Breaking News
Home / ਸਾਹਿਤ / ਗੁਰਦੁਆਰਾ ਮਟਨ ਸਾਹਿਬ ਜਿਸ ਉੱਤੇ ਕਸ਼ਮੀਰੀ ਪਡਿੰਤਾਂ ਨੇ ਕਬਜ਼ਾ ਕੀਤਾ ਹੋਇਆ

ਗੁਰਦੁਆਰਾ ਮਟਨ ਸਾਹਿਬ ਜਿਸ ਉੱਤੇ ਕਸ਼ਮੀਰੀ ਪਡਿੰਤਾਂ ਨੇ ਕਬਜ਼ਾ ਕੀਤਾ ਹੋਇਆ

ਮਟਨ ਇਕ ਜਗ੍ਹਾ ਦਾ ਨਾਮ ਹੈ ਜਿਸਦੇ ਬਾਰੇ ਮੈਂ ਜਿਆਦਾ ਨਹੀਂ ਸੀ ਸੁਣਿਆ….ਪਰ ਸਰਬਜੀਤ ਕੌਰ ਦੇ ਦਸਣ ਤੋਂ ਬਾਦ ਮੈਨੂੰ ਪਤਾ ਚਲਿਆ ਸੀ ਕਿ ਇਥੇ ਇਕ ਗੁਰਦਵਾਰਾ ਸਾਹਿਬ ਹੈ ਜਿਸਦੇ ਉਪਰ ਪੰਡਤਾਂ ਨੇ ਕਬਜ਼ਾ ਕੀਤਾ ਹੋਇਆ ਹੈ…

ਇਹ ਕਸ਼ਮੀਰ ਚ ਇਕ ਹੜਤਾਲ ਵਾਲੀ ਸਵੇਰ ਸੀ….ਹਰ ਬਾਜ਼ਾਰ ਹਰ ਦੁਕਾਨ ਬੰਦ ਸੀ….ਸੜਕ ਉਪਰ ਆਣ ਜਾਣ ਲਈ ਕੋਈ ਇਕਾ ਦੁੱਕਾ ਸਵਾਰੀ ਹੀ ਮਿਲਦੀ ਸੀ…

” ਆਪ ਦੋ ਜਣੇ ਹੋ…ਮੈਂ ਇਕ ਸਵਾਰੀ ਆਪਕੇ ਸਾਥ ਔਰ ਬਿਠਾਉਂਗਾ …ਹਰ ਏਕ ਕੇ ਪਚਾਸ ਰੁਪਏ ਲਗੇਂਗੇ…ਬੋਲੋ ਤੋ ਮਟਨ ਛੋੜ ਆਊਂਗਾ ”

ਸਾਨੂੰ ਸੜਕ ਕੰਢੇ ਖੜੇ ਦੇਖ ਕੇ ਆਟੋ ਵਾਲੇ ਨੇ ਆਖਿਆ…

ਮੈਂ ਤੇ ਸਰਬਜੀਤ ਅਜੇ ਕੋਈ ਫੈਸਲਾ ਕਰਨ ਦਾ ਸੋਚ ਹੀ ਰਹੇ ਸੀ ਕਿ ਇਕ ਸੂਮੋ ਆਈ ਮਟਨ ਵੱਲ ਜਾਣ ਲਈ…ਤੇ ਸਾਡੇ ਕੋਲ ਆ ਕੇ ਖੜੀ ਹੋ ਗਈ…

ਉਥੇ ਖੜੇ ਲੋਕ ਜਲਦੀ ਨਾਲ ਸੂਮੋ ਦੇ ਵਿਚ ਬੈਠ ਗਏ….ਸਰਬਜੀਤ ਵਿਚਕਾਰ ਵਾਲੀ ਸੀਟ ਤੇ ਜਾ ਬੈਠੀ…ਤੇ ਮੈਂ ਮਗਰ ਵਾਲੀ ਸੀਟ ਉਪਰ ਬੈਠਣ ਲਈ ਗਿਆ…ਪਰ ਮੇਰੇ ਜਾਂਦੇ ਨੂੰ ਮਗਰਲੀ ਸੀਟ ਪੁਰੀ ਭਰ ਗਈ ਸੀ…ਮੈਂ ਡਰਾਈਵਰ ਵਾਲੇ ਪਾਸੇ ਗਿਆ…ਤਾਂ ਉਥੇ ਡਰਾਈਵਰ ਦੇ ਨਾਲ ਅੱਗੇ ਹੀ ਦੋ ਜਣੇ…ਇਕ ਔਰਤ ਤੇ ਇਕ ਮਰਦ ਬੈਠੇ ਹੋਏ ਸੀ….ਮੇਰੇ ਬੈਠਨ ਲਈ ਕੋਈ ਸੀਟ ਨਹੀਂ ਸੀ…

” ਸੀਟ ਹੀ ਨਹੀਂ ਹੈ…ਆਜੋ ਤੁਸੀਂ ਵੀ ਬਾਹਰ….ਆਪਾਂ ਅਗਲੀ ਟੈਕਸੀ ਚ ਚਲਾਂਗੇ ” ਮੈਂ ਸਰਬਜੀਤ ਨੂੰ ਆਖਿਆ…

“ਓਕੇ ” ਸਰਬਜੀਤ ਬੋਲੀ…ਤੇ ਆਪਣੀ ਸੀਟ ਤੋਂ ਉੱਠਣ ਲਈ ਹਿੱਲੀ…

” ਆਪ ਆਗੇ ਆ ਜਾਓ ” ਡਰਾਈਵਰ ਨੇ ਮੈਨੂੰ ਆਵਾਜ਼ ਮਾਰੀ…

ਉਸਦੇ ਕੋਲ ਅੱਗੇ ਹੀ ਦੋ ਜਣੇ ਬੈਠੇ ਸੀ….ਮੈਂ ਸੋਚ ਰਿਹਾ ਸੀ ਕਿ ਇਹ ਮੈਨੂੰ ਕਿਧਰ ਬਿਠਾਏਗਾ…ਪਰ ਉਸਦੇ ਨਾਲ ਬੈਠੇ ਦੋ ਜਣਿਆਂ ਨੇ ਏਧਰ ਓਧਰ ਹੋ ਕੇ ਮੇਰੇ ਲਈ ਥਾਂ ਬਣਾ ਲਈ….ਤੇ ਮੈਂ ਔਰਤ ਦੇ ਨਾਲ ਬਣ ਗਈ ਨਿੱਕੀ ਜਿਹੀ ਥਾਂ ਚ ਫੱਸ ਕੇ ਬੈਠ ਗਿਆ…

ਸੂਮੋ ਖੜ ਖੜ ਕਰਦੀ ਮਟਨ ਵੱਲ ਤੁਰ ਪਈ….

” ਵੋ ਵਾਲੇ ਰਾਸਤੇ ਪੇ ਜਾਈਏ….ਵਹੀਂ ਗੁਰਦਵਾਰਾ ਹੈ ”

ਸੂਮੋ ਵਾਲੇ ਨੇ ਸਾਨੂੰ ਇਕ ਪਿੰਡ ਦੇ ਬਾਹਰ ਉਤਾਰਿਆ ਤੇ ਆਖਿਆ…

ਮੈਂ ਤੇ ਸਰਬਜੀਤ ਪਿੰਡ ਦੇ ਅੰਦਰ ਜਾਂਦੇ ਰਸਤੇ ਵੱਲ ਵੱਧ ਗਏ….ਇਹ ਗੱਲ ਮੈਂ ਸੂਮੋ ਚ ਬੈਠਨ ਲੱਗੇ ਹੀ ਨੋਟ ਕਰ ਰਿਹਾ ਸੀ ਕਿ ਬੰਦੇ ਅਤੇ ਜਨਾਨੀਆਂ ਸਭ ਸਰਬਜੀਤ ਨੂੰ ਘੂਰ ਕੇ ਇਕ ਵਾਰ ਤਾਂ ਜਰੂਰ ਹੀ ਦੇਖਦੇ ਸੀ….

ਆਪਾਂ ਹੁਣ ਪਿੰਡ ਦੇ ਅੰਦਰ ਆ ਪੁੱਜੇ…

” ਮੈਂ ਇਥੇ ਅੱਗੇ ਵੀ ਆਈ ਸੀ….ਸ਼ਾਇਦ…ਓ ਸਾਹਮਣੇ ਹੀ ਗੁਰਦਵਾਰਾ ਹੈ ਉਧਰ ” ਸਰਬਜੀਤ ਨੇ ਇਕ ਪਾਸੇ ਨੂੰ ਇਸ਼ਾਰਾ ਕੀਤਾ…

ਮੈਂ ਇਕ ਦਮ ਤੇਜ਼ ਭੁੱਖ ਮਹਿਸੂਸ ਕੀਤੀ….ਪਰ ਇਸਦੇ ਬਾਰੇ ਬੋਲਣ ਜਾਂ ਸੋਚਣ ਦੀ ਬਜਾਏ ਮੈਂ ਸਰਬਜੀਤ ਦੇ ਨਾਲ ਗੁਰਦੁਆਰੇ ਵੱਲ ਤੁਰਦਾ ਗਿਆ…

ਮੈਨੂੰ ਹੁਣ ਗੁਰਦਵਾਰੇ ਦੀ ਪਹਿਲੀ ਝਲਕ ਮਿਲੀ…

” ਦੇਖੋ….ਕਿਸੇ ਪਾਸੇ ਤੋਂ ਕੋਈ ਗੁਰਦਵਾਰਾ ਜਾਪਦਾ ਹੈ ? ” ਸਰਬਜੀਤ ਬੋਲੀ…

ਵਾਕਿਆ ਹੀ ਮੈਨੂੰ ਉਥੇ ਕੋਈ ਗੁਰਦਵਾਰਾ ਨਜ਼ਰ ਨਹੀਂ ਸੀ ਆ ਰਿਹਾ….ਵੱਗ ਰਹੇ ਚਸ਼ਮੇ ਦੇ ਪਾਣੀ ਵਿਚ ਕਿੰਨੇ ਹੀ ਸਾਰੇ ਅਮਰਨਾਥ ਯਾਤਰੀ ਨਹਾ ਰਹੇ ਸੀ….ਇਕ ਪਾਸੇ ਬਣੇ ਵੱਡੇ ਸਰੋਵਰ ਚ ਇਕ ਸ਼ਿਵਲਿੰਗ ਬਣਾਇਆ ਹੋਇਆ ਸੀ…ਤੇ ਸਰੋਵਰ ਕੰਢੇ ਇਕ ਪੰਡਾ ਇਕ ਪਰਿਵਾਰ ਦਾ ਪਿੰਡ ਦਾਨ ਜਾਂ ਜੋ ਵੀ ਉਹ ਕਰਦੇ ਨੇ…ਕਰ ਰਿਹਾ ਸੀ….

ਆਰਮੀ ਦੀਆਂ ਦੋ ਖਰੇ ਤਿੰਨ ਚੋਕੀਆਂ ਨਜ਼ਰ ਆ ਰਹੀਆਂ ਸੀ….

ਸੱਜੇ ਪਾਸੇ ਤਿੰਨ ਕਮਰਿਆਂ ਨੂੰ ਜੋੜ ਕੇ ਇਕ ਇਮਾਰਤ ਬਣਾਈ ਹੋਈ ਸੀ….ਜਿਸਦੇ ਬਾਹਰ ਲੱਗੇ ਨਿਸ਼ਾਨ ਸਾਹਬ ਨੂੰ ਦੇਖ ਕੇ ਪਤਾ ਚਲਦਾ ਸੀ ਕਿ ਇਹ ਗੁਰਦਵਾਰਾ ਸਾਹਿਬ ਦੀ ਇਮਾਰਤ ਹੈ…

ਉਸਦੇ ਬਾਹਰ ਕੁਛ ਸਰਦਾਰ ਲੋਕ ਬੈਠੇ ਨਜ਼ਰ ਆ ਰਹੇ ਸੀ…ਮੈਂ ਤੇ ਸਰਬਜੀਤ ਉਧਰ ਵਧੇ…

” ਮੈਂ ਏਨਾ ਨੂੰ ਕੈਮਰੇ ਚ ਸ਼ੂਟ ਕਰਨਾ ਚਾਹੰਦੀ ਹਾਂ…ਜੋ ਏਥੇ ਹੋਇਆ…ਕੋਈ ਉਸਦੇ ਬਾਰੇ ਡਿਟੇਲ ਚ ਬੋਲ ਕੇ ਦੱਸ ਸਕੇ ਤਾਂ ਚੰਗਾ ਰਹੇਗਾ ” ਸਰਬਜੀਤ ਬੋਲੀ…

ਸਰਬਜੀਤ ਨੇ ਇਕ ਛੋਟਾ ਮਾਈਕ ਆਪਣੇ ਬੈਗ ਚੋ ਕੱਢਿਆ…ਤੇ ਅਸੀਂ ਉਸਨੂੰ ਚਾਲੂ ਕਰਕੇ ਰਿਕਾਰਡਿੰਗ ਦੀ ਇਕ ਛੋਟੀ ਰਿਹਰਸਲ ਕੀਤੀ…ਪਰ ਰਿਕਾਰਡਿੰਗ ਸਾਫ ਨਹੀਂ ਸੀ ਹੋ ਰਹੀ…ਪਰ ਜਦੋ ਏਹੀ ਮਾਈਕ ਨੂੰ ਸਰਬਜੀਤ ਦੇ ਮੋਬਾਈਲ ਦੀ ਬਜਾਏ ਮੈਂ ਆਪਣੇ ਮੋਬਾਈਲ ਚ ਲਗਾਇਆ…ਤੇ ਕੀਤੀ ਗਈ ਰਿਕਾਰਡਿੰਗ ਦਾ ਨਤੀਜਾ ਵਧੀਆ ਆਇਆ….

ਹੁਣ ਅਸੀਂ ਕਿਸੇ ਐਸੇ ਲੋਕਲ ਸਰਦਾਰ ਦੀ ਤਲਾਸ਼ ਚ ਸੀ ਜੋ ਇਸ ਗੁਰਦਵਾਰੇ ਉਪਰ ਕੀਤੇ ਗਏ ਪੰਡਤਾਂ ਦੇ ਕਬਜ਼ੇ ਬਾਰੇ ਸਾਰੀ ਜਾਣਕਾਰੀ ਰੱਖਦਾ ਹੋਵੇ….ਤੇ ਸਭ ਕੁਛ ਨੂੰ ਵੀਡੀਓ ਚ ਬੋਲ ਵੀ ਸਕੇ….

ਪਰ ਪਹਿਲਾਂ ਅਸੀਂ ਗੁਰਦਵਾਰਾ ਸਾਹਿਬ ਦੇ ਅੰਦਰ ਦਾਖਲ ਹੋਏ….ਤੇ ਮੱਥਾ ਟੇਕਿਆ….ਤੇ ਬਿਨਾਂ ਅੰਦਰ ਦੇਰ ਤੱਕ ਰੁਕਣ ਦੇ ਬਾਹਰ ਆ ਗਏ…

” ਸਤਿ ਸ੍ਰੀ ਅਕਾਲ ਭਾਪਾ ਜੀ…” ਮੈਂ ਉਥੇ ਬਾਹਰ ਥੜੇ ਤੇ ਬੈਠੇ ਬਜਰਗਾਂ ਨੂੰ ਆਖਿਆ…

ਅੱਗੋਂ ਉਹਨਾਂ ਨੇ ਵੀ ਜੁਆਬ ਚ ਫਤਹਿ ਸਾਂਝੀ ਕੀਤੀ…

” ਇਸ ਗੁਰਦਵਾਰੇ ਦੇ ਕੇਸ ਦਾ ਕੀ ਬਣਿਆ ? ” ਸਰਬਜੀਤ ਨੇ ਸੁਆਲ ਕੀਤਾ…

” ਕੇਸ ਤਾਂ ਪੰਡਤਾਂ ਦੇ ਹੱਕ ਚ ਚਲਾ ਗਿਆ ਸੀ…” ਸਿੱਖ ਬਾਬਾ ਜੀ ਬੋਲੇ…

” ਇਸ ਥਾਂ ਦੇ ਇਤਹਾਸ ਬਾਰੇ ਕੋਈ ਚਾਨਣਾ ਪਾਓਗੇ ? ” ਸਰਬਜੀਤ ਦਾ ਅਗਲਾ ਸੁਆਲ ਸੀ…

” ਏਥੇ ਗੁਰੂ ਨਾਨਕ ਦੇਵ ਜੀ ਆਏ ਸੀ….ਉਹਨਾਂ ਦੀ ਪੰਡਤਾਂ ਦੇ ਨਾਲ ਹਫਤਾ ਭਰ ਗੋਸ਼ਠੀ ਚਲਦੀ ਰਹੀ….ਆਖਰ ਨੂੰ ਪੰਡਤ ਹਾਰ ਗਏ ਤੇ ਗੁਰੂ ਸਾਹਿਬ ਦੇ ਚਰਨੀਂ ਪੈ ਗਏ….ਫੇਰ ਏਥੇ ਸੱਤ ਗੁਰਦਵਾਰਾ ਸਾਹਿਬ ਹੁੰਦੇ ਸੀ….ਤਾਂ ਉਸ ਵੇਲੇ ਜਿਹੜੀ ਹਕੂਮਤ ਸੀ ਏਥੇ ਉਹਨਾ ਵਲੋਂ ਇਹ ਸਲਾਹ ਦਿਤੀ ਗਈ ਕਿ ਤੁਸੀ ਇਹ ਸੱਤ ਗੁਰਦਵਾਰਾ ਸਾਹਿਬ ਦੀਆਂ ਇਮਾਰਤਾਂ ਨੂੰ ਤੋੜ ਕੇ ਇਕੋ ਵੱਡਾ ਗੁਰਦਵਾਰਾ ਸਾਹਿਬ ਬਣਾ ਲਵੋ…ਤੇ ਸਰਕਾਰ ਵੀ ਤੁਹਾਡੀ ਮਦਦ ਕਰੇਗੀ…ਪਰ ਜਦੋਂ ਇਹ ਸੱਤ ਗੁਰਦਵਾਰਾ ਸਾਹਿਬ ਸ਼ਹੀਦ ਕਰ ਦਿੱਤੇ ਗਏ…ਉਸਦੇ ਬਦਲੇ ਇਕ ਗੁਰਦਵਾਰਾ ਸਾਹਿਬ ਵੀ ਨਹੀਂ ਬਨਣ ਦਿੱਤਾ ਗਿਆ…ਤੇ ਪੰਡਤਾਂ ਨੇ ਚਲਾਕੀ ਨਾਲ ਇਸ ਥਾਂ ਨੂੰ ਕਾਗਜ਼ਾਂ ਚ ਆਪਣੇ ਨਾਮ ਕਰ ਲਿਆ….ਤੇ ਏਥੇ ਇਕ ਮੰਦਰ ਹੋਂਦ ਚ ਆ ਗਿਆ…ਤੇ ਅੱਜ ਇਥੇ ਦੇ ਇਕ ਵੱਡੇ ਹਿੱਸੇ ਚ ਮੰਦਰ ਹੀ ਹੈ…ਤੇ ਨਿੱਕੀ ਜਿਹੀ ਥਾਂ ਚ ਗੁਰਦਵਾਰਾ ਰਹਿ ਗਿਆ ਹੈ…” ਸਿੱਖ ਭਾਈ ਸਾਹਿਬ ਨੇ ਜਾਣਕਾਰੀ ਦਿਤੀ..

” ਕੀ ਤੁਸੀ ਇਹ ਸਭ ਗੱਲਾਂ ਵੀਡੀਓ ਚ ਬੋਲ ਸਕਦੇ ਹੋ ? ” ਸਰਬਜੀਤ ਕੌਰ ਬੋਲੀ…

” ਤੁਸੀਂ ਓ ਸਾਹਮਣੇ ਆਉਂਦੇ ਭਾਈ ਸਾਹਿਬ ਨਾਲ ਗੱਲ ਕਰੋ…ਉਹ ਗੁਰਦਵਾਰਾ ਸਾਹਿਬ ਦੇ ਕੇਸ ਬਾਰੇ ਸਭ ਜਾਣਦੇ ਨੇ ” ਉਹਨਾਂ ਨੇ ਇਕ ਪਾਸੇ ਨੂੰ ਇਸ਼ਾਰਾ ਕੀਤਾ…

ਅਸੀਂ ਦੋਵੇਂ ਉਸ ਵੱਡੀ ਉਮਰ ਦੇ ਸ਼ਕਸ ਵੱਲ ਵਧ ਗਏ…

” ਸਤਿ ਸ੍ਰੀ ਅਕਾਲ ਜੀ ” ਮੈਂ ਉਹਨਾਂ ਨੂੰ ਫਤਹਿ ਬੁਲਾਈ ਤੇ ਉਹਨਾਂ ਦੇ ਨਾਲ ਹੱਥ ਮਿਲਾਇਆ…

ਸਰਬਜੀਤ ਨੇ ਏਨਾ ਨੂੰ ਵੀ ਉਹੀ ਸੁਆਲ ਕੀਤਾ…

” ਦੇਖੋ ਜੀ….ਕਬਜ਼ਾ ਤਾਂ ਹੈ ਪੰਡਤਾਂ ਦਾ…ਪਰ ਆਪਾਂ ਇਹ ਕੇਸ ਹਾਰ ਗਏ ਹੋਏ ਹਾਂ ਅਦਾਲਤ ਚ….ਸੁਪ੍ਰੀਮ ਕੋਰਟ ਨੇ ਪੰਡਤਾਂ ਦੇ ਹੱਕ ਚ ਫੈਸਲਾ ਦੇ ਦਿੱਤਾ ਹੋਇਆ ਹੈ….”

” ਇਸਦੇ ਬਾਰੇ ਕੀ ਆਪਾਂ ਤੁਹਾਡੇ ਨਾਲ ਇਕ ਛੋਟਾ ਵੀਡੀਓ ਸ਼ੂਟ ਕਰ ਸਕਦੇ ਹਾਂ ? ” ਸਰਬਜੀਤ ਨੇ ਸੁਆਲ ਕੀਤਾ…

” ਵੀਡੀਓ ਚ ਕੀ ਸ਼ੂਟ ਕਰਨਾ ਹੈ ? ”

” ਗੁਰਦੁਆਰਾ ਸਾਹਿਬ ਦਾ ਇਤਿਹਾਸ ਤੇ ਇਹ ਪੰਡਤਾਂ ਦੇ ਕਬਜ਼ੇ ਬਾਰੇ ਜਿੰਨਾ ਵੀ ਦੱਸ ਸਕੋਗੇ ”

” ਇਤਿਹਾਸ ਤਾਂ ਉਹ ਸਾਹਮਣੇ ਲਿਖਿਆ ਹੋਇਆ…ਬਾਕੀ ਮੈਂ ਓ ਸਾਹਮਣੇ ਖੜੇ ਭਾਈ ਸਾਹਿਬ ਨੂੰ ਬੋਲ ਦਿੰਦਾ ਹਾਂ…ਉਹ ਤੁਹਾਡੇ ਨਾਲ ਇਕ ਵੀਡੀਓ ਸ਼ੂਟ ਕਰ ਲੈਣਗੇ…ਮੈਂ ਜ਼ਰਾ ਜਰੂਰੀ ਕੰਮ ਲਈ ਜਾਨਾ ਹੈ ”

ਅਸੀਂ ਹੁਣ ਫੇਰ ਇਕ ਹੋਰ ਬੰਦੇ ਵੱਲ ਵਧੇ….ਜਿਸਨੇ ਸਾਡੀਆਂ ਗੱਲਾਂ ਸੁਣੀਆਂ…ਤੇ ਫੇਰ ਸਾਨੂੰ ਇਕ ਪਾਸੇ ਲੈ ਗਿਆ…ਜਿਥੇ ਉਸਨੇ ਗੁਰਦਵਾਰਾ ਸਾਹਿਬ ਬਾਰੇ ਜਿੰਨਾ ਵੀ ਜਾਣਦਾ ਸੀ ਸਭ ਨੂੰ ਵੀਡੀਓ ਰਾਹੀਂ ਦਸਿਆ….ਤੁਸੀਂ ਇਕ ਵਾਰ ਇਹ ਵੀਡੀਓ ਜਰੂਰ ਸੁਣਿਓ….ਤੇ ਉਸਨੇ ਕੀ ਕਿਹਾ ਇਹ ਸਭ ਦੇਖਿਓ…

“ਤੁਸੀਂ ਇਕ ਗੱਲ ਮਹਿਸੂਸ ਕੀਤੀ ? ” ਸਰਬਜੀਤ ਵੀਡੀਓ ਸ਼ੂਟ ਕਰਨ ਤੋਂ ਬਾਅਦ ਬੋਲੀ..

“ਕਿਹੜੀ ਗੱਲ ? ” ਮੈਂ ਸਰਬਜੀਤ ਵੱਲ ਦੇਖਿਆ…

” ਏਨਾ ਸਰਦਾਰਾਂ ਦੀਆਂ ਗੱਲਾਂ ਸੁਣ ਕੇ ਲਗਦਾ ਹੀ ਨਹੀਂ ਕਿ ਏਨਾ ਨੂੰ ਆਪਣੇ ਨਾਲ ਹੋਏ ਧੱਕੇ ਦਾ ਅਹਿਸਾਸ ਹੈ…”

” ਹਾਂ….ਮੈਂ ਵੀ ਇਹ ਗੱਲ ਮਹਿਸੂਸ ਕੀਤੀ….ਏਨਾ ਦੇ ਅੰਦਰ ਕੋਈ ਚਿਣਗ ਨਹੀਂ ਮਹਿਸੂਸ ਹੋਈ…ਕਿ ਇਹ ਇਸ ਕਬਜ਼ੇ ਦੇ ਖਿਲਾਫ ਕੋਈ ਵੱਡੀ ਲੜਾਈ ਲੜਨ ਦੇ ਚਾਹਵਾਨ ਨੇ ”

” ਸਾਨੂੰ ਪੰਡਤਾਂ ਦਾ ਪੱਖ ਵੀ ਸ਼ੂਟ ਕਰਨਾ ਚਾਹੀਦਾ…” ਸਰਬਜੀਤ ਬੋਲੀ…

” ਚਲੋ…ਉਹ ਸਾਹਮਣੇ ਕੁਛ ਪੰਡਤ ਬੈਠੇ ਨਜ਼ਰ ਆ ਰਹੇ ਨੇ…ਗੱਲ ਕਰਦੇ ਹਾਂ ਉਹਨਾਂ ਨਾਲ…”

” ਪਰ…ਪਤਾ ਨਹੀਂ ਕਿਵੇਂ ਬੋਲਣਗੇ ਅੱਗੋਂ…ਜਾਈਏ ਕਿ ਨਾ ? ” ਸਰਬਜੀਤ ਹੱਸ ਕੇ ਬੋਲੀ…

” ਕਿਉਂ….ਤੁਹਾਨੂੰ ਲਗਦਾ ਹੈ ਕਿ ਓਹ ਚੰਗੀ ਤਰਾਂ ਨਾਲ ਨਹੀਂ ਬੋਲਣਗੇ ? ”

” ਚਲੋ ਚਲਦੇ ਹਾਂ…ਪਰ ਤੁਸੀਂ ਵੀ ਧਿਆਨ ਰਖਿਆ ਜੇ…ਕੁਛ ਵੀ ਏਦਾਂ ਦਾ ਨਾ ਬੋਲਿਓ ਕਿ ਅਗਲੇ ਭੜਕ ਪੈਣ ”

” ਕੋਈ ਨਾ…ਮੈਂ ਧਿਆਨ ਰੱਖਾਂਗਾ ”

ਅਸੀਂ ਹੁਣ ਮੰਦਰ ਵੱਲ ਨੂੰ ਤੁਰ ਪਏ ਸੀ….

ਅਸੀਂ ਦੋਵੇਂ ਜਣੇ ਪੌੜੀਆਂ ਚੜ੍ਹ ਕੇ ਇਕ ਦਫਤਰ ਚ ਪੁਜੇ….ਜਿਥੇ ਤਿੰਨ ਜਣੇ ਬੈਠੇ ਹੋਏ ਸੀ ਤੇ ਇਕ ਟੀਨੂੰ ਆਨੰਦ ਦੀ ਸ਼ਕਲ ਵਰਗਾ ਬੰਦਾ ਸੋਫੇ ਉਪਰ ਲੰਮੇ ਪਿਆ ਸੀ….ਸਾਹਮਣੇ ਟੀਵੀ ਚ ਆਜ ਤੱਕ ਚੈਨਲ ਉਪਰ ਖਬਰਾਂ ਚੱਲ ਰਹੀਆਂ ਸੀ…

” ਸਰ…ਆਪਾਂ ਆ ਤੁਹਾਡੇ ਅਤੇ ਸਿੱਖਾਂ ਦੇ ਗੁਰਦੁਆਰਾ ਵਾਲੇ ਮਸਲੇ ਬਾਰੇ ਗੱਲ ਕਰਨੀ ਸੀ…” ਸਰਬਜੀਤ ਬੋਲੀ…

“ਕਿਹੜੀ ਗੱਲ ਕਰਨੀ…ਸਭ ਗੱਲ ਤਾਂ ਹੋ ਚੁਕੀ….ਕੋਰਟ ਨੇ ਵੀ ਸਾਡੇ ਹੱਕ ਚ ਫੈਸਲਾ ਦਿਤਾ ਹੋਇਆ…” ਸੋਫੇ ਤੇ ਲੰਮੇ ਪਿਆ ਸ਼ਕਸ ਭੜਕ ਕੇ ਖੜਾ ਹੋ ਗਿਆ…

ਇਹ ਮੰਦਰ ਦਾ ਪ੍ਰਧਾਨ ਸੀ…

” ਹਾਂਜੀ….ਇਸੇ ਕੇਸ ਬਾਰੇ ਹੀ ਗੱਲ ਕਰਨੀ ਸੀ….ਜੇ ਤੁਸੀਂ ਇਸਦੇ ਬਾਰੇ ਕੈਮਰੇ ਅੱਗੇ ਥੋੜਾ ਦੱਸ ਸਕੋ..? ”

” ਮੈਂ ਕੈਮਰੇ ਅੱਗੇ ਕੁਛ ਨਹੀਂ ਬੋਲਣਾ….” ਪ੍ਰਧਾਨ ਆਪਣੀ ਕੁਰਸੀ ਤੇ ਜਾ ਬੈਠਿਆ…

” ਦੇਖੋ ਜੀ….ਗੱਲ ਕਰਨ ਨੂੰ ਹੁਣ ਕੁਛ ਨਹੀਂ ਹੈ…ਏਥੇ ਮੰਦਰ ਸੀ….ਤੇ ਅੱਜ ਵੀ ਮੰਦਰ ਹੀ ਹੈ….ਇਹ ਤਾਂ ਆਪਾਂ ਗ੍ਰੰਥ ਸਾਹਿਬ ਦਾ ਸਤਿਕਾਰ ਕਰਦੇ ਹਾਂ…ਇਸ ਕਰਕੇ ਉਸਨੂੰ ਰੱਖਣ ਲਈ ਇਕ ਥਾਂ ਸਿੱਖਾਂ ਨੂੰ ਦਿੱਤੀ ਹੈ…ਜਿਸਦਾ ਅਸੀਂ ਕੋਈ ਕਿਰਾਇਆ ਵੀ ਨਹੀਂ ਲੈਂਦੇ….”

ਮੈਂ ਤੇ ਸਰਬਜੀਤ ਸਭ ਸੁਨ ਰਹੇ ਸੀ….

” ਭਾਈ ਬੰਦੀ ਚ ਆਪਾਂ ਸਿੱਖਾਂ ਨੂੰ ਮੰਦਰ ਦੀ ਗ੍ਰਾਉੰਡ ਚ ਤਿੰਨ ਦਿਨ…ਵੈਸਾਖੀ….ਛੇਵੀਂ ਪਾਤਸ਼ਾਹੀ ਦਾ ਗੁਰਪੁਰਬ ਤੇ ਦਸਵੀਂ ਪਾਤਸ਼ਾਹੀ ਦਾ ਗੁਰਪੁਰਬ ਮਨਾਉਣ ਲਈ ਇਜਾਜ਼ਤ ਵੀ ਦਿੰਦੇ ਹਾਂ….ਪਰ ……ਜੇ ਏਨਾ ਦਿਨਾਂ ਚ ਸਾਡਾ ਕੋਈ ਆਪਣਾ ਵੱਡਾ ਤਿਉਹਾਰ ਆਵੇਗਾ…ਤਾਂ ਇਸ ਥਾਂ ਤੇ ਪ੍ਰੋਗਰਾਮ ਕਰਨ ਦੀ ਸਾਡੀ ਪਹਿਲ ਹੋਵੇਗੀ….ਤੇ ਸਿੱਖਾਂ ਨੂੰ ਆਪਣਾ ਪ੍ਰੋਗਰਾਮ ਰੱਦ ਕਰਨਾ ਪਵੇਗਾ…”

ਸਰਬਜੀਤ ਨੇ ਆਪਣੇ ਮੋਬਾਈਲ ਚ ਰਿਕਾਰਡਿੰਗ ਸ਼ੁਰੂ ਕਰ ਦਿੱਤੀ ਸੀ….ਪਰ ਪ੍ਰਧਾਨ ਸਮੇਤ ਸਾਰੇ ਬੇਖਬਰ ਸੀ…ਮੈਂ ਸਰਬਜੀਤ ਦੀ ਇਸ ਹਰਕਤ ਨੂੰ ਮਹਿਸੂਸ ਕਰ ਲਿਆ ਸੀ…ਪਰ ਮੈਂ ਆਪਣੇ ਚੇਹਰੇ ਤੇ ਏਦਾਂ ਦਾ ਕੁਛ ਵੀ ਨਹੀਂ ਆਉਣ ਦਿੱਤਾ ਕਿ ਏਨਾ ਨੂੰ ਕੋਈ ਖਬਰ ਹੋ ਜਾਵੇ…

ਪੰਡਤਾਂ ਦੇ ਨਾਲ ਹੋਈ ਸਾਰੀ ਗੱਲਬਾਤ ਦੀ ਆਡੀਓ ਰਿਕਾਰਡਿੰਗ ਵੀ ਸਰਬਜੀਤ ਜਲਦੀ ਹੀ ਆਪਣੇ ਯੂ ਟਿਊਬ ਚੈਨਲ ਉਪਰ ਸਾਂਝੀ ਕਰੇਗੀ….ਇਸ ਕਰਕੇ ਮੈਂ ਇਸਦੇ ਬਾਰੇ ਜਿਆਦਾ ਲਿਖਣ ਤੋਂ ਬਚ ਰਿਹਾ ਹਾਂ…

ਪਰ ਇਕ ਗੱਲ ਮੈਂ ਜਰੂਰ ਸਾਂਝੀ ਕਰਨੀ ਚਾਹੰਦਾ ਹਾਂ ਜੋ ਪੰਡਤਾਂ ਨੇ ਆਖੀ….ਤੇ ਮੇਰੇ ਦਿਲ ਨੂੰ ਜਾ ਲੱਗੀ…

” ਤੁਹਾਡੇ ਕਹਿਣ ਨਾਲ ਕੁਛ ਨਹੀਂ ਹੁੰਦਾ…ਜੇ ਤੁਹਾਡੇ ਗੁਰੂ ਏਥੇ ਆਏ ਨੇ ਤਾਂ ਪਰੂਫ ਦਵੋ…ਸਾਬਤ ਕਰੋ…..ਗੱਲਾਂ ਬੋਲਣ ਨਾਲ ਕੁਛ ਨਹੀਂ ਹੁੰਦਾ…ਇਹ ਥਾਂ…ਤੇ ਏਥੋਂ ਤੱਕ ਕਿ ਸਾਰਾ ਪਹਿਲਗਾਮ ਵੀ ਸਾਡੇ ਕਲਪ ਰਿਸ਼ੀ ਨੇ ਵਸਾਇਆ ਹੈ…ਇਹ ਸਭ ਸਾਡਾ ਹੈ…ਤੁਹਾਨੂੰ ਇਹ ਜੋ ਆਪਾਂ ਥਾਂ ਦਿਤੀ ਹੈ ਨਾ ਗ੍ਰੰਥ ਸਾਹਿਬ ਰੱਖਣ ਲਈ…ਇਹ ਵੀ ਆਪਾਂ ਜਦੋਂ ਚਾਹੇ ਖਾਲੀ ਕਰਵਾ ਸਕਦੇ ਹਾਂ…ਸਾਡੇ ਕੋਲ ਕਾਗਜ਼ ਪੱਤਰ ਨੇ…ਸੁਪ੍ਰੀਮ ਕੋਰਟ ਦਾ ਫੈਸਲਾ ਹੈ….ਤੁਹਾਡੇ ਕੋਲ ਕੀ ਹੈ ? ਜੇ ਕੁਛ ਹੈ ਤਾਂ ਦਸੋ…? ਇਕੱਲਾ ਬੋਲ ਦੇਣ ਨਾਲ ਕੁਛ ਨਹੀਂ ਹੋਣਾ…ਜੇ ਤੁਹਾਡੇ ਗੁਰੂ ਆਏ ਨੇ ਇਥੇ ਤਾਂ ਸਾਬਤ ਕਰੋ ”

ਪੰਡਤਾਂ ਦੀਆਂ ਇਹ ਗੱਲਾਂ ਦਿਲ ਨੂੰ ਉਦਾਸ ਕਰ ਗਈਆਂ…ਉਥੋਂ ਦੇ ਸਿੱਖਾਂ ਦਾ ਰਵਈਆ ਵੀ ਉਦਾਸ ਕਰ ਗਿਆ…ਕਿ ਏਨਾ ਨੇ ਆਪਣੇ ਨਾਲ ਹੋਏ ਧੱਕੇ ਦੀ ਪੈਰਵਾਈ ਤਾਂ ਕੀ ਕਰਨੀ ਸੀ…ਉਲਟਾ ਇਹ ਲੋਕ ਆਪਣੇ ਨਾਲ ਹੋਏ ਧੱਕੇ ਨੂੰ ਦੁਨੀਆਂ ਅੱਗੇ ਵੀ ਨਹੀਂ ਲੈ ਆ ਸਕੇ…ਪੰਡਤਾਂ ਨੇ ਦੂਰ ਦੀ ਸੋਚੀ…ਤੇ ਹਰ ਨਿੱਕੀ ਗੱਲ ਨੂੰ ਵੀ ਕਾਗਜ਼ਾਂ ਰਾਹੀਂ ਆਪਣੇ ਹੱਕ ਚ ਕਰ ਲਿਆ…ਪਰ ਆਪਣੇ ਸਿਖਾਂ ਨੇ ਬਸ ਮੂੰਹ ਜ਼ੁਬਾਨੀ ਮਿਲੇ ਭਰੋਸਿਆਂ ਦੇ ਆਸਰੇ ਹੀ ਡੰਗ ਟਪਾਇਆ….

ਮੈਂ ਇਸ ਪੋਸਟ ਰਾਹੀਂ ਬਸ ਏਨਾ ਚਾਹੰਦਾ ਹਾਂ ਕਿ ਜੇ ਮੇਰੇ ਨਾਲ ਕੋਈ ਐਸੇ ਸਿੱਖ ਜੁੜੇ ਹੋਣ…ਜਿਹੜੇ ਮਟਨ ਸਾਹਬ ਦੇ ਇਤਿਹਾਸ ਬਾਰੇ ਕੁਝ ਜਾਣਦੇ ਹੋਣ ਤਾਂ ਅੱਗੇ ਆਉਣ….ਜਿਹੜਾ ਕੰਮ ਅਖਬਾਰਾਂ ਜਾਂ ਮੀਡੀਆ ਨਹੀਂ ਕਰ ਰਿਹਾ…ਆਪਾਂ ਕਰ ਸਕਦੇ ਹਾਂ…ਪਰ ਇਹ ਉਦੋਂ ਹੀ ਹੋਵੇਗਾ ਜਦੋਂ ਸਾਨੂੰ ਜਾਣਕਾਰੀ ਹੋਵੇਗੀ ਕਿ ਸਾਡੀ ਇਤਿਹਾਸਕ ਥਾਂ ਸਾਡੇ ਕੋਲੋਂ ਖੋਹ ਲਈ ਗਈ ਹੈ….

Harpal Singh

Check Also

ਜੂਨ 1984- ਜਦੋਂ ਅਧਿਆਪਕਾ ਨਾਲ ਭਾਰਤੀ ਫੋਜੀਆ ਨੇ ਬਲਾਤਕਾਰ ਕੀਤਾ

“ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ …

%d bloggers like this: