Breaking News
Home / ਮੁੱਖ ਖਬਰਾਂ / ਸ਼ਾਹ ਮੁਹੰਮਦਾ ਕਰਨਾ ਪੰਜਾਬ ਖਾਲੀ…!

ਸ਼ਾਹ ਮੁਹੰਮਦਾ ਕਰਨਾ ਪੰਜਾਬ ਖਾਲੀ…!

ਚਰਨਜੀਤ ਭੁੱਲਰ
ਗੱਲ ਸਿਆਣੀ ਹੈ, ਬਹੁਤੀ ਪੁਰਾਣੀ ਵੀ ਨਹੀਂ। ਵੱਡੇ ਬਾਦਲ ਨੇ ਸਟੇਜ ਤੋਂ ਟਿੱਚਰ ਕੀਤੀ, ‘‘ਲੱਗਦੈ, ਪੂਰਾ ਪੰਜਾਬ ਹੀ ਬੁੱਢਾ ਹੋ ਗਿਆ।’’ ਬਾਦਲ ਦੀ ਗੱਲ ਮੁੰਡਿਆਂ ਦੀ ਸਮਝੋਂ ਬਾਹਰ ਸੀ। ਉਦੋਂ ਸਰਕਾਰ ਨੇ ਬੁਢਾਪਾ ਪੈਨਸ਼ਨ ਛਾਣੀ ਸੀ। ਪੈਨਸ਼ਨ ਦੇ ਛਿੱਲੜਾਂ ਲਈ ਗੱਭਰੂ ਵੀ ਬੁੱਢੇ ਬਣ ਗਏ ਸਨ। ਪੰਡਾਲ ’ਚ ਘੁਸਰ ਮੁਸਰ ਹੋਈ। ਬਾਦਲ ਦੀ ਗੱਲ ਭੇਤੀ ਤਾਂ ਫੜ ਗਏ। ਮਿੱਟੀ ਦੇ ਮਾਧੋ ਕੰਨ ਵਲੇਟ ਕੇ ਘਰਾਂ ਨੂੰ ਜਾਂਦੇ ਰਹੇ । ਬਾਦਲ ਨੇ ਗੱਲ ਹਾਸੇ ’ਚ ਆਖੀ ਸੀ। ਹਾਸੇ ਪਿਛੇ ਇੱਕ ਸੱਚ ਛੁਪਿਆ ਸੀ। ਫਾਜ਼ਿਲਕਾ ਵੱਲ ਕਿਤੇ ਗੇੜਾ ਲਾਇਓ। ਨਿਆਣਿਆਂ ਦੇ ਸਿਰ ਚਿੱਟੇ ਮਿਲਣਗੇ। ਜਿਵੇਂ ਪੰਜਾਬ ਦੇ ਦਾਰੇ ‘ਚਿੱਟੇ’ ਨੇ ਢਾਹੇ, ਵਾਲ ਉਮਰਾਂ ਨਾਲ ਨਹੀਂ, ਫਿਕਰਾਂ ਨਾਲ ਚਿੱਟੇ ਹੁੰਦੇ ਨੇ।
ਸੱਚਮੁੱਚ, ਪੰਜਾਬ ਇਕੱਲਾ ਬੁੱਢਾ ਨਹੀਂ ਹੋਇਆ। ਤੇਜ਼ੀ ਨਾਲ ਪੰਜਾਬ ਖਾਲੀ ਵੀ ਹੋ ਚੱਲਿਐ। ਦੁਆਬੇ ਦੇ ਬਨੇਰਿਆਂ ’ਤੇ ਹੁਣ ਕਾਂ ਨਹੀਂ ਬੋਲਦੇ। ਪਿੰਡਾਂ ’ਚ ਸੁੰਨ ਦਾ ਪਹਿਰਾ ਹੈ। ਸ਼ਮਸ਼ਾਨ ਘਾਟਾਂ ’ਚ ਅਸਥੀਆਂ ਨੂੰ ਪੁੱਤਾਂ ਦੀ ਉਡੀਕ ਹੈ। ਅਦਿੱਖ ਜੰਗ ਚੱਲ ਰਹੀ ਹੈ। ਪੰਜਾਬ ਤੋਂ ਪੁੱਤ ਐਵੇਂ ਤਾਂ ਵਿਦਾ ਨਹੀਂ ਹੋ ਰਹੇ। ਦੇਸ਼ ਦੇ 10.90 ਲੱਖ ਨੌਜਵਾਨ ਸਟੱਡੀ ਵੀਜ਼ੇ ਤੇ ਗਏ ਨੇ। ਸਭ ਤੋਂ ਵੱਧ ਪੰਜਾਬੀ ਨੇ। ਇਕੱਲੇ ਕੈਨੇਡਾ ’ਚ 2.15 ਲੱਖ ਭਾਰਤੀ ਬੱਚੇ ਨੇ। ਰੋਜ਼ੀ ਰੋਟੀ ਲਈ ਵਿਦੇਸ਼ ਜਾਣ ਵਾਲੇ ਵੱਖਰੇ। ਦੱਖਣੀ ਭਾਰਤ ’ਚ ਵੀ ਪੰਜਾਬੀ ਮੁੰਡਿਆਂ ਦੀ ਭੀੜ ਵਧੀ ਹੈ। ਚਾਅ ਨਾਲ ਕੌਣ ਘਰ ਛੱਡਦੈ। ਦਿਲ ਤਾਂ ਹਰ ਪੁੱਤ ਦਾ ਕਰਦੈ, ਮਾਂ ਦੀ ਪੱਕੀ ਖਾਣ ਨੂੰ।

ਬਿਗਾਨੇ ਮੁਲਕਾਂ ’ਚ ਰੁਲਣ ਪਿਛੇ ਕੋਈ ਤਾਂ ਮਜਬੂਰੀ ਹੋਵੇਗੀ। ਹਵਾ ਇਹੋ ਰਹੀ ਤਾਂ ਪਰਵਾਸੀ ਮਜ਼ਦੂਰ ਪੰਜਾਬ ਦੇ ਵਾਰਸ ਬਣਨਗੇ। ਕੋਈ ਸੱਜਣ ਬੋਲਿਐ, ‘‘ਉੁਹ ਦਿਨ ਬਹੁਤੇ ਦੂਰ ਨਹੀਂ ਜਦੋਂ ਕੋਈ ਪਰਵਾਸੀ ਮਜ਼ਦੂਰ ‘ਮਿਸਟਰ ਪੰਜਾਬ’ ਬਣ ਬੈਠੇਗਾ।’’ ਖੇਤੀ ’ਵਰਸਿਟੀ ਅਨੁਸਾਰ ਪੰਜਾਬ ’ਚ 37 ਲੱਖ ਪਰਵਾਸੀ ਮਜ਼ਦੂਰ ਨੇ। ਫਿਰ ਤਾਂ ਵਿਸਾਖੀ ਮੇਲੇ ’ਤੇ ਵੀ ਪਰਵਾਸੀ ਦਮਾਮੇ ਮਾਰਨਗੇ। ਸਿਨੇਮਾ ਘਰਾਂ ’ਚ ਤਾਂ ਭੋਜਪੁਰੀ ਫਿਲਮਾਂ ਲੱਗਣ ਲੱਗੀਆਂ ਨੇ। ‘ਅੱਗ ਲੈਣ ਆਈ, ਮਾਲਕਣ ਬਣ ਬੈਠੀ’, ਏਦਾਂ ਹੀ ਹੋਣਾ ਪੰਜਾਬ ਨਾਲ।
ਗੱਲ ਅੱਗੇ ਤੋਰਦੇ ਹਾਂ। ਜਿੰਨੇ ਨਸ਼ਿਆਂ ਨੇ, ਓਨੇ ਹੀ ਅੰਬਾਨੀ ਦੇ ‘ਜੀਓ’ ਨੇ ਘਰ ਪੱਟੇ ਹਨ। ਪੰਜਾਬ ਔੜ ਝੱਲ ਰਿਹਾ ਹੈ। ਵਿਹੜੇ ਸੁੰਨੇ ਹਨ ਤੇ ਗਲੀਆਂ ਭਰੀਆਂ ਨੇ। ਕਿਤੇ ਅਵਾਰਾ ਕੁੱਤੇ ਤੇ ਕਿਤੇ ਅਵਾਰਾ ਪਸ਼ੂ। ਪੰਜਾਬ ’ਚ ਕਿਧਰੇ ਕੋਈ ਜਲੌਅ ਨਹੀਂ। ਹੰਭਿਆ ਹੋਇਆ ਲੱਗਦੈ। ਗੁਰਦਾਸ ਮਾਨ ਤਾਹੀਂ ਬਾਬਿਆਂ ਤੋਂ ਭੰਗੜਾ ਪੁਆ ਰਿਹੈ। ਅੱਖਾਂ ਬੰਦ ਕੀਤੀਆਂ, ਲੱਗਿਆ ਕਿਤੇ ਸੱਚੀਓਂ ਤਾਂ ਪੰਜਾਬ ਬੁੱਢਾ ਨਹੀਂ ਹੋ ਗਿਆ। ਹੁਣ ਅੱਖਾਂ ਖੁੱਲ੍ਹੀਆਂ ਨੇ। ਜਦੋਂ ਵਿੱਤ ਮੰਤਰੀ ਬੀਬੀ ਨਿਰਮਲਾ ਬੋਲੀ। ਏਹ ਗੱਲ ਨਵੀਂ ਤੇ ਸਿੱਧੀ ਪੰਜਾਬ ’ਤੇ ਟਕੋਰ ਹੈ। ਅੱਖਾਂ ਮੀਚ ਕੇ ਵੀ ਕਬੂਤਰ ਬਚਣਾ ਨਹੀਂ।

ਬੀਬੀ ਨਿਰਮਲਾ ਨੇ ਆਰਥਿਕ ਸਰਵੇਖਣ ’ਚ ਪੰਜਾਬ ਨੂੰ ਸ਼ੀਸ਼ਾ ਦਿਖਾ ਦਿੱਤਾ । ਅੱਗੇ ਤੇਰੇ ਭਾਗ ਲੱਛੀਏ। ਪੰਜਾਬ ਛੇਤੀ ਬੁੱਢਾ ਹੋਵੇਗਾ। ਮੁੰਡੇ ਲੱਭਣੇ ਨਹੀਂ, ਹਰ ਇੱਟ ’ਤੇ ਬੁੱਢੇ ਬੈਠੇ ਹੋਣਗੇ। ਪੰਜਾਬੀਓ, ਆਓ ਸ਼ੀਸ਼ਾ ਦੇਖੀਏ। ਹੁਣ ਪਛਤਾਵੇ ਕਾਹਦੇ, ਖੇਤ ਤਾਂ ਚੁਗਿਆ ਗਿਐ। ਖ਼ਜ਼ਾਨਾ ਮੰਤਰੀ ਨੇ ਵਹੀ ਖਾਤਾ ਖੋਲ ਕੇ ਰੱਖ ਦਿੱਤੈ। ਅਗਲੇ ਦੋ ਦਹਾਕੇ ਦਾ ਨਵਾਂ ਪੰਜਾਬ ਦਿਖਾਇਐ। ਨੌਜਵਾਨ ਮੁੰਡੇ.. ਢੂੰਡਤੇ ਰਹਿ ਜਾਓਗੇ। ਪੰਜਾਬ ’ਚ ਸਾਲ 2041 ’ਚ ਸਿਰਫ਼ 21 ਫੀਸਦੀ ਨੌਜਵਾਨ ਰਹਿ ਜਾਣਗੇ। ਜੋ ਸਾਲ 2011 ’ਚ 35.8 ਫੀਸਦੀ ਸਨ। ਬਜ਼ੁਰਗ ਵੀਹ ਸਾਲਾਂ ਮਗਰੋਂ ਦੁੱਗਣੇ ਹੋ ਜਾਣਗੇ। ਸ਼ੀਸ਼ੇ ਦੇ ਥੋੜ੍ਹਾ ਨੇੜੇ ਹੋਵੋ। ਆਬਾਦੀ ਵਿਕਾਸ ਦਰ ਤੇ ਸਕੂਲੀ ਬੱਚਿਆਂ ਦੀ ਗਿਣਤੀ ਵੀ ਘਟੇਗੀ।
ਔਸਤ ਉਮਰ ਵਧੇਗੀ। ਜਿਧਰ ਜਾਓਗੇ, ਬਜ਼ੁਰਗ ਦਿਖਣਗੇ। ਦੇਖਿਓ ਕਿਤੇ ਸੇਵਾ ਮੁਕਤੀ 70 ਸਾਲ ’ਤੇ ਨਾ ਕਰ ਦਿਓ। ਛੱਜੂ ਰਾਮ ਨੇ ਪਰਚੀ ਘੱਲੀ ਹੈ, ਪੁੱਛਦੈ, ‘‘ਪੰਜਾਬ ਨੂੰ ਕੀ ਸੱਪ ਸੁੰਘ ਗਿਐ। ਹੋਇਆ ਕੀ ਐ, ਗੱਲ ਲਮਕਾਓ ਨਾ।’’ ਕੁੱਖ ਪੰਜਾਬ ਦੀ ਹੁਣ ਸੁਲੱਖਣੀ ਨਹੀਂ ਰਹੀ। ਨਵਾਂ ਖੁਲਾਸਾ ਕੇਂਦਰ ਸਰਕਾਰ ਦਾ ਹੈ। ਜਣੇਪਾ ਵਿਕਾਸ ਦਰ ਔਸਤ ਨਾਲੋਂ ਘਟੀ ਹੈ। ਠੀਕ ਉਵੇਂ ਮਾਂ ਦੀ ਕੁੱਖ ਨਾਲ ਹੋਇਐ ਜਿਵੇਂ ਪੰਜਾਬ ਦੇ ਮਿੱਟੀ ਪਾਣੀ ਨਾਲ । ਧਨੀ ਰਾਮ ਚਾਤ੍ਰਿਕ ਨੇ ਕਵਿਤਾ ‘ਪੰਜਾਬ’ ’ਚ ਸਿਫ਼ਤਾਂ ਦੇ ਪੁਲ ਬੰਨ੍ਹ ਦਿੱਤੇ। ਉਦੋਂ ਵੇਲੇ ਭਲੇ ਸਨ। ਹਾਕਮਾਂ ਦੀ ਜਦੋਂ ਨਜ਼ਰ ਸਵੱਲੀ ਨਾ ਰਹੇ, ਫਿਰ ਮਾਂ ਦੀ ਕੁੱਖ ਦਾ ਕੀ ਕਸੂਰ। ਖਾਣ ਪੀਣ, ਰਹਿਣ ਸਹਿਣ, ਤੇ ਤੌਰ ਤਰੀਕੇ ਬਦਲੇ ਨੇ। ਭੈਅ ਦਾ ਮਾਹੌਲ, ਉਪਰੋਂ ਨਸ਼ਿਆਂ ਦੀ ਮਾਰ। ‘ਚਿੱਟੇ’ ਦੇ ਝੰਬੇ ਕਿਥੋਂ ਸਮਰੱਥ ਰਹੇ ਨੇ। ਕਿਸੇ ਮਹਿਲਾ ਥਾਣੇ ਚਲੇ ਜਾਓ। ਸੁਹਾਗ ਚੂੜੇ ਲੱਥੇ ਨਹੀਂ, ਚਿਹਰੇ ਉੱਤਰੇ ਦੇਖੋਗੇ।
ਪੰਜਾਬ ਨੂੰ ਔਲ਼ੇ ਦਾ ਸੁਆਦ ਹੁਣ ਆ ਰਿਹੈ। ਕੁੜੀਆਂ ਕਿਸਮਤ ਪੁੜੀਆਂ ਨਹੀਂ, ਹੁਣ ਕਿਸਮਤ ਥੁੜੀਆਂ ਨੇ। ਕੁੱਖ ਭਾੜੇ ਤੇ ਲੈਣੀ ਪਊ, ਕਿਸੇ ਸੋਚਿਆ ਸੀ। ਫਿਲਮ ਨਿਰਮਾਤਾ ਏਕਤਾ ਕਪੂਰ ‘ਕਿਰਾਏ ਦੀ ਕੁੱਖ’ ਨਾਲ ਹੁਣੇ ਮਾਂ ਬਣੀ ਹੈ। ਖ਼ਤਰੇ ਦੀ ਘੰਟੀ ਤਾਂ ਵੱਜੀ ਸੀ, ਪੰਜਾਬੀ ਸੰਭਲੇ ਨਹੀਂ। ਲੱਖਾ ਸਧਾਣਾ ਰੌਲਾ ਪਾਉਂਦਾ ਫਿਰਦੇ, ਅਖੇ ਨਸਲਕੁਸ਼ੀ ਹੋ ਰਹੀ ਹੈ।

ਜੋਗਾ-ਰੱਲਾ ਔਰਤਾਂ ਦੇ ਸੁਹੱਪਣ ’ਚ ਮਸ਼ਹੂਰ ਰਿਹੈ। ਰੱਲਾ ਪਿੰਡ ’ਚ ਛੇ ਰਾਜੇ ਢੁੱਕੇ ਸਨ। ਨੌਵੀਂ ਪਾਤਸ਼ਾਹੀ ਨੇ ਵਰ ਦਿੱਤਾ ਸੀ। ਕੁੜੀਆਂ ਦੀ ਕੁੱਖ ਹਮੇਸ਼ਾ ਸਵੱਲੀ ਰਹੂ। ਰਾਜ ਕੁਮਾਰ ਤਾਹੀਓਂ ਖਿੱਚੇ ਜਾਂਦੇ ਸਨ। ਉਦੋਂ ਵੇਲੇ ਪੁਰਾਣੇ ਸਨ। ਨਵਿਆਂ ਨੇ ਤਾਂ ਭਰੂਣ ਨਹੀਂ ਬਖ਼ਸ਼ੇ। ਬੀਬੀ ਨਿਰਮਲਾ ਨੇ ਪੰਜਾਬੀਆਂ ਦੀ ਸਿੱਧੀ ਵੱਖੀ ’ਚ ਮਾਰੀ ਹੈ। ਬਾਬੇ ਨਾਨਕ ਦੀ ਕਿਰਤ ਤੋਂ ਮੂੰਹ ਫੇਰਿਆ, ਦਿਨ ਬੁਰੇ ਸ਼ੁਰੂ ਹੋ ਗਏ। ਜਰਮਨ ਤੇ ਫਰਾਂਸ ’ਚ ਵੀ ਦਿਨ ਅੱਛੇ ਨਹੀਂ। ਆਬਾਦੀ ਦਰ ਪੁੱਠੀ ਹੋ ਤੁਰੀ ਹੈ। ਚੀਨ ਵਾਲਿਆਂ ਨੇ ਦੋ ਬੱਚਿਆਂ ਦੀ ਖੁੱਲ੍ਹ ਦਿੱਤੀ। ਗੱਲ ਫਿਰ ਵੀ ਨਹੀਂ ਬਣ ਰਹੀ। ਬੱਚੇ ਵੱਧ ਜੰਮਣ, ਜਪਾਨ ਵਾਲਿਆਂ ਨੇ ਕਈ ਲਾਲਚ ਦਿੱਤੇ ਨੇ।
ਜਣੋਂ ਚੋਣਾਂ ਆਈਆਂ, ਲਾਲਚ ਪੰਜਾਬ ਨੂੰ ਵੀ ਮਿਲਣਗੇ। ਪਤਾ ਚੋਣ ਕਮਿਸ਼ਨ ਨੂੰ ਉਦੋਂ ਲੱਗੂ ਜਦੋਂ ਪੋਲਿੰਗ ਬੂਥਾਂ ਤੇ ਮੁੰਡੇ ਨਾ ਲੱਭੇ। ਸ਼ਾਹ ਮੁਹੰਮਦ ਹੁੰਦਾ ਤਾਂ ਜ਼ਰੂਰ ਅੱਜ ਫਿਰ ਇੱਕ ਹੋਰ ਨਵਾਂ ਜੰਗਨਾਮਾ ਲਿਖਦਾ। ਰੰਗਲੇ ਤੋਂ ਪਿੰਗਲਾ ਕਿਵੇਂ ਬਣਿਆ ਪੰਜਾਬ। ਮਹਿਲਾਂ ਦੀ ਗੱਲ ਵੀ ਹੁੰਦੀ ਤੇ ਪਿੰਡ ਬਾਦਲ ਦੀ ਵੀ। ਕੈਪਟਨ ਅਮਰਿੰਦਰ ਆਖਦੈ, ਬਾਦਲ ਤਾਂ ਹੁਣ ਬੁੱਢਾ ਹੋ ਗਿਐ। ਜੋ ਪੰਜਾਬ ਖਾਲੀ ਹੋ ਰਿਹੈ, ਉਸ ਦਾ ਫਿਕਰ ਕੌਣ ਕਰੂ। ਪੰਜਾਬ ਦਾ ਮਨੁੱਖੀ ਖ਼ਜ਼ਾਨਾ ਜ਼ਰਖੇਜ਼ ਹੈ। 4.88 ਲੱਖ ਬਜ਼ੁਰਗਾਂ ਦੀ ਉਮਰ ਆਜ਼ਾਦੀ ਤੋਂ ਵੱਡੀ ਹੈ। 5500 ਬਜ਼ੁਰਗ ਜ਼ਿੰਦਗੀ ਦਾ ਸੈਂਕੜਾ ਮਾਰ ਚੁੱਕੇ ਨੇ। ਨਰਿੰਦਰ ਮੋਦੀ ਨੇ। ਨਵਾਂ ਭਾਰਤ ਦਿਖਾਇਐ। ਖੂੰਜੇ ਵਿਚ ਅਡਵਾਨੀ ਤੇ ਜੋਸ਼ੀ ਨੂੰ ਬਿਠਾਇਐ।
ਵੱਖਰੀ ਗੱਲ ਹੈ ਕਿ ਸੰਸਦ ’ਚ ਵੀ ਨਵੇਂ ਚੁਣੇ ਸਿਰਫ਼ ਅੱਠ ਐਮ.ਪੀ ਹਨ। ਜਿਨ੍ਹਾਂ ਦੀ ਉਮਰ 35 ਸਾਲ ਤੱਕ ਹੈ। 70 ਸਾਲ ਤੋਂ ਉੱਤੇ 22 ਐਮ.ਪੀ ਨੇ। ਬਠਿੰਡੇ ਵਾਲਿਆਂ ਨੇ ਕੇਰਾਂ ਸਾਬਕਾ ਐਮ.ਪੀ ਹਰਿੰਦਰ ਖਾਲਸਾ ਨੂੰ ਬਾਈ ਆਖ ਦਿੱਤਾ। ਬਹੁਤ ਗੁੱਸਾ ਕੀਤਾ ਉਸ ਨੇ। ਪੰਜਾਬੀਓ, ਕਿਤੇ ਤੁਸੀਂ ਗੁੱਸਾ ਨਾ ਖਾ ਜਾਇਓ। ਖੈਰ, ਕੱਪੜਾ ਚੁੱਕਾਂਗੇ ਤਾਂ ਢਿੱਡ ਆਪਣਾ ਹੀ ਨੰਗਾ ਹੋਣੈ। ਬਾਕੀ, ਕਬੀਰ ਜੀ ਆਖ ਹੀ ਗਏ, ‘ਕਰਨਗੇ ਸੋ ਭਰਨਗੇ’। ਛੱਜੂ ਰਾਮ ਰੌਲਾ ਪਾ ਰਿਹਾ, ‘ਬੱਸ ਵੀ ਕਰੋ ਹੁਣ, ਬਾਹਰ ਮੌਨਸੂਨ ਆ ਗਈ, ਖਾਓ ਪੀਓ ਲਓ ਆਨੰਦ..’। ਸਾਲ 2041 ਹਾਲੇ ਬਹੁਤ ਦੂਰ ਹੈ।

Check Also

ਦਿੱਲੀ – ਕੋਰੋਨ ਵਾ ਇ ਰ ਸ ਦੇ ਸ਼ੱਕੀ ਮਰੀਜ਼ ਨੇ ਹਸਪਤਾਲ ਤੋਂ ਛਾਲ ਮਾਰ ਕੇ ਕੀਤੀ ਖੁ ਦ ਕੁ ਸ਼ੀ, ਆਸਟਰੇਲੀਆ ਤੋਂ ਪਰਤਿਆ ਸੀ ਮ੍ਰਿਤਕ

ਦਿੱਲੀ – ਕੋਰੋਨ ਵਾ ਇ ਰ ਸ ਦੇ ਸ਼ੱ ਕੀ ਮਰੀਜ਼ ਨੇ ਹਸਪਤਾਲ ਦੀ ਛੱਤ …

%d bloggers like this: