Breaking News
Home / ਸਾਹਿਤ / ਕੈਨੇਡਾ ਦੇ ਮਹਿੰਗੇ ਤੇ ਲੰਮੇ ਪੰਜਾਬੀ ਵਿਆਹ

ਕੈਨੇਡਾ ਦੇ ਮਹਿੰਗੇ ਤੇ ਲੰਮੇ ਪੰਜਾਬੀ ਵਿਆਹ

ਕੈਨੇਡਾ ਅੰਦਰ ਹੋ ਰਹੇ ਬਹੁਤੇ ਵਿਆਹ ਫਜੂਲ ਖਰਚੀ ਅਤੇ ਫੁਕਰਬਾਜ਼ੀ ਦਾ ਸਿਰਾ ਕਰ ਰਹੇ ਹਨ। ਕੁਝ ਲੋਕ ਸਿਆਣਪ ਦਿਖਾ ਕੇ ਆਪਣੇ ਵਿੱਤ ਮੁਤਾਬਿਕ ਖਰਚੇ ਕਰ ਰਹੇ ਹਨ ਪਰ ਬਹੁਤੇ ਲਾਈਲੱਗ ਬਣਕੇ ਆਪਣਾ ਝੁੱਗਾ ਚੌੜ ਕਰਵਾ ਰਹੇ ਹਨ।

ਜਿਨ੍ਹਾਂ ਕੋਲ ਮਾਇਆ ਹੈ, ਉਨ੍ਹਾਂ ਲਈ ਕੋਈ ਸਮੱਸਿਆ ਨਹੀਂ, ਉਹ ਵਾਜਿਬ ਤਰਕ ਵੀ ਦਿੰਦੇ ਹਨ ਕਿ ਆਪਣੇ ਬੱਚਿਆਂ ਦੇ ਵਿਆਹਾਂ ਲਈ ਤਾਂ ਸਾਰੀ ਉਮਰ ਕੰਮ ਕੀਤਾ, ਹੁਣ ਆਪਣੇ ਚਾਅ ਵੀ ਪੂਰੇ ਨਾ ਕਰੀਏ? ਪਰ ਇਸ ਭੇਡਚਾਲ ‘ਚ ਆਮ ਪਰਿਵਾਰ ਪਿਸ ਰਹੇ ਹਨ। ਕਈ ਮਾਪੇ ਵਿਆਹ ਲਈ ਘਰ ‘ਤੇ ਕਰਜ਼ ਚੁੱਕਦੇ ਹਨ। ਇਸ ਸਾਲ ਕੁਝ ਸਿਆਣੇ ਬੱਚੇ ਦੇਖੇ, ਜਿਨ੍ਹਾਂ ਖਰਚਾ ਬਹੁਤ ਜਾਇਜ਼ ਕੀਤਾ ਪਰ ਬਹੁਗਿਣਤੀ ਵਿਆਹ ਖਰਚੀਲੇ ਤੇ ਲੰਮੇ ਹੋ ਰਹੇ ਹਨ।

ਸਾਡੀ ਮਿਲ-ਵਰਤੋਂ ਇੱਥੇ ਏਨੀ ਵਧ ਗਈ ਹੈ ਕਿ ਘਟਾਉਂਦਿਆਂ-ਘਟਾਉਂਦਿਆਂ ਵੀ ਵਿਆਹ ‘ਤੇ ਸੱਦੇ ਜਾਣ ਵਾਲੇ ਮਹਿਮਾਨ ਬਹੁਤ ਵਧ ਜਾਂਦੇ ਹਨ। ਬੱਚੇ ਬਥੇਰਾ ਕਹਿੰਦੇ ਹਨ ਕਿ ਉਸਨੂੰ ਹੀ ਸੱਦੋ, ਜਿਸਨੂੰ ਉਹ ਜਾਣਦੇ ਹਨ ਪਰ ਮਾਪਿਆਂ ਦੀ ਦਲੀਲ ਹੁੰਦੀ ਹੈ ਕਿ ਅਗਲਿਆਂ ਨੇ ਸੱਦਿਆ ਸੀ, ਅਸੀਂ ਸ਼ਗਨ ਦੇ ਕੇ ਆਏ ਸੀ, ਹੁਣ ਕਿਵੇਂ ਨਾ ਸੱਦਾਂਗੇ?

ਜੋ ਮੈਂ ਲਿਖਣ ਲੱਗਾ ਹਾਂ, ਉਹ ਸ਼ਾਇਦ ਕਈਆਂ ਨੂੰ ਚੰਗਾ ਨਾ ਲੱਗੇ ਪਰ ਇਹ ਇੱਕ ਚਰਚਾ ਤੋਰਨ ਦੀ ਕੋਸ਼ਿਸ਼ ਹੈ ਤਾਂ ਕਿ ਅਸੀਂ ਰੁਕ ਕੇ ਸੋਚ ਸਕੀਏ ਕਿ ਅਸੀਂ ਕਿਧਰ ਨੂੰ ਜਾ ਰਹੇ ਹਾਂ। ਕਈ ਵਾਰ ਤਾਂ ਅਜਿਹਾ ਹੋ ਰਿਹਾ ਕਿ ਏਨੇ ਮਹਿੰਗੇ ਵਿਆਹ ਕਰਕੇ ਹਾਲੇ ਲੱਕ ਵੀ ਸਿੱਧਾ ਨਹੀਂ ਹੋਇਆ ਹੁੰਦਾ ਤੇ ਬੱਚਿਆਂ ਦੀ ਆਪਸ ‘ਚ ਵਿਗੜ ਵੀ ਜਾਂਦੀ ਹੈ।

ਅੱਜ ਤੋਂ 20 ਸਾਲ ਪਹਿਲਾਂ ਤੱਕ ਕੈਨੇਡਾ ‘ਚ ਕੁੜੀ ਦਾ ਵਿਆਹ ਮੁੰਡੇ ਦੇ ਵਿਆਹ ਨਾਲੋਂ ਵੀ ਸਸਤਾ ਹੋ ਜਾਂਦਾ ਸੀ। ਉਧਰੋਂ ਪੰਜਾਬ ‘ਚ ਜ਼ਮੀਨਾਂ ਦੇ ਭਾਅ ਵਧੇ ਤੇ ਇੱਧਰ ਪੰਜਾਬੀਆਂ ਨੂੰ ਕੈਨੇਡਾ ਦੇ ਜਾਇਦਾਦ ਵਪਾਰ ਦੀ ਸਮਝ ਲੱਗੀ, ਪੈਸਾ ਆਉਣ ਲੱਗ ਪਿਆ, ਬੱਸ ਹੋ ਗਿਆ ਫੁਕਰਬਾਜ਼ੀ ਦਾ ਦੌਰ ਸ਼ੁਰੂ।

ਹੁਣ ਕੈਨੇਡਾ ‘ਚ ਆਮ ਵਿਆਹ ‘ਤੇ 3-4 ਪਾਰਟੀਆਂ ਆਮ ਗੱਲ ਹੋ ਗਈ। ਵੀਡੀਓਗ੍ਰਾਫੀ `ਤੇ 10-15 ਹਜ਼ਾਰ ਦਾ ਖਰਚਾ ਮਾਮੂਲੀ ਗੱਲ ਹੈ। ਖਾਣ-ਪੀਣ, ਕੱਪੜੇ, ਦੇਣ-ਲੈਣ ਦੇ ਖਰਚੇ ਅੱਡ। ਆਮ ਵਿਆਹ ਲੱਖ ਡਾਲਰ ‘ਚ ਪੈਂਦਾ, ਇੱਕ ਪਾਸੇ ਨੂੰ। ਸ਼ਹਿਰ ਦੇ ਹਰ ਨਾਮਵਰ ਬੰਦੇ ਨੂੰ ਸੱਦਿਆ ਜਾਣਾ ਫੈਸਨ ਬਣ ਗਿਆ ਹੈ। ਵਿਆਹ ਕਾਹਦਾ ਸ਼ੋਅ ਬਣ ਗਿਆ। ਜਿਹੜੇ ਸਰਦੇ ਪੁੱਜਦੇ ਹਨ, ਉਹ ਇਹ ਕਰ ਸਕਦੇ ਹਨ ਪਰ ਹਰ ਕੋਈ ਨਹੀਂ। ਕਈਆਂ ਨੂੰ ਨਾ ਚਾਹੁੰਦਿਆਂ ਕਰਨਾ ਪੈ ਰਿਹਾ।

ਕੈਨੇਡਾ `ਚ ਬਹੁਗਿਣਤੀ ਬੱਚੇ ਸਰਕਾਰੀ ਸਕੂਲਾਂ-ਕਾਲਜਾਂ `ਚ ਪੜ੍ਹਦੇ ਹਨ ਤੇ ਅਮੀਰੀ-ਗਰੀਬੀ ਦਾ ਫਰਕ ਕੀਤੇ ਬਿਨਾ ਦੋਸਤ ਬਣ ਜਾਂਦੇ ਹਨ। ਪਰ ਜਦ ਅਮੀਰ ਦੇ ਬੱਚੇ ਦਾ ਵਿਆਹ ਹੁੰਦਾ ਤਾਂ ਸਾਧਾਰਨ ਪਰਿਵਾਰ ਦਾ ਬੱਚਾ ਵੀ ਓਹੋ ਜਿਹਾ ਵਿਆਹ ਕਰਵਾਉਣਾ ਚਾਹੁੰਦਾ। ਸਾਧਾਰਨ ਮਾਪੇ ਦਾ ਵੀ ਦਿਲ ਕਰਦਾ ਕਿ ਮੇਰੇ ਬੱਚੇ `ਚ ਹੀਣ-ਭਾਵਨਾ ਨਾ ਆ ਜਾਵੇ। ਉਹ ਅੱਡੀਆਂ ਚੁੱਕ ਕੇ ਫਾਹਾ ਲੈਂਦਾ। ਇੱਕ ਸੱਜਣ ਨੇ ਦੱਸਿਆ ਕਿ ਉਸਨੇ 65 ਸਾਲ ਦਾ ਹੋ ਕੇ ਰਿਟਾਇਰ ਹੋ ਜਾਣਾ ਸੀ ਪਰ ਹਾਲੇ ਇੱਕ ਬੱਚਾ ਰਹਿੰਦਾ ਵਿਆਹੁਣ ਲਈ, ਇਸ ਲਈ ਓਹਦੇ ਵਿਆਹ ਲਈ ਲੱਖ ਦਾ ਪ੍ਰਬੰਧ ਕਰਨ ਦੇ ਚੱਕਰ ‘ਚ ਕੰਮ ਨੀ ਛੱਡ ਸਕਦਾ।

ਦਿਲਚਸਪ ਗੱਲ ਇਹ ਹੈ ਕਿ ਬਹੁਗਿਣਤੀ ਬੱਚੇ ਨਹੀਂ ਚਾਹੁੰਦੇ ਕਿ ਉਨ੍ਹਾਂ ਦੇ ਵੱਡੇ ਵਿਆਹ ਹੋਣ ਤੇ ਜਣਾ ਖਣਾ ਵਿਆਹ ‘ਚ ਤੁਰਿਆ ਫਿਰੇ, ਜਿਸਨੂੰ ਓਹ ਜਾਣਦੇ ਤੱਕ ਨੀ ਪਰ ਮਾਪਿਆਂ ਲਈ, ਜਿਨ੍ਹਾਂ ਦੇ ਵਿਆਹ ਖਾਧੇ ਹਨ, ਉਨ੍ਹਾਂ ਨੂੰ ਸੱਦਣਾ ਮਜਬੂਰੀ ਬਣ ਜਾਂਦਾ। ਕਈਆਂ ਨੂੰ ਆਪਣਾ ਪੈਸਾ ਦਿਖਾਉਣ ਦਾ ਇਹ ਮੌਕਾ ਮਿਲ ਜਾਂਦਾ। ਅਸੀਂ ਕੈਨੇਡਾ ਇਸ ਲਈ ਆਏ ਸੀ ਕਿਉਂਕਿ ਇੱਥੇ ਦਾ ਹਰ ਸਿਸਟਮ ਵਧੀਆ ਸੀ ਪਰ ਅਸੀਂ ਇਸਨੂੰ ਹਰ ਪੱਖੋਂ ਪੰਜਾਬ ਬਣਾਉਣ ਦਾ ਧਾਰ ਲਿਆ ਹੈ। ਜੇ ਇਹਨੂੰ ਪੰਜਾਬ ਹੀ ਬਣਾ ਦੇਣਾ, ਫੇਰ ਇੱਥੇ ਦੀ ਜੀਵਨ ਜਾਚ ਕਿੱਦਾਂ ਮਾਣਾਂਗੇ? ਆਪਣਾ ਪਿੰਡ/ਸ਼ਹਿਰ ਛੱਡਣ ਦੀ ਕੀ ਲੋੜ ਸੀ?

ਇੱਕ ਵਿਆਹ ਦੀ ਰਿਸੈਪਸ਼ਨ ‘ਤੇ ਗਿਆ ਤਾਂ ਪਲੇਟ ਭਰੀ ਬੈਠਾ ਇੱਕ ਪਤਵੰਤਾ ਸੱਜਣ, ਜੋ ਪਰਿਵਰ ਦਾ ਰਿਸ਼ਤੇਦਾਰ ਨਹੀਂ ਸੀ, ਬੱਸ ਪਤਵੰਤਾ ਹੋਣ ਕਾਰਨ ਹੀ ਸੱਦਿਆ ਹੋਇਆ ਸੀ, ਕਹਿ ਰਿਹਾ ਸੀ ਕਿ ਐਵੇਂ ਸ਼ੋਅ-ਆਫ ਕਰੀ ਜਾਂਦੇ ਆ, ਮੁੰਡੇ-ਕੁੜੀ ਦੀ ਬਣਨੀ ਚਾਰ ਦਿਨ ਨੀ। ਕੀ ਲੋੜ ਹੈ ਅਜਿਹੇ ਲੋਕਾਂ ਨੂੰ ਸੱਦਣ ਦੀ, ਜੋ ਤੁਹਾਡਾ ਖਾ ਕੇ ਅਸੀਸ ਵੀ ਨਾ ਦੇ ਸਕਣ ਕਿ ਜੋੜੀ ਲੰਮੀ ਉਮਰ ਹੰਢਾਵੇ, ਸੁਖੀ ਰਹੇ। ਉਲਟਾ ਮਾੜਾ ਹੀ ਸੋਚਣ।

ਇਸੇ ਤਰਾਂ ਕੁਝ ਸਾਲ ਪਹਿਲਾਂ ਇੱਕ ਅਮੀਰ ਨੇ ਮੁੰਡੇ ਦਾ ਗੱਜ ਵੱਜ ਕੇ ਵਿਆਹ ਕੀਤਾ। ਲਗਾਤਾਰ 4-5 ਪਾਰਟੀਆਂ ਕੀਤੀਆਂ, ਵਿਆਹ ਹੋਇਆ,ਹਜ਼ਾਰ ਬੰਦਾ ਹਰ ਪਾਰਟੀ `ਤੇ ਸੀ। ਰਿਸੈਪਸ਼ਨ ਤੋਂ ਬਾਅਦ ਮੁੰਡਾ-ਕੁੜੀ ਹਨੀਮੂਨ `ਤੇ ਚਲੇ ਗਏ ਤੇ ਵਾਪਸ ਅੱਡ-ਅੱਡ ਆਏ। ਕੁੜੀ ਏਅਰਪੋਰਟ ਤੋਂ ਸਿੱਧੀ ਆਪਣੇ ਘਰ ਚਲੀ ਗਈ ਤੇ ਮੁੰਡਾ ਆਪਣੇ ਘਰ। ਘਰਦਿਆਂ ਨੂੰ ਦੱਸਤਾ ਕਿ ਸਾਡੀ ਸਾਸਰੀਕਾਲ ਆ।

ਮੁੰਡੇ ਦਾ ਪਿਓ ਮੁੰਡੇ ਨੂੰ ਮਿਹਣੇ ਮਾਰਨ ਲੱਗਾ ਕਿ ਤੇਰੇ ਕਰਕੇ ਮੈਂ ਏਨਾ ਖਰਚਾ ਕੀਤਾ, ਓਹ ਕੀਤਾ, ਵੋਹ ਕੀਤਾ। ਮੁੰਡਾ ਕਹਿੰਦਾ ਡੈਡ ਤੂੰ ਮੇਰੇ ਲਈ ਨਹੀਂ, ਆਪਣੀ ਟੌਹਰ ਦਿਖਾਲਣ ਲਈ ਕੀਤਾ। ਵਿਆਹ ਅਤੇ ਰਿਸੈਪਸ਼ਨ ‘ਤੇ ਮੈਂ 10-15 ਜਣੇ ਸੱਦੇ ਸੀ, ਬਾਕੀ ਸਾਰਾ ਲਾਣਾ ਤੇਰਾ ਸੱਦਿਆ ਸੀ। 15 ਜਣਿਆਂ ਦੇ 30 ਡਾਲਰ ਨੂੰ ਪਲੇਟ ਦੇ ਹਿਸਾਬ ਨਾਲ 450 ਡਾਲਰ ਬਣਦੇ ਆ, ਆਹ ਚੱਕ 450 ਦਾ ਚੈੱਕ, ਮੁੜਕੇ ਨਾ ਮੈਨੂੰ ਕਹੀਂ।

ਪੰਜਾਬ `ਚ ਵਿਆਹਾਂ ਤੇ ਕੋਠੀਆਂ ਦੇ ਕਰਜ਼ੇ ਨੇ ਸਾਡਾ ਲੱਕ ਤੋੜਿਆ ਤੇ ਮਾਮਲਾ ਖੁਦਕੁਸ਼ੀਆਂ ਤੱਕ ਪੁੱਜ ਗਿਆ। ਉਸਤੋਂ ਹੀ ਸਬਕ ਲੈ ਲਈਏ! ਦੇਖਣ ‘ਚ ਆਇਆ ਕਿ ਕਈ ਅਮੀਰ ਤੇ ਸਿਆਣੇ ਲੋਕ ਬਹੁਤ ਸਾਦਾ ਵਿਆਹ ਕਰ ਰਹੇ ਹਨ ਤੇ ਕਈ ਖਾਲੀ ਭਾਂਡੇ ਵਿਆਹਾਂ ‘ਤੇ ਲੋਹੜੇ ਦਾ ਖਰਚਾ ਕਰ ਰਹੇ ਹੁੰਦੇ ਹਨ।

ਲੋਕਾਂ ਨੂੰ ਮਗਰ ਲਾਉਣ ਲਈ ਧੜਾਧੜ ਵਿਆਹਾਂ ਨਾਲ ਸਬੰਧਿਤ ਵਪਾਰ ਹੋਂਦ ‘ਚ ਆ ਗਏ ਹਨ ਤੇ ਉਹ ਲੁਭਾਵਣੀਆਂ ਗੱਲਾਂ ਕਰਕੇ ਖਰਚਾ ਵਧਾ ਰਹੇ ਹਨ। ਦੁਖੀ ਕਈ ਨੇ ਪਰ ਲਾਚਾਰੀ ਪ੍ਰਗਟਾ ਰਹੇ ਹਨ ਕਿ ਇਹ ਸਭ ਰੋਕੀਏ ਤਾਂ ਕਿੱਦਾਂ ਰੋਕੀਏ?

ਪੰਜਾਬੀ ਵਿਆਹਾਂ/ਰਿਸੈਪਸ਼ਨਾਂ ‘ਤੇ ਹੋ ਰਹੀਆਂ ਗੱਲਾਂ (ਚੁਗਲੀਆਂ) ਬਾਰੇ ਵੀ ਸਾਂਝ ਪਾਉਂਦਾ ਹਾਂ, ਜੋ ਅਕਸਰ ਵਿਆਹ/ਰਿਸੈਪਸ਼ਨ ‘ਤੇ ਪੁੱਜੇ ਬੰਦੇ ਕਿਸੇ ਟੋਲੇ ‘ਚ ਖੜ ਕੇ, ਬਾਰ ‘ਤੇ ਖੜ ਕੇ ਜਾਂ ਟੇਬਲਾਂ ‘ਤੇ ਬੈਠੇ ਹੋਏ ਕਰਦੇ ਹਨ, ਜੋ ਖੁਦ ਸੁਣੇ ਹਨ। ਔਰਤਾਂ ਕੀ ਗੱਲਾਂ ਕਰਦੀਆਂ ਹੋਣਗੀਆਂ, ਇਹ ਗੱਲ ਕਿਸੇ ਔਰਤ ਦੱਸ ਸਕਦੀ।

ਸੱਦਾ ਦੇਣ ਵਾਲੇ ਨੇ ਇਸ ਕਰਕੇ ਨਜ਼ਦੀਕੀਆਂ ਨੂੰ ਸੱਦਿਆ ਹੁੰਦਾ ਕਿ ਇਹ ਮੇਰੇ ਬੱਚਿਆਂ ਨੂੰ ਲੰਮੇ ਤੇ ਤੰਦਰੁਸਤ ਵਿਆਹੁਤਾ ਜੀਵਨ ਦੀ ਅਸੀਸ ਦੇਣਗੇ, ਅਸ਼ੀਰਵਾਦ ਦੇਣਗੇ ਪਰ ਅਜਿਹੇ ਬਹੁਤ ਥੋੜੇ ਦੇਖੇ, ਬਹੁਤੇ ਇਹੋ ਜਿਹੀਆਂ ਗੱਲਾਂ ਕਰਦੇ ਹਨ:

– ਡੈਕੋਰੇਸ਼ਨ ‘ਤੇ ਏਨੇ ਪੈਸੇ ਲਾ ਦਿੱਤੇ, ਹਰਾਮ ਦੀ ਕਮਾਈ ਲਗਦੀ ਆ।
– ਪਿੰਡ ਇਹਨਾਂ ਸਾਡਿਓਂ ਲੱਸੀ ਲਿਜਾਣੀ ਤੇ ਫੇਰ ਜਾ ਕੇ ਸਾਰਾ ਟੱਬਰ ਅਚਾਰ ਨਾਲ ਰੋਟੀ ਖਾਂਦਾ ਸੀ, ਹੁਣ ਰੱਜ ਨੂੰ ਚੱਜ ਆ ਗਿਆ।
– ਕੁੜੀ ਮਾਂ ਵਰਗੀ ਆ, ਸਹੁਰਿਆਂ ਦੇ ਚਕਾਊ ਚੌਂਹਟੇ
– ਮੁੰਡਾ ਖਰੇ ਕਿੱਦਾਂ ਟਿਕ ਕੇ ਬੈਠਾ, ਮਿੱਤਰਾਂ ਨੇ ਵਾਹਵਾ ਸਮਾਨ ਛਕਾਇਆ ਲਗਦਾ।

– ਖਰੇ ਸਾਲਿਆਂ ਨੇ 4 ਦਿਨ ਕੱਠੇ ਰਹਿਣਾ ਕਿ ਨਹੀਂ, ਐਵੀਂ ਛਿੰਝ ਪਾਈਓ ਆ, ਜਣਾ ਖਣਾ ਸੱਦਿਆ ਆ।

– ਲੋਕਾਂ ਦੇ ਤਾਂ ਪੈਸੇ ਦੇ ਦਵੇ, ਜਿਹਦੇ ਦੇਣ ਵਾਲੇ ਆ, ਇੱਥੇ ਰਾਜਾ ਬਣ ਕੇ ਦਿਖਾਉਣ ਡਿਹਾ
– ਇਨ੍ਹਾਂ ਦਾ ਵੀ ਗੇੜਾ ਲੱਗ ਗਿਆ ਲਗਦਾ। (ਡਰੱਗ ਦਾ)
– ਹੁਣ ਸਾਲੇ ਫੇਰ ਪੈਸੇ ਪਵਾਉਣ ਲੱਗ ਪਏ, ਵਿਆਹ ਤਾਂ ਇਹਨਾਂ ਸਾਡੇ ਸਿਰੋਂ ਹੀ ਕਰ ਲੈਣਾ
– ਏਨੀਆਂ ਪਾਰਟੀਆਂ ਦਾ ਕੀ ਫਾਇਦਾ, ਸਾਡੇ ਤਾਂ ਕੱਪੜੇ ਮੁਕਾ ਦਿੱਤੇ ਇਹਨਾਂ ਨੇ

– ਜੇ ਖਾਣ ਨੂੰ ਘੱਟ ਹੈ ਤਾਂ ਕਹਿਣਗੇ ਸਰਫਾ ਕਰ ਗਏ ਕੰਜੂਸ
– ਤੇ ਜੇ ਕਿਸੇ ਨੇ ਖਾਣੇ ਵਿੱਚ ਬਹੁਤ ਚੀਜ਼ਾਂ ਰੱਖ ਦਿੱਤੀਆ ਤਾਂ ਕਹਿਣਗੇ ਇੱਦਾਂ ਦੇ ਵਿਆਹ ਖਾ ਕੇ ਫੇਰ ਆਪੇ ਦਿਲ ਦਾ ਦੌਰਾ ਹੀ ਪੈਣਾ।
– ਸਭ ਤੋਂ ਕਮੀਨੇ ਉਹ ਹੁੰਦੇ, ਜੋ ਨਜ਼ਦੀਕੀ ਰਿਸ਼ਤੇਦਾਰ ਨੀ ਹੁੰਦੇ ਤੇ ਜਿਹਨਾਂ ਨੇ ਸੱਦੇ ਹੁੰਦੇ, ਉਹਨਾਂ ਦੀਆਂ ਘਰਵਾਲੀਆਂ, ਭੈਣਾਂ, ਧੀਆਂ ਬਾਰੇ ਏਨੀ ਬਕਵਾਸ ਕਰਦੇ ਕਿ ਇੱਥੇ ਲਿਖੀ ਨਹੀਂ ਜਾ ਸਕਦੀ।

ਸੋਚਣ ਵਾਲੀ ਗੱਲ ਇਹ ਹੈ ਕਿ ਕੀ ਏਨਾ ਖਰਚਾ ਕਰਕੇ ਅਸੀਂ ਲੋਕਾਂ ਨੂੰ ਆਪਣੀ ਮਿੱਟੀ ਪਟਾਉਣ ਲਈ ਸੱਦਦੇ ਹਾਂ?

ਮੇਰੇ ਦੋਸਤ ਦੇ ਜਵਾਨ ਮੁੰਡੇ ਨੇ ਟੇਬਲ ‘ਤੇ ਬੈਠਿਆਂ ਜਦ ਅਜਿਹੀਆਂ ਗੱਲਾਂ ਸੁਣੀਆਂ ਤਾਂ ਦੋਸਤ ਨੇ ਦੱਸਿਆ ਕਿ ਘਰ ਆਉਂਦਿਆਂ ਗੱਡੀ ‘ਚ ਕਹਿੰਦਾ, “ਡੈਡ ਮੇਰਾ ਵਿਆਹ ਆਪਾਂ ਇੱਥੇ ਨੀ ਕਰਨਾ, ਕਿਸੇ ਬਾਹਰਲੇ ਟਾਊਨ ਦੇ ਗੁਰਦੁਆਰੇ ‘ਚ ਕਰਕੇ, ਓਥੇ ਹੀ ਛੋਟੀ ਜਿਹੀ ਪਾਰਟੀ ਕਰ ਲੈਣੀ, ਜਿੱਥੇ ਆਪਣੇ ਲਾਗਲੇ ਰਿਸ਼ਤੇਦਾਰ ਹੀ ਆਉਣ। ਆਈ ਕੈਂਟ ਟੇਕ ਦਿਸ ਬੁਲਸ਼ਿਟ।”

ਪੰਜਾਬੀਆਂ ਦੀਆਂ ਅੱਧੋਂ ਵੱਧ ਸਮੱਸਿਆਵਾਂ ਦੀ ਜੜ੍ਹ ਸਾਦਗੀ ਤੋਂ ਦੂਰ ਹੋਣਾ ਹੈ। ਦੇਖਾ-ਦੇਖੀ ਅਤੇ ਰੀਸੋ-ਰੀਸ ਦੀ ਦੌੜ ‘ਚ ਅਸੀਂ ਉਹ ਕੁਝ ਕਰ ਰਹੇ ਹਾਂ, ਜਿਸ ਦੇ ਕੀਤੇ ਬਿਨਾ ਸਾਡਾ ਸਰ ਸਕਦਾ। ਮਿਸਾਲ ਵਜੋਂ ਬੱਚਿਆਂ ਦੇ ਵਿਆਹਾਂ ‘ਤੇ ਵੱਡੀਆਂ ਅਤੇ ਕਈ-ਕਈ ਪਾਰਟੀਆਂ ਕਰਨੀਆਂ, ਜਿਸ ਤੋਂ ਨਾ ਬੱਚੇ ਖੁਸ਼ ਅਤੇ ਅਤੇ ਨਾ ਮਹਿਮਾਨ।

ਬੱਚੇ ਚਾਹ ਰਹੇ ਹਨ ਕਿ ਸਾਡੀਆਂ ਪਾਰਟੀਆਂ ‘ਤੇ ਘੱਟ ਬੰਦੇ ਆਉਣ ਤੇ ਉਹੀ ਆਉਣ, ਜੋ ਸਾਡੇ ਨਜ਼ਦੀਕੀ ਹੋਣ ਅਤੇ ਜਾਣਦੇ ਹੋਣ। ਪਰ ਮਾਪੇ ਕਹਿੰਦੇ ਅਸੀਂ ਲੋਕਾਂ ਦੇ ਜਾ-ਜਾ ਕੇ ਪੈਸੇ ਦੇ ਕੇ ਆਇਓ ਹਾਂ, ਖਾ ਕੇ ਆਇਓ ਹਾਂ, ਹੁਣ ਸੱਦਣੇ ਪੈਣਗੇ। ਓਧਰ ਮਹਿਮਾਨ ਉਲਾਂਭੇ ਦੇ ਰਹੇ ਨੇ ਕਿ ਯਾਰ ਆਹ ਚੌਥੀ ਪਾਰਟੀ ਕਰ ਦਿੱਤੀ ਇਨ੍ਹਾਂ, ਸਾਡੇ ਤਾਂ ਕੱਪੜੇ ਮੁਕਾ ਦਿੱਤੇ ਪਾਉਣ ਵਾਲੇ। ਫਿਰ ਹਰੇਕ ਪਾਰਟੀ ‘ਚ ਪੈਸੇ ਪੁਆਈ ਜਾਂਦੇ ਨੇ। ਹੁਣ ਜੇ ਇਨ੍ਹਾਂ ਕੋਲ ਚਾਰ ਪੈਸੇ ਆ ਗਏ ਤਾਂ ਸਾਨੂੰ ਕਾਹਤੋਂ ਖੱਜਲ ਕਰਦੇ ਆ!

ਅਸੀਂ ਪਾਰਟੀਆਂ ‘ਚ ਇਕੱਠ ਤਾਂ ਇਸ ਕਰਕੇ ਕਰਦੇ ਹਾਂ ਕਿ ਸਾਡੇ ਨਜ਼ਦੀਕੀ ਆਉਣ, ਬੱਚਿਆਂ ਨੂੰ ਅਸ਼ੀਰਵਾਦ ਦੇਣ, ਸਾਡੀ ਖੁਸ਼ੀ ‘ਚ ਸ਼ਾਮਲ ਹੋ ਕੇ ਨੱਚਣ-ਗਾਉਣ, ਸੁਭਾਗ ਜੋੜੀ ਨੂੰ ਅਸੀਸਾਂ ਦੇਣ ਪਰ ਹੋ ਉਲਟਾ ਰਿਹਾ, ਮਹਿਮਾਨ ਇਨ੍ਹਾਂ ਸੱਦਿਆਂ ਨੂੰ ਬੋਝ ਸਮਝਣ ਲੱਗੇ ਹਨ। ਇਹ ਗੱਲ ਆਮ ਸੁਣਨ ਨੂੰ ਮਿਲਦੀ ਹੈ, “ਓ ਯਾਰ ਜਾਣਾ ਪੈਣਾ!”

ਇਹ ਸਤਰਾਂ ਲਿਖਣ ਲਈ ਮੈਨੂੰ ਮੇਰੇ ਦੋਸਤ ਦੀ ਇੱਕ ਸਹਿਜ ਸੁਭਾਅ ਕੀਤੀ ਟਿੱਪਣੀ ਨੇ ਝੰਜੋੜਿਆ। ਸਾਡੇ ਇਸ ਦੋਸਤ ਨੂੰ ਮੁੰਡੇ ਆਲਿਆਂ ਵਲੋਂ ਇੱਕ ਅਜਿਹਾ ਹੀ ਵਿਆਹ ਸੀ, ਜਿਸਦੀ ਪਿਛਲੇ ਸਾਲ ਕੁੜਮਾਈ ਪਾਰਟੀ (Engagement Party) ਹੋ ਚੁੱਕੀ ਸੀ।

ਬੁੱਧਵਾਰ ਮਾਈਆਂ ਪਾਰਟੀ ਸੀ, ਵੀਰਵਾਰ ਲੇਡੀਜ਼ ਸੰਗੀਤ ਅਤੇ ਜਾਗੋ, ਸ਼ੁੱਕਰਵਾਰ ਘਰ ਸੱਦ ਲਏ, ਸ਼ਨੀਵਾਰ ਵਿਆਹ……ਜਦ ਮੈਂ ਫੋਨ ਕੀਤਾ ਤਾਂ ਉੁਹ ਐਤਵਾਰ ਵਾਲੀ ਰਿਸੈਪਸ਼ਨ ਪਾਰਟੀ ਲਈ ਤਿਆਰ ਹੋ ਰਿਹਾ ਸੀ।

ਮੇਰੇ ਵਲੋਂ ਪੁੱਛਣ ਦੀ ਦੇਰ ਸੀ ਕਿ ਕੀ ਕਰਦਾਂ? ਨਾਲ ਹੀ ਗਰਮ ਹੋ ਗਿਆ…..ਗਾਲ੍ਹ ਕੱਢ ਕੇ ਕਹਿੰਦਾ; ਤਿਆਰ ਹੁੰਨਾਂ ਰਿਸੈਪਸ਼ਨ ਲਈ ਸਾਲਿਆਂ ਦੀ ਮਕਾਣ ਦੇਣ ਜਾਣਾ। ਪੰਜਵਾਂ ਦਿਨ ਹੋ ਗਿਆ ਜਾਂਦਿਆਂ ਨੂੰ, ਕੱਪੜੇ ਮੁਕਾ ‘ਤੇ ਸਾਡੇ ਤਾਂ। ਬੁੜ੍ਹੀਆਂ ਸਾਡੀਆਂ ਨੇ ਹਰ ਪਾਰਟੀ ਲਈ ਨਵਾਂ ਸੂਟ ਖਰੀਦ ਕੇ ਧੂੰਆਂ ਕੱਢ ਤਾ ਮੇਰਾ। ਵਿਆਹ ਇਨ੍ਹਾਂ ਦੇ ਆ, ਬਿਪਤਾ ਸਾਲੀ ਸਾਨੂੰ ਪਾਈਓ ਆ।

ਅਜਿਹੇ ਉਲਾਂਭੇ ਅਕਸਰ ਵਿਆਹਾਂ ‘ਚ ਪੈਸੇ ਪਾਉਣ ਲਈ ਲਾਈਨ ‘ਚ ਲੱਗਿਆਂ ਅਤੇ ਪਾਰਟੀਆਂ ‘ਚ ਬੰਦਿਆਂ ਕੋਲ ਖੜਿਆਂ ਹੁਣ ਸੁਣਨ ਨੂੰ ਮਿਲਦੇ ਹਨ। …………….ਕੋਲੋਂ ਖੁਆ-ਪਿਆ ਕੇ ਗਾਲ੍ਹਾਂ ਖਾਣ ਵਾਲੀ ਗੱਲ ਹੈ।

ਫਿਰ ਅਜਿਹੇ ਬੇਲੋੜੇ ਮਹਿਮਾਨ, ਜਿਨ੍ਹਾਂ ਨੂੰ ਤੁਹਾਡੀ ਖ਼ੁਸ਼ੀ ਨਾਲ ਕੋਈ ਮਤਲਬ ਨੀ ਹੁੰਦਾ, ਉਹ ਲੜਾਈ ਕਰਨ ਲੱਗੇ ਨੀ ਝਿਜਕਦੇ। ਘਰਵਾਲੇ ਸਾਰੀ ਪਾਰਟੀ ‘ਚ ਲੜਾਈ ਛੁਡਾਉਂਦੇ ਫਿਰਦੇ ਜਾਂ ਇਹ ਦੇਖੀ ਜਾਂਦੇ ਕਿ ਫਿਰ ਨਾ ਲੜ ਪੈਣ।

ਸਮਾਂ ਹੈ ਕਿ ਆਪਣੇ ਖੁਸ਼ੀ ਦੇ ਸਮਾਗਮ ਆਪਣੇ ਨਜ਼ਦੀਕੀਆਂ ਦੀ ਹਾਜ਼ਰੀ ‘ਚ ਸਾਦਗੀ ਨਾਲ ਕਰਨ ਲੱਗੀਏ। ਬੱਚੇ ਵੀ ਖੁਸ਼ ਰਹਿਣਗੇ, ਜੇਬ ਵੀ। ਦੁਨੀਆਂ ਨੂੰ ਬੇਸ਼ੱਕ ਆਇਆਂ ਨੂੰ ਸੋਨੇ ‘ਚ ਮੜ੍ਹਾ ਦਿਓ, ਉਨ੍ਹਾਂ ਖੁਸ਼ ਹੋਣਾ ਨੀ। ਸਾਦਗੀ ਵੱਲ ਮੁੜੀਏ। ਇਹ ਸ਼ੋਸ਼ੇ ਘਟਾਈਏ। ਆਪਣੇ ਟੱਬਰ ਦੀ ਖੁਸ਼ੀ, ਆਪਣੇ ਅਤਿ ਨਜ਼ਦੀਕੀਆਂ ਨਾਲ ਰਲ਼ ਕੇ ਮਨਾਈਏ।

ਜੇ ਰੀਸ ਹੀ ਕਰਨੀ ਹੈ ਤਾਂ ਆਪਣੇ ਬੱਚੇ ਦਾ ਸਾਦੇ ਤੋਂ ਸਾਦਾ ਵਿਆਹ ਕਰਨ ਦੀ ਕਰੀਏ।

– ਗੁਰਪ੍ਰੀਤ ਸਿੰਘ ਸਹੋਤਾ

Check Also

ਜੂਨ 1984- ਜਦੋਂ ਅਧਿਆਪਕਾ ਨਾਲ ਭਾਰਤੀ ਫੋਜੀਆ ਨੇ ਬਲਾਤਕਾਰ ਕੀਤਾ

“ ਵਹਿਸ਼ਤ ਦੀ ਇੱਕ ਹੋਰ ਦਿਲ ਦਹਿਲਾਉਣ ਵਾਲੀ ਹੱਡਬੀਤੀ ਖਾਲਸਾ ਸਕੂਲ, ਪਾਉਂਟਾ ਸਾਹਿਬ ਦੀ ਇੱਕ …

%d bloggers like this: