Breaking News
Home / ਸਾਹਿਤ / ‘ਦੇਸ ਹੋਇਆ ਪਰਦੇਸ ਅਤੇ ਪਰਦੇਸ ਬਣਿਆ ਦੇਸ’

‘ਦੇਸ ਹੋਇਆ ਪਰਦੇਸ ਅਤੇ ਪਰਦੇਸ ਬਣਿਆ ਦੇਸ’

ਕਿਸੇ ਮੁਲਕ ਦੇ ਬਹੁਪੱਖੀ ਵਿਕਾਸ ਨੂੰ ਮਾਪਣ ਦਾ ਪੈਮਾਨਾ ਇਹ ਵੀ ਹੁੰਦਾ ਹੈ ਕਿ ਕਿੰਨੇ ਲੋਕ ਹੋਰਨਾਂ ਦੇਸ਼ਾਂ ਤੋਂ ਆ ਕੇ, ਉਥੇ ਵਧੀਆਂ ਜੀਵਨ ਗੁਜ਼ਾਰਦੇ ਹਨ ਤੇ ਸਬੰਧਿਤ ਮੁਲਕ ਉਨ੍ਹਾਂ ਦੇ ਜੀਵਨ ਦੀਆਂ ਮੁਢਲੀਆਂ ਲੋੜਾਂ ਪੂਰੀਆਂ ਕਰਦਾ ਹੈ। ਦੂਜੇ ਪਾਸੇ ਜਿਸ ਦੇਸ਼ ਦੇ ਵਸਨੀਕ ਉਥੋਂ ਮਜਬੂਰ ਹੋ ਕੇ ਹੋਰਨਾਂ ਥਾਂਵਾਂ ‘ਤੇ ਜਾ ਵਸਣ ਅਤੇ ਜੀਵਨ ਦੀਆਂ ਬੁਨਿਆਦੀ ਸਹੂਲਤਾਂ ਪੂਰੀਆਂ ਨਾ ਹੋਣ ਕਰਨ, ਆਪਣੀ ਜਨਮ ਭੂਮੀ ਨੂੰ ਅਲਵਿਦਾ ਕਹਿਣ ਲਈ ਬੇਵੱਸ ਹੋਣ, ਉਹ ਦੇਸ਼ ਤਰੱਕੀ ਦੀਆਂ ਲੀਹਾਂ ‘ਤੇ ਹੋਣ ਦਾ ਦਾਅਵਾ ਨਹੀਂ ਕਰ ਸਕਦਾ। ਅੱਜ ਭਾਰਤ ਤੋਂ ਪਰਵਾਸ ਕਰਕੇ ਲੱਖਾਂ ਲੋਕ ਦੁਨੀਆਂ ਦੇ ਵੱਖ-ਵੱਖ ਦੇਸ਼ਾਂ ‘ਚ ਜਾ ਵਸੇ ਹਨ ਤੇ ਉਥੋਂ ਦੀ ਕਰਮ ਭੂਮੀ ਤੋਂ ਚੰਗੇ ਜੀਵਨ ਪੱਧਰ ਦੀ ਆਸ ਸਦਕਾ, ਆਪਣੀਆਂ ਅਗਲੀਆਂ ਪੀੜ੍ਹੀਆਂ ਨੂੰ ਵੀ ਉਥੇ ਵਸਣ ਦੀ ਨਸੀਹਤ ਦੇ ਰਹੇ ਹਨ। ਕਈ ਵਿਚਾਰਵਾਨ ਭਾਰਤ ਤੋਂ ਵਿਦੇਸ਼ਾਂ ‘ਚ ਜਾ ਵਸਣ ਦੇ ਸਬੰਧ ‘ਚ ਸਮੇਂ ਦਾ ਵਰਗੀਕਰਨ ਦੋ ਹਿੱਸਿਆਂ ਵਿੱਚ ਕਰਦੇ ਹਨ। ਇਕ ਹਿੱਸਾ ਦੇਸ਼ ਦੇ ਬ੍ਰਿਟਿਸ਼ ਸਾਮਰਾਜ ਰਾਜ ਤੋਂ ਆਜ਼ਾਦੀ ਤੋਂ ਪਹਿਲਾਂ ਦਾ ਅਤੇ ਦੂਸਰਾ ਉਸ ਤੋਂ ਬਾਅਦ ਦਾ। ਉਨ੍ਹੀਵੀਂ ਸਦੀ ਦੇ ਅਖੀਰ ਤੇ ਵੀਹਵੀਂ ਸਦੀ ਦੇ ਆਰੰਭ ‘ਚ ਕੈਨੇਡਾ- ਅਮਰੀਕਾ ਵਸੇ ਭਾਰਤੀਆਂ ਬਾਰੇ, ਅੱਜ ਵੀ ਪ੍ਰਚਲਿਤ ਕਹਾਣੀਆਂ ਦਿਲ ਕੰਬਾ ਦਿੰਦੀਆਂ ਹਨ। ਉਸ ਸਮੇਂ ਸਰਕਾਰੀ ਤੇ ਗੈਰ- ਸਰਕਾਰੀ ਇਮਾਰਤਾਂ ਅੱਗੇ ‘ਇੰਡੀਅਨਜ਼ ਐਂਡ ਡੌਗਜ਼ ਆਰ ਨਾੱਟ ਅਲਾਊਡ’ ਭਾਵ ‘ਭਾਰਤੀ ਤੇ ਕੁੱਤਿਆਂ ਨੂੰ ਦਾਖਿਲ ਹੋਣ ਦੀ ਆਗਿਆ ਨਹੀਂ’ ਲਿਖਿਆ ਮਿਲਦਾ ਸੀ। ‘ਲੋਕ ਗਾਥਾ’ ਬਣ ਚੁੱਕੀ ਅਜਿਹੀ ਹੀ ਘਟਨਾ ਇਕ ਗਦਰੀ ਬਾਬੇ ਬਾਰੇ ਮਿਲਦੀ ਹੈ, ਜਿਸ ਨੇ ਜਦੋਂ ਇਕ ਰੈਸਟੋਰੈਂਟ ਅੱਗੇ ਅਜਿਹਾ ਲਿਖਿਆਂ ਪੜ੍ਹਿਆ ਤਾਂ ਗੁੱਸੇ ‘ਚ ਆ ਕੇ ਦਰਬਾਨ ਨਾਲ ਝਗੜ ਪਿਆ। ਅੰਦਰੋਂ ਉਥੋਂ ਦੀ ਮੈਨੇਜਰ ਬਾਹਰ ਨਿਕਲੀ ਤੇ ਕਹਿਣ ਲੱਗੀ ਕਿ ਤੁਸੀ ਝਗੜ ਕਿਉਂ ਰਹੇ ਹੋ। ਇਸ ‘ਤੇ ਗਦਰੀ ਯੋਧੇ ਨੇ ਉਸ ਕੋਲ ਆਪਣੇ ਨਾਲ ਹੋਏ ਵਿਤਕਰੇ ਦੀ ਨਿਰਾਜ਼ਗੀ ਪ੍ਰਗਟਾਈ, ਤਾਂ ਮੈਨੇਜਰ ਉਸ ਨੂੰ ਸਤਿਕਾਰ ਨਾਲ ਆਪਣੇ ਦਫ਼ਤਰ ‘ਚ ਲਿਜਾ ਕੇ ਉਥੇ ਲੱਗੀਆਂ ਤਸਵੀਰਾਂ ਵਿਖਾਉਂਦਿਆਂ ਕਹਿਣ ਲੱਗੀ ਕਿ ਉਸ ਦੇ ਛੋਟੇ ਜਿਹੇ ਦੇਸ਼ ਦੀ ਗ਼ੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਇਨ੍ਹਾਂ ਲੋਕਾਂ ਨੇ ਸ਼ਹੀਦੀਆਂ ਪਾਈਆਂ ਤੇ ਮੁਲਕ ਆਜ਼ਾਦ ਕਰਵਾਇਆ, ਪਰੰਤੂ ਕਰੋੜਾਂ ਦੇਸ ਵਾਸੀਆਂ ਵਾਲਾ ਤੁਹਾਡਾ ਦੇਸ਼ ਗੁਲਾਮ ਹੈ ਤੇ ਇਥੇ ਗੁਲਾਮਾਂ ਲਈ ਕੋਈ ਜਗ੍ਹਾ ਨਹੀਂ। ਇਹ ਗੱਲ ਸੁਣਦਿਆਂ ਉਸ ਗਦਰੀ ਯੋਧੇ ਦੀਆਂ ਅੱਖਾਂ ਖੁਲ੍ਹ ਗਈਆਂ ਤੇ ਉਸਨੂੰ ਆਜ਼ਾਦੀ ਤੇ ਗੁਲਾਮੀ ਦੇ ਅਰਥ ਸਮਝ ਆ ਗਏ। ਉਸ ਨੂੰ ਆਪਣੇ ਸਿੱਖ ਵਿਰਸੇ ਦੀਆਂ ਸ਼ਹਾਦਤਾਂ, ਜ਼ੁਲਮ ਖਿਲਾਫ਼ ਲੜਨ ਦਾ ਜਜ਼ਬਾ ਅਤੇ ਗੁਲਾਮ ਮਾਨਸਿਕਤਾ ਨੂੰ ਤਿਆਗਣ ਦੀ ਸਿੱਖ ਸੋਚ ਨੇ ਝਿੰਜੋੜ ਦਿੱਤਾ। ਇਹ ਹੀ ਸੀ ਜਿਸ ਦੇ ਸਦਕਾ, ਕੈਨੇਡਾ- ਅਮਰੀਕਾ ਤੋਂ ਜਾ ਕੇ ਇਨ੍ਹਾਂ ਬਹਾਦਰਾਂ ਨੇ ਦੇਸ਼ ਦੀਆਂ ਜ਼ੰਜੀਰਾਂ ਤੋੜਨ ਲਈ ਜਾਨਾਂ ਤੱਕ ਵਾਰ ਦਿੱਤੀਆਂ।

ਗੁਲਾਮੀ ਦੇ ਮਾੜੇ ਦੌਰ ‘ਚ ਭਾਰਤੀਆਂ ਦਾ ਵਿਦੇਸ਼ਾਂ ‘ਚ ਆ ਕੇ ਵਸਣਾ ਸਮਝ ਆਉਂਦਾ ਹੈ, ਕਿਉਂਕਿ ਵਿਦੇਸ਼ੀ ਹਕੂਮਤ ਕਾਰਨ ਦੇਸ਼ ਅੰਦਰ ਲੋਕਾਂ ਦੀਆਂ ਮੁਢਲੀਆਂ ਲੋੜਾਂ ਰੋਟੀ, ਕੱਪੜਾ ਅਤੇ ਮਕਾਨ ਤੋਂ ਇਲਾਵਾ ਉਨ੍ਹਾਂ ਦੇ ਸਵੈਮਾਨ ਲਈ ਕੋਈ ਜਗ੍ਹਾ ਨਹੀਂ ਸੀ। ਉਸ ਸਮੇਂ ਪਰਦੇਸੀ ਜਾਣ ਦੀ ਵਜ੍ਹਾ ਸਪੱਸ਼ਟ ਸੀ ਕਿ ਬ੍ਰਿਟਿਸ਼ ਸਾਮਰਾਜ ਆਪਣੀ ‘ਬਸਤੀ’ ਭਾਰਤ ਦਾ ਧਨ ਲੁੱਟ ਕੇ ਲਿਜਾ ਰਿਹਾ ਸੀ ਤੇ ਗੁਰਬਤ ਦੇ ਸ਼ਿਕਾਰ ਲੋਕਾਂ ਲਈ, ਘਰੋਂ ਬੇਘਰ ਹੋਣ ਤੋਂ ਸਿਵਾ ਕੋਈ ਚਾਰਾ ਨਹੀਂ ਸੀ। ਅੱਜ ਦੇ ਸਮੇਂ ‘ਤੇ ਨਜ਼ਰ ਮਾਰੀਏ, ਤਾਂ ਅਖੌਤੀ ਭਾਰਤੀ ਜਮਹੂਰੀਅਤ ਬਹੱਤਰ ਵਰ੍ਹਿਆਂ ਤੋਂ ਵੱਧ ਦਾ ਸਮਾਂ ਪਾਰ ਕਰ ਚੁੱਕੀ ਹੈ। ਰਾਜ ਸੱਤਾ ‘ਤੇ ਕੋਈ ਵਿਦੇਸ਼ੀ ਧਾੜਵੀ ਨਹੀਂ, ਸਗੋਂ ਭਾਰਤ ਦੇ ਆਪਣੇ ਉੱਚ ਵਰਗੀ ਹਿੰਦੂਤਵੀ ਸ਼ਾਸਕ ਜਾਏ ਬੈਠੇ ਹੋਏ ਹਨ। ਦੇਸ਼ ਦੀ ਆਪਣੀ ਪੁਲਿਸ ਪ੍ਰਸ਼ਾਸਨ, ਸੰਸਦ , ਸੰਵਿਧਾਨ ਤੇ ਕਾਨੂੰਨ ਹੈ। ਕਹਿਣ ਨੂੰ ਦੇਸ਼ ਰਾਸ਼ਟਰ ਪ੍ਰਭੂਸੱਤਾ ਸੰਪੰਨ ਹੈ ਤੇ ਨਿਆਂ ਪਾਲਿਕਾ, ‘ਵਿਧਾਨ ਪਾਲਿਕਾ ਤੇ ਕਾਰਜ ਪਾਲਿਕਾ ਸੁੰਤਤਰ’ ਹਨ। ਹੈਰਾਨੀ ਇਸ ਗੱਲ ਦੀ ਹੈ ਕਿ ‘ਆਜ਼ਾਦ’ ਭਾਰਤਵਾਸੀ ਅੱਜ ਵੀ ਕਿਉਂ ਦੁੱਖੀ ਹੈ? ਦੇਸ਼ ਦੀ ਅੱਧਿਓ ਵੱਧ ਜਨਤਾ ਗੁਰਬਤ ਦਾ ਸ਼ਿਕਾਰ ਕਿਉਂ ਹੈ? ਹਰ ਕਿਸੇ ਨੂੰ ਰੋਟੀ, ਕੱਪੜਾ ਤੇ ਮਕਾਨ ਨਸੀਬ ਕਿਉਂ ਨਹੀਂ ਹੋ ਰਿਹਾ? ਆਪਣੇ ਹੀ ਨੇਤਾ ਆਪਣੀ ਹੀ ਜਨਤਾ ਨੂੰ ਕਿਉਂ ਲੁੱਟ ਰਹੇ ਹਨ? ਆਪਣੀ ਹੀ ਪੁਲਿਸ ਆਪਣੇ ਹੀ ਲੋਕਾਂ ਉਪਰ ਕਹਿਰ ਕਿਉਂ ਢਾਅ ਰਹੀ ਹੈ? ਆਪਣੀਆਂ ਹੀ ਅਦਾਲਤਾਂ ਹਜ਼ਾਰਾਂ ਬੇਗੁਨਾਹਾਂ ਦੇ ਕਾਤਲਾਂ ਨੂੰ ਸਜ਼ਾਵਾਂ ਦੇਣ ਤੋਂ ਕਿਉਂ ਅਸਮਰੱਥ ਹਨ? ਅਜਿਹੇ ਸੈਂਕੜੇ ਸਵਾਲਾਂ ਦੇ ਜਵਾਬ ਨਾ ਮਿਲਣ ਕਰਕੇ, ਦੇਸ਼ ਛੱਡ ਪਰਦੇਸ਼ ਸਿਧਾਉਣ ਦਾ ਸੰਤਾਪ ਝੱਲਦਿਆਂ ਲੋਕ ਪਰਵਾਸੀ ਹੋ ਰਹੇ ਹਨ। ਸਹੀ ਅਰਥਾਂ ‘ਚ ਆਜ਼ਾਦੀ ਦੀ ਬਰਾਬਰਤਾ ਦਾ ਨਿੱਘ ਨਾ ਮਿਲਣ ਕਰਕੇ, ਅਮੀਰ ਤੇ ਗਰੀਬ ਦਾ ਪਾੜਾ ਵਧਣ ਕਰਕੇ, ਲੋਕਾਂ ਤੇ ਜੋਕਾਂ ਦਾ ਕਾਣੀ ਵੰਡ ਕਾਰਨ, ਬੁਰਜ਼ਆ ਤੇ ਪ੍ਰੋਲੋਤਾਰੀ ਦੇ ਪਾੜੇ ਕਾਰਨ ਅਤੇ ਬਹੁਤ ਗਿਣਤੀ ਹਿੰਦੂਤਵੀ ਸ਼ਾਸਨ ਅਤੇ ਘੱਟ ਗਿਣਤੀ ਭਾਈਚਾਰਿਆਂ ਦੇ ਸ਼ੋਸ਼ਣ ਦੇ ਕਾਰਨ ਹੀ ਲੋਕ ਆਪਣੇ ਧਰਤ ਤੋਂ ਪਰਾਏ ਹੋ ਰਹੇ ਹਨ।

ਇਸ ਦੂਸਰੇ ਪੜਾਉ ਵਿੱਚ ਵਿਦੇਸ਼ਾਂ ਦੀ ਧਰਤੀ ‘ਤੇ ਜਾ ਵਸੇ ਪ੍ਰਵਾਸੀਆਂ ਖਾਸ ਕਰਕੇ ਪੰਜਾਬੀਆਂ ਅੰਦਰ ਇਤਿਹਾਸਕ ਬਦਲ ਜਰੂਰ ਆਇਆ ਹੈ। ਅੱਜ ਕੈਨੇਡਾ ਵਸਦੇ ਪੰਜਾਬੀਆਂ ਨੂੰ, ਛੇ ਦਹਾਕੇ ਪਹਿਲਾਂ ਵਾਲੀ ਨਮੋਸ਼ੀ ਦਾ ਸਾਹਣਾ ਨਹੀਂ ਕਰਨਾ ਪੈਂਦਾ , ਸਗੋਂ ਉਨ੍ਹਾਂ ਨੂੰ ਦੇਸ਼ ਦੇ ਹਰ ਉਚੇ ਅਹੁਦੇ ‘ਤੇ ਬਿਰਾਜਣ ਦਾ ਸੁਭਾਗ ਮਿਲ ਰਿਹਾ ਹੈ। ਦੇਸ਼ ਦੀ ਸਰਕਾਰ ‘ਚ ਮੰਤਰੀਆਂ ਤੋਂ ਲੈ ਕੇ ਸੰਸਦ ਮੈਂਬਰਾਂ ਤੱਕ, ਸੁਪਰੀਮ ਕੋਰਟਾਂ ਦੇ ਜੱਜਾਂ ਤੋਂ ਲੈ ਕੇ ਪੁਲਿਸ ਮੁੱਖੀਆਂ ਤੱਕ, ਸੂਬੇ ਦੇ ਪ੍ਰੀਮੀਅਰਾਂ ਤੋਂ ਲੈ ਕੇ ਅਟਾਰਨੀ ਜਨਰਲਾਂ ਤੱਕ, ਸ਼ਹਿਰ ਦੇ ਮੇਅਰਾਂ ਤੋਂ ਲੈ ਕੇ ਕੌਂਸਲਰਾਂ ਤੱਕ ਅਤੇ ਯੂਨੀਵਰਸਿਟੀਆਂ ਦੇ ਚਾਂਸਲਰਾਂ ਤੋਂ ਲੈ ਕੇ ਸੈਨੇਟਰਾਂ ਤੱਕ, ਹਰ ਪਾਸੇ ਸਾਡੇ ਵਾਸਤੇ ਤਰੱਕੀ ਦੇ ਦਰਵਾਜੇ ਖੁਲ੍ਹੇ ਹਨ। ਉਚੇ ਤੋਂ ਉਚੇ ਅਹੁਦੇ ਤੱਕ ਪੁੱਜਣ ਲਈ ਰਿਸ਼ਵਤ, ਸਿਫਾਰਸ਼, ਪਹੁੰਚ ਜਾਂ ਜੁਗਾੜ ਦੀ ਲੋੜ ਨਹੀਂ, ਸਗੋਂ ਕਾਬਲੀਅਤ ਹੀ ਕਾਫ਼ੀ ਹੈ। ਹੋਰ ਤਾਂ ਹੋਰ, ਇਥੋਂ ਦੇ ਏਅਰਪੋਰਟਾਂ ‘ਤੇ ਪੰਜਾਬੀ ਮਾਂ ਬੋਲੀ ‘ਚ ‘ਜੀ ਆਇਆ ਨੂੰ’ ਲਿਖਿਆ ਪੜ੍ਹ ਕੇ ਮਨ ਗਦ -ਗਦ ਹੋ ਉਠਦਾ ਹੈ। ਸੋਚਣ ਵਾਲੀ ਗਲ਼ ਇਹ ਹੈ ਕਿ ਜੇਕਰ ਸਾਡੇ ਨਾਲ ਅੱਧੀ ਸਦੀ ਪਹਿਲਾਂ ਤੇ ਹੁਣ ਦੇ ਸਮੇਂ ਦੇ ਵਿਹਾਰ ਦੇ ਸੰਦਰਭ ‘ਚ ਵਿਦੇਸ਼ਾਂ ਅੰਦਰ ਏਨਾ ਵੱਡਾ ਬਦਲ ਆ ਸਕਦਾ ਹੈ, ਤਾਂ ਫਿਰ ਆਪਣੀ ਧਰਤੀ ‘ਤੇ ਆਪਣੀ ਹੀ ਸਰਕਾਰ ਵਲੋਂ ਆਪਣੇ ਦੇਸ਼ਵਾਸੀਆਂ ਪ੍ਰਤੀ ਅਜਿਹੀ ਤਬਦੀਲੀ ਕਿਉਂ ਨਹੀਂ ਆ ਰਹੀ? ਅਜਿਹੇ ਦੁਖਾਂਤ ਦੇ ਕਾਰਨਾਂ ਦੀ ਪੜਤਾਲ ਕੀਤੇ ਬਗੈਰ ਸਮੱਸਿਆ ਦਾ ਹੱਲ ਕੱਢਣਾ ਸੰਭਵ ਨਹੀ ਤੇ ਇਸ ਸਬੰਧੀ ਵਿਚਾਰ ਕਰਨ ਵਾਲੇ ‘ਅਰਾਜਕਤਾਵਾਦੀ’ ਨਹੀਂ, ਸਗੋਂ ਸਹੀ ਅਰਥਾਂ ‘ਚ ਸੱਚੇ-ਸੁੱਚੇ ਵਤਨਪ੍ਰਸਤ ਕਹੇ ਜਾ ਸਕਦੇ ਹਨ। ਦੇਸ਼ ਦੇ ਗੱਦਾਰ ਉਹ ਲੋਕ ਇਨ੍ਹਾਂ ਸਮੱਸਿਆਵਾਂ ਦੀ ਜੜ੍ਹ ਹਨ, ਜਿਹੜੇ ਮੁਲਕ ਦੀ ਤਰੱਕੀ ਦੀ ਥਾਂ ਆਪਣੇ ਪਰਿਵਾਰ ਤੇ ਕੁਨਬੇ ਦੀ ਤਰੱਕੀ ਲਈ ਭ੍ਰਿਸ਼ਟਾਚਾਰ ਤੇ ਲੁੱਟਮਾਰ ਦਾ ਸਹਾਰਾ ਲੈ ਕੇ ਦੇਸ਼ ਨੂੰ ਬਰਬਾਦ ਕਰ ਰਹੇ ਹਨ। ਅਰਾਜਕਤਾਵਾਦੀ ਉਹ ਸਿਆਸਤਦਾਨ ਹਨ, ਜਿਨ੍ਹਾਂ 1984 ਵਿੱਚ ਦੇਸ਼ ਭਰ ‘ਚ ਸਿੱਖਾਂ ਦੀ ਨਸਲਕੁਸ਼ੀ ਤੇ 2002 ਵਿੱਚ ਗੁਜਰਾਤ ਅੰਦਰ ਮੁਸਲਿਮ ਕਤਲੇਆਮ ਕਰਵਾਇਆ । ਦੇਸ਼ ਧ੍ਰੋਹੀ ਉਹ ਹਨ ਜਿਨ੍ਹਾਂ ਬ੍ਰਿਟਿਸ਼ ਸਾਮਰਾਜ ਨੂੰ ਵੀ ਮਾਤ ਪਾ ਕੇ, ਦੇਸ਼ ਦਾ ਲੱਖਾਂ ਕਰੋੜਾਂ ਰੁਪਿਆ ਦੇਸ਼ ਤੋਂ ਬਾਹਰ , ਵਿਦੇਸ਼ੀ ਬੈਂਕਾਂ ਦੀਆਂ ਤਿਜੋਰੀਆਂ ਵਿੱਚ ਕਾਲੇ ਧਨ ਦੇ ਰੂਪ ‘ਚ ਹੜੱਪਿਆ ਹੈ। ਦੇਸ਼ ਦੇ ਦੁਸ਼ਮਣ ਉਹ ਲੁਟੇਰੇ ਹਨ, ਜਿਨ੍ਹਾਂ ਦੀ ਆਪਣੀ ਜਾਇਦਾਦ ਪੰਜ ਸਾਲਾਂ ਅੰਦਰ ਹਜ਼ਾਰਾ ਲੱਖਾਂ ਤੋਂ ਸੈਂਕੜੇ ਕਰੋੜਾਂ ਤੱਕ ਪੁੱਜ ਗਈ ਹੈ, ਜਦਕਿ ਆਮ ਜਨਤਾ ਗਰੀਬੀ, ਭੁੱਖਮਰੀ, ਮਹਿੰਗਾਈ, ਬੇਰੁਜ਼ਗਾਰੀ ਤੇ ਅਨਪੜ੍ਹਤਾ ਦੀ ਚੱਕੀ ‘ਚ ਪਿਸਿਆਂ ਦਿਨ-ਬ-ਦਿਨ ਨਿਘਾਰ ਵੱਲ ਜਾ ਰਹੀ ਹੈ। ਸਭ ਤੋਂ ਹੈਰਾਨੀਜਨਕ ਗੱਲ ਇਹ ਹੈ ਕਿ ਦੇਸ਼ ਚਲਾਉਣ ਵਾਲੇ ਲੀਡਰਾਂ ਵੱਲੋਂ ਆਪਣੀ ਔਲਾਦ ਨੂੰ ਵੀ ਵਿਦੇਸ਼ਾਂ ਅੰਦਰ ਸੈੱਟ ਕਰਨ ਲਈ ਹਰ ਹਰਬਾ ਵਰਤਿਆ ਜਾਂਦਾ ਹੈ, ਕਿਉਂਕਿ ਉਹ ਜਾਣਦੇ ਹਨ ਕਿ ਦੇਸ਼ ਅੰਦਰ ਉਹਨਾਂ ਨੇ ਚੰਗੇ ਜੀਵਨ ਲਈ ਜ਼ਰੂਰੀ ਲੋੜਾਂ ਪੂਰੀਆਂ ਕਰਨ ਦਾ ਰਾਹ ਹੀ ਨਹੀਂ ਚੁਣਿਆਂ। ਉਹ ਆਪਣੇ ਇਲਾਜ ਲਈ ਵੀ ਵਿਦੇਸ਼ਾਂ ਵੱਲ ਦੌੜਦੇ ਹਨ, ਕਿਉਂਕਿ ਉਨ੍ਹਾਂ ਲੋਕਾਂ ਦੀਆਂ ਸਿਹਤ ਸਹੂਲਤਾਂ ਦਾ ਖਿਆਲ ਹੀ ਨਹੀਂ ਕੀਤਾ। ਮੁੱਕਦੀ ਗੱਲ ਵਿਦੇਸ਼ਾਂ ਅੰਦਰ ਜ਼ਿੰਦਗੀ ਬਸਰ ਕਰ ਰਹੇ ਲੱਖਾਂ ਦੇਸ਼ਵਾਸੀਆਂ ਦੀਆਂ ਪੀੜ੍ਹੀਆਂ ਅੱਜ ਪਰਦੇਸਾਂ ਨੂੰ ਹੀ ਆਪਣਾ ਦੇਸ਼ ਅਪਨਾ ਚੁੱਕੀਆਂ ਹਨ ਅਤੇ ਉਨ੍ਹਾਂ ਲਈ ਆਪਣਾ ਦੇਸ਼ ਪ੍ਰਦੇਸ਼ ਬਣ ਚੁੱਕਿਆ ਹੈ। ਉਹ ਆਪਣੇ ਵੱਡੇ – ਵਡੇਰਿਆਂ ਦੀ ਧਰਤੀ ‘ਤੇ ਹੋ ਰਹੀ ਸਿਆਸੀ ਲੁੱਟ ਖਸੁੱਟ ਕਾਰਨ ਜ਼ਰੂਰ ਪੀੜਤ ਹਨ, ਜਿਸ ਤੋਂ ਛੁਟਕਾਰੇ ਲਈ ਉਨ੍ਹਾਂ ਦੇ ਬਜ਼ੁਰਗਾਂ ਨੇ ਕੁਰਬਾਨੀਆਂ ਦਿੱਤੀਆਂ ਸਨ।

ਦੂਸਰੇ ਪਾਸੇ ਵਿਦੇਸ਼ਾਂ ਵਿੱਚ ਆਪਣੀਆਂ ਸੇਵਾਵਾਂ ਅਤੇ ਕੁਰਬਾਨੀਆਂ ਸਦਕਾ ਪੰਜਾਬੀਆਂ ਦੀ ਨਵੀਂ ਪੀੜ੍ਹੀ ਇਤਿਹਾਸ ਦੇ ਸੁਨਹਿਰੀ ਪੰਨੇ ਲਿਖ ਰਹੀ ਹੈ। ਅਜਿਹੇ ਪ੍ਰਦੇਸ ਨੂੰ ਆਪਣਾ ਦੇਸ ਬਣਾ ਕੇ ਉਥੋਂ ਦੇ ਲੋਕਾਂ ਦੀਆਂ ਸੇਵਾਵਾਂ ਨਾਲ ਸਭਨਾਂ ਦੇ ਦਿਲ ਜਿੱਤ ਕੇ ਪੰਜਾਬੀ ਨੌਜਵਾਨ ਜਿਸ ਤਰ੍ਹਾਂ ਦੀਆਂ ਮਿਸਾਲਾਂ ਕਾਇਮ ਕਰ ਰਹੇ ਹਨ, ਉਨ੍ਹਾਂ ਵਿੱਚੋਂ ਹੀ ਇੱਕ ਸੰਦੀਪ ਸਿੰਘ ਧਾਲੀਵਾਲ ਦੀ ਹੈ, ਜਿਸ ਦੀ ਗੱਲ ਅੱਜ ਵਿਦੇਸ਼ਾਂ ‘ਚ ਹਰ ਕਿਸੇ ਦੀ ਜ਼ੁਬਾਨ ‘ਤੇ ਹੈ। ਭਰ ਜਵਾਨੀ ‘ਚ ਅਮਰੀਕਾ ਦੀ ਧਰਤੀ ‘ਤੇ ਪੁਲਿਸ ਅਫ਼ਸਰ ਸੰਦੀਪ ਸਿੰਘ ਧਾਲੀਵਾਲ ਨੇ ਡਿਊਟੀ ‘ਤੇ ਜਾਨ ਕੁਰਬਾਨ ਕਰਦਿਆਂ, ਲੋਕਾਂ ਦੇ ਦਿਲਾਂ ‘ਤੇ ਅਮਿਟ ਪ੍ਰਭਾਵ ਕਾਇਮ ਕੀਤਾ ਹੈ। ਸ਼ਹੀਦ ਸੰਦੀਪ ਸਿੰਘ ਦੀ ਕਰਮ ਭੂਮੀ ਲਈ ਸ਼ਹਾਦਤ ਦੇ ਸਤਿਕਾਰ ਵਜੋਂ ਅਮਰੀਕਾ ਦੇ ਇਤਿਹਾਸ ਵਿੱਚ ਪਹਿਲੀਵਾਰ ਅਜਿਹਾ ਹੋਇਆ ਹੈ, ਜਦੋਂ ਕਿਸੇ ਪੁਲਿਸ ਅਧਿਕਾਰੀ ਦੇ ਨਾਮ ਨੂੰ ਯਾਦਗਾਰੀ ਦਿਹਾੜੇ ਵਜੋਂ ਸਮਰਪਿਤ ਕੀਤਾ ਗਿਆ ਹੋਵੇ। ਹਿਊਸਟਨ ਦੇ ਮੇਅਰ ਨੇ ਲੱਖਾਂ ਲੋਕਾਂ ਵਲੋਂ 2 ਅਕਤੂਬਰ ਨੂੰ, ਸ਼ਹੀਦ ਸੰਦੀਪ ਸਿੰਘ ਧਾਲੀਵਾਲ ਨੂੰ ਸ਼ਰਧਾਂਜਲੀ ਅਤੇ ਹੰਝੂਆਂ ਭਰੀ ਵਿਦਾਇਗੀ ਦੇਣ ਮੌਕੇ ਇਹ ਐਲਾਨ ਕੀਤਾ ਕਿ ਇਹ ਦਿਹਾੜਾ ਸਦੀਵੀਂ ਤੌਰ ‘ਤੇ ‘ਸ਼ੈਰਫ਼ ਸੰਦੀਪ ਸਿੰਘ ਧਾਲੀਵਾਲ ਡੇਅ’ ਵਜੋਂ ਚੇਤੇ ਕੀਤਾ ਜਾਇਆ ਕਰੇਗਾ। ਇਹ ਘਟਨਾਕਰਮ ਇੱਕ ਪ੍ਰਦੇਸੀ ਦੇ ‘ਕਰਮਭੂਮੀ ਨੂੰ ਦੇਸ਼’ ਬਣਾ ਕੇ ਦਿੱਤੀ ਸ਼ਹਾਦਤ ਦਾ ਗੌਰਵਮਈ ਇਤਿਹਾਸ ਹੈ।

(ਡਾ. ਗੁਰਵਿੰਦਰ ਸਿੰਘ)

Check Also

ਦੁਨੀਆ ਦਾ ਅੰ ਤ (End of a World)

ਉਹ ਵੀ ਬਿਲਕੁਲ ਆਮ ਹੀ ਘਰੇ ਪੈਦਾ ਹੋਇਆ। ਛੋਟੇ ਹੁੰਦੇ ਆਵਦੇ ਬਾਬੇ ਦੀ ਉਂਗਲ ਫੜ੍ਹ …

%d bloggers like this: