Breaking News
Home / ਪੰਜਾਬ / ਕੈਪਟਨ ਤੇ ਸਿੱਧੂ ਦੀ ਪਾਵਰ ਦੀ ਲੜਾਈ -ਦਿੱਲੀ ਤੋਂ ਨਿਰਾਸ਼ ਪਰਤੇ ਨਵਜੋਤ ਸਿੱਧੂ

ਕੈਪਟਨ ਤੇ ਸਿੱਧੂ ਦੀ ਪਾਵਰ ਦੀ ਲੜਾਈ -ਦਿੱਲੀ ਤੋਂ ਨਿਰਾਸ਼ ਪਰਤੇ ਨਵਜੋਤ ਸਿੱਧੂ

ਨਵਜੋਤ ਸਿੰਘ ਸਿੱਧੂ ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਾਲੇ ਚੱਲ ਰਹੀ ਖਿੱਚੋਤਾਣ ਰੁਕਣ ਦਾ ਨਾਮ ਨਹੀਂ ਲੈ ਰਹੀ। ਮਹਿਕਮਾ ਬਦਲੇ ਜਾਣ ਤੋਂ ਬਾਅਦ ਨਾਰਾਜ਼ ਸਿੱਧੂ ਨੂੰ ਦਿੱਲੀ ਤੋਂ ਵੱਡੀ ਉਮੀਦ ਸੀ ਪਰ ਦਿੱਲੀ ਤੋਂ ਸਿੱਧੂ ਨੂੰ ਕੋਈ ਰਾਹਤ ਨਹੀਂ ਮਿਲੀ ਤੇ ਖਾਲੀ ਹੱਥ ਹੀ ਵਾਪਸ ਪਰਤਣਾ ਪਿਆ। ਦਿੱਲੀ ਵਿਚ ਸਿੱਧੂ ਦੀ ਗੱਲ ਨਹੀਂ ਬਣੀ ਤਾਂ ਦੂਜੇ ਪਾਸੇ ਪੰਜਾਬ ਦੇ ਕਾਂਗਰਸੀ ਆਗੂ ਵੀ ਹੁਣ ਸਿੱਧੂ ਨੂੰ ਅਨੁਸ਼ਾਸਨ ਦਾ ਪਾਠ ਪੜ੍ਹਾਉਣ ਲੱਗੇ ਹਨ।

ਆਪਣੇ ਮਹਿਕਮੇ ਲਈ ਕੈਪਟਨ ਖ਼ਿਲਾਫ਼ ਮੋਰਚਾ ਖੋਲ੍ਹੀ ਬੈਠੇ ਨਵਜੋਤ ਸਿੱਧੂ ਲਈ ਹੁਣ ਦਿੱਲੀ ਵੀ ਦੂਰ ਨਜ਼ਰ ਆ ਰਹੀ ਹੈ। ਸਿੱਧੂ ਨੂੰ ਉਮੀਦ ਸੀ ਕਿ ਕੈਪਟਨ ਨਾਲ ਚੱਲ ਰਹੀ ਆਰ-ਪਾਰ ਦੀ ਇਸ ਜੰਗ ਵਿਚ ਦਿੱਲੀ ਤੋਂ ਉਨ੍ਹਾਂ ਨੂੰ ਰਾਹਤ ਮਿਲੇਗੀ, ਪਰ ਸ਼ਾਇਦ ਹਾਈਕਮਾਨ ਵੀ ਸਿੱਧੂ ਤੋਂ ਕੰਨੀ ਕਤਰਾਉਣ ਲੱਗੀ ਹੈ। 3 ਦਿਨ ਦਿੱਲੀ ਡੇਰੇ ਲਾਉਣ ਦੇ ਬਾਵਜੂਦ ਰਾਹੁਲ ਗਾਂਧੀ ਨਾਲ ਸਿੱਧੂ ਦੀ ਮੁਲਾਕਾਤ ਨਹੀਂ ਹੋ ਸਕੀ ਤੇ ਸਿੱਧੂ ਨੂੰ ਖਾਲੀ ਹੱਥ ਹੀ ਵਾਪਸ ਪਰਤਣਾ ਪਿਆ। ਇੰਨਾ ਹੀ ਨਹੀਂ ਕਾਂਗਰਸ ਦੇ ਸਾਂਸਦ ਰਵਨੀਤ ਸਿੰਘ ਬਿੱਟੂ ਨੇ ਤਾਂ ਹੁਣ ਸਿੱਧੂ ਨੂੰ 2 ਟੁਕ ਕਹਿ ਦਿੱਤਾ ਹੈ ਕਿ ਜੇ ਸਿੱਧੂ ਨੇ ਬਿਜਲੀ ਮਹਿਕਮਾ ਨਹੀਂ ਸੰਭਾਲਣਾ ਤਾਂ ਉਨ੍ਹਾਂ ਨੂੰ ਅਸਤੀਫ਼ਾ ਦੇਣਾ ਚਾਹੀਦਾ ਹੈ।

ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਸਥਾਨਕ ਸਰਕਾਰਾਂ ਵਿਭਾਗ ਬਦਲੇ ਜਾਣ ਤੋਂ ਨਾਰਾਜ਼ ਹਨ ਤੇ ਹੁਣ ਉਨ੍ਹਾਂ ਨੂੰ ਬਿਜਲੀ ਵਿਭਾਗ ਦਿੱਤਾ ਗਿਆ ਹੈ ਜਿਸ ਦਾ ਅਜੇ ਤੱਕ ਉਨ੍ਹਾਂ ਚਾਰਜ ਨਹੀਂ ਸੰਭਾਲਿਆ। ਸੂਤਰਾਂ ਮੁਤਾਬਿਕ ਸਿੱਧੂ ਵੱਡਾ ਮੰਤਰਾਲਾ ਜਾਂ ਫਿਰ ਪਾਰਟੀ ਸੰਗਠਨ ‘ਚ ਵੱਡਾ ਅਹੁਦਾ ਚਾਹੁੰਦੇ ਹਨ, ਫ਼ਿਲਹਾਲ ਸਿੱਧੂ ਦੇ ਦੋਵੇਂ ਹੱਥ ਖਾਲੀ ਹਨ।

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਅਸਤੀਫ਼ੇ ਦੀ ਮੰਗ ਨੇ ਜ਼ੋਰ ਫੜ ਲਿਆ ਹੈ। ਮੁਹਾਲੀ ਵਿਚ ਜਨਤਕ ਥਾਵਾਂ ’ਤੇ ਸ੍ਰੀ ਸਿੱਧੂ ਦੇ ਅਸਤੀਫ਼ੇ ਬਾਰੇ ਗੁੰਮਨਾਮ ਪੋਸਟਰ ਲਗਾਏ ਗਏ। ਅੰਗਰੇਜ਼ੀ ਅਤੇ ਪੰਜਾਬੀ ਭਾਸ਼ਾ ਵਿਚ ਲੱਗੇ ਇਨ੍ਹਾਂ ਇਸ਼ਤਿਹਾਰਾਂ ’ਤੇ ਲਿਖਿਆ ਗਿਆ ਹੈ ਕਿ ‘ਮੈਂ ਰਾਜਨੀਤੀ ਛੱਡਾਂਗਾ’, ਜੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਅਮੇਠੀ ਨੂੰ ਗੁਆ ਦਿੱਤਾ। ਨਵਜੋਤ ਸਿੰਘ ਸਿੱਧੂ ਤੁਸੀਂ ਕਦੋਂ ਰਾਜਨੀਤੀ ਛੱਡੋਗੇ? ਹੁਣ ਸਮਾਂ ਆ ਗਿਆ ਹੈ, ਤੁਹਾਡੇ ਸ਼ਬਦਾਂ ਨੂੰ ਪੁਗਾਉਣ ਦਾ, ਅਸੀਂ ਤੁਹਾਡੇ ਅਸਤੀਫ਼ੇ ਦੀ ਉਡੀਕ ਕਰ ਰਹੇ ਹਾਂ’ ਇਸ ਮੌਕੇ ਨਵਜੋਤ ਸਿੰਘ ਸਿੱਧੂ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਪਰ ਸ੍ਰੀ ਸਿੱਧੂ ਨੇ ਕਿਸੇ ਪੱਤਰਕਾਰ ਦਾ ਫੋਨ ਨਹੀਂ ਚੁੱਕਿਆ।
ਜ਼ਿਕਰਯੋਗ ਹੈ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਸ੍ਰੀ ਸਿੱਧੂ ਆਪਣੀ ਪਾਰਟੀ ਦੇ ਆਗੂਆਂ ਅਤੇ ਵਿਰੋਧੀ ਧਿਰ ਦੇ ਨਿਸ਼ਾਨੇ ’ਤੇ ਹਨ। ਹਾਲਾਂਕਿ ਸ੍ਰੀ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਚਕਾਰ ਪਹਿਲਾਂ ਹੀ ਦੂਰੀਆਂ ਸਨ ਪ੍ਰੰਤੂ ਪਿਛਲੇ ਦਿਨੀਂ ਮੁੱਖ ਮੰਤਰੀ ਵੱਲੋਂ ਸ੍ਰੀ ਸਿੱਧੂ ਤੋਂ ਸਥਾਨਕ ਸਰਕਾਰਾਂ ਅਤੇ ਸੈਰ ਸਪਾਟਾ ਵਿਭਾਗ ਖੋਹ ਕੇ ਉਨ੍ਹਾਂ ਨੂੰ ਬਿਜਲੀ ਮਹਿਕਮਾ ਦੇਣ ਕਾਰਨ ਦੋਵੇਂ ਆਗੂਆਂ ਵਿਚ ਪਾੜਾ ਕਾਫੀ ਵਧ ਗਿਆ ਹੈ। ਹਾਲੇ ਤੱਕ ਸ੍ਰੀ ਸਿੱਧੂ ਨੇ ਆਪਣੇ ਨਵੇਂ ਵਿਭਾਗ ਦਾ ਚਾਰਜ ਵੀ ਨਹੀਂ ਸੰਭਾਲਿਆ ਹੈ, ਜਿਸ ਕਾਰਨ ਕੈਪਟਨ ਨੇ ਖੁਦ ਪਾਵਰਕੌਮ ਵਿਭਾਗ ਦੀ ਨਿਗਰਾਨੀ ਦਾ ਬੀੜਾ ਚੁੱਕਿਆ ਹੈ।

ਸ਼੍ਰੋਮਣੀ ਅਕਾਲੀ ਦਲ (ਬ) ਦੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਆਪਣੀ ਟਿੱਪਣੀ ਵਿੱਚ ਕਿਹਾ ਕਿ ਸਿਆਸੀ ਆਗੂਆਂ ਨੂੰ ਸਟੇਜ ’ਤੇ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸ੍ਰੀ ਸਿੱਧੂ ਨੇ ਉਕਤ ਬਿਆਨਬਾਜ਼ੀ ਕੀਤੀ ਹੈ ਤਾਂ ਉਨ੍ਹਾਂ ਨੂੰ ਲੋਕਾਂ ਦੇ ਸਵਾਲਾਂ ਦੇ ਜਵਾਬ ਤਾਂ ਦੇਣੇ ਹੀ ਪੈਣਗੇ। ਉਨ੍ਹਾਂ ਸਿੱਧੂ ਨੂੰ ਸਲਾਹ ਦਿੱਤੀ ਕਿ ਜੇਕਰ ਅਸਤੀਫ਼ਾ ਨਹੀਂ ਦੇਣਾ ਤਾਂ ਜਨਤਕ ਤੌਰ ’ਤੇ ਮੁਆਫ਼ੀ ਮੰਗ ਲੈਣ। ਡਾ. ਚੀਮਾ ਨੇ ਕਿਹਾ ਕਿ ਕਾਂਗਰਸ ਝੂਠਿਆਂ ਦੀ ਪਾਰਟੀ ਹੈ। ਚੋਣਾਂ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਝੂਠੀ ਸਹੁੰ ਚੁੱਕੀ ਸੀ ਲੇਕਿਨ ਹੁਣ ਆਪਣੇ ਵਾਅਦੇ ਤੋਂ ਮੁਕਰ ਗਏ ਹਨ।

ਮੁਹਾਲੀ ਬਲਾਕ ਕਾਂਗਰਸ ਦੇ ਪ੍ਰਧਾਨ ਜਸਪ੍ਰੀਤ ਸਿੰਘ ਗਿੱਲ ਨੇ ਕਿਹਾ ਕਿ ਇਹ ਮਾਮਲਾ ਉਨ੍ਹਾਂ ਦੇ ਧਿਆਨ ਵਿਚ ਨਹੀਂ ਹੈ ਪਰ ਹੁਣ ਜਾਣਕਾਰੀ ਮਿਲਣ ਤੋਂ ਬਾਅਦ ਉਹ ਸੀਨੀਅਰ ਲੀਡਰਸ਼ਿਪ ਨਾਲ ਸਲਾਹ ਮਸ਼ਵਰਾ ਕਰਕੇ ਗੁੰਮਨਾਮ ਇਸ਼ਤਿਹਾਰ ਲਗਾਉਣ ਵਾਲਿਆਂ ਖ਼ਿਲਾਫ਼ ਪਰਚਾ ਦਰਜ ਕਰਨ ਲਈ ਪੁਲੀਸ ਨੂੰ ਸ਼ਿਕਾਇਤ ਦੇਣਗੇ। ਉਂਝ ਉਨ੍ਹਾਂ ਕਿਹਾ ਕਿ ਇਹ ਉਨ੍ਹਾਂ ਦੀ ਪਾਰਟੀ ਦਾ ਅੰਦਰੂਨੀ ਮਾਮਲਾ ਹੈ। ਇਹ ਪਾਰਟੀ ਹਾਈ ਕਮਾਂਡ ਨੇ ਦੇਖਣਾ ਹੈ ਕਿ ਸ੍ਰੀ ਸਿੱਧੂ ਤੋਂ ਅਸਤੀਫ਼ਾ ਲੈਣਾ ਹੈ ਜਾਂ ਨਹੀਂ। ਇਸ ਲਈ ਵਿਰੋਧੀਆਂ ਅਤੇ ਆਮ ਲੋਕਾਂ ਨੂੰ ਅਜਿਹੀਆਂ ਹਰਕਤਾਂ ਕਰਨੀਆਂ ਸ਼ੋਭਾ ਨਹੀਂ ਦਿੰਦੀਆਂ।

Check Also

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਰਮਲਾ ਨਹੀਂ ਰਹੇ

ਮਸ਼ਹੂਰ ਪੰਜਾਬੀ ਲੋਕ ਗਾਇਕ ਕਰਤਾਰ ਸਿੰਘ ਰਮਲਾ ਦਾ ਅੱਜ ਦਿਹਾਂਤ ਹੋ ਗਿਆ ਹੈ। ਕਰਤਾਰ ਰਮਲਾ …

%d bloggers like this: