਰੌਲ਼ੇ-ਰੱਪੇ ਵਾਲ਼ੇ ਮਾਹੌਲ ਵਿੱਚ ਦਲੀਲ ਦੀ ਕੋਈ ਅਹਿਮੀਅਤ ਨਹੀਂ ਰਹਿੰਦੀ। ਪਹਿਲਾਂ ਗੁਰਦਾਸ ਮਾਨ ਨੇ ਕਾਂਗਰਸ ਦੇ ਸੈਕੂਲਰ ਚਿਹਰੇ ਵਾਲ਼ੇ ਹਿੰਦੂ ਫਾਸ਼ੀਵਾਦ ਦੇ ਹੱਕ ਵਿੱਚ ਹਵਾ ਬਣਾਉਣ ‘ਚ ਹਿੱਸਾ ਪਾਇਆ, ਹੁਣ ਉਹ ਭਾਰਤੀ ਜਨਤਾ ਪਾਰਟੀ ਦੇ ਨੰਗੇ-ਚਿੱਟੇ ਹਿੰਦੂ ਫਾਸ਼ੀਵਾਦ ਦੇ ਭਾਸ਼ਾਈ ਸਾਮਰਾਜਵਾਦ ਦੀ ਹਮਾਇਤ ਕਰ ਰਿਹਾ ਹੈ।ਸਾਰੀ ਗੱਲ ਦਾ ਮੁੱਖ ਮਕਸਦ ਸਿੱਖਾਂ ਤੇ ਹੋਰ ਘੱਟ ਗਿਣਤੀਆਂ ਨੂੰ ਹੌਲ਼ੀ-ਹੌਲ਼ੀ ਹਿੰਦੂਵਾਦ ਵਿੱਚ ਜਜ਼ਬ ਕਰਨਾ ਹੈ। ਗੁਰਦਾਸ ਮਾਨ ਵਰਗੇ ਝੂਠੇ ਸੱਭਿਆਚਾਰਕ ਮੁਨਾਰੇ ਸਥਾਪਤ ਹੋਣੇ ਹੀ ਅਸਲ ਮਸਲਾ ਹੈ। ਭਾਰਤੀ ਖੱਬੇ-ਪੱਖੀ ਧਿਰਾਂ ਨੇ ਸਿੱਖਾਂ ਵਰਗੀਆਂ ਹਿੰਦੂ ਰਾਸ਼ਟਰਵਾਦ ਖਿਲਾਫ ਲੜਨ ਵਾਲ਼ੀਆਂ ਧਿਰਾਂ ਨੂੰ ਕਮਜ਼ੋਰ ਕਰ ਸੱਜੇ-ਪੱਖੀ ਹਿੰਦੂ ਏਜੰਡੇ ਨੂੰ ਮਜ਼ਬੂਤ ਕੀਤਾ ਹੈ। ਨੌਜਵਾਨ ਖੱਬੇ-ਪੱਖੀ ਕਾਰਕੁਨਾਂ ਨੂੰ ਇਸ ਬਾਰੇ ਸੁਚੇਤ ਹੋਣ ਅਤੇ ਆਪਣੇ ਆਗੂਆਂ ਅਤੇ ਚਿੰਤਕਾਂ ਦੇ ਅਸਲ ਮਨਸੂਬਿਆਂ ਨੂੰ ਸਮਝਣ ਦੀ ਲੋੜ ਹੈ। ਅੱਜ ਪੰਜਾਬ ਵੱਡੀ ਤਬਾਹੀ ਦੇ ਕੰਢੇ ‘ਤੇ ਖੜ੍ਹਾ ਹੈ। ਨੌਜਵਾਨ ਖੱਬੇ-ਪੱਖੀ ਕਾਰਕੁਨਾਂ ਲਈ ਇਹ ਫੈਸਲਾ ਕਰਨਾ ਜ਼ਰੂਰੀ ਹੈ ਕਿ ਉਹਨਾਂ ਨੇ ਵਫਾਦਾਰੀ ਆਪਣੀ ਧਰਤੀ ਤੇ ਆਪਣੇ ਲੋਕਾਂ ਨਾਲ਼ ਪਾਲਣੀ ਹੈ ਜਾਂ ਆਪਣੀ ਪਾਰਟੀ ਦੇ ਮੱਕਾਰ, ਖੁਦਗਰਜ਼, ਜਾਂ ਫਿਰ ਮਾਨਸਿਕ ਤੌਰ ‘ਤੇ ਬੇਹੱਦ ਕਮਜ਼ੋਰ ਆਗੂਆਂ ਨਾਲ਼!

Check Also

120 ਕਿਲੋਮੀਟਰ ਲੰਬੀ ਲ ੜਾ ਈ (ਮਾਰਚ 1765)-“ਮਾਛੀਵਾੜੇ ਤੋਂ ਬਿਆਸ ਤੱਕ “

ਸੰਨ 1765 ਵਿਚ ਮਾਰਚ ਦੇ ਮਹੀਨੇ, ਕੰਧਾਰ ਨੂੰ ਵਾਪਿਸ ਮੁੜਦਿਆਂ ਅਹਿਮਦ ਸ਼ਾਹ ਅਬਦਾਲੀ ਨੇ ਮਾਛੀਵਾੜੇ …

%d bloggers like this: