Breaking News
Home / ਸਾਹਿਤ / ਬਦਲ ਰਹੇ ਸਿਆਸੀ/ਭੂਗੋਲਿਕ ਰੁਝਾਨ ਤੇ ਅਸੀਂ ਪੰਜਾਬੀ

ਬਦਲ ਰਹੇ ਸਿਆਸੀ/ਭੂਗੋਲਿਕ ਰੁਝਾਨ ਤੇ ਅਸੀਂ ਪੰਜਾਬੀ

ਕੁਝ ਸਾਲ ਪਹਿਲਾਂ ਭਾਰਤ ਨਾਲ ਪਰਮਾਣੂ ਸਮਝੌਤੇ ਕਰਨ ਵਾਲੇ ਅਮਰੀਕਾ ਨੇ ਹਾਲੇ ਤੱਕ ਉਨ੍ਹਾਂ ਸਮਝੌਤਿਆਂ ਸੰਬੰਧੀ ਭਾਰਤ ਨੂੰ ਕੋਈ ਰਾਹ ਨਹੀਂ ਦਿੱਤਾ, ਲਾਰੇ ਲਾਈ ਗਏ। ਹਾਲ ਹੀ ਵਿੱਚ ਭਾਰਤ ਦੀ ਬਾਂਹ ਮਰੋੜ ਕੇ ਉਸਨੂੰ ਈਰਾਨ ਤੋਂ ਤੇਲ ਲੈਣੋਂ ਰੋਕ ਦਿੱਤਾ। ਉਸ ਤੇਲ ਦੀ ਘਾਟ ਪੂਰੀ ਕਰਨ ਕਰਨ ਲਈ ਭਾਰਤ ਨੂੰ ਕਿਸੇ ਹੋਰ ਮੁਲਕ ਤੋਂ ਮਹਿੰਗਾ ਤੇਲ ਲੈਣਾ ਪਵੇਗਾ।

ਨਾਲ ਹੀ ਅਮਰੀਕਾ ਨੇ ਕੁਝ ਭਾਰਤੀ ਵਸਤਾਂ ‘ਤੇ ਅਮਰੀਕਾ ‘ਚ ਟੈਕਸ ਲਾ ਦਿੱਤਾ। ਅਮਰੀਕਾ ਢਹੇ ਚੜ੍ਹੇ ਭਾਰਤੀ ਸਿਆਸਤਦਾਨਾਂ ਨੂੰ ਸਮਝ ਨਾ ਆਵੇ ਕਿ ਹੋਇਆ ਕੀ।

ਅਮਰੀਕਾ ਮਗਰ ਵੀਹ ਸਾਲ ਲੱਗ ਕੇ ਰੂਸ ਤੇ ਚੀਨ ਨਾਲ ਵੀ ਵਿਗਾੜ ਲਈ ਤੇ ਇਹ ਵੀ ਟੀਟਣੇ ਮਾਰਨ ਲੱਗੇ ਹਨ। ਪਿਛਲੇ ਸਾਲ ਹੀ ਭਾਰਤੀ ਵਿਦੇਸ਼ ਨੀਤੀ ਅਤੇ ਵਪਾਰ ਨੀਤੀ ਦੇ ਮਾਹਰ ਦੋਫਾੜ ਹੋ ਗਏ ਸਨ। ਉਹ ਲੇਖ ਲਿਖ-ਲਿਖ ਮੋਦੀ ਸਰਕਾਰ ਨੂੰ ਸਲਾਹਾਂ ਦੇਣ ਲੱਗੇ। ਕੁਝ ਨੇ ਅਮਰੀਕਾ ਲੜ ਲੱਗੇ ਰਹਿਣ ਦਾ ਸੁਝਾਅ ਦਿੱਤਾ ਤੇ ਕੁਝ ਕਹਿਣ ਲੱਗੇ ਕਿ ਚੀਨ-ਰੂਸ ਨਾਲ ਦੁਬਾਰਾ ਸਾਂਝ ਵਧਾਓ।

ਹੁਣ ਭਾਰਤ ਨੇ ਜਵਾਬੀ ਕਾਰਵਾਈ ਕਰਦਿਆਂ ਕੁਝ ਅਮਰੀਕਨ ਵਸਤਾਂ ‘ਤੇ ਟੈਕਸ ਲਾ ਦਿੱਤਾ ਹੈ। ਇਹ ਕਦਮ ਅਮਰੀਕਾ ਨੂੰ ਸੁਨੇਹਾ ਹੈ ਕਿ ਜੇ ਤੂੰ ਬਾਂਹ ਨਹੀਂ ਫੜਨੀ, ਫਿਰ ਅਸੀੰ ਉਧਰ ਜਾ ਵੀ ਜਾ ਸਕਦੇ ਹਾਂ। ਭਾਰਤ ਹੁਣ ਤੇ ਚੀਨ ਤੇ ਰੂਸ ਨਾਲ ਨੇੜਤਾ ਵਧਾਵੇਗਾ।

ਸਾਡਾ ਪੰਜਾਬੀਆਂ ਦਾ ਇਸ ਵਿੱਚ ਕੀ ਹਿਤ ਹੈ?

ਚੀਨ ਭਾਰਤ ਨੂੰ ਪਹਿਲਾਂ ਹੀ ਕਹਿ ਰਿਹਾ ਕਿ ਪਾਕਿਸਤਾਨ ਨਾਲ ਲੜਾਈ ਛੱਡ ਕੇ ਭਾਰਤ ਪਾਕਿਸਤਾਨ ਰਾਹੀਂ ਚੀਨ ਅਤੇ ਉਸ ਸਮੁੱਚੇ ਖ਼ਿੱਤੇ ਦੇ ਮਿਡਲ ਈਸਟ ਦੇ ਮੁਲਕਾਂ ਅਤੇ ਰੂਸ ‘ਚੋਂ ਟੁੱਟ ਕੇ ਮੁਲਕਾਂ ਨਾਲ ਨਾਲ ਚੀਨ ਦੇ ਬਣਾਏ ਸੁਪਰ ਹਾਈਵੇਅ ਵਰਤ ਕੇ ਵਪਾਰ ਵਧਾਵੇ।

ਵਪਾਰ ਦਾ ਨਾਮ ਸੁਣ ਕੇ ਹੀ ਉੱਤਰੀ ਭਾਰਤ ਦੇ ਵਪਾਰੀਆਂ ਦੇ ਕੰਨ ਖੜ੍ਹੇ ਹੋ ਗਏ ਤੇ ਉਨ੍ਹਾਂ ਨੂੰ ਇਹ ਬਹੁਤ ਸੁਨਿਹਰੀ ਮੌਕਾ ਲੱਗਾ ਕਿ ਉਹ ਉਨ੍ਹਾਂ ਮੁਲਕਾਂ ‘ਚ ਸਿੱਧਾ ਵਪਾਰ ਕਰ ਸਕਣਗੇ, ਜਿੱਥੇ ਕਦੇ ਉਨ੍ਹਾਂ ਦੀ ਸਿੱਧੀ ਸੜਕੀ ਪਹੁੰਚ ਨਹੀਂ ਸੀ। ਉਹ ਵੀ ਭਾਰਤ ਸਰਕਾਰ ‘ਤੇ ਦਬਾਅ ਬਣਾ ਰਹੇ ਹਨ। ਯਾਦ ਰਹੇ ਕਿ ਭਾਜਪਾ ਤੇ ਆਰ. ਐਸ. ਐਸ. ਦਾ ਬਹੁਤਾ ਹਿੱਸਾ ਵਪਾਰੀ ਵਰਗ ‘ਚੋਂ ਹੈ।

ਕਰਤਾਰਪੁਰ ਦਾ ਲਾਂਘਾ ਖੁੱਲ੍ਹਣਾ ਇਸ ਪਾਸੇ ਪਹਿਲਾ ਕਦਮ ਸੀ। ਅਗਾਂਹ ਵਾਹਗਾ ਵੀ ਖੁੱਲ੍ਹ ਸਕਦਾ ਤੇ ਹੁਸੈਨੀਵਾਲਾ ਵੀ। ਪੰਜਾਬ ਨੇ ਉੱਤਰੀ ਅਮਰੀਕਾ ਦੀ ਖੁਸ਼ਕ ਬੰਦਰਗਾਹ ਬਣਨਾ। ਇਹ ਪੰਜਾਬ ਦੀ ਖੇਤੀ ਅਤੇ ਹੋਰ ਵਸਤਾਂ ਦੇ ਵਪਾਰ ਲਈ ਸੁਨਿਹਰੀ ਮੌਕਾ ਹੋਣਾ।

ਦੇਖਣ ਨੂੰ ਇਸ ਤਰਾਂ ਲੱਗਣਾ ਕਿ ਸਾਡੇ ਗੁਰਦੁਆਰਿਆਂ ਦੇ ਦਰਸ਼ਨਾਂ ਲਈ ਲਾਂਘੇ ਖੁੱਲ੍ਹ ਰਹੇ ਹਨ ਪਰ ਮਗਰ ਵਪਾਰਕ ਨੀਤੀ ਹੋਣੀ, ਭਾਰਤ ਦੀ ਵੀ ਤੇ ਪਾਕਿਸਤਾਨ ਦੀ ਵੀ। ਖ਼ੈਰ! ਸਾਡਾ ਇਸ ਵਿੱਚ ਫ਼ਾਇਦਾ ਹੀ ਹੋਣਾ ਪਰ ਇਹ ਫੀਲਿੰਗ ਨਾ ਲਿਓ ਕਿ ਲਾਂਘੇ ਸਿੱਖਾਂ ਕਰਕੇ ਖੁੱਲ੍ਹ ਰਹੇ ਹਨ। ਪਰ ਇਸ ਮੌਕੇ ਨੂੰ ਪੰਜਾਬੀਆਂ ਨੇ ਕਿਸ ਤਰਾਂ ਆਪਣੀ ਸੂਝ-ਬੂਝ ਨਾਲ ਵਰਤਣਾ, ਇਹ ਪੰਜਾਬ ਦੀ ਰਾਜਸੀ ਲੀਡਰਸ਼ਿਪ ਅਤੇ ਸਿੱਖਾਂ ਦੀ ਧਾਰਮਿਕ ਲੀਡਰਸ਼ਿਪ ‘ਤੇ ਨਿਰਭਰ ਕਰੇਗਾ।

ਅਫਸੋਸ ਕਿ ਇਹ ਮੌਕਾ ਉਦੋਂ ਆ ਰਿਹਾ ਜਦ ਪੰਜਾਬ ਦਾ ਪਾਣੀ ਖਤਮ ਹੋ ਚੱਲਾ ਤੇ ਪੰਜਾਬ ਦੇ ਛੋਟੇ ਅਤੇ ਦਰਮਿਆਨੇ ਕਿਸਾਨਾਂ ਦੀਆਂ ਜ਼ਮੀਨਾਂ ‘ਤੇ ਵੱਡੇ ਵਪਾਰਕ ਘਰਾਣਿਆਂ ਦੀ ਅੱਖ ਹੈ, ਜੋ ਲਿਮਟਾਂ ਅਤੇ ਕਰਜ਼ਿਆਂ ਅਧੀਨ ਬੈਂਕਾਂ ਕੋਲ ਗਹਿਣੇ ਹੈ। ਆਉਣ ਵਾਲੇ ਸਾਲਾਂ ‘ਚ ਵੱਡੇ ਘਰਾਣੇ ਇਹ ਜ਼ਮੀਨ ਹਥਿਆ ਕੇ, ਵੱਡੇ-ਵੱਡੇ ਫ਼ਾਰਮ ਬਣਾ, ਆਪਣਾ ਮੰਡੀਕਰਨ ਕਰਕੇ ਖੇਤੀ ਕਰਿਆ ਕਰਨਗੇ ਅਤੇ ਨਾਲ ਹੀ ਨਵੇਂ ਖੁੱਲ੍ਹ ਰਹੇ ਲਾਂਘਿਆਂ ਦੀ ਵਰਤੋਂ ਕਰਿਆ ਕਰਨਗੇ। ਸਾਡੇ ਪੰਜਾਬੀ ਕਿਸਾਨ ਇਨ੍ਹਾਂ ਦੇ ਤਨਖ਼ਾਹਦਾਰ ਮੁਲਾਜ਼ਮ ਹੋਣਗੇ। ਜ਼ਮੀਨ ਦੇ ਮਾਲਕਾਂ ਦੀ ਥਾਂ ਟਰੈਕਟਰਾਂ ਦੇ ਡਰਾਇਵਰ ਜਾਂ ਲੇਬਰ ਢੋਣ ਵਾਲੇ ਠੇਕੇਦਾਰ ਬਣਨਗੇ।

ਇਹ ਮੌਕਾ ਉਦੋਂ ਆਉਣਾ ਜਦੋਂ ਪੰਜਾਬ ਦੀ ਜਵਾਨੀ ਨੇ ਵੱਡੀ ਗਿਣਤੀ ‘ਚ ਬਾਹਰ ਕੂਚ ਕਰ ਜਾਣਾ ਤੇ ਉਨ੍ਹਾਂ ਦੀ ਥਾਂ ਕਿਸੇ ਹੋਰ ਨੇ ਲੈ ਲੈਣੀ।

ਇਸ ਬਦਲ ਰਹੇ ਸਿਆਸੀ ਅਤੇ ਭੂਗੋਲਿਕ ਹਾਲਾਤ ਨੂੰ ਪੰਜਾਬ ਅਤੇ ਸਿੱਖਾਂ ਦੇ ਹੱਕ ‘ਚ ਕਿੱਦਾਂ ਵਰਤਿਆ ਜਾਵੇ, ਇਹ ਸਾਡੇ ਲਈ ਗੰਭੀਰ ਵਿਚਾਰ ਦਾ ਵਿਸ਼ਾ ਹੋਣਾ ਚਾਹੀਦਾ। ਇਹ ਲਿਖਣ ਦਾ ਮਕਸਦ ਇੱਕ ਵਿਚਾਰ ਚਰਚਾ ਛੇੜਨਾ ਹੈ ਕਿ ਹੋਰ ਪੰਜਾਬੀ ਇਸ ਬਾਰੇ ਕਿਸ ਤਰਾਂ ਸੋਚਦੇ ਹਨ ਅਤੇ ਇਸ ਸਾਰੇ ਭਵਿੱਖੀ ਘਟਨਾਚੱਕਰ ‘ਚੋਂ ਪੰਜਾਬ ਲਾਹਾ ਖੱਟੇ, ਇਸ ਬਾਰੇ ਕੀ ਕੀਤਾ ਜਾ ਸਕਦਾ ਹੈ?

– ਗੁਰਪ੍ਰੀਤ ਸਿੰਘ ਸਹੋਤਾ

Check Also

ਪੰਜਾਬੀ ਬੋਲੀ ਦੀ ਕੌਮਾਂਤਰੀ ਪਛਾਣ ਕਿਵੇਂ ਮਜ਼ਬੂਤ ਹੋਵੇ?

ਕੈਨੇਡਾ ਤੋਂ ਪੰਜਾਬ ਫੇਰੀ ਲਈ ਹਵਾਈ ਟਿਕਟ ਖਰੀਦਣ ਵਾਸਤੇ ਵੈਨਕੂਵਰ ਦੀ ਇੱਕ ਟਰੈਵਲ ਏਜੰਸੀ ਦੇ …

%d bloggers like this: