Breaking News
Home / ਮੁੱਖ ਖਬਰਾਂ / ਪੰਥ ਦੀ ਦੁਸ਼ਮਣ ਪਾਰਟੀ ਦੀ ਦੁਰਗਤੀ

ਪੰਥ ਦੀ ਦੁਸ਼ਮਣ ਪਾਰਟੀ ਦੀ ਦੁਰਗਤੀ

ਸਾਡੇ ਗੁਰਧਾਮਾਂ ‘ਤੇ ਟੈਂਕ ਚਾੜ੍ਹਨ ਵਾਲੀ ਅਤੇ ਪੰਜਾਬ ਦੀ ਬਰਬਾਦੀ ਦਾ ਮੁੱਢ ਬੰਨ੍ਹਣ ਵਾਲੀ ਕਾਂਗਰਸ ਪਾਰਟੀ ਦੀ ਡੁੱਬਦੀ ਬੇੜੀ ਦਾ ਮਲਾਹ ਬਣਨ ਨੂੰ ਕੋਈ ਰਾਜ਼ੀ ਨਹੀਂ।
ਰਾਹੁਲ ਗਾਂਧੀ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੇ ਫ਼ੈਸਲੇ ਉੱਤੇ ਕਾਇਮ ਹੈ। ਕਾਂਗਰਸ ਵਰਕਿੰਗ ਕਮੇਟੀ ਵੱਲੋਂ ਅਸਤੀਫ਼ਾ ਵਾਪਿਸ ਲੈਣ ਲਈ ਕਹਿਣ ਦਾ ਵੀ ਅਸਰ ਨਹੀਂ ਹੋ ਰਿਹਾ।

2014 ਦੀ ਹਾਰ ਤੋਂ ਬਾਅਦ ਵੀ ਗਾਂਧੀ ਪਰਿਵਾਰ ਨੇ ਅਜਿਹਾ ਡਰਾਮਾ ਕੀਤਾ ਸੀ ਤੇ ਫਿਰ ਚਾਪਲੂਸਾਂ ਦੇ ਕਹਿਣ ‘ਤੇ ਹਾਰ ਗਲ਼ ਪਵਾ ਲਏ ਸਨ। ਇਸ ਵਾਰ ਬੇਇਜ਼ਤੀ ਜ਼ਿਆਦਾ ਹੀ ਮੰਨ ਗਏ ਜਾਪਦੇ ਹਨ।

ਹੈਰਾਨੀ ਦੀ ਗੱਲ ਹੈ ਕਿ ਖੁਦ ਪਰਿਵਾਰਵਾਦ ਦੀ ਉਪਜ ਰਾਹੁਲ ਗਾਂਧੀ ਨੇ ਪਾਰਟੀ ਦੇ ਸੀਨੀਅਰ ਆਗੂਆਂ ’ਤੇ ਪਾਰਟੀ ਦੇ ਹਿੱਤਾਂ ਨਾਲੋਂ ਆਪਣੇ ਪੁੱਤਰਾਂ ਨੂੰ ਤਰਜੀਹ ਦੇਣ ਦਾ ਦੋਸ਼ ਲਾਇਆ ਹੈ।

ਰਾਹੁਲ ਗਾਂਧੀ ਵਲੋਂ ਨਵਾਂ ਪ੍ਰਧਾਨ ਗਾਂਧੀ ਪਰਿਵਾਰ ਤੋਂ ਬਾਹਰਲਾ ਵਿਅਕਤੀ ਹੋਣ ’ਤੇ ਜ਼ੋਰ ਦਿੱਤਾ ਜਾ ਰਿਹਾ ਹੈ। ਰਾਜਸੀ ਮਾਹਰ ਮਨਮੋਹਨ ਸਿੰਘ ਤੇ ਕੈਪਟਨ ਅਮਰਿੰਦਰ ਸਿੰਘ ਦਾ ਨਾਮ ਅੱਗੇ ਲਿਆ ਰਹੇ ਹਨ ਜਾਂ ਕੇਰਲ ਦਾ ਕੋਈ ਆਗੂ ਹੋ ਸਕਦਾ। ਅਸਲੀਅਤ ਇਹ ਹੈ ਕਿ ਕਾਂਗਰਸ ‘ਚ ਇਸ ਵੇਲੇ ਕੋਈ ਵੀ ਨਹੀਂ ਬਚਿਆ, ਜੋ ਹੁਣ ਮੌਕਾ ਸਾਂਭ ਸਕੇ।

ਕਾਂਗਰਸੀਆਂ ਦੀਆਂ ਚਾਪਲੂਸ ਰਵਾਇਤਾਂ ਮੁਤਾਬਿਕ ਕੁਝ ਨੇ ਪ੍ਰਿਯੰਕਾ ਗਾਂਧੀ ਨੂੰ ਪ੍ਰਧਾਨ ਬਣਾਉਣ ਦੀ ਸਲਾਹ ਦਿੱਤੀ ਪਰ ਜੋ ਹਾਲ ਇਸ ਵਾਰ ਪ੍ਰਿਯੰਕਾ ਗਾਂਧੀ ਦਾ ਹੋਇਆ, ਓਹਨੂੰ ਭਾਂਪ ਕੇ ਰਾਹੁਲ ਗਾਂਧੀ ਨੇ ਇਸ ਸੁਝਾਅ ਨੂੰ ਵੀ ਠੁਕਰਾਅ ਦਿੱਤਾ।

ਕਾਂਗਰਸ ਦੀ ਹਾਲਤ ਇਹ ਹੋ ਚੁੱਕੀ ਹੈ ਕਿ ਜੇਕਰ ਗਾਂਧੀ ਪਰਿਵਾਰ ਹੱਥ ਹੀ ਡੋਰ ਰੱਖਦੇ ਹਨ ਤਾਂ ਵੀ ਮਰਦੇ ਹਨ ਤੇ ਜੇ ਕਿਸੇ ਬਾਹਰਲੇ ਨੂੰ ਵਾਗਡੋਰ ਸਾਂਭਦੇ ਹਨ ਤਾਂ ਵੀ ਪਾਰਟੀ ‘ਚ ਕਲੇਸ਼ ਵਧ ਜਾਣਾ। ਰਾਜੀਵ ਗਾਂਧੀ ਦੀ ਮੌਤ ਤੋਂ ਬਾਅਦ ਸੀਤਾ ਰਾਮ ਕੇਸਰੀ ਨੂੰ ਕਾਂਗਰਸ ਦਾ ਪ੍ਰਧਾਨ ਬਣਾਇਆ ਗਿਆ ਸੀ ਪਰ ਪਾਰਟੀ ਦੇ ਹਾਲਾਤ ਹੋਰ ਵਿਗੜ ਗਏ ਸਨ।

ਇਹਨੂੰ ਕੀਤੇ ਦਾ ਫਲ਼ ਕਹਿ ਲਓ ਜਾਂ ਨਰਮ ਹਿੰਦੂਤਵੀਆਂ ਦੀ ਸਖਤ ਹਿੰਦੂਤਵੀਆਂ ਅੱਗੇ ਹਾਰ……..ਪਰ ਕਾਂਗਰਸ ਗਈ। ਜਿਹੜੇ ਸੱਜਣ ਕੈਪਟਨ ਅਮਰਿੰਦਰ ਸਿੰਘ ਦੀ ਕਮਾਂਡ ਹੇਠ ਪੰਜਾਬ ‘ਚ ਕਾਂਗਰਸ ਵਲੋਂ 8 ਸੀਟਾਂ ਜਿੱਤਣ ਨੂੰ ਕਾਂਗਰਸ ਦੀ ਮਜ਼ਬੂਤੀ ਸਮਝ ਰਹੇ ਹਨ, ਉਹ ਵੱਡੇ ਭੁੱਲੇਖੇ ‘ਚ ਹਨ।

ਪੰਜਾਬ ਦੇ ਸ਼ਹਿਰਾਂ ਦੀ ਹਿੰਦੂ ਵੋਟ ਹਿੰਦੂ ਰਾਸ਼ਟਰਵਾਦ ਦੇ ਢਹੇ ਚੜ੍ਹ ਕੇ ਮੋਦੀ ਨੂੰ ਪਈ ਹੈ ਜਦਕਿ ਪੰਜਾਬ ਦੀ ਪੇਂਡੂ ਵੋਟ ਅਕਾਲੀਆਂ ਵਲੋਂ ਸਰਸੇ ਆਲੇ ਨੂੰ ਮਾਫੀ ਅਤੇ ਬੇਅਦਬੀਆਂ ਕਾਰਨ ਹਾਲੇ ਵੀ ਅਕਾਲੀਆਂ ਤੋਂ ਗੁੱਸੇ ਹੋ ਕੇ ਕਾਂਗਰਸ ਨੂੰ ਪਈ ਹੈ। ਉਸ ਕਾਂਗਰਸ ਨੂੰ ਪਈ ਹੈ, ਜਿਸਦਾ ਕੈਪਟਨ ਮੋਦੀ ਦੇ ਰਹਿਮੋ-ਕਰਮ ‘ਤੇ ਹੀ ਨਹੀਂ ਬਲਕਿ ਮੋਦੀ ਨਾਲ ਬਗਲਗੀਰ ਵੀ ਹੈ।

– ਗੁਰਪ੍ਰੀਤ ਸਿੰਘ ਸਹੋਤਾ

Check Also

ਜੀ.ਕੇ. ਤੇ ਹੋਰਨਾ ਖ਼ਿਲਾਫ਼ ਕਥਿਤ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੀ ਜਾਂਚ ਹੁਣ ਕਰਾਈਮ ਬ੍ਰਾਂਚ ਕਰੇਗੀ

ਮੁਲਜਮਾਂ ਖ਼ਿਲਾਫ਼ ਧਾਰਾ 409,468,471 ਵੀ ਜੁੜੀਆਂ ਨਵੀਂ ਦਿੱਲੀ, 18 ਜੁਲਾਈ – ਦਿੱਲੀ ਕਮੇਟੀ ਪ੍ਰਬੰਧ ‘ਚ …

%d bloggers like this: