Breaking News
Home / ਸਾਹਿਤ / ਹੋਂਸਲਾ ਹਿੰਮਤ ਹਾਰ ਜਾਣ ਵਾਲਾ ਇੱਕ ਵਾਰ ਸੱਚੀ ਗਾਥਾ ਜ਼ਰੂਰ ਪੜ੍ਹੋ

ਹੋਂਸਲਾ ਹਿੰਮਤ ਹਾਰ ਜਾਣ ਵਾਲਾ ਇੱਕ ਵਾਰ ਸੱਚੀ ਗਾਥਾ ਜ਼ਰੂਰ ਪੜ੍ਹੋ

ਇੱਕ ਦੋਸਤ ਨੇ ਆਪਣੀ ਜ਼ਿੰਦਗੀ ਦੀ ਇਹ ਕਹਾਣੀ ਤੁਹਾਡੇ ਨਾਲ ਸਾਂਝੀ ਕਰਨ ਲਈ ਭੇਜੀ ਹੈ ਕਿ ਨਾਮ ਨਾ ਦੱਸੀਂ ਪਰ ਉਹ ਲੋਕਾਂ ਤੱਕ ਆਪਣੀ ਗਾਥਾ ਪਹੁੰਚਾਉਣੀ ਚਾਹੁੰਦਾ ਹੈ, ਖ਼ਾਸਕਰ ਨੌਜਵਾਨਾਂ ਤੱਕ। ਪੇਸ਼ ਹੈ:
*************

ਸਭ ਤੋਂ ਪਹਿਲਾਂ ਸਾਫ ਸ਼ਬਦਾਂ ਵਿੱਚ ਦੱਸ ਦੇਵਾਂ ਕਿ ਇਹ ਕੋਈ ਮਨਘੜਤ ਕਹਾਣੀ ਨਹੀਂ ਮੇਰੀ ਜਿੰਦਗੀ ਦਾ ਸੱਚ ਐ, ਤੇ ਇਸ ਸੱਚ ਦੇ ਉਹ ਸੱਭ ਗਵਾਹ ਨੇ, ਜਿਹਨਾਂ ਨੇ ਮੇਰੇ ਨੇੜੇ ਜਾਂ ਦੂਰ ਹੋ ਕੇ ਮੇਰੀ ਜਿੰਦਗੀ ਦੇ ਇਸ ਦੌਰ ਨੂੰ ਵੇਖਿਆ ਆ।

ਪੰਜਾਬ ਵਿੱਚ ਇੱਕ ਆਮ ਜਿਹੇ ਨੌਕਰੀ ਪੇਸ਼ਾ ਘਰ ਵਿੱਚ ਜੰਮਿਆ ਪਲਿਆ। ਸਾਡਾ ਪੁਸ਼ਤੈਨੀ ਪਿੰਡ ਸਿੱਖ ਇਤਿਹਾਸ ਦੇ ਛੋਟੇ ਘੱਲੂਘਾਰਾ ਸਾਹਬ ਗੁਰਦੁਆਰੇ ਦੇ ਬਿਲਕੁਲ ਨਾਲ ਹੈ। ਸਾਡੀ ਜਮੀਨ ਵੀ ਗੁਰਦੁਆਰਾ ਸਾਹਬ ਤੋਂ ਦੋ ਕੁ ਕਿੱਲੇ ਹਟਵੀਂ ਐ। ਬਾਪੂ ਹੋਰੀਂ ਦੱਸਦੇ ਹੁੰਦੇ ਆ, ਕਿ ਪਹਿਲਾਂ ਗੁਰਦੁਆਰਾ ਨਹੀਂ ਸੀ ਹੁੰਦਾ, ਸਾਡੇ ਦਾਦੇ ਹੋਰਾਂ ਤੇ ਪਿੰਡ ਦੇ ਹੋਰ ਕੁੱਝ ਬੰਦਿਆਂ ਨੇ ਇਸ ਥਾਂ ਇੱਕ ਬੇਰੀ ਦੇ ਦੁਆਲੇ ਕੁੱਝ ਪੁਰਾਣੇ ਸ਼ਸ਼ਤਰ ਤੇ ਉਹਨਾਂ ਦੇ ਟੋਟੇ ਮਿਲੇ ਸੀ ਜਿਸ ਕਰ ਕੇ ਉਹਨਾਂ ਨੇ ਘੱਲੂਘਾਰੇ ਦੀ ਯਾਦਗਾਰ ਬਣਾ ਦਿੱਤੀ, ਤੇ ਉਸੇ ਥਾਂ ਤੇ ਅੱਜ ਕੱਲ ਗੁਰਦੁਆਰਾ ਘੱਲੂਘਾਰਾ ਸਾਹਬ ਬਣਿਆ ਹੋਇਆ।

ਖੈਰ, ਮੈਂ ਉਸ ਪਿੰਡ ਵਿੱਚ ਜੰਮਿਆ ਪਲਿਆ ਨਹੀਂ। ਮੇਰੇ ਬੇਬੇ ਬਾਪੂ ਦੀ ਨੌਕਰੀ ਦੇ ਕਰਕੇ ਉਹ ਦੋਵੇਂ ਦੁਆਬੇ ਵਿੱਚ ਫਿਲੌਰ ਤੋਂ ਨਵਾਂ ਸ਼ਹਿਰ ਵਾਲੀ ਸੜਕ ਤੇ ਇੱਕ ਪਿੰਡ ਵਿੱਚ ਆ ਵਸਿਆ। ਇੱਥੇ ਹੀ ਮੇਰਾ ਜਨਮ ਹੋਇਆ।ਉਹ ਦੌਰ ਜਦੋਂ ਸਿੱਖ ਨੌਜੁਆਨੀ ਦਾ ਸ਼ਿਕਾਰ ਖੁੱਲ੍ਹ ਕੇ ਖੇਡਿਆ ਜਾਂਦਾ ਸੀ, ਮੈਂ ਉਦੋਂ ਤੁਰਨਾ ਸਿੱਖ ਰਿਹਾ ਸੀ।

ਐਪਰ, ਮੈਂ ਉਸ ਦੌਰ ਦੀ ਵੀ ਗੱਲ ਨੀਂ ਸੁਣਾਉਣ ਲੱਗਾ। ਮੈਂ ਆਪਣੀ ਜਿੰਦਗੀ ਬਾਰੇ ਦੱਸਣ ਲੱਗਾ ਹਾਂ। ਮੇਰੀ ਬੇਬੇ ਨੇ ਛੋਟੇ ਹੁੰਦਿਆਂ ਤੋਂ ਸਿੱਖ ਰਹੁ ਰੀਤਾਂ ਬਾਰੇ ਜਾਣਕਾਰੀ ਦਿੱਤੀ। ਚਾਅ ਨਾਲ ਗੁਰਦੁਆਰੇ ਜਾਣਾ। ਹੌਲੀ ਹੌਲੀ ਗੁਰਮੁਖੀ ਪੜ੍ਹ ਕੇ ਪਾਠ ਕਰਨ ਦਾ ਵਲ਼ ਵੀ ਆ ਗਿਆ। ਮੇਰੀ ਬੇਬੇ ਹੁਣ ਤੱਕ ਵੀ ਨੇਮ ਨਾਲ ਪਾਠ ਕਰਦੀ ਐ।

ਸਮਾਂ ਆਪਣੀ ਤੋਰ ਤੁਰਦਾ ਗਿਆ। ਸਕੂਲੀ ਪੜ੍ਹਾਈ ਤੋਂ ਬਾਅਦ ਡਿਪਲੋਮਾ, ਤੇ ਫਿਰ ਡਿਗਰੀ ਵਿੱਚ ਦਾਖਲਾ ਮਿਲ ਗਿਆ। ਡਿਗਰੀ ਦੇ ਸ਼ੁਰੂਆਤੀ ਸਾਲਾਂ ਵਿੱਚ ਬਾਪੂ ਅਮਰੀਕਾ ਆ ਗਿਆ ਤੇ ਖਤਮ ਹੁੰਦੇ ਹੁੰਦੇ ਤੱਕ ਬੇਬੇ ਵੀ ਅਮਰੀਕਾ ਚਲੀ ਗਈ। ਵਾਹਿਗੁਰੂ ਦੀ ਕਿਰਪਾ ਨਾਲ ਮੈਂ ਵੀ ਇੰਗਲੈਂਡ ਪੜ੍ਹਾਈ ਲਈ ਚਲਾ ਗਿਆ।

ਇਹ ਗੱਲ ਸੰਨ 2006 ਦੀ ਆ। ਮੈਂ ਇੰਗਲੈਂਡ ਆ ਕੇ ਆਪਣੇ ਆਪ ਨੂੰ ਬੜਾ ਨਾਢੂ ਖਾਂ ਸਮਝਣ ਲੱਗ ਪਿਆ ਸੀ। ਬਹੁਤਾ ਭਲਵਾਨ ਤਾਂ ਨੀ ਸੀ, ਪਰ ਸਰੀਰ ਤਕੜਾ ਸੀ, ਸ਼ਕਲ ਸੂਰਤ ਵੀ ਵਾਹਵਾ ਵਧੀਆ ਸੀ। ਉੱਤੋਂ ਇੰਗਲੈਂਡ ਉੱਚੇਰੀ ਪੜ੍ਹਾਈ ਦਾ ਵੀਜਾ ਮਿਲ ਜਾਣ ਕਰ ਕੇ ਮੋਢਿਆਂ ਉੱਪਰੋਂ ਥੁੱਕਣ ਲੱਗ ਪਿਆ ਸੀ।

ਮੇਰੀ ਬੇਬੇ ਨੇ ਫੋਨ ਤੇ ਕਿਹਾ ਕਰਨਾ ਕਿ ਜਦੋਂ ਤਨਖਾਹ ਮਿਲੇ ਤਾਂ ਦਸਵੰਧ ਕੱਢਿਆ ਕਰ, ਗੁਰੂ ਘਰ ਜਾਇਆ ਕਰ। ਪਰ ਜਵਾਨੀ ਦੇ ਨਸ਼ੇ ਵਿੱਚ ਮੈਂ ਹਾਂ ਹੂੰ ਕਰ ਛੱਡਣੀ। ਕਦੇ ਕਦੇ ਕਹਿ ਦੇਣਾ, “ਬੇਬੇ ਰੱਬ ਕਿਹੜਾ ਕਿਤੇ ਚਲਾ ਜਾਣਾ, ਤੇ ਮੈਂ ਵੀ ਕਿਤੇ ਭੱਜ ਨੀਂ ਜਾਣਾ। ਇੱਕੋ ਵਾਰੀ ਰੱਬ ਨਾਲ ਕੱਠਾ ਈ ਹਿਸਾਬ ਕਰ ਲਵਾਂਗੇ। ਐਵੇਂ ਕੀ ਹਫਤੇ ਦੋ ਹਫਤੇ ਬਾਅਦ ਪੈਸਿਆਂ ਦਾ ਲੈਣ ਦੇਣ ਕਰਦੇ ਫਿਰਾਂਗੇ।” ਬੇਬੇ ਨੇ ਬੜਾ ਸਮਝਾਉਣਾ ਪਰ ਆਪਾਂ ਕਿੱਥੇ ਮੰਨਦੇ ਸੀ। ਕਾਮਰੇਡਾਂ ਵਾਲਾ ਥੋੜਾ ਥੋੜਾ ਪਰਛਾਵਾਂ ਪੈਂਦਾ ਸੀ ਉਦੋਂ।

ਇਹ ਵੀ ਨਹੀਂ ਸੀ ਕਿ ਪੱਕਾ ਨਾਸਤਕ ਹੋ ਗਿਆ ਸੀ। ਬੱਸ ਜਵਾਨੀ ਦੇ ਨਸ਼ੇ ਵਿੱਚ ਰੱਬ ਨੂੰ ਝੇਡਾਂ ਜਿਹੀਆਂ ਕਰਨ ਲੱਗ ਪਿਆ ਸੀ। ਵੈਸੇ ਕਦੇ ਰੱਬ ਤੋਂ ਭਰੋਸਾ ਨਹੀਂ ਸੀ ਉੱਠਿਆ। ਜਾਣ ਬੁੱਝ ਕੇ ਕਿਸੇ ਦਾ ਦਿਲ ਨਹੀਂ ਸੀ ਦੁਖਾਇਆ, ਰੱਬ ਤੇ ਭਰੋਸਾ ਵੀ ਸੀ।

ਅਗਲੇ ਸਾਲ ਮੇਰੇ ਘਰਦਿਆਂ ਨੇ ਚੰਗੀ ਗੂੜ੍ਹੀ ਜਾਣ ਪਛਾਣ ਵਿੱਚੋਂ ਅਮਰੀਕਾ ਦੀ ਇੱਕ ਕੁੜੀ ਲੱਭ ਕੇ ਮੇਰਾ ਰਿਸ਼ਤਾ ਕਰ ਦਿੱਤਾ। ਮੈਂ ਇੰਗਲੈਂਡ ਤੋਂ ਪੰਜਾਬ ਆ ਕੇ ਮੰਗਣੀ ਕਰਵਾ ਲਈ ਤੇ ਵਾਪਸ ਲੰਡਨ ਆ ਗਿਆ। ਇੱਕ ਦੋ ਮਹੀਨਿਆਂ ਬਾਅਦ ਈ ਮੈਂ ਬਿਮਾਰ ਹੋ ਗਿਆ, ਟਾਇਲਟ ਵਿੱਚ ਖੂਨ ਆਉਣ ਲੱਗ ਪਿਆ ਸੀ।। ਪਹਿਲਾਂ ਤਾਂ ਬਹੁਤੀ ਗੱਲ ਈ ਨਾ ਗੌਲੀ। ਪਰ ਫਿਰ ਬਿਮਾਰੀ ਵਧਦੀ ਗਈ।

ਜਦੋਂ ਤੱਕ ਇੰਗਲੈਂਡ ਦੇ ਡਾਕਟਰਾਂ ਦੇ ਸਮਝ ਵਿੱਚ ਪਈ ਕਿ ਮੈਨੂੰ ਅਲਸਰ ਦੀ ਤਕਲੀਫ ਐ ਉਦੋਂ ਤੱਕ ਵਾਧਾ ਵੱਧ ਕੇ ਬਹੁਤ ਹੋ ਗਿਆ ਸੀ। ਅੱਸੀ ਕਿੱਲੋ ਭਾਰ ਘਟ ਕੇ ਪੰਜਤਾਲੀ ਹੋ ਗਿਆ ਸੀ। ਮੰਜੇ ਨਾਲ ਲੱਗ ਕੇ ਹੱਡੀਆਂ ਦੀ ਮੁੱਠ ਹੋ ਗਿਆ। ਬੇਬੇ ਬਾਪੂ ਨੇ ਅਮਰੀਕਾ ਬੈਠਿਆਂ ਨੇ ਰੋਈ ਜਾਣਾ, ਤੇ ਮੈਂ ਬਿਸਤਰੇ ਤੇ ਪਏ ਨੇ ਲੁਕਾ ਲੁਕਾ ਕੇ ਹੰਝੂ ਪੂੰਝੀ ਜਾਣੇ। ਬੇਬੇ ਨੇ ਕਹਿਣਾ ਪਾਠ ਕਰਿਆ ਕਰ, ਤੇ ਮੈਂ ਜਿਵੇਂ ਰੱਬ ਤੋਂ ਰੁੱਸਿਆ ਪਿਆ ਸੀ, ਪਰ ਰੱਬ ਮੇਰੇ ਤੋਂ ਨਹੀਂ ਸੀ ਰੁੱਸਿਆ।

ਮੈਂ ਦੱਸ ਦੇਵਾਂ ਕਿ ਵੀਜੇ ਦੀਆਂ ਮੁਸ਼ਕਲਾਂ ਕਰ ਕੇ ਨਾਂ ਤਾਂ ਬੇਬੇ ਬਾਪੂ ਮੇਰੇ ਕੋਲ ਆ ਸਕਦੇ ਸੀ, ਤੇ ਨਾ ਮੈਂ ਉਹਨਾਂ ਕੋਲ ਜਾ ਸਕਦਾ ਸੀ। ਪਰ ਲੰਡਨ ਵਿੱਚ ਜਿਹੜੇ ਭਾਜੀ ਭਾਬੀ ਨੇ ਮੈਨੂੰ ਆਪਣੇ ਕੋਲ ਰੱਖਿਆ, ਸਕਿਆ ਤੋਂ ਵੱਧ ਖਿਆਲ ਰੱਖਿਆ। ਇੱਥੋਂ ਤੱਕ ਕਿ ਮੈਨੂੰ ਇਹ ਵੀ ਯਾਦ ਨੀਂ ਕਿ ਮੈਂ ਕਦੇ ਕਮਰੇ ਦਾ ਕਿਰਾਇਆ ਵੀ ਦਿੱਤਾ ਹੋਵੇ ਜਾਂ ਕਦੇ ਰਾਸ਼ਨ ਵਿੱਚ ਕੋਈ ਹਿੱਸਾ ਪਾਇਆ ਹੋਵੇ। ਉਲਟਾ ਭਾਜੀ ਤੇ ਭਾਬੀ ਨੇ ਮੇਰੇ ਮੰਜੇ ਤੇ ਪਏ ਦੀ ਹਰ ਫਰਮਾਇਸ਼ ਪੂਰੀ ਕੀਤੀ। ਜੇ ਅੱਧੀ ਰਾਤ ਨੂੰ ਵੀ ਮੈਂ ਕਿਹਾ ਕਿ ਕੁੱਝ ਖਾਣਾ ਐ ਤਾਂ ਭਾਬੀ ਨੇ ਤਾਜਾ ਬਣਾ ਕੇ ਦੇਣਾ। ਜਿਵੇਂ ਰੱਬ ਆਪ ਆ ਕੇ ਮੇਰਾ ਖਿਆਲ ਰੱਖਦਾ ਹੋਵੇ।

ਇਲਾਜ ਦੇ ਲਈ ਮੈਂ ਕਦੇ ਪੰਜਾਬ ਤੇ ਕਦੇ ਲੰਡਨ ਗੇੜਿਆਂ ਵਿੱਚ ਪਏ ਰਹਿਣਾ। ਬਿਸਤਰੇ ਤੇ ਪਏ ਬੰਦੇ ਨੂੰ ਇੰਨਾ ਸਫਰ ਕਰਨਾ ਕਿੰਨਾ ਔਖਾ ਐ ਇਹ ਮੈਨੂੰ ਈ ਪਤਾ। ਮੈਨੂੰ ਦਿੱਲੀ ਤੋਂ ਲੈਣ ਜਾਂ ਛੱਡਣ ਵਾਲਿਆਂ ਨੂੰ ਪਤਾ ਕਿ ਹਰ ਪੰਦਰਾਂ ਪੰਦਰਾਂ ਮਿੰਟ ਬਾਅਦ ਪੈਟਰੋਲ ਪੰਪਾਂ ਤੇ ਗੱਡੀ ਰੋਕ ਰੋਕ ਕੇ ਮੈਂਨੂੰ ਟਾਇਲਟ ਲਿਜਾਣਾ।

ਹਰ ਪੰਦਰਾਂ ਪੰਦਰਾਂ ਮਿੰਟ ਬਾਅਦ ਟੌਇਲਟ ਜਾਣਾ, ਤੇ ਟੌਇਲਟ ਵਿੱਚ ਸਿਰਫ ਖੂਨ ਹੀ ਖੂਨ ਹੋਣਾ। ਕੋਈ ਦਵਾਈ ਅਸਰ ਨਾ ਕਰਨੀ। ਰੋਟੀ ਜਾਂ ਕੁੱਝ ਸਖਤ ਖਾਣਾ ਬੰਦ ਸੀ। ਤਿੰਨ ਵੇਲੇ ਸਿਰਫ ਖਿਚੜੀ ਖਾਣੀ, ਤੇ ਉਹ ਵੀ ਇੱਕ ਕੌਲੀ ਜਾਂ ਅੱਧੀ ਕੌਲੀ। ਪਹਿਲੇ ਚਮਚੇ ਤੋਂ ਲੈ ਕੇ ਆਖਰੀ ਚਮਚੇ ਦੇ ਦੌਰਾਨ ਵੀ ਦੋ ਜਾਂ ਤਿੰਨ ਵਾਰੀ ਉੱਠ ਕੇ ਟੌਇਲਟ ਜਾਣਾ।

ਕਈ ਵਾਰੀ ਤਾਂ ਬਿਸਤਰੇ ਤੋਂ ਟਾਇਲਟ ਤੱਕ ਜਾਣ ਦੀ ਵਾਟ ਵੀ ਪੂਰੀ ਨਹੀਂ ਸੀ ਹੁੰਦੀ। ਕੱਪੜੇ ਲਿਬੜ ਜਾਣੇ। ਇੱਥੇ ਪੰਜਾਬ ਵਿੱਚ ਵੀ ਮੇਰੇ ਮਸੇਰ ਭਰਾ ਤੇ ਭਾਬੀ ਨੇ ਮੇਰੀ ਬਹੁਤ ਸੇਵਾ ਕੀਤੀ। ਜਿਵੇਂ ਰੱਬ ਮੈਨੂੰ ਦੁੱਖ ਦੇ ਕੇ ਵੀ ਮੇਰੀ ਆਪ ਸੰਭਾਲ ਕਰ ਰਿਹਾ ਸੀ। ਮੈਂ ਮਨ ਵਿੱਚ ਵਾਹਿਗੁਰੂ ਵਾਹਿਗੁਰੂ ਕਰਦਾ ਹੁੰਦਾ ਸੀ, ਪਰ ਕਦੇ ਨੇਮ ਨਾਲ ਪਾਠ ਨਹੀਂ ਸੀ ਕਰਦਾ। ਹਾਲਾਂਕਿ ਬੇਬੇ ਨੇ ਬਹੁਤ ਕਹਿਣਾ ਕਿ ਨੇਮ ਨਾਲ ਪਾਠ ਕਰਿਆ ਕਰ।

ਬੇਬੇ ਬਾਪੂ ਦੀ ਉਦੋਂ ਤੱਕ ਦੀ ਕੀਤੀ ਸਾਰੀ ਕਮਾਈ, ਤੇ ਅਮਰੀਕਾ ਵਿੱਚ ਦਿਹਾੜੀਆਂ ਦੇ ਮਿਹਨਤਾਂ ਨਾਲ ਕਮਾਏ ਸਾਰੇ ਡਾਲਰ ਡਾਕਟਰਾਂ ਦੀਆਂ ਜੇਬਾਂ ਵਿੱਚ ਚਲੇ ਗਏ। ਸ਼ਾਇਦ ਰੱਬ ਹਿਸਾਬ ਕਰ ਰਿਹਾ ਸੀ, ਤੇ ਮੈਂ ਵਿਆਜ ਸਮੇਤ ਮੋੜ ਰਿਹਾ ਸੀ। ਮੈਨੂੰ ਪਤਾ ਨੀਂ ਕਿੰਨਾ ਕੁ ਗੁਲੂਕੋਜ਼ ਲੱਗਾ, ਕੁੱਲ ਅਰਸੇ ਦੌਰਾਨ ਕੋਈ 35 ਕੁ ਯੂਨਿਟ ਖੂਨ ਦੇ ਚੜ੍ਹੇ ਹੋਣਗੇ। ਹਰ ਮਹੀਨੇ ਹਸਪਤਾਲ ਵਿੱਚ ਇੱਕ ਦੋ ਹਫਤੇ ਲਾਉਣੇ ਆਮ ਗੱਲ ਸੀ।

ਜਿੰਨਾ ਮੈਂ ਕਮਜੋਰ ਹੋ ਗਿਆ ਸੀ, ਹੱਡੀਆਂ ਦੀ ਮੁੱਠ ਹੋ ਗਿਆ ਸੀ ਉਸ ਤੋਂ ਮੇਰੇ ਰਿਸ਼ਤੇਦਾਰ ਇਹ ਸੋਚਦੇ ਸੀ ਕਿ ਸ਼ਾਇਦ ਇਹਨੂੰ ਕੋਈ ਨਾਮੁਰਾਦ ਬਿਮਾਰੀ ਲੱਗ ਗਈ ਐ, ਇੰਗਲੈਂਡ ਗਏ ਨੇ ਜਵਾਨੀ ਦੇ ਨਸ਼ੇ ਵਿੱਚ ਕੁੱਝ ਗਲਤ ਕਰ ਲਿਆ ਹੋਵੇਗਾ, ਸ਼ਾਇਦ ਏਡਜ ਨਾ ਹੋ ਗਈ ਹੋਵੇ। ਇਸੇ ਦੌਰਾਨ ਮੇਰੀ ਹੋਣ ਵਾਲੀ ਘਰਵਾਲੀ ਨੂੰ ਮੈਂ ਹਸਪਤਾਲ ਬਿਸਤਰੇ ਤੇ ਪਏ ਨੇ ਸਾਫ ਕਿਹਾ ਕਿ ਉਹ ਮੇਰੀ ਉਡੀਕ ਨਾ ਕਰੇ, ਤਾਂ ਉਹਦਾ ਜੁਆਬ ਸੀ ਕਿ ਜੇ ਵਿਆਹ ਤੋਂ ਬਾਅਦ ਤੁਸੀਂ ਬਿਮਾਰ ਹੋ ਜਾਂਦੇ ਤਾਂ ਫਿਰ ਕੀ ਹੁੰਦਾ। ਮੈਨੂੰ ਉਸ ਤੇ ਬੜਾ ਮਾਣ ਹੋਇਆ ਕਿ ਅਮਰੀਕਾ ਵਿੱਚ ਰਹਿ ਕੇ ਵੀ ਕੋਈ ਇੰਨਾ ਚੰਗਾ ਹੋ ਸਕਦਾ।

ਉਸੇ ਦੇ ਜ਼ੋਰ ਪਾਉਣ ਤੇ ਸਾਡੇ ਵਿਆਹ ਦੀ ਤਰੀਕ ਮਿੱਥੀ ਗਈ। ਵਿਆਹ ਲਈ 2007 ਦਸੰਬਰ ਵਿੱਚ ਉਹ ਸਾਰੇ ਪੰਜਾਬ ਆਏ। ਵਿਆਹ ਤੋਂ ਪੂਰਾ ਇੱਕ ਹਫਤਾ ਪਹਿਲਾਂ ਮੈਂ ਹਸਪਤਾਲ ਵਿੱਚ ਫਿਰ ਦਾਖਲ ਸੀ, ਤਿੰਨ ਯੂਨਿਟ ਖੂਨ ਦੇ ਲੁਆ ਕੇ ਤੁਰਨ ਜੋਗਾ ਹੋਇਆ।

ਅਗਲੇ ਐਤਵਾਰ ਨਵਾਂ ਸ਼ਹਿਰ ਦੇ ਪੈਲੇਸ ਵਿੱਚ ਵਿਆਹ ਸੀ। ਮੈਂ ਖਾਸ ਤੌਰ ਤੇ ਆਪਣੇ ਰਿਸ਼ਤੇਦਾਰਾਂ ਨੂੰ ਕਿਹਾ ਹੋਇਆ ਸੀ, ਗੁਰਦੁਆਰੇ ਦੇ ਗ੍ਰੰਥੀਆਂ ਤੇ ਰਾਗੀਆਂ ਨੂੰ ਇਹ ਪੱਕਾ ਕਰ ਦੇਣ ਕਿ ਮੈਂ ਬਹੁਤੀ ਦੇਰ ਬਹਿ ਨੀਂ ਸਕਦਾ, ਇਸ ਲਈ ਜਿਆਦਾ ਦੇਰ ਕੀਰਤਨ ਨਾ ਕਰਨ ਬੱਸ ਲਾਵਾਂ ਕਰਵਾ ਕੇ ਮੈਨੂੰ ਤੋਰ ਦੇਣ। ਕਿਉਂਕਿ ਮੈਂ ਆਪਣੇ ਆਪ ਨੂੰ ਬਹੁਤ ਕੋਸ਼ਿਸ਼ ਕਰ ਕੇ ਵੀ ਤੀਹ ਚਾਲੀ ਮਿੰਟ ਤੋਂ ਵੱਧ ਨੀਂ ਰੋਕ ਨੀਂ ਸੀ ਸਕਦਾ।

ਲਾਵਾਂ ਤੇ ਬਹਿਣ ਵੇਲੇ ਮੈਂ ਆਪਣੇ ਵਾਹਿਗੁਰੂ ਅੱਗੇ ਅਰਦਾਸ ਕੀਤੀ ਕਿ ਮਾਲਕਾ ਤੇਰੇ ਦਰ ਤੇ ਆਇਆਂ ਤੂੰ ਇੱਜਤ ਰੱਖ ਲੈ। ਜਿਉਂਦਾ ਵੀ ਤੇਰਾ ਤੇ ਮਰਿਆ ਵੀ ਤੇਰਾ। ਮੇਰਾ ਵਾਹਿਗੁਰੂ ਬੇਅੰਤ ਵੀ ਐ ਤੇ ਵਾਹਿਗੁਰੂ ਬਖਸ਼ਣਹਾਰ ਵੀ, ਪਰ ਰੱਬ ਸੱਚਾ ਇਮਤਿਹਾਨ ਵੀ ਲੈਂਦਾ ਤੇ ਟੁਣਕਾ ਵੀ ਲੈਂਦਾ ਕਿ ਕਿਤੇ ਜਿਹੜੇ ਭਾਂਡੇ ਵਿੱਚ ਮਿਹਰਾਂ ਦੀ ਦੌਲਤ ਭਰਨੀ ਐ ਉਹ ਪੱਕਾ ਵੀ ਐ ਕਿ ਨਹੀਂ। ਸ਼ਾਇਦ ਇਹੋ ਕੁੱਝ ਮੇਰੇ ਨਾਲ ਹੋ ਰਿਹਾ ਸੀ ਤੇ ਕੁੱਝ ਹੋਣਾ ਬਾਕੀ ਸੀ।

ਅਸੀਂ ਸੁੱਖੀਂ ਸਾਂਦੀ ਵਿਆਹ ਕੇ ਘਰ ਆ ਗਏ। ਮੇਰੇ ਬੇਬੇ ਬਾਪੂ ਅਮਰੀਕਾ ਬੈਠੇ ਵੀਜੇ ਦੀ ਮਜਬੂਰੀ ਕਰ ਕੇ ਵਿਆਹ ਤੇ ਵੀ ਨੀਂ ਆ ਸਕੇ ਸੀ। ਵਿਆਹ ਦੇ ਹਫਤੇ ਕੁ ਮਗਰੋਂ ਮੇਰੀ ਘਰਵਾਲੀ ਅਮਰੀਕਾ ਆ ਗਈ, ਤੇ ਮੈਂ ਵਾਪਸ ਇੰਗਲੈਂਡ (ਇੰਗਲੈਂਡ ਵਿੱਚ ਇਲਾਜ ਮੁਫਤ ਤੇ ਵਧੀਆ ਸੀ, ਪਰ ਰਫਤਾਰ ਬਹੁਤ ਹੌਲੀ ਸੀ)।

2008 ਮੈਂ ਸਾਰਾ ਇੰਗਲੈਂਡ ਰਿਹਾ ਤੇ 2009 ਵਿੱਚ ਆਪਣੀ ਘਰ ਵਾਲੀ ਦੇ ਕਹਿਣ ਤੇ ਇੰਗਲੈਂਡ ਛੱਡ ਕੇ ਅਗਸਤ ਵਿੱਚ ਪੱਕਾ ਈ ਪੰਜਾਬ ਆ ਗਿਆ ਤਾਂ ਕਿ ਆਪਣਾ ਅਮਰੀਕਾ ਦਾ ਵੀਜਾ (ਗਰੀਨ ਕਾਰਡ) ਲੈ ਕੇ ਅਮਰੀਕਾ ਪਹੁੰਚ ਜਾਵਾਂ। ਦਸੰਬਰ ਤੱਕ ਕਾਗਜਾਂ ਦੀ ਦੌੜ ਭੱਜ ਕਰ (ਜਾਂ ਕਰਵਾ) ਕੇ ਆਪਣਾ ਮੈਡੀਕਲ ਕਲੀਅਰ (ਅਲਸਰ ਕੋਈ ਐਸੀ ਬਿਮਾਰੀ ਨਹੀਂ ਜੋ ਮੈਡੀਕਲ ਵਿੱਚ ਰੁਕਾਵਟ ਬਣੇ) ਕਰ ਕੇ ਮੈਂ ਪਾਸਪੋਰਟ ਤੇ ਗਰੀਨ ਕਾਰਡ ਲਵਾ ਲਿਆ ਸੀ। ਜਨਵਰੀ ਦੀ ਫਲਾਈਟ ਬੁੱਕ ਕਰਵਾ ਕੇ ਸਾਰਿਆਂ ਨੂੰ ਦੱਸ ਦਿੱਤਾ ਕਿ ਮੈਂ ਜਾ ਰਿਹਾਂ।

ਮੇਰੀ ਫਲਾਈਟ ਮੰਗਲਵਾਰ ਦੀ ਸੀ। ਸ਼ੁੱਕਰਵਾਰ ਸ਼ਾਮ ਨੂੰ ਕੋਈ ਚਾਰ ਕੁ ਵਜੇ ਮੈਨੂੰ ਦਿੱਲੀ ਅੰਬੈਸੀ ਤੋਂ ਫੋਨ ਆਇਆ ਕਿ ਜਿਸ ਦਿਨ ਮੇਰਾ ਵੀਜਾ ਸਟਿਕਰ ਛਪਿਆ ਸੀ, ਉਸ ਦਿਨ ਉਹਨਾਂ ਦੀ ਪ੍ਰਿੰਟਿੰਗ ਮਸ਼ੀਨ ਵਿੱਚ ਕੋਈ ਤਕਨੀਕੀ ਨੁਕਸ ਸੀ ਇਸ ਲ਼ਈ ਉਸ ਦਿਨ ਛਪੇ ਸਾਰੇ ਵੀਜ਼ਿਆਂ ਵਿੱਚ ਤਕਨੀਕੀ ਮੁਸ਼ਕਲਾਂ ਹਨ, ਇਸ ਲਈ ਅੰਬੈਸੀ ਵਾਲੇ ਉਸ ਦਿਨ ਜਾਰੀ ਹੋਏ ਸਾਰੇ ਵੀਜੇ ਵਾਲਿਆਂ ਨੂੰ ਫੋਨ ਕਰ ਕੇ ਵਾਪਸ ਬੁਲਾ ਰਹੇ ਆ, ਤਾਂ ਕਿ ਉਹਨਾਂ ਦੇ ਪਾਸਪੋਰਟ ਤੇ ਨਵਾਂ ਸਟਿੱਕਰ ਛਾਪ ਕੇ ਲਾਇਆ ਜਾ ਸਕੇ।

ਮੇਰੀ ਫਲਾਈਟ ਮੰਗਲਵਾਰ ਦੀ ਸੀ, ਇਸ ਲਈ ਮੈਂ ਉਹਨਾਂ ਨੂੰ ਕਿਹਾ ਕਿ ਮੈਂ ਸੋਮਵਾਰ ਸਵੇਰੇ ਅੰਬੈਸੀ ਹਾਜਰ ਹੋ ਜਾਵਾਂਗਾ। ਮੈਂ ਸਾਰੇ ਰਿਸ਼ਤੇਦਾਰਾਂ ਦੋਸਤਾਂ ਮਿੱਤਰਾਂ ਨੂੰ ਮਿਲ ਕੇ ਸਮਾਨ ਪੈਕ ਕਰ ਕੇ ਦਿੱਲੀ ਆ ਗਿਆ ਤਾਂਕਿ ਸੋਮਵਾਰ ਕੰਮ ਨਬੇੜ ਕੇ ਮੰਗਲਵਾਰ ਉੱਥੋਂ ਈ ਫਲਾਈਟ ਫੜ੍ਹ ਲਵਾਂ।

ਜਦੋਂ ਸੋਮਵਾਰ ਮੈਂ ਅੰਬੈਸੀ ਜਾ ਕੇ ਆਪਣਾ ਪਾਸਪੋਰਟ ਜਮ੍ਹਾਂ ਕਰਵਾਇਆ ਤਾਂ ਥੋੜੀ ਦੇਰ ਬਾਅਦ ਮੈਨੂੰ ਇੱਕ ਨਿੱਕੇ ਜਿਹੇ ਕਮਰੇ ਵਿੱਚ ਸੱਦਿਆ ਗਿਆ। ਉਹਨਾਂ ਨੇ ਮੇਰੀ ਪੁੱਛ ਗਿੱਛ ਕਰਨੀ ਸ਼ੁਰੂ ਕਰ ਦਿੱਤੀ, ਅਖੇ ਵਿਆਹ ਕਿਵੇਂ ਹੋਇਆ? ਕਿੰਨੇ ਪੈਸੇ ਦਿੱਤੇ ਸੀ?, ਤੇਰੇ ਬੇਬੇ ਬਾਪੂ ਅਮਰੀਕਾ ਕਿਵੇਂ ਗਏ ਸੀ? ਵਗੈਰਾ ਵਗੈਰਾ। ਮੈਂ ਇਤਰਾਜ ਕੀਤਾ ਤੇ ਕਿਹਾ ਕਿ ਮੇਰੀ ਇੰਟਰਵਿਊ ਪਹਿਲਾਂ ਹੋ ਚੁੱਕੀ ਐ, ਤੇ ਉਸ ਤੋਂ ਬਾਅਦ ਈ ਮੈਨੂੰ ਵੀਜਾ ਮਿਲਿਆ। ਹੁਣ ਦੁਬਾਰਾ ਮੈਂ ਕਿਸੇ ਸਵਾਲ ਦਾ ਜੁਆਬ ਨਹੀਂ ਦੇਣਾ ਜਦ ਤੱਕ ਤੁਸੀਂ ਮੈਨੂੰ ਇਹ ਨੀਂ ਦੱਸਦੇ ਕਿ ਇਹ ਪੁੱਛ ਗਿੱਛ ਕਿਉੰ ਹੋ ਰਹੀ ਐ।

ਜਦੋਂ ਮੈਂ ਅੜ ਗਿਆ ਤਾਂ ਮੈਨੂੰ ਉਹਨਾਂ ਨੇ ਦੱਸਿਆ ਕਿ ਸਾਨੂੰ ਤੇਰੀ ਵਾਈਫ ਦੀ ਫੈਕਸ ਮਿਲੀ ਐ ਤੇ ਉਹਦੇ ਵਿੱਚ ਉਹਨੇ ਕਿਹਾ ਐ ਕਿ ਉਹ ਤੇਰੇ ਤੋਂ ਤਲਾਕ ਲੈਣ ਜਾ ਰਹੀ ਐ, ਤੇ ਤੇਰੀ ਸਪੌਂਸਰਸ਼ਿਪ ਵਾਪਸ ਲੈਂਦੀ ਆ। ਇਸ ਲਈ ਅਸੀਂ ਤੇਰਾ ਵੀਜਾ (ਗਰੀਨ ਕਾਰਡ) ਰੱਦ ਕਰ ਰਹੇ ਆੰ। ਮੈਨੂੰ ਸਮਝ ਨਾ ਆਵੇ ਕਿ ਮੈਂ ਕੀ ਕਹਾਂ, ਰੋਵਾਂ ਜਾਂ ਹੱਸਾਂ।
ਆਪਣਾ ਰੱਦ ਹੋਇਆ ਗਰੀਨ ਕਾਰਡ ਲੈ ਕੇ ਮੈਂ ਜਿਸ ਗੱਡੀ ਵਿੱਚ ਸਮਾਨ ਲੈ ਕੇ ਦਿੱਲੀ ਗਿਆ ਸੀ ਉਸੇ ਤੇ ਪੰਜਾਬ ਵਾਪਸ ਆ ਗਿਆ।

ਵਾਪਸ ਆ ਕੇ ਦਿਲ ਤੇ ਬਹੁਤ ਬੋਝ ਲੈ ਲਿਆ। ਕਦੇ ਕਦੇ ਦਿਲ ਕਰਨਾ ਕਿ ਖੁਦਕੁਸ਼ੀ ਕਰ ਲਵਾਂ। ਘਰ ਦੇ ਨਾਲ ਜਰਨੈਲੀ ਸੜਕ ਵਗਦੀ ਐ, ਤਕਰੀਬਨ ਰੋਜ ਈ ਸੜਕ ਕੰਢੇ ਜਾ ਕੇ ਖੜ ਜਾਣਾ ਕਿ ਹੁਣ ਆਉਣ ਵਾਲੇ ਅਗਲੇ ਟਰੱਕ ਥੱਲੇ ਆ ਕੇ ਟੰਟਾ ਮੁਕਾ ਦੇਣਾ। ਪਰ ਉਨੀ ਦੇਰ ਇਹ ਵੀ ਸੋਚਣਾ ਕਿ ਮਨਾਂ ਤੂੰ ਆਪ ਤਾਂ ਖੁਦਕੁਸ਼ੀ ਨੂੰ ਬੁਜ਼ਦਿਲੀ ਕਹਿੰਦਾ ਰਿਹਾਂ ਤੇ ਹੁਣ ਆਪ ਈ ਬੁਜ਼ਦਿਲ ਬਣ ਰਿਹਾਂ? ਤੂੰ ਮਾਂ ਪਿਉ ਦਾ ਕੱਲਾ ਕੱਲਾ ਪੁੱਤ ਆਂ, ਤੇਰੇ ਤੇ ਉਹਨਾਂ ਨੇ ਆਪਣਾ ਸਾਰਾ ਕੁੱਝ ਦਾਅ ਤੇ ਲਾ ਦਿੱਤਾ। ਉਹਨਾਂ ਦੀ ਸਾਰੀ ਕਮਾਈ ਉਜਾੜ ਕੇ ਤੇ ਹੁਣ ਤੂੰ ਖੁਦਕੁਸ਼ੀ ਦਾ ਰਾਹ ਫੜੇਂਗਾ? ਇਹਨਾਂ ਸੋਚਾਂ ਵਿੱਚ ਘਿਰੇ ਨੇ ਵਾਪਸ ਆ ਜਾਣਾ।

2010 ਦੀ ਦਿਵਾਲੀ ਦੇ ਦਿਨਾਂ ਦੀ ਗੱਲ ਐ, ਇੱਕ ਦਿਨ ਪਤਾ ਨੀਂ ਮਨ ਵਿੱਚ ਕੀ ਖਿਆਲ ਆਇਆ, ਤੇ ਮੈਂ ਘਰਦਿਆਂ ਨੂੰ ਕਿਹਾ ਕਿ ਮੈਂ ਪਿੰਡ ਜਾਣਾ ਆ, ਘੱਲੂਘਾਰੇ ਗੁਰਦੁਆਰੇ ਮੱਥਾ ਟੇਕਣ। ਗੱਡੀ ਘਰੇ ਖੜੀ ਸੀ, ਤੇ ਪੰਦਰਾਂ ਵੀਹ ਮਿੰਟ ਬਾਅਦ ਰੁਕ ਰੁਕ ਕੇ ਗੁਰਦਾਸਪੁਰ ਜਾਣਾ ਕੋਈ ਔਖਾ ਵੀ ਨੀਂ ਸੀ। ਸੋ ਮੈਂ ਆਪਣਾ ਜਰੂਰੀ ਸਮਾਨ ਤੇ ਦਵਾਈਆਂ ਲੈ ਕੇ ਪਿੰਡ ਆ ਗਿਆ।

ਅਗਲੇ ਦਿਨ ਗੁਰੂਘਰ ਜਾ ਕੇ ਅਰਦਾਸ ਕੀਤੀ ਤੇ ਉਸ ਮਾਲਕ ਅੱਗੇ ਇੱਕ ਬੇਨਤੀ ਕੀਤੀ ਕਿ ਮੈਂ ਸੁਖਮਨੀ ਸਾਹਬ ਦਾ ਪਾਠ ਕਰਨਾ ਚਾਹੁੰਦਾ ਹਾਂ, ਪਰ ਬਹੁਤੀ ਦੇਰ ਬਹਿ ਨੀਂ ਹੁੰਦਾ। ਇੱਕ ਤਾਂ ਟਾਇਲਟ ਦਾ ਜ਼ੋਰ ਪੈਣ ਲੱਗ ਜਾਂਦਾ ਐ ਤੇ ਨਾਲ ਦੀ ਨਾਲ ਢਿੱਡ ਪੀੜ ਹੋਣ ਲੱਗ ਪੈਂਦੀ ਆ। ਸੋ ਮੇਰੇ ਵਾਹਿਗੁਰੂ ਤੂੰ ਹੀ ਸਹਾਈ ਹੋ ਤੇ ਮੇਰੀ ਬਾਂਹ ਫੜ।

ਮੈਂ ਜਦੋਂ ਬੇਬੇ ਨਾਲ ਸਲਾਹ ਕੀਤੀ ਸੀ ਤਾਂ ਬੇਬੇ ਕਹਿੰਦੀ ਕਿ ਪੁੱਤ ਮਨ ਵਿੱਚ ਇਹ ਨਾ ਸੋਚੀਂ ਕਿ ‘ਤੂੰ’ ਪਾਠ ਕਰਨਾ ਐ, ਸਗੋਂ ਇਹ ਅਰਦਾਸ ਕਰੀਂ ਕਿ ਹੇ ਸੱਚੇ ਪਾਤਸ਼ਾਹ ਮੇਰੇ ਤੇ ਮਿਹਰ ਕਰੋ ਤੇ ਮੇਰੇ ਕੋਲੋਂ ਪਾਠ ਦੀ ਸੇਵਾ ਲਉ।

ਵਾਹਿਗੁਰੂ ਨੇ ਮੇਰੇ ਤੇ ਮਿਹਰ ਕੀਤੀ ਤੇ ਰੋਜ ਗੁਰੂਘਰ ਜਾ ਕੇ ਅਰਦਾਸ ਕਰ ਕੇ ਚੌਂਕੜਾ ਮਾਰਨ ਤੇ ਸੁਖਮਨੀ ਸਾਹਬ ਪੜ੍ਹਨ ਜਿੰਨੀ ਤਾਕਤ ਕਿਤੋਂ ਨਾ ਕਿਤੋ ਕੱਠੀ ਹੋ ਈ ਜਾਣੀ। ਹੌਲੀ ਹੌਲੀ ਬਾਣੀ ਪੜ੍ਹਨ ਨਾਲ ਮਨ ਨੂੰ ਵੀ ਧਰਵਾਸ ਆਉਣਾ ਸ਼ੁਰੂ ਹੋਇਆ, ਉਸ ਅਖਾਲ ਪੁਰਖ ਪ੍ਰਤੀ ਜਿਹੜੇ ਗਿਲੇ ਸ਼ਿਕਵੇ ਮਨ ਵਿੱਚ ਹੋਏ ਸਨ, ਉਹ ਵੀ ਦੂਰ ਹੋ ਗਏ। ਤੇ ਮੈਨੂੰ ਉਹੀ ਦਵਾਈ ਜਿਹੜੀ ਮੈਂ ਕਈ ਸਾਲਾਂ ਤੋਂ ਖਾ ਰਿਹਾ ਸੀ (2007 ਤੋਂ ਲੈ ਕੇ 2011) ਥੋੜਾ ਥੋੜਾ ਅਸਰ ਕਰਨ ਲੱਗ ਪਈ ਸੀ।

ਵਾਹਿਗੁਰੂ ਤੇ ਭਰੋਸਾ ਪੱਕਾ ਹੋਣ ਤੋਂ ਬਾਅਦ ਮੇਰੇ ਦਿਨ ਫਿਰਨ ਲੱਗੇ। 2013 ਵਿੱਚ ਜਦੋਂ ਮੈਂ ਥੋੜਾ ਤੁਰਨ ਫਿਰਨ ਜੋਗਾ ਹੋਇਆ। ਹੁਣ ਮੈਨੂੰ ਇਹ ਫਿਕਰ ਸੀ ਕਿ ਮੈਂ ਕਮਾਵਾਂਗਾ ਕੀ ਤੇ ਖਾਵਾਂਗਾ ਕੀ। ਸਾਰੀ ਉਮਰ ਬੇਬੇ ਬਾਪੂ ਕੇ ਬੋਝ ਬਣ ਕੇ ਵੀ ਨੀਂ ਸੀ ਰਹਿ ਸਕਦਾ। ਭਾਰਾ ਕੰਮ ਮੇਰੇ ਕੋਲੋ ਹੋਣਾ ਨਹੀਂ ਸੀ, ਤੇ ਅਫਸਰੀ ਦੀ ਕੁਰਸੀ ਵਾਲੇ ਕੰਮ ਦਾ ਕੋਈ ਤਜ਼ਰਬਾ ਨਹੀਂ ਸੀ।

2013 ਦੀ ਅਪਰੈਲ ਕੁ ਦੀ ਗੱਲ ਐ ਜਦੋਂ ਕਨੇਡਾ ਰਹਿੰਦੇ ਮੇਰੇ ਇੱਕ ਪੁਰਾਣੇ ਜਮਾਤੀ ਦੋਸਤ ਦਾ ਫੋਨ ਆਇਆ। ਉਹਨੇ ਮੈਨੂੰ ਅਮਰੀਕਾ ਦੀ ਇੱਕ ਸਾਫਟਵੇਅਰ ਕੰਪਨੀ ਵਿੱਚ ਨੌਕਰੀ ਲਈ ਅਰਜੀ ਦੇਣ ਲਈ ਕਿਹਾ। ਉਹ ਨੌਕਰੀ ਮੁੰਬਈ ਵੱਲ ਇੱਕ ਮਸ਼ਹੂਰ ਸ਼ਹਿਰ ਵਿੱਚ ਸੀ। ਮੈਨੂੰ ਲੱਗਦਾ ਸੀ ਕਿ ਬਿਨਾ ਕਿਸੇ ਖਾਸ ਤਜਰਬੇ ਦੇ ਮੇਰਾ ਐਡੀ ਵੱਡੀ ਕੰਪਨੀ ਵਿੱਚ ਕੰਮ ਨਹੀਂ ਲੱਗ ਸਕਦਾ, ਪਰ ਉਹਦੇ ਕਹਿਣ ਤੇ ਮੈਂ ਨੌਕਰੀ ਦੀ ਅਰਜੀ ਭਰ ਦਿੱਤੀ।

ਵਾਹਿਗੁਰੂ ਨੇ ਕਿਰਪਾ ਕੀਤੀ ਤੇ ਮੈਨੂੰ ਉਹ ਨੌਕਰੀ ਚਾਰ ਲੱਖ ਪਚਾਸੀ ਹਜ਼ਾਰ ਸਲਾਨਾ ਦੇ ਪੈਕੇਜ ਤੇ ਮਿਲ ਗਈ। ਮੇਰੀ ਇੰਟਰਵਿਊ ਤੋਂ ਕੁੱਝ ਦਿਨ ਪਹਿਲਾਂ ਮੇਰੇ ਬੇਬੇ ਬਾਪੂ ਨੂੰ ਅਮਰੀਕਾ ਦੀ ਨਾਗਰਿਕਤਾ ਮਿਲ ਗਈ ਤੇ ਉਹ ਵੀ ਪੰਜਾਬ ਮੈਨੂੰ ਤਕਰੀਬਨ ਸੱਤ ਅੱਠ ਸਾਲ ਬਾਅਦ ਆ ਕੇ ਮਿਲੇ। ਮਹੀਨੇ ਕੁ ਬਾਅਦ ਮਈ 2103 ਵਿੱਚ ਉਹ ਅਮਰੀਕਾ ਆ ਗਏ, ਤੇ ਮੈਂ ਨੌਕਰੀ ਲਈ ਪੰਜਾਬ ਛੱਡ ਕੇ ਉਸ ਦੱਖਣੀ ਸ਼ਹਿਰ ਆ ਗਿਆ।

ਨਵੀਂ ਥਾਂ ਆ ਕੇ ਰਹਿਣ ਸਹਿਣ ਬਦਲਿਆ, ਆਦਤਾਂ ਬਦਲੀਆਂ, ਤੇ ਸਵੇਰੇ ਉੱਠ ਕੇ ਪਾਠ ਕਰਨਾ ਸ਼ੁਰੂ ਕੀਤਾ। ਮੇਰੀ ਸਿਹਤ ਵਿੱਚ ਸੁਧਾਰ ਹੋ ਰਿਹਾ ਸੀ। ਸਾਲ ਦੇ ਅਖੀਰ ਤੱਕ ਕਾਫੀ ਫਰਕ ਸੀ। ਨਵਾਂ ਸਾਲ ਚੜ੍ਹਦਿਆਂ ਸਾਰ ਈ ਮੇਰੀ ਕਨੇਡਾ ਦੀ ਪੁਆਇੰਟ ਸਿਸਟਮ ਤੇ ਪਾਈ ਗਈ ਪੀ. ਆਰ. ਦੀ ਅਰਜੀ ਤੇ ਸੁਣਵਾਈ ਹੋ ਗਈ ਤੇ ਮਾਰਚ ਵਿੱਚ ਮੈਂ ਕਨੇਡਾ ਆ ਗਿਆ।

ਅੱਜ ਮੈਨੂੰ ਕਨੇਡਾ ਆਏ ਨੂੰ ਪੰਜ ਸਾਲ ਤੋਂ ਉੱਤੇ ਹੋ ਚੱਲੇ ਆ, ਵਾਹਿਗੁਰੂ ਦੀ ਮਿਹਰ ਨਾਲ ਸਿਟੀਜਨ ਵੀ ਹੋ ਗਿਆ ਆਂ ਤੇ ਪਿਛਲੇ ਸਾਲ ਦੁਬਾਰਾ ਵਿਆਹ ਵੀ ਹੋ ਗਿਆ। ਜਿੰਦਗੀ ਬਹੁਤ ਵਧੀਆ ਤੁਰ ਪਈ ਐ।

ਇਸ ਸਾਰੀ ਰਾਮ ਕਹਾਣੀ ਨੂੰ ਸੁਣਾਉਣ ਦਾ ਮਤਲਬ ਇਹ ਸੀ ਕਿ ਜਿੰਦਗੀ ਵਿੱਚ ਔਕੜਾਂ ਬਹੁਤ ਆਉਂਦੀਆਂ ਨੇ, ਹਰ ਇੱਕ ਨੂੰ ਵੱਖਰੀ ਔਕੜ ਆਉਂਦੀ ਆ। ਤੇ ਜੇ ਤੁਸੀਂ ਆਪਣੇ ਰੱਬ ਤੇ ਵਿਸ਼ਵਾਸ ਰੱਖਦੇ ਓ, ਤਾਂ ਰੱਬ ਤੁਹਾਨੂੰ ਉਹਨਾਂ ਔਕੜਾਂ ਨਾਲ ਜੂਝਣ ਦਾ ਜਿਗਰਾ ਤੇ ਸਬਰ ਵੀ ਬਖਸ਼ਦਾ ਐ। ਉਹਦੀ ਰਜਾ ਵਿੱਚ ਰਾਜੀ ਰਹਿਣਾ ਜਦੋਂ ਆ ਜਾਏ ਤਾਂ ਫਿਰ ਦੁੱਖ ਵੀ ਉਹਦੇ ਈ ਹੁੰਦੇ ਆ ਤੇ ਸੁੱਖ ਵੀ। ਗੱਲ ਮੰਨਣ ਦੀ ਐ।

ਪਰ ਜੇ ਤੁਸੀਂ ਸੋਚੋ ਕਿ ਰੱਬ ਇੱਕ ਪੁਰਾਣਾ ਖਿਆਲ ਜਾਂ ਵੇਲਾ ਵਿਹਾਅ ਚੁੱਕਾ ਕੋਈ ਸਿਧਾਂਤ ਆ, ਤੇ ਤੁਸੀਂ ਨਵੇਂ ਇਨਕਲਾਬੀ ਉਸ ਪੁਰਾਣੇ ਸਿਧਾਂਤ ਨੂੰ ਬਦਲ ਕੇ ਕੋਈ ਨਵਾਂ ਸਿਧਾਂਤ ਘੜ ਲਉਗੇ ਤਾਂ ਤੁਹਾਡੀ ਖੁਸ਼ ਫਹਿਮੀ ਆ।

ਚੰਗਾ ਐ ਕਿ ਤੁਸੀਂ ਆਪਣੇ ਆਪ ਨੂੰ ਰੱਬ ਦੀ ਰਜ਼ਾ ਵਿੱਚ ਢਾਲ ਲਉ ਨਾ ਕਿ ਇਹ ਕੋਸ਼ਿਸ਼ ਕਰੋ ਕਿ ਰੱਬ ਨੂੰ ਆਪਣੀ ਸਹੂਲਤ ਮੁਤਾਬਕ ਚਲਾ ਲਵਾਂਗੇ।

ਰੱਬ ਦੇ ਸ਼ਰੀਕ ਨਾ ਬਣੋ। ਨਿਮਾਣੇ ਹੋ ਕੇ ਭਾਣਾ ਮੰਨੋ, ਤੇ ਰਜਾ ਵਿੱਚ ਰਾਜੀ ਰਹੋ। ਉਹ ਤੁਹਾਨੂੰ ਹਿੰਮਤ ਵੀ ਬਖਸ਼ੇਗਾ ਤੇ ਹੌਂਸਲਾ ਵੀ। ਜੇ ਤੁਸੀਂ ਰੱਬ ਦੇ ਹੋ ਜਾਵੋਗੇ ਤਾਂ ਉਹਦੇ ਦਿੱਤੇ ਦੁੱਖ ਸੁੱਖ ਵੀ ਚੁਭਣਗੇ ਨਹੀਂ। ਪਰ ਜੇ ਕਹੋ ਕਿ ਆਪਣੀ ਸਹੂਲਤ ਲਈ ਗੁਰਦੁਆਰੇ ਬਹਿਣ ਲਈ ਕੁਰਸੀ ਚਾਹੀਦੀ ਆ ਤਾਂ ਫਿਰ ਤੁਸੀਂ ਆਪਣੀ ਸਹੂਲਤਾਂ ਦੇ ਗੁਲਾਮ ਹੋ ਚੁੱਕੇ ਓ ਤੇ ਤੁਹਾਡੇ ਸਰੀਰਾਂ ਨੂੰ ਜੰਗਾਲ ਲੱਗ ਚੁੱਕਾ ਐ। ਤੇ ਯਾਦ ਰੱਖਿਉ, ਜੰਗਾਲੇ ਸਰੀਰ ਕਦੇ ਵੀ ਜਿੰਮੇਵਾਰੀ ਵਾਲਾ ਕੋਈ ਭਾਰ ਨਹੀਂ ਚੁੱਕ ਸਕਦੇ।

– ਸਰੀ ਤੋਂ

Check Also

ਪੰਜਾਬੀ ਬੋਲੀ ਦੀ ਕੌਮਾਂਤਰੀ ਪਛਾਣ ਕਿਵੇਂ ਮਜ਼ਬੂਤ ਹੋਵੇ?

ਕੈਨੇਡਾ ਤੋਂ ਪੰਜਾਬ ਫੇਰੀ ਲਈ ਹਵਾਈ ਟਿਕਟ ਖਰੀਦਣ ਵਾਸਤੇ ਵੈਨਕੂਵਰ ਦੀ ਇੱਕ ਟਰੈਵਲ ਏਜੰਸੀ ਦੇ …

%d bloggers like this: