Breaking News
Home / ਸਾਹਿਤ / ਘੱਲੂਘਾਰਾ ਜੂਨ 1984: ਜਦੋਂ ਜਨਰਲ ਬਰਾੜ ਦਾ ਮਾਮਾ ਉਹਨੂੰ ਮਾਰਨ ‘ਤੇ ਉਤਾਰੂ ਹੋਇਆ

ਘੱਲੂਘਾਰਾ ਜੂਨ 1984: ਜਦੋਂ ਜਨਰਲ ਬਰਾੜ ਦਾ ਮਾਮਾ ਉਹਨੂੰ ਮਾਰਨ ‘ਤੇ ਉਤਾਰੂ ਹੋਇਆ

ਦਰਬਾਰ ਸਾਹਿਬ ‘ਤੇ ਹੋਏ ਫੌਜੀ ਹਮਲੇ ਕਾਰਨ ਸਿੱਖਾਂ ਦੇ ਜਜ਼ਬਾਤ ਇਸ ਕਦਰ ਭੜਕੇ ਕਿ ਇਸ ਹਮਲੇ ਦੇ ਮੁਰ੍ਹੈਲੀ ਲੈਫਟੀਨੈਂਟ ਜਨਰਲ ਕੁਲਦੀਪ ਸਿੰਘ ਬਰਾੜ ਵਰਗਿਆਂ ਦੇ ਰਿਸ਼ਤੇਦਾਰਾਂ ਨੇ ਉਹਨੂੰ ਲਾਹਣਤਾਂ ਪਾਉਂਦਿਆਂ ਉਹਦੇ ਨਾਲ ਵਰਤ-ਵਰਤਾਅ ਛੱਡ ਦਿੱਤਾ।

ਕੁਲਦੀਪ ਸਿੰਘ ਬਰਾੜ ਪੱਤਰਕਾਰ ਕੰਵਰ ਸੰਧੂ ਨਾਲ ਹੋਈ ਗੱਲਬਾਤ ਦੌਰਾਨ ਦੱਸਦਾ ਹੈ ਕਿ ਮੇਰਾ ਇੱਕ ਮਾਮਾ ਜੋ ਕਿ ਇੰਗਲੈਂਡ ਵਿੱਚ ਰਹਿੰਦਾ ਸੀ ਉਹਦੇ ਨਾਲ ਮੇਰੇ ਬਹੁਤ ਨਿੱਘੇ ਸਬੰਧ ਸਨ।

ਦਰਬਾਰ ਸਾਹਿਬ ‘ਤੇ ਫੌਜੀ ਧਾਵੇ ਨੂੰ ਉਹ ਆਪਣੇ ਧਰਮ ‘ਤੇ ਹਮਲਾ ਸਮਝਣ ਲੱਗ ਪਿਆ। ਹਾਲਾਂਕਿ ਉਹ ਰਹਿਤੀਆ ਸਿੱਖ ਨਹੀਂ ਸੀ, ਵਲੈਤ ਵਿੱਚ ਰਹਿਣ ਵਾਲੇ ਔਸਤਨ ਲੋਕਾਂ ਵਾਂਗ ਉਹ ਸ਼ਰਾਬਖਾਨੇ ਜਾਣ ਦਾ ਵੀ ਸ਼ੌਕੀਨ ਸੀ। ਬਰਾੜ ਕਹਿੰਦਾ ਹੈ ਕਿ ਪਰ ਮੇਰੇ ਵੱਲੋਂ ਇਸ ਹਮਲੇ ਦੀ ਕਮਾਂਡ ਕਰਨ ਕਰਕੇ ਉਹ ਮੇਰੇ ‘ਤੇ ਐਨਾ ਲੋਹਾ ਲਾਖਾ ਹੋਇਆ ਕਿ ਉਹ ਮੈਨੂੰ ਮਾਰਨ ‘ਤੇ ਉਤਾਰੂ ਹੋ ਗਿਆ।

ਬਰਾੜ ਦੇ ਮਾਮੇ ਨੇ ਆਪਣੀ ਭੈਣ ਤੇ ਜਰਨਲ ਬਰਾੜ ਦੀ ਮਾਤਾ ਤੇ ਉਹਦੇ ਪਿਓ ਨੂੰ ਦੱਸ ਦਿੱਤਾ ਸੀ ਕਿ ਮੈਂ ਆਪਣੇ ਭਾਣਜੇ ਨੂੰ ਮਾਰ ਦੇਣਾ ਹੈ। ਉਹਦੇ ਮਾਮੇ ਨੇ ਇਹ ਵੀ ਕਿਹਾ ਕਿ ਇਹਤੋਂ ਪਹਿਲਾਂ ਕਿ ਸਿੱਖ ਖਾੜਕੂ ਉਹਨੂੰ ਮਾਰਨ ਮੈਂ ਖ਼ੁਦ ਹੀ ਉਹਨੂੰ ਮਾਰ ਦਿਊਂਗਾ।

ਕੈਪਟਨ ਰੈਣੇ ਵਾਲੀ ਗੱਲ

ਹਮਲੇ ਦੇ ਪਹਿਲਾਂ ਦੇ ਹਾਲਾਤ ਦੱਸਦਾ ਹੋਇਆ ਜਨਰਲ ਬਰਾੜ ਕਹਿੰਦਾ ਹੈ ਕਿ ਦਰਬਾਰ ਸਾਹਿਬ ਦੇ ਧਾਵੇ ਤੋਂ ਪਹਿਲਾਂ ਮੈਂ ਫੌਜ ਦੀਆਂ ਵੱਖ-ਵੱਖ ਯੂਨਿਟਾਂ ਵਿੱਚ ਗਿਆ। ਉੱਥੇ ਜਾ ਕੇ ਮੈਂ ਕਿਹਾ ਕਿ ਜੇ ਕੋਈ ਧਾਰਮਿਕ ਜਜ਼ਬਾਤਾਂ ਦੇ ਤਹਿਤ ਦਰਬਾਰ ਸਾਹਿਬ ‘ਤੇ ਹਮਲੇ ਵਿੱਚ ਸ਼ਾਮਲ ਨਹੀਂ ਹੋਣਾ ਚਾਹੁੰਦਾ ਤਾਂ ਉਹ ਹੱਥ ਖੜ੍ਹਾ ਕਰ ਦੇਵੇ, ਉਹਨੂੰ ਕੁਝ ਨਹੀਂ ਕਿਹਾ ਜਾਵੇਗਾ। ਇਸ ‘ਤੇ ਇੱਕ ਸਿੱਖ ਕੈਪਟਨ ਨੇ ਹੱਥ ਖੜ੍ਹਾ ਕੀਤਾ। ਮੈਂ ਉਹਨੂੰ ਕਿਹਾ ਕਿ ਕੋਈ ਗੱਲ ਨੀਂ ਇੱਕ ਪਾਸੇ ਹੋਜਾ ਤੈਨੂੰ ਕੁਝ ਨਹੀਂ ਕਹਿੰਦੇ।

ਸਿੱਖ ਕੈਪਟਨ ਕਹਿੰਦਾ ਨਹੀਂ ਜਨਾਬ! ਤੁਸੀਂ ਮੈਨੂੰ ਗ਼ਲਤ ਸਮਝਿਆ ਹੈ ਸਗੋਂ ਮੈਂ ਇਸ ਕਰਕੇ ਹੱਥ ਖੜ੍ਹਾ ਕੀਤਾ ਹੈ ਕਿ ਮੈਂ ਸਭ ਤੋਂ ਪਹਿਲਾਂ ਦਰਬਾਰ ਸਾਹਿਬ ‘ਚ ਵੜਨਾ ਚਾਹੁੰਦਾ ਹਾਂ। ਸਿੱਖ ਅਫ਼ਸਰ ਦੇ ਉਤਸ਼ਾਹ ਨੂੰ ਦੇਖਦਿਆਂ ਬਰਾੜ ਨੇ ਉਹਦੇ ਕਮਾਂਡਰ ਨੂੰ ਕਿਹਾ ਕਿ ਇਹਦੀ ਟੋਲੀ ਨੂੰ ਸਭ ਤੋਂ ਮੂਹਰੇ ਲਾਇਆ ਜਾਵੇ। ਇਹ ਅਫ਼ਸਰ ਕੈਪਟਨ ਜਸਬੀਰ ਸਿੰਘ ਰੈਣਾ ਸੀ ਜੋ ਕਿ ਸਭ ਤੋਂ ਮੂਹਰੇ ਲੱਗਣ ਨੂੰ ਤਾਹੂ ਹੋਇਆ ਸੀ।

ਇਹੀ ਕੈਪਟਨ ਜਸਬੀਰ ਸਿੰਘ ਰੈਣਾ ਸੀ ਜੋ 3 ਜੂਨ ਨੂੰ ਦਰਬਾਰ ਸਾਹਿਬ ਕੰਪਲੈਕਸ ਦੀ ਸੂਹ ਲੈਣ ਖ਼ਾਤਰ ਸ਼ਰਧਾਲੂਆਂ ਦੇ ਭੇਸ ਵਿੱਚ ਅੰਦਰ ਗੇੜ੍ਹਾ ਮਾਰ ਕੇ ਆਇਆ ਸੀ। ਕੈਪਟਨ ਰੈਣਾ, ਦਰਬਾਰ ਸਾਹਿਬ ‘ਚ ਵੜਨ ਵਾਲੀ ਪਹਿਲੀ ਫੌਜੀ ਟੁੱਕੜੀ ਦੇ ਮੂਹਰੇ ਲੱਗਿਆ ਸੀ। ਘੰਟਾ ਘਰ ਗੇਟ ਵਾਲਿਓਂ ਪਾਸੋਂ ਜਿਉਂ ਹੀ ਇਸ ਟੁੱਕੜੀ ਨੇ ਆਪਣੇ ਕਦਮ ਪ੍ਰਕਰਮਾ ਵਿੱਚ ਧਰੇ ਤਾਂ ਨਾਲੋਂ ਨਾਲ ਹੀ ਇਨ੍ਹਾਂ ਦੇ ਗਿੱਟੇ ਸਿੱਖ ਖਾੜਕੂਆਂ ਵੱਲੋਂ ਛੱਡੀਆਂ ਗਈਆਂ ਗੋਲੀਆਂ ਨੇ ਭੁੰਨ ਸੁੱਟੇ। ਕੈਪਟਨ ਰੈਣਾ ਦੀਆਂ ਦੋਵੇਂ ਲੱਤਾਂ ਗੋਲੀਆਂ ਨਾਲ ਉੱਡ ਗਈਆਂ। ਜਨਰਲ ਬਰਾੜ ਦੱਸਦਾ ਹੈ ਕਿ ਇਸ ਟੋਲੀ ਦੇ ਕਮਾਂਡਰ ਇਸਰਾਰ ਖਾਨ ਨੇ ਮੈਨੂੰ ਦੱਸਿਆ ਕਿ ਕੈਪਟਨ ਰੈਣਾ ਫੱਟੜ ਹੋ ਗਿਆ ਹੈ ਉਹਨੂੰ ਚੱਕਣਾਂ ਜ਼ਰੂਰੀ ਹੈ ਪਰ ਉਹ ਮੰਨ ਨਹੀਂ ਰਿਹਾ ਤੇ ਸਗੋਂ ਰੀਂਗ-ਰੀਂਗ ਕੇ ਅਕਾਲ ਤਖ਼ਤ ਵੱਲ ਨੂੰ ਵੱਧ ਰਿਹਾ ਹੈ।

ਮੈਂ ਇਸਰਾਰ ਖਾਨ ਨੂੰ ਕਿਹਾ ਕਿ ਨਹੀਂ ਮੈਂ ਉਹਦੀ ਖ਼ਾਤਰ ਐਂਬੂਲੈਂਸ ਘੱਲਦਾ ਹਾਂ ਤੇ ਉਹਨੂੰ ਜ਼ਬਰਦਸਤੀ ਚੱਕ ਕੇ ਬਾਹਰ ਲਿਆਉ। ਹਾਲਾਂਕਿ ਬਰਾੜ ਹੋਣੀ ਸਾਰੇ ਫੌਜੀ ਅਫ਼ਸਰ ਇਹ ਦਾਅਵਾ ਕਰਦੇ ਨੇ ਕਿ ਪ੍ਰਕਰਮਾ ਵਿੱਚ ਫਰਸ਼ ਤੋਂ 6 ਇੰਚ ਉੱਚੀਆਂ ਗੋਲੀਆਂ ਦੀ ਫਾਇਰਿੰਗ ਫੌਜੀਆਂ ਵੱਲ ਆ ਰਹੀ ਸੀ ਜੋ ਕਿ ਫੌਜੀਆਂ ਦੇ ਗਿੱਟਿਆਂ ਅਤੇ ਗੋਢਿਆਂ ਤੋਂ ਥੱਲੇ ਵੱਜ ਰਹੀ ਸੀ। 6 ਇੰਚ ਉੱਚੀ ਫਾਇਰਿੰਗ ਨਾਲ ਧਰਤੀ ਤੇ ਰੀਂਗ ਕੇ ਅਗਾਂਹ ਵੱਧਣਾ ਵੀ ਮੌਤ ਨੂੰ ਮਾਸੀ ਕਹਿਣਾ ਸੀ। ਇਸ ਹਾਲਤ ਵਿੱਚ ਇਹ ਸੰਭਵ ਨਹੀਂ ਕਿ ਰੈਣਾ ਰੀਂਗ ਰੀਂਗ ਕੇ ਅਕਾਲ ਤਖ਼ਤ ਵੱਲ ਨੂੰ ਵੱਧ ਰਿਹਾ ਹੋਵੇ।

ਲੇਖਕ: ਗੁਰਪ੍ਰੀਤ ਸਿੰਘ ਮੰਡਿਆਣੀ
ਇਹ ਗੱਲ ਦੱਸ ਕੇ ਬਰਾੜ ਇੱਥੇ ਇਹ ਗੱਲ ਸਾਬਿਤ ਕਰਨੀ ਚਾਹੁੰਦਾ ਹੈ ਕਿ ਸਿੱਖ ਫੌਜੀ ਵੀ ਕਿੰਨੇ ਚਾਅ ਨਾਲ ਦਰਬਾਰ ਸਾਹਿਬ ਤੇ ਹਮਲਾ ਕਰਨ ਲਈ ਤਾਹੂ ਸਨ। ਹੋ ਸਕਦਾ ਹੈ ਕਿ ਕੈਪਟਨ ਰੈਣਾ ਨੇ ਵੀ ਅਕਾਲ ਤਖ਼ਤ ਸਾਹਿਬ ਦੇ ਕਬਜ਼ੇ ਨੂੰ ਖੱਬੇ ਹੱਥ ਦਾ ਖੇਲ ਸਮਝ ਕੇ ਬਰਾੜ ਦੀਆਂ ਅੱਖਾਂ ਦਾ ਤਾਰਾ ਬਨਣ ਖ਼ਾਤਰ ਸਭ ਤੋਂ ਮੂਹਰੇ ਲੱਗਣ ਦੀ ਫੜ੍ਹ ਮਾਰ ਦਿੱਤੀ ਹੋਵੇ। ਪਰ ਉਹਨੂੰ ਅਸਲੀਅਤ ਪ੍ਰਕਰਮਾ ਵਿੱਚ ਪਹਿਲਾਂ ਪੈਰ ਧਰਨ ਵੇਲੇ ਹੀ ਸਮਝ ਆ ਗਈ।

Check Also

ਦੇਖੋ ਮਨੁੱਖ ਕਿੰਨਾ ਬੇਰਹਿਮ ਹੈ- ਕਿਉਂ ਮਨੁੱਖ ਤੋਂ ਸਭ ਜੀਵ ਜੰਤੂ ਬਹੁਤ ਦੁਖੀ ਹਨ

ਸੰਸਾਰ ਦੇ ਮੈਡੀਕਲ ਕਾਲਜਾਂ, ਖੋਜ ਯੂਨੀਵਰਸਿਟੀਆਂ ਅਤੇ ਅਨੇਕਾਂ ਹੋਰ ਟਰੇਨਿੰਗ ਇੰਸਟੀਚਿਊਟਸ ਵਿੱਚ ਹਰ ਸਾਲ ਕਰੀਬ …

%d bloggers like this: