Breaking News
Home / ਸਾਹਿਤ / ਰਹੱਸਮਈ ਪਿੰਡ – ਚਿੱਟੀ ਸਿੰਘਪੁਰਾ

ਰਹੱਸਮਈ ਪਿੰਡ – ਚਿੱਟੀ ਸਿੰਘਪੁਰਾ

ਇਸ ਪਿੰਡ ਵੱਲ ਜਾਂਦਾ ਰਾਹ ਬਹੁਤ ਜਿਆਦਾ ਸੋਹਣਾ ਹੈ….ਹਰਿਆਵਲ ਨਾਲ ਭਰੇ ਰਾਹ ਦੇ ਨਾਲ ਨਾਲ ਤੇਜ਼ ਪਾਣੀ ਦਾ ਇਕ ਨਾਲਾ ਚਲਦਾ ਰਹਿੰਦਾ ਹੈ….

ਪਰ ਜਿਵੇਂ ਹੀ ਅਸੀਂ ਮੁੱਖ ਸੜਕ ਨੂੰ ਛੱਡ ਕੇ ਪਿੰਡ ਵਾਲੇ ਰਾਹ ਪੈਂਦੇ ਹਾਂ ਤਾਂ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ…ਸੰਘਣੇ ਦਰੱਖਤਾਂ ਚੋਂ ਨਿਕਲਦੇ ਇਸੇ ਰਾਹ ਤੋਂ ਹੀ ਇਕ ਹਨੇਰੀ ਰਾਤ ਚ ਕੁਛ ਲੋਕ ਇਸ ਪਿੰਡ ਵਿਚ ਦਾਖਲ ਹੋਏ ਸੀ….

ਸੇਬਾਂ ਦੇ ਬਾਗਾਂ ਦੇ ਵਿਚੋਂ ਦੀ ਲੰਘ ਕੇ ਜਾਂਦੇ ਰਾਹ ਤੇ ਤੁਰਦਿਆਂ ਮੈਨੂੰ ਆਪਣੇ ਸਾਹਾਂ ਦੇ ਨਾਲ ਉਥੇ ਵਗਦੇ ਪਾਣੀ ਦੀ ਆਵਾਜ਼ ਲਗਾਤਾਰ ਸੁਣਦੀ ਰਹੀ…ਖੇਤਾਂ ਦੇ ਮਗਰ ਦਿਖਦੇ ਪਹਾੜ ਇਸ ਇਲਾਕੇ ਨੂੰ ਬਹੁਤ ਜਿਆਦਾ ਖੂਬਸੂਰਤ ਦਿਖਾ ਰਹੇ ਸੀ….

ਜਰੂਰ ਇਸ ਸੋਹਣੇ ਰਸਤਿਆਂ ਚੋ ਹੀ ਨਿਕਲ ਕੇ ਇਹ ਬੰਦੂਕਧਾਰੀ ਅੱਗੇ ਵਧੇ ਹੋਣਗੇ….ਪਰ ਉਹਨਾਂ ਨੂੰ ਏਨਾ ਸੋਹਣੇ ਰਾਹਾਂ ਦੀ ਕੋਈ ਕਦਰ ਕਦੋਂ ਰਹੀ ਹੋਵੇਗੀ….ਓਹਨਾ ਦੇ ਦਿਮਾਗਾਂ ਚ ਤਾਂ ਕੁਝ ਹੋਰ ਹੀ ਚੱਲ ਰਿਹਾ ਹੋਵੇਗਾ….

ਸਿਖਾਂ ਦੇ ਘਰਾਂ ਚ ਰੋਟੀ ਪਾਣੀ ਵਰਤਾਏ ਜਾਣ ਤੋਂ ਬਾਦ ਜਦੋਂ ਸੌਣ ਦੀ ਤਿਆਰੀ ਚੱਲ ਰਹੀ ਸੀ….ਉਦੋਂ ਹੀ ਉਹਨਾਂ ਦੇ ਘਰਾਂ ਦੇ ਦਰਵਾਜ਼ਿਆਂ ਤੇ ਇਕ ਦਸਤਕ ਦਿੱਤੀ ਗਈ…

” ਕੌਨ ? ”

” ਆਪਣੇ ਸ਼ਿਨਾਖ਼ਤੀ ਕਾਰਡ ਲੇ ਕਰ ਬਾਹਰ ਆਓ…ਕਰੈਕਡਾਉਣ ਹੈ ”

( ਕਰੈਕਡਾਉਣ ਤੋਂ ਭਾਵ ਜਦੋਂ ਪਿੰਡ ਚ ਤਲਾਸ਼ੀ ਮੁਹਿੰਮ ਚਲਾਈ ਜਾਂਦੀ ਹੈ…ਉਦੋਂ ਜਦੋਂ ਪਿੰਡ ਚ ਕਿਸੇ ਸ਼ੱਕੀ ਬੰਦੇ ਦੇ ਹੋਣ ਦੀ ਸੰਭਾਵਨਾ ਹੋਵੇ )

ਏਦਾਂ ਦੀ ਦਸਤਕ ਕਿੰਨੇ ਹੀ ਘਰਾਂ ਦੇ ਬੂਹਿਆਂ ਤੇ ਦਿੱਤੀ ਗਈ……

ਉਹ ਸਾਰੇ ਜਣੇ ਪਿੰਡ ਦੀਆਂ ਦੋ ਵੱਖਰੀਆਂ ਥਾਵਾਂ ਤੇ ਇਕੱਠੇ ਕਰ ਲਏ ਗਏ….

ਫੇਰ ਜੋ ਹੋਇਆ….ਓਹ ਸਭ ਨੇ ਅਗਲੇ ਦਿਨ ਅਖਬਾਰਾਂ ਚ ਪੜ੍ਹਿਆ…

ਮੈਂ ਇਸ ਪਿੰਡ ਚ ਜਦੋਂ ਦਾਖਲ ਹੋਇਆ…ਤਾਂ ਇਸਦੇ ਖਾਲੀ ਪਏ ਰਾਹ ਇਸਨੂੰ ਰਹੱਸਮਈ ਬਣਾ ਰਹੇ ਸੀ….

ਕੰਧਾਂ ਉਪਰ ਬਣੇ ਖੰਡੇ ਦੇ ਨਿਸ਼ਾਨ ਹੀ ਕਾਫੀ ਸੀ ਇਹ ਦਸਣ ਲਈ ਕਿ ਇਹ ਸਿੱਖਾਂ ਦਾ ਪਿੰਡ ਹੈ…

ਅੱਖਾਂ ਉਸ ਥਾਂ ਨੂੰ ਲੱਭ ਰਹੀਆਂ ਸੀ ਜਿਥੇ ਉਸ ਕਾਲੀ ਰਾਤ ਵਿਚ ਕਿੰਨੇ ਹੀ ਸਿੱਖਾਂ ਨੂੰ ਗੋਲੀਆਂ ਨਾਲ ਭੁੰਨ ਦਿੱਤਾ ਗਿਆ ਸੀ….

ਖਾਲੀ ਪਈਆਂ ਗਲੀਆਂ ਚ ਕੋਈ ਨਹੀਂ ਸੀ… ਫੇਰ ਅਚਾਨਕ ਇਕ ਔਰਤ ਆਪਣੇ ਕੰਨ ਨੂੰ ਫੋਨ ਲਾਈ ਤੁਰੀ ਜਾਂਦੀ ਦਿਸੀ…

” ਆਂਟੀ ਜੀ…ਸੁਨਿਓ ਜ਼ਰਾ ”

ਸਾਡੇ ਚੇਹਰਿਆਂ ਨੂੰ ਦੇਖ ਕੇ ਉਸਨੇ ਬਿਨਾਂ ਸਾਡੇ ਸੁਆਲ ਨੂੰ ਸੁਣੇ ਹੀ ਜਾਣ ਲਿਆ ਸੀ ਕਿ ਆਪਾਂ ਉਸ ਥਾਂ ਨੂੰ ਦੇਖਣ ਆਏ ਹਾਂ ਜਿਸ ਥਾਂ ਨੇ ਕਿੰਨੇ ਹੀ ਘਰਾਂ ਚ ਕਿੰਨੇ ਹੀ ਆਪਣਿਆਂ ਦੀਆਂ ਥਾਵਾਂ ਨੂੰ ਸਦਾ ਲਈ ਖਾਲੀ ਕਰ ਦਿੱਤਾ ਸੀ….

ਕੁਛ ਹੀ ਦੇਰ ਬਾਅਦ ਅਸੀਂ ਉਸ ਕੰਧ ਦੇ ਅੱਗੇ ਖੜੇ ਸੀ…ਜਿਥੇ ਗੋਲੀਆਂ ਦੇ ਨਿਸ਼ਾਨਾਂ ਨੂੰ ਮਾਰਕ ਕੀਤਾ ਗਿਆ ਸੀ….ਇਹ ਉਹੀ ਕੰਧ ਸੀ ਜਿਸਦੇ ਅੱਗੇ ਖੜੇ ਕਰਕੇ ਕਿੰਨੇ ਹੀ ਸਿੱਖ ਵੀਰਾਂ ਨੂੰ ਗੋਲੀਆਂ ਨਾਲ ਛਲਣੀ ਕਰ ਦਿੱਤਾ ਗਿਆ ਸੀ….

ਇਕ ਵਾਰ ਤਾਂ ਦਿਲ ਅੰਦਰ ਹਲਕਾ ਜਿਹਾ ਕੁਛ ਹੁੰਦਾ ਹੈ…ਅੱਖਾਂ ਅੱਗੇ ਕੋਈ ਦ੍ਰਿਸ਼ ਘੁੰਮ ਜਾਂਦਾ ਹੈ…ਜ਼ੁਬਾਨ ਉਪਰ ਕਿੰਨੇ ਹੀ ਸੁਆਲ ਜਨਮ ਲੈਂਦੇ ਨੇ…..

ਅਸੀਂ ਆਪਣੇ ਕਦਮ ਅੱਗੇ ਵਧਾਏ….ਤੇ ਹੁਣ ਅਸੀਂ ਗੁਰਦਵਾਰੇ ਦੇ ਅੰਦਰ ਉਸ ਥਾਂ ਅੱਗੇ ਸੀ ਜਿਥੇ ਸਿੱਖਾਂ ਦੀਆਂ ਦੇਹਾਂ ਨੂੰ ਰਖਿਆ ਗਿਆ ਸੀ….

ਮਨ ਚ ਉਥਲ ਪੁਥਲ ਹੁੰਦੀ ਹੈ….ਅੱਖਾਂ ਏਧਰ ਓਧਰ ਘੁੰਮਦੀਆਂ ਨੇ…ਦਿਲ ਅੰਦਰ ਹਲਕਾ ਜੇਹਾ ਇਕ ਡਰ ਫੁੱਟਦਾ ਹੈ…ਇਹ ਡਰ ਕਮਜ਼ੋਰੀ ਵਾਲਾ ਨਹੀਂ ਹੈ…ਇਹ ਕੁਛ ਹੋਰ ਹੀ ਹੈ….ਜਿਸਨੂੰ ਦਸਣਾ ਨਹੀਂ ਆ ਰਿਹਾ ਮੈਨੂੰ….ਇੰਝ ਲਗਦਾ ਹੈ ਜਿਵੇਂ ਅਜੇ ਵੀ ਆਲੇ ਦੁਆਲੇ ਕੋਈ ਹੈ….ਕੋਈ ਅੱਖਾਂ ਅਜੇ ਵੀ ਸਾਨੂੰ ਦੇਖ ਰਹੀਆਂ ਨੇ… ਕੋਈ ਸਾਡੇ ਹਰ ਕਦਮ ਨੂੰ ਗਿਣ ਰਿਹਾ ਹੈ….ਅਸੀਂ ਕਿਸੇ ਦੀਆਂ ਨਜ਼ਰਾਂ ਦੇ ਵਿਚ ਹਾਂ..

ਇਕ ਪਲ ਲਈ ਸਾਡੇ ਬੁੱਲ ਕੋਈ ਵੀ ਸੁਆਲ ਕਰਨ ਦੀ ਬਜਾਏ ਚੁੱਪ ਰਹਿ ਜਾਣਾ ਹੀ ਠੀਕ ਸਮਝਦੇ ਨੇ….

ਸਾਡੇ ਕਦਮ ਇਸ ਥਾਂ ਨੂੰ ਛੱਡ ਕੇ ਵਾਪਸ ਪਿੰਡ ਵੱਲ ਲੈ ਆਂਦੇ ਨੇ…

ਇਕ ਨੁੱਕਰ ਚ ਕਿੰਨੇ ਹੀ ਸਰਦਾਰ ਨੌਜਵਾਨ ਮੁੰਡੇ ਨਜ਼ਰ ਆਏ…ਜਿੰਨਾ ਚੋਂ ਕੁਛ ਕੁ ਨੂੰ ਮੈਂ ਬੁਲਾਇਆ….ਹੈਲੋ ਕੀਤੀ…ਪਰ ਇਕ ਅੱਧੇ ਨੂੰ ਛੱਡ ਕੇ ਬਾਕੀਆਂ ਦੀ ਮਿਲਣੀ ਚ ਕੋਈ ਜੋਸ਼ ਨਹੀਂ ਸੀ….

ਅਸੀਂ ਇਸ ਪਿੰਡ ਚੋ ਬਾਹਰ ਨਿਕਲਦੇ ਹੋਏ ਇਕ ਵਾਰ ਫੇਰ ਸੁਨਸਾਨ ਅਤੇ ਸੰਘਣੇ ਰੁੱਖਾਂ ਨਾਲ ਭਰੇ ਰਾਹ ਉਪਰ ਹਾਂ…

” ਕੀ ਉਹ ਬੰਦੂਕਧਾਰੀ ਵੀ ਇਸੇ ਰਾਹ ਤੋਂ ਮੁੜੇ ਹੋਣਗੇ ? ” ਮੈਂ ਖੁਦ ਨੂੰ ਸੁਆਲ ਕੀਤਾ…

” ਕੀ ਪਤਾ…ਇਹ ਰਾਹ ਉਹਨਾਂ ਨੇ ਪਿੰਡ ਅੰਦਰ ਦਾਖਲ ਹੋਣ ਲਈ ਚੁਣਿਆ ਹੋਵੇਗਾ ” ਮੈਂ ਖੁਦ ਨੂੰ ਹੀ ਜੁਆਬ ਦਿੰਦਾ ਹਾਂ…

ਅਸੀਂ ਅੱਗੇ ਇਕ ਹੋਰ ਪਿੰਡ ਜਾਣ ਦੇ ਚਾਹਵਾਨ ਹਾਂ…

” ਮਿਲੀਟੈਂਟ ਕਾ ਇਲਾਕਾ ਹੈ…ਕੋਈ ਮਾਰ ਦਵੇਗਾ ਤਾਂ ਕੀ ਕਰ ਲੈਣਾ ”

ਇਸ ਜੁਆਬ ਨੂੰ ਮਿਲਣ ਤੋਂ ਬਾਦ ਵੀ ਅਸੀਂ ਅੱਗੇ ਜਾਣਾ ਚਾਹੰਦੇ ਸੀ…ਪਰ ਕੋਈ ਵਹੀਕਲ ਨਾ ਹੋਣ ਕਰਕੇ ਆਪਾਂ ਹੁਣ ਵਾਪਸ ਮੁੜਨ ਚ ਹੀ ਭਲਾਈ ਸਮਝੀ….

#ਹਰਪਾਲਸਿੰਘ

Check Also

ਜੂਨ 1984- ਜਦੋਂ ਅਧਿਆਪਕਾ ਨਾਲ ਭਾਰਤੀ ਫੋਜੀਆ ਨੇ ਬਲਾਤਕਾਰ ਕੀਤਾ

“ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ …

%d bloggers like this: