Breaking News
Home / ਸਾਹਿਤ / ਗੋਲੀ ਲੱਗਣ ਤੋਂ ਬਾਅਦ ਭਾਈ ਮਹਿੰਗਾ ਸਿੰਘ ਬੱਬਰ ਦੇ ਆਖਰੀ ਬੋਲ ਸਨ “.. ਚੜ੍ਹਦੀਕਲਾ ਹੋ ਗਈ .. ।”

ਗੋਲੀ ਲੱਗਣ ਤੋਂ ਬਾਅਦ ਭਾਈ ਮਹਿੰਗਾ ਸਿੰਘ ਬੱਬਰ ਦੇ ਆਖਰੀ ਬੋਲ ਸਨ “.. ਚੜ੍ਹਦੀਕਲਾ ਹੋ ਗਈ .. ।”

1 ਜੂਨ 1984
ਤਿੰਨ ਵਜੇ ਦੇ ਕਰੀਬ ਗੁਰਦੁਆਰਾ ਬਾਬਾ ਅੱਟਲ ਸਾਹਿਬ ਵਾਲੇ ਮੋਰਚੇ ਤੇ ਫਾਇਰਿੰਗ ਹੋਈ ਤਾਂ ਭਾਈ ਮਹਿੰਗਾ ਸਿੰਘ ਨੇ ਵੀ ਅੱਗੋਂ ਖੜਕਵਾਂ ਜੁਆਬ ਦਿੱਤਾ ਜਿਸ ਸਰਕਾਰੀ ਮੋਰਚੇ ਵਿਚੋਂ ਗੋਲੀ ਆਈ ਸੀ ਭਾਈ ਸਾਹਿਬ ਨੇ ਓਥੇ ਗੋਲੀਆਂ ਦਾ ਮੀਂਹ ਵਰ੍ਹਾ ਦਿੱਤਾ ਅਤੇ ਜੈਕਾਰੇ ਛੱਡਦੇ ਹੋਏ ਗੁੰਬਦ ਵਾਲੀ ਸਭ ਤੋਂ ਉਪਰਲੀ ਨੌਵੀਂ ਮੰਜਿਲ ਤੇ ਜਾ ਡਟੇ । ਜਿਥੋਂ ਸ਼ਿਸਤ ਹੋਰ ਵਧੀਆ ਬੱਝੀ ਅਤੇ ਪਲਾਂ ਵਿਚ ਹੀ 8 – 9 ਸੀ ਆਰ ਪੀ ਵਾਲੇ ਧੁਰ ਦੀ ਗੱਡੀ ਚਾੜ ਦਿੱਤੇ ਸਰਕਾਰੀ ਮੋਰਚਾ ਖਾਲੀ ਹੋ ਗਿਆ । ਇਹ ਮੰਜਰ ਵੇਖਣ ਲਈ ਜਿਓਂ ਹੀ ਭਾਈ ਮਹਿੰਗਾ ਸਿੰਘ ਨੇ ਸੰਗਮਰਮਰ ਦੇ ਝਰਨੇ ਤੋਂ ਆਪਣਾ ਸੀਸ ਉਪਰ ਚੁੱਕਿਆ ਤਾਂ ਦੂਰੋਂ ਕੇਸਰੀ ਦੁਮਾਲਾ ਚਮਕਿਆ ।

ਤਾੜ੍ਹ … ਤਾੜ੍ਹ ਕਰਦਾ ਬਰਸਟ ਆਇਆ ਭਾਈ ਸਾਹਿਬ ਦਾ ਸਿਰ ਓਹਲੇ ਹੋ ਗਿਆ ।
ਅਸੀਂ ਸਾਰੇ ਸਿੰਘ ਸਰਾਂ ਦੀ ਚੌਥੀ ਮੰਜਿਲ ਦੇ ਖੱਬੇ ਮੁੜਕੇ ਜੋ ਅਖੀਰਲਾ ਕਮਰਾ ਸੀ ਜਿਸ ਦੀ ਬਾਰੀ ਬਾਬਾ ਅਟੱਲ ਸਾਹਿਬ ਵੱਲ ਖੁਲਦੀ ਸੀ ਅਤੇ ਜੋ ਜਥੇਦਾਰ ਸੁਖਦੇਵ ਸਿੰਘ ਬੱਬਰ ਦਾ ਕਮਰਾ ਸੀ ਵਿਚੋਂ ਇਹ ਸਭ ਨਜ਼ਾਰਾ ਵੇਖ ਰਹੇ ਸਾਂ । ਜਥੇਦਾਰ ਦੇ ਹੱਥ ਵਿਚ ਫੜੇ ਵਾਕੀ ਟਾਕੀ ਸੈਟ ਨਾਲ ਹੁਣ ਤੱਕ ਲਗਾਤਾਰ ਭਾਈ ਮਹਿੰਗਾ ਸਿੰਘ ਨਾਲ ਗੱਲ ਹੋ ਰਹੀ ਸੀ ।

ਬਰਸਟ ਦੀ ਅਵਾਜ਼ ਸੁਣਕੇ ਕਿਸੇ ਨੂੰ ਸਮਝ ਨਹੀਂ ਆ ਰਹੀ ਸੀ ਕਿ ਇਹ ਭਾਈ ਸਾਹਿਬ ਦੇ ਵੱਜਾ ਹੈ ਜਾਂ ਕੋਲੋਂ ਦੀ ਲੰਘ ਗਿਆ ਸੀ । ਅੱਗੋਂ ਕੋਈ ਆਵਾਜ਼ ਨਹੀਂ ਆ ਰਹੀ ਸੀ ਸਾਡੀਆਂ ਧੜਕਣਾਂ ਤੇਜ਼ ਹੋ ਗਾਈਆਂ ਸਨ ।
ਮਨ ਵਿਚ ਆ ਰਹੀ ਸੋਚ ਤੇ ਦਿਲ ਬਾਰ ਬਾਰ ਕਾਬੂ ਪਾਉਣ ਦੀ ਕੋਸ਼ਿਸ਼ ਕਰਦਾ । ਸਭ ਦੀਆਂ ਨਜ਼ਰਾਂ ਬਾਬਾ ਅਟੱਲ ਸਾਹਿਬ ਦੀ ਅਖੀਰਲੀ ਮੰਜਿਲ ਤੇ ਗੱਡੀਆਂ ਹੋਈਆਂ ਸਨ ਇਸੇ ਉਡੀਕ ਵਿਚ ਕਿ ਹੁਣੇ ਹੀ ਭਾਈ ਸਾਹਿਬ ਦਾ ਕੇਸਰੀ ਦੁਮਾਲਾ ਫਿਰ ਨਜਰੀਂ ਪਵੇਗਾ
ਅਚਾਨਕ ਗੰਭੀਰ ਜਹੀ ਆਵਾਜ਼ ਵਿਚ ਜਥੇਦਾਰ ਨੇ ਚੁੱਪ ਤੋੜੀ ” ਭਾਣਾ ਵਾਪਰ ਗਿਆ ਲਗਦਾ ” ।
ਫਿਰ ਵਾਕੀ ਟਾਕੀ ਸੈਟ ਤੇ ਉਚੀ ਦੇਣੀ ਅਵਾਜਾਂ ਮਾਰੀਆਂ ।

ਓ ਮਹਿੰਗਾਂ ਸਿਆਂ … ਓ ਮਹਿੰਗਾ ਸਿਆਂ ……. ਕੀ ਹਾਲ ਆ ਸਿੰਘਾ
ਇਸ ਵਾਰ ਅੱਗੋਂ ਜਵਾਬ ਆਇਆ ” ਚੜਦੀਕਲਾ ਹੋ ਗਈ , ਬੋਲੇ ਸੋ ਨਿਹਾਲ ”
” ਸਤਿ ਸ਼੍ਰੀ ਅਕਾ………….ਲ ” ਕਮਰੇ ਵਿਚ ਮੌਜੂਦ ਸਾਰੇ ਸਿੰਘਾਂ ਨੇ ਬੜੀ ਗਰਜਵੀਂ ਆਵਾਜ਼ ਵਿਚ ਜਵਾਬ ਦਿੱਤਾ ।
ਇਹ ਭਾਈ ਮਹਿੰਗਾ ਸਿੰਘ ਦੇ ਆਖਰੀ ਬੋਲੇ ਸਨ , ਇਸ ਤੋਂ ਬਾਅਦ ਦੂਜੇ ਪਾਸਿਓਂ ਕੋਈ ਆਵਾਜ਼ ਨਹੀਂ ਆਈ
ਭਾਈ ਮਨਮੋਹਨ ਸਿੰਘ ਫੌਜੀ ਜੋ ਹੇਠਲੀ ਮੰਜਿਲ ਤੇ ਮੋਰਚੇ ਵਿਚ ਸਨ । ਓਹਨਾਂ ਜਾਕੇ ਸ਼ਹੀਦ ਸਿੰਘ ਦੇ ਦਰਸ਼ਨ ਕੀਤੇ ਅਤੇ ਉਸੇ ਵਾਕੀ ਟਾਕੀ ਤੇ ਦੱਸਿਆ ਕਿ
” ਜਥੇਦਾਰ ਜੀ, ਭਾਣਾ ਵਾਪਰ ਗਿਆ ! ਭਾਈ ਮਹਿੰਗਾ ਸਿੰਘ ਸ਼ਹੀਦੀ ਪਾ ਗਿਆ ”
ਭਾਈ ਅਨੋਖ ਸਿੰਘ ਨੇ ਸ਼ੁਕਰਾਨੇ ਵੱਜੋਂ ਦੋਵੇਂ ਹਥ ਜੋੜ ਲਏ ਅਤੇ ਅੱਖਾਂ ਮੀਟੀਆਂ ਨਾਲ ਹੀ ਜੋਰ ਦੀ ਜੈਕਾਰਾ ਗਜਾਇਆ
” ਬੋਲੇ ਸੋ ਨਿਹਾਲ ”
ਇਸ ਵਾਰ ਵਧੇਰੇ ਜੋਸ਼ ਵਿਚ ਜੁਆਬ ਆਇਆ ” ਸਤਿ ਸ਼੍ਰੀ ਅਕਾ………….ਲ ” ਇੱਕ-ਇੱਕ ਕਰਕੇ ਪੰਜ ਜੈਕਾਰੇ ਛੱਡੇ ਗਏ, ਹਰ ਵਾਰ ਆਕਾਸ਼ ਗੂੰਜਵੀਂ ਆਵਾਜ਼ ਵਿਚ ਬੋਲੇ ਦਾ ਜੁਆਬ ਆਇਆ ।

Check Also

ਦੇਖੋ ਮਨੁੱਖ ਕਿੰਨਾ ਬੇਰਹਿਮ ਹੈ- ਕਿਉਂ ਮਨੁੱਖ ਤੋਂ ਸਭ ਜੀਵ ਜੰਤੂ ਬਹੁਤ ਦੁਖੀ ਹਨ

ਸੰਸਾਰ ਦੇ ਮੈਡੀਕਲ ਕਾਲਜਾਂ, ਖੋਜ ਯੂਨੀਵਰਸਿਟੀਆਂ ਅਤੇ ਅਨੇਕਾਂ ਹੋਰ ਟਰੇਨਿੰਗ ਇੰਸਟੀਚਿਊਟਸ ਵਿੱਚ ਹਰ ਸਾਲ ਕਰੀਬ …

%d bloggers like this: