Breaking News
Home / ਅੰਤਰ ਰਾਸ਼ਟਰੀ / ਕੈਨੇਡਾ ਵਿੱਚ ਵੋਟਾਂ ਦੀ ਰੁੱਤ ‘ਚ ਸਿਆਸੀ ਲੀਡਰਾਂ ਦੇ ਗਿਰਗਿਟ ਵਾਂਗੂੰ ਬਦਲਦੇ ਰੰਗ

ਕੈਨੇਡਾ ਵਿੱਚ ਵੋਟਾਂ ਦੀ ਰੁੱਤ ‘ਚ ਸਿਆਸੀ ਲੀਡਰਾਂ ਦੇ ਗਿਰਗਿਟ ਵਾਂਗੂੰ ਬਦਲਦੇ ਰੰਗ

ਕੈਨੇਡਾ ਇੰਡੀਆ ਫਾਊਂਡੇਸ਼ਨ’ ਵੱਲੋਂ ਬੀਤੇ ਦਿਨ ਬਰੈਂਪਟਨ ‘ਚ ਕੀਤੇ ਸਮਾਗਮ ਵਿੱਚ ਸਾਬਕਾ ਪ੍ਰਧਾਨ ਮੰਤਰੀ ਸਟੀਵਨ ਹਾਰਪਰ ਨੇ, ਪੰਜਾਬ ਦੇ ਮੁੱਖ ਮੰਤਰੀ ਅਮਰਿੰਦਰ ਸਿੰਘ ਦੀ ਤਰਜ਼ ‘ਤੇ ਖਾਲਿਸਤਾਨ ਦਾ ਰਾਗ ਅਲਾਪਦਿਆਂ ਨਾ ਸਿਰਫ ਇਸ ਦੀ ਨਿਖੇਧੀ ਕੀਤੀ, ਬਲਕਿ ਖਾਲਿਸਤਾਨੀਆਂ ਨੂੰ ਸਖ਼ਤ ਸ਼ਬਦਾਂ ” Elephants in the room” ਨਾਲ ਸੰਬੋਧਨ ਕੀਤਾ।

ਬਦਲੇ ਵਿੱਚ ਇੰਡੀਆ ਕੈਨੇਡਾ ਫਾਊਂਡੇਸ਼ਨ ਵੱਲੋਂ ਹਾਰਪਰ ਨੂੰ ‘ਗਲੋਬਲ ਇੰਡੀਅਨ ਐਵਾਰਡ’ ਨਾਲ ਸਨਮਾਨਤ ਕੀਤਾ ਗਿਆ। ਕਨਜ਼ਰਵਟਿਵ ਪਾਰਟੀ ਦੇ ਸਾਬਕਾ ਆਗੂ ਹਾਰਪਰ ਵੱਲੋਂ ਇਹ ਸ਼ਬਦ ਕਹਿਣੇ ਅਤੇ ਭਾਰਤ ਵੱਲੋਂ ਅਜਿਹੇ ਮੌਕੇ ਤੇ ਕੈਨੇਡੀਅਨ ਮੁੱਦਿਆਂ ‘ਚ ਦਖਲਅੰਦਾਜ਼ੀ ਕਰਨੀ ਇਤਫਾਕ ਨਹੀਂ, ਬਲਕਿ ਅਕਤੂਬਰ 2019 ‘ਚ ਆ ਰਹੀਆਂ ਚੋਣਾਂ ਦੇ ਮੱਦੇਨਜ਼ਰ ਚੱਲ ਰਹੀ ਸਿਆਸਤ ਹੈ, ਜਿਸ ਵਿੱਚ ਖਾਲਿਸਤਾਨ ਦਾ ਹਊਆ ਖੜ੍ਹਾ ਕਰਕੇ, ਇਨ੍ਹਾਂ ਲੋਕਾਂ ਦੀ ਨੀਤੀ ਬਹੁ -ਗਿਣਤੀ ਤੋਂ ਵੋਟਾਂ ਬਟੋਰਨ ਅਤੇ ਕੈਨੇਡਾ ਵਸਦੇ ਸਿੱਖਾਂ ਨੂੰ ਬਦਨਾਮ ਕਰਨ ਦੀ ਹੈ, ਜਿਸ ਬਾਰੇ ਸੁਚੇਤ ਹੋਣ ਦੀ ਲੋੜ ਹੈ।

ਇਹ ਉਹੀ ਹਾਰਪਰ ਹੈ, ਜਿਸ ਨੇ 2012 ਵਿੱਚ ਭਾਰਤ ਫੇਰੀ ਦੌਰਾਨ ਇਹ ਕਿਹਾ ਸੀ ਕਿ ਕੈਨੇਡਾ ਵਿੱਚ ਸ਼ਾਂਤੀ ਨਾਲ ਸੰਵਿਧਾਨ ਦੇ ਅਨੁਸਾਰ, ਜੇ ਕਿਊਬੈਕ ਲਈ ਵੱਖਰੇ ਮੁਲਕ ਦੀ ਮੰਗ ਕੀਤੀ ਜਾ ਸਕਦੀ ਹੈ ਤਾਂ ਸ਼ਾਂਤੀ ਪੂਰਵਕ ਖਾਲਿਸਤਾਨ ਦੀ ਮੰਗ ਵੀ ਕੀਤੀ ਜਾ ਸਕਦੀ ਹੈ। ‘ਇੰਡੀਆ ਕੈਨੇਡਾ ਫਾਊਂਡੇਸ਼ਨ’ ਦੀ ਗੱਲ ਕਰੀਏ ਤਾਂ ਇੱਥੇ ਦੀਪਕ ਓਬਰਾਏ ਦੀ ਉਹ ਸਾਰੀ ਜੁੰਡਲੀ ਭਾਰੂ ਹੈ, ਜਿਸ ਨੂੰ ਭਾਰਤੀ ਸਿਆਸਤਦਾਨਾਂ ਦੀ ਕੈਨੇਡਾ ‘ਚ ਦਖਲਅੰਦਾਜ਼ੀ ਦੀ ਪੂਰੀ ਸ਼ਹਿ ਪ੍ਰਾਪਤ ਹੈ।ਪਿੱਛੇ ਜਿਹੇ ਪਾਰਲੀਮੈਂਟ ਵਿੱਚ ਸਿੱਖ ਵਿਰੋਧੀ ਮਤਾ ਲਿਆਉਣ ਲਈ ਕੰਜ਼ਰਵੇਟਿਵ ਪਾਰਟੀ ਦੀ, ਦੀਪਕ ਉਬਰਾਏ ਲਾਬੀ ਤੱਤਪਰ ਸੀ।

ਯਾਦ ਰਹੇ ਇਸ ਮਤੇ ਦੀ ਤਿੱਖੀ ਵਿਰੋਧਤਾ ਤੋਂ ਬਾਅਦ ਮਤਾ ਪਾਰਲੀਮੈਂਟ ਵਿੱਚ ਪੇਸ਼ ਨਹੀਂ ਸੀ ਹੋ ਸਕਿਆ ਅਤੇ ਓਬਰਾਏ ਨੂੰ ਕੈਲਗਰੀ ਵਿੱਚ ਗੁਰਦੁਆਰਾ ਸਟੇਜਾਂ ਤੇ ਬੋਲਣ ਤੋਂ ਵੀ ਰੋਕ ਦਿੱਤਾ ਗਿਆ ਸੀ। ਕੇਵਲ ਕੰਜ਼ਰਵਟਿਵ ਪਾਰਟੀ ਹੀ ਨਹੀਂ, ਬਲਕਿ ਬਾਕੀ ਸਿਆਸੀ ਪਾਰਟੀਆਂ ਵਿੱਚ ਵੀ ਅਜਿਹੀ ਘੁਸਪੈਠ ਹੋ ਚੁੱਕੀ ਹੈ, ਜਿਸ ਦਾ ਸੱਚ ਹੌਲੀ- ਹੌਲੀ ਸਾਹਮਣੇ ਆਵੇਗਾ।

ਉਧਰ ਭਾਰਤ ਦੀ ਧਰੁਵੀਕਰਨ ਦੀ ਸਿਆਸਤ ਵਾਲੀ ਸਰਕਾਰ ਅਤੇ ਮੁੱਖ ਧਾਰਾ ਦੇ ਗੋਦੀ ਮੀਡੀਏ ਨੂੰ ਹਾਰਪਰ ਦਾ ਇਹ ਬਿਆਨ ਬੜਾ ਫਿੱਟ ਬੈਠਾ ਹੈ ਅਤੇ ਆਉਂਦੇ ਦਿਨਾਂ ਵਿੱਚ ਇਸ ਦੇ ਆਧਾਰ ‘ਤੇ ਕੈਨੇਡਾ ਵਸਦੇ ਸਿੱਖਾਂ ਨੂੰ ਨਿਸ਼ਾਨੇ ‘ਤੇ ਰੱਖਿਆ ਜਾਏਗਾ। (ਡਾ. ਗੁਰਵਿੰਦਰ ਸਿੰਘ)

Check Also

ਅਮਰੀਕਾ ਵਿਚ ਭਾਰਤੀ ਸਹੁਰੇ ਨੇ ਕੀਤਾ ਨੂੰਹ ਦਾ ਕਤਲ

ਬੇਕਰਸਫੀਲਡ (ਅਮਰੀਕਾ) ਦੇ ਜਾਣੇ ਪਛਾਣੇ ਪੰਜਾਬੀ 65 ਸਾਲਾ ਜਗਜੀਤ ਸਿੰਘ ਕੂਨਰ ਨੂੰ ਆਪਣੀ 37 ਸਾਲਾ …

%d bloggers like this: