ਨਹੀਂ ਰਿਹਾ ਫਤਿਹਬੀਰ-9 ਇੰਚੀ ਪਾਈਪ ‘ਚੋਂ ਕੁੰਢੀਆਂ ਪਾ ਕੱਢਿਆ ਗਿਆ ਬਾਹਰ

By June 11, 2019


2 ਸਾਲਾ ਮਾਸੂਮ ਫਤਿਹਵੀਰ ਨੂੰ ਆਖ਼ਰਕਾਰ ਅੱਜ ਛੇਵੇਂ ਦਿਨ ਸਵੇਰੇ 5.12 ਵਜੇ ਬੋਰਵੈੱਲ ‘ਚੋਂ ਬਾਹਰ ਕੱਢ ਲਿਆ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਬੱਚੇ ਨੂੰ ਰੱਸੀਆਂ ਅਤੇ ਕੁੰਢੀਆਂ ਦੀ ਮਦਦ ਨਾਲ ਉਸੇ ਪਾਈਪ ਰਾਹੀ ਖਿੱਚ ਕੇ ਬਾਹਰ ਕੱਢਿਆ ਗਿਆ ਹੈ, ਜਿਸ ਰਾਹੀਂ ਉਹ ਬੋਰ ‘ਚ ਡਿੱਗਾ ਸੀ।

ਬੱਚੇ ਨੂੰ ਐਨ . ਡੀ. ਆਰ. ਐੱਫ. ਦਾ ਜਵਾਨ ਇਕ ਕੱਪੜੇ ‘ਚ ਲਪੇਟ ਕੇ ਭੱਜਦਾ ਹੋਇਆ ਸਿੱਧਾ ਮੌਕੇ ‘ਤੇ ਖੜ੍ਹੀ ਐਂਬੂਲੈਂਸ ‘ਚ ਲੈ ਗਿਆ। ਫਿਲਹਾਲ ਫਤਿਹਵੀਰ ਨੂੰ ਚੰਡੀਗੜ੍ਹ ਦੇ ਪੀ. ਜੀ. ਆਈ. ‘ਚ ਦਾਖ਼ਲ ਕਰਾਇਆ ਗਿਆ ਹੈ।

ਦੋ ਸਾਲਾ ਮਾਸੂਮ ਫਤਿਹਵੀਰ ਸਿੰਘ ਦਾ ਚੰਡੀਗੜ੍ਹ ਦੇ ਪੀ. ਜੀ. ਆਈ. ਪੋਸਟਮਾਰਟਮ ਕੀਤਾ ਜਾ ਰਿਹਾ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਚਾਰ ਡਾਕਟਰਾਂ ਦੀ ਟੀਮ ਉਸ ਦਾ ਪੋਸਟਮਾਰਟਮ ਕਰ ਰਹੀ ਹੈ। ਫਤਿਹਵੀਰ ਦੇ ਦਾਦਾ ਜੀ ਅਤੇ ਸੰਗਰੂਰ ਦੇ ਐੱਸ. ਡੀ. ਐੱਮ. ਵੀ ਹਸਪਤਾਲ ‘ਚ ਮੌਜੂਦ ਹਨ।

ਇੱਥੇ ਇਹ ਜ਼ਿਕਰਯੋਗ ਹੈ ਕਿ ਅੱਜ ਸਵੇਰੇ ਬੋਰਵੈੱਲ ‘ਚੋਂ ਬਾਹਰ ਕੱਢਣ ਮਗਰੋਂ ਫਤਿਹਵੀਰ ਨੂੰ ਪੀ. ਜੀ. ਆਈ. ਲਿਆਂਦਾ ਗਿਆ ਸੀ, ਜਿੱਥੇ ਡਾਕਟਰਾਂ ਵਲੋਂ ਉਸ ਨੂੰ ਮ੍ਰਿਤਕ ਕਰਾਰ ਦਿੱਤਾ ਗਿਆ।

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਦੋ ਸਾਲਾ ਮਾਸੂਮ ਫਤਿਹਵੀਰ ਸਿੰਘ ਦੀ ਮੌਤ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਨੇ ਟਵੀਟ ਕਰਕੇ ਕਿਹਾ ਕਿ ਫਤਿਹਵੀਰ ਦੀ ਮੌਤ ਦੀ ਖ਼ਬਰ ਸੁਣ ਕੇ ਬਹੁਤ ਦੁੱਖ ਲੱਗਾ ਹੈ।

ਉਨ੍ਹਾਂ ਕਿਹਾ ਕਿ ਉਹ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਨ ਕਿ ਉਹ ਪਰਿਵਾਰ ਨੂੰ ਇਸ ਸਦਮੇ ਨੂੰ ਸਹਿਣ ਦੀ ਸਮਰੱਥਾ ਬਖ਼ਸ਼ੇ। ਇਸ ਦੇ ਨਾਲ ਹੀ ਕੈਪਟਨ ਨੇ ਟਵੀਟ ‘ਚ ਇਹ ਵੀ ਦੱਸਿਆ ਹੈ ਕਿ ਉਨ੍ਹਾਂ ਦੇ ਸਾਰੇ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਕੋਲੋਂ ਸੂਬੇ ‘ਚ ਖੁੱਲ੍ਹੇ ਬੋਰਵੈੱਲਾਂ ਬਾਰੇ ਰਿਪੋਰਟ ਮੰਗੀ ਹੈ ਤਾਂ ਜੋ ਅਜਿਹੇ ਹਾਦਸਿਆਂ ਨੂੰ ਭਵਿੱਖ ‘ਚ ਵਾਪਰਨ ਤੋਂ ਰੋਕਿਆ ਜਾ ਸਕੇ। ਇੱਥੇ ਇਹ ਦੱਸਣਯੋਗ ਹੈ ਕਿ ਸੁਨਾਮ ਨੇੜਲੇ ਪਿੰਡ ਭਗਵਾਨਪੁਰਾ ਦਾ ਦੋ ਸਾਲਾ ਮਾਸੂਮ ਫਤਹਿਵੀਰ ਬੀਤੀ 6 ਜੂਨ ਦੀ ਸ਼ਾਮ ਨੂੰ ਬੋਰਵੈੱਲ ‘ਚ ਡਿੱਗ ਪਿਆ ਸੀ। ਉਸ ਨੂੰ ਅੱਜ ਸਵੇਰੇ 5.12 ਵਜੇ ਰੱਸੀਆਂ ਅਤੇ ਕੁੰਢੀਆਂ ਦੀ ਮਦਦ ਨਾਲ ਉਸੇ ਪਾਈਪ ਰਾਹੀਂ ਖਿੱਚ ਕੇ ਬਾਹਰ ਕੱਢਿਆ ਗਿਆ, ਜਿਸ ਰਾਹੀਂ ਉਹ ਬੋਰ ‘ਚ ਡਿੱਗਿਆ ਸੀ। ਫਿਰ ਉਸ ਨੂੰ ਪੀ. ਜੀ. ਆਈ. ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।





Posted in: ਪੰਜਾਬ