Breaking News
Home / ਮੁੱਖ ਖਬਰਾਂ / ਚੋਣਾਂ ਦਾ ਡਰਾਮਾ ਅਤੇ ਪੰਜਾਬ ਦੀ ਹੋਣੀ

ਚੋਣਾਂ ਦਾ ਡਰਾਮਾ ਅਤੇ ਪੰਜਾਬ ਦੀ ਹੋਣੀ

ਪ੍ਰਭਸ਼ਰਨਬੀਰ ਸਿੰਘ
ਅਮਰੀਕੀ ਰਾਸ਼ਟਰਪਤੀ ਰੋਨਲਡ ਰੀਗਨ ਨੇ 1966 ਵਿਚ ਕਿਹਾ ਸੀ, “Politics is just like show business.” ਜੇ ਉਹ ਅੱਜ ਹੁੰਦਾ ਤੇ ਟਰੰਪ, ਮੋਦੀ, ਸੁਖਬੀਰ ਤੇ ਭਗਵੰਤ ਅਰਗਿਆਂ ਦੇ ਲੱਛਣ ਵੇਖ ਲੈਂਦਾ ਤਾਂ ਉਸਨੂੰ ਕਹਿਣਾ ਪੈਣਾ ਸੀ, “Politics and show business are one and the same thing.” Politics ਅਤੇ show business ਦੀ ਇਸ ਅੰਦਰੂਨੀ ਸਾਂਝ ਵਿਚੋਂ ਪੰਜਾਬ ਦੇ ਮੌਜੂਦਾ ਸੰਕਟ ਦੀ ਨਿਸ਼ਾਨਦੇਹੀ ਕੀਤੀ ਜਾ ਸਕਦੀ ਹੈ।

ਸਿਆਸਤ ਕੋਈ ਮਜ਼ਾਕ ਨਹੀਂ ਹੁੰਦੀ, ਖਾਸ ਕਰਕੇ ਗ਼ੁਲਾਮ ਕੌਮਾਂ ਲਈ। ਕੋਈ ਗ਼ੁਲਾਮ ਕੌਮ ਆਪਣੀਆਂ ਸਿਆਸੀ ਪ੍ਰਸਥਿਤੀਆਂ ਨਾਲ ਕਿਵੇਂ ਸਿਝਦੀ ਹੈ, ਇਹ ਗੱਲ ਬਹੁਤ ਹੱਦ ਤਕ ਉਸਦੇ ਭਵਿੱਖ ਨੂੰ ਨਿਰਧਾਰਤ ਕਰਦੀ ਹੈ। ਪਰ ਅੱਜ ਸਿਆਸਤ ਲੋਕਾਂ ਲਈ (ਖਾਸ ਕਰਕੇ ਪੰਜਾਬ ਵਿਚ) ਮਨੋਰੰਜਨ ਦੇ ਸਾਧਨ ਤੋਂ ਵੱਧ ਕੁਝ ਨਹੀਂ। ਆਪਣੇ ਵਿਰੋਧੀ ਸਿਆਸਤਦਾਨ ਦੀ ਖਿੱਲੀ ਉਡਾਉਣੀ ਹੀ ਸਭ ਤੋਂ ਵੱਡਾ ਮਾਅਰਕਾ ਮੰਨਿਆ ਜਾਂਦਾ ਹੈ। ਇਸ ਤਰਾਂ ਦੀ ਮਜ਼ਾਹੀਆ ਸਿਆਸਤ ਵਿਚੋਂ ਦਰਦ ਗਾਇਬ ਹੋ ਜਾਂਦਾ ਹੈ। ਸਥਾਪਤੀ ਵਿਰੋਧੀ ਸੱਚੀ ਸਿਆਸਤ ਦਰਦ ਤੋਂ ਬਿਨਾ ਸੰਭਵ ਨਹੀਂ ਹੁੰਦੀ। ਅੱਜ ਇਹ ਦਰਦ ਸੋਸ਼ਲ ਮੀਡੀਏ ਦੀਆਂ ਤਨਜ਼ਾਂ ਤੇ ਚੁਟਕਲਿਆਂ ਵਿਚ ਗੁਆਚ ਗਿਆ ਲਗਦਾ ਹੈ।

ਲੋਕਤੰਤਰ ਦਰਦਾਂ ਮਾਰੀ ਸਿਆਸਤ ਦਾ ਵੈਰੀ ਹੈ। ਇਹ ਗੱਲ ਅੱਜ ਬੀਬੀ ਖਾਲੜਾ ਅਤੇ ਬੀਬੀ ਵੀਰਪਾਲ ਕੌਰ ਦੀ ਹੋਣੀ ਨੇ ਸਪੱਸ਼ਟ ਕਰ ਦੇਣੀ ਹੈ। ਸਾਡਾ ਸਿਆਸੀ ਰਾਹ ਓਨਾ ਚਿਰ ਪੱਧਰਾ ਨਹੀਂ ਹੋਣਾ ਜਿੰਨਾ ਚਿਰ ਅਸੀਂ ਲੋਕਤੰਤਰ ਦੇ ਸਿਆਹ ਕਾਲੇ ਦਿਲ ਅੰਦਰ ਝਾਤੀ ਨਹੀਂ ਮਾਰਦੇ।

ਮੌਜੂਦਾ ਲੋਕਤੰਤਰ ਸਾਨੂੰ ਉਹਨਾਂ ਨੇ ਇੱਕ ਜ਼ਹਿਰੀਲੇ ਤੋਹਫੇ ਵਜੋਂ ਦਿੱਤਾ ਜਿੰਨਾ ਨੇ ਸਾਡੀ ਸ਼ਾਨ ਨੂੰ ਮਿੱਟੀ ਵਿਚ ਮਿਲਾਇਆ, ਸਾਡੀ ਹੋਂਦ ਨੂੰ ਖਤਮ ਕਰਨ ਦੀਆਂ ਗੋਂਦਾਂ ਗੁੰਦੀਆਂ ਤੇ ਸਾਡੇ ਗਲ਼ ਸਦੀਆਂ ਲਈ ਗ਼ੁਲਾਮੀ ਦੀ ਪੰਜਾਲੀ ਪਾ ਦਿੱਤੀ। ਅਸੀਂ ਇਸ ਨੂੰ ਇਲਾਹੀ ਸੱਚ ਕਰਕੇ ਜਾਣਿਆ ਤੇ ਆਪਣੀ ਕਿਸਮਤ ਨੂੰ ਇਸਦੇ ਹਵਾਲੇ ਕਰ ਦਿੱਤਾ। ਨਤੀਜਾ ਸਭ ਦੇ ਸਾਹਮਣੇ ਹੈ। ਇਸ ਲੋਕਤੰਤਰੀ ਮਾਡਲ ਦਾ ਬਦਲ ਦਿੱਤੇ ਬਿਨਾ ਹੁਣ ਸਾਡੀ ਕਿਸਮਤ ਨਹੀਂ ਬਦਲਣੀ। ਚੰਗੇ ਭਾਗਾਂ ਨੂੰ ਇਹ ਬਦਲ ਬੀਜ ਰੂਪ ਵਿਚ ਸਾਡੇ ਕੋਲ ਗੁਰਬਾਣੀ ਦੇ ਰੂਪ ਵਿਚ ਮੌਜੂਦ ਹੈ। ਪਰ ਇਹ ਬੀਜ ਤਾਂ ਹੀ ਉੱਗ ਸਕੇਗਾ ਜੇ ਅਸੀਂ ਪਹਿਲਾਂ ਮੌਜੂਦਾ ਢਾਂਚੇ ਦੀ ਕਾਂਗਿਆਰੀ ਨੂੰ ਜੜ੍ਹੋਂ ਪੱਟ ਕੇ ਜਮੀਨ ਪੱਧਰੀ ਕਰਾਂਗੇ।

ਲੋਕਤੰਤਰ ਪੱਛਮ ਤੋਂ ਆਇਆ। ਪੱਛਮ ਦਾ ਸਿਆਣਾ ਪੁਰਖ ਸੁਕਰਾਤ ਲੋਕਤੰਤਰ ਦਾ ਪਹਿਲੇ ਦਿਨ ਤੋਂ ਵੈਰੀ ਸੀ। ਉਹ “ਤਖਤਿ ਬਹੈ ਤਖਤੈ ਕੀ ਲਾਇਕ” ਦੇ ਵਿਚਾਰ ਦਾ ਮੁਦਈ ਸੀ। ਉਹ ਚਾਹੁੰਦਾ ਸੀ ਕਿ ਕੋਈ ਸਿਆਣਾ ਪੁਰਖ ਹੀ ਰਾਜਗੱਦੀ ਉੱਤੇ ਬੈਠਣ ਦੇ ਯੋਗ ਹੋਵੇ। ਪਰ ਉਸਦੀ ਸ਼ਹਾਦਤ ਵੀ ਪੱਛਮ ਵਿਚ ਉਸਦੀ ਪਸੰਦ ਦੇ ਸਿਆਸੀ ਮਾਡਲ ਨੂੰ ਸਥਾਪਤ ਨਾ ਕਰ ਸਕੀ। ਉਸਦੇ ਵਿਦਿਆਰਥੀ ਅਫਲਾਤੂਨ ਨੇ ਉਸਦੇ ਸਿਧਾਂਤ ਨੂੰ ਰਿਪਬਲਿਕ ਨਾਂ ਦੀ ਕਿਤਾਬ ਲਿਖ ਕੇ ਅਮਰ ਤਾਂ ਕਰ ਦਿੱਤਾ ਪਰ ਉਹ ਵੀ ਇਸਨੂੰ ਠੋਸ ਸਮਾਜਿਕ ਸੰਗਠਨ ਵਿਚ ਨਾ ਢਾਲ ਸਕਿਆ। ਪੰਦਰਵੀਂ ਸਦੀ ਤੋਂ ਬਾਅਦ ਇਹ ਯੂਰਪ ਵਿਚ ਫੈਲਣ ਲੱਗਾ ਤੇ ਬਸਤੀਵਾਦ ਦੇ ਨਾਲ ਅਠਾਰਵੀਂ ਸਦੀ ਤੋਂ ਬਾਅਦ ਸਾਰੀ ਦੁਨੀਆਂ ਵਿਚ ਫੈਲ ਗਿਆ। ਗੈਰ ਪੱਛਮੀ ਲੋਕਾਂ ਲਈ ਇਸ ਸਿਸਟਮ ਤੋਂ ਨਿਜਾਤ ਪਾਉਣੀ ਹੀ ਸਭ ਤੋਂ ਵੱਡੀ ਚੁਣੌਤੀ ਹੈ।

ਸਾਡੇ ਕੋਲ ਸਿੱਖੀ ਦੇ ਰੂਪ ਵਿਚ ਇਸਦਾ ਬਦਲ ਠੋਸ ਰੂਪ ਵਿਚ ਮੌਜੂਦ ਹੈ। ਪਰ EVM ਮਸ਼ੀਨਾਂ ਵਾਂਗ ਸਾਡੇ ਮਨ ਇਸ ਕਦਰ hack ਹੋ ਗਏ ਹਨ ਕਿ ਉਹ ਇਸ ਬਦਲ ਦਾ ਨਾਂ ਲੈਣ ਤੋਂ ਵੀ ਡਰਨ ਲੱਗੇ ਹਨ। ਮਸ਼ੀਨਾਂ ਦਾ ਹੈਕ ਹੋਣਾ ਲੰਮੇ ਸਮੇਂ ਵਿਚ ਮਾਇਨੇ ਨਹੀਂ ਰੱਖਦਾ ਕਿਉਂਕਿ ਇਹ ਸਿਸਟਮ ਤਾਂ ਹੈ ਹੀ ਝੂਠਾ, ਮਸ਼ੀਨਾਂ ਹੋਣ ਜਾਂ ਕਾਗਜ਼। ਕੀ ਫਰਕ ਪੈਂਦਾ ਹੈ? ਜਦੋਂ ਕਾਗਜ਼ ਸਨ, ਉਦੋਂ ਕਿਹੜਾ ਕੋਈ ਫਰਕ ਸੀ। ਪਰ ਜਿਸ ਤਰਾਂ ਅੱਜ ਸਾਡੇ ਮਨਾਂ ਨੂੰ ਹੈਕ ਕੀਤਾ ਜਾ ਰਿਹਾ ਹੈ ਉਹ ਸਭ ਤੋਂ ਵੱਧ ਖਤਰਨਾਕ ਹੈ। ਇਸ ਹੈਕਿੰਗ ਦੇ ਵਿਰੁੱਧ ਸੰਘਰਸ਼ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ।

ਸਾਡੇ ਮਨਾਂ ਨੂੰ ਹੈਕ ਕਰਨ ਵਾਲਾ ਸਭ ਤੋਂ ਵੱਡਾ ਸੰਦ ਹੈ show business. 1992 ਵਿਚ ਚੋਣਾਂ ਹੁੰਦਿਆਂ ਹੀ ਅਖਾੜਿਆਂ ਦੀ ਵਗਾਈ ਗਈ ਹਨ੍ਹੇਰੀ ਲੋਕਤੰਤਰੀ ਸਿਆਸਤ ਤੇ ਅਖਾੜਾ ਸੱਭਿਆਚਾਰ ਦੀ ਅੰਦਰੂਨੀ ਸਾਂਝ ਦੀ ਸ਼ਾਹਦੀ ਭਰਦੀ ਹੈ। ਲਾਵਾਰਸ ਬਣਾ ਕੇ ਖਪਾ ਦਿੱਤੇ ਗਏ ਪੁੱਤਾਂ ਦੀ ਯਾਦ ਵਿਚ ਵਿਲਕਦੀਆਂ ਮਾਵਾਂ ਦੇ ਕੀਰਨੇ, ਲੱਚਰ ਗੀਤਾਂ ਦਾ ਧਮੱਚੜ ਤੇ ਚੋਣਾਂ ਵਿਚ ਬੁੱਚੜਾਂ ਦੀ ਜਿੱਤ ਦੇ ਜਸ਼ਨ ਇਕੱਠੇ ਹੀ ਚੱਲ ਰਹੇ ਸਨ। ਉਸ ਜੰਗ ਵਿਚ ਹਾਰਿਆ ਪੰਜਾਬ ਅਜੇ ਤਕ ਸੰਭਲ ਨਹੀਂ ਸਕਿਆ। ਸਾਡੀ ਰੂਹ ਦੀਆਂ ਚੀਸਾਂ ਢੋਲਾਂ ਦੇ ਰੌਲੇ ਵਿਚ ਗੁਆਚ ਗਈਆਂ।

ਫੇਰ ਜਦੋਂ ਦੋ ਦਹਾਕਿਆਂ ਬਾਅਦ ਪੰਜਾਬ ਜਾਗਣ ਲੱਗਾ ਤਾਂ ਇੱਕ ਨਵੀਂ ਬਲਾ ਇਸਦੇ ਪੇਸ਼ ਪੈ ਗਈ। ਇਹ ਬਲਾ ਦਿੱਲੀ ਦੇ ਚਲਾਕ ਵਪਾਰੀਆਂ ਦੀ ਕੱਠਪੁਤਲੀ ਬਣ ਕੇ ਪੰਜਾਬ ਦੇ ਦਰਦ ਦਾ ਮਜ਼ਾਕ ਬਣਾ ਕੇ ਵੇਚਣ ਲੱਗੀ। ਦਿੱਲੀ ਵਾਲਿਆਂ ਦੀਆਂ ਤਿਜੌਰੀਆਂ ਭਰ ਗਈਆਂ ਤੇ ਪੰਜਾਬ ਇੱਕ ਵਾਰ ਫੇਰ ਹਾਰ ਗਿਆ। ਸਾਨੂੰ ਅੱਜ ਓਨਾ ਗਿਲਾ ਇਹਨਾਂ ਬਲਾਵਾਂ ਤੇ ਇਹਨਾਂ ਦੇ ਦਿੱਲੀ ਬੈਠੇ ਆਕਾਵਾਂ ਤੇ ਨਹੀਂ ਜਿਹਨਾਂ ਉਹਨਾਂ ਤੇ ਹੈ ਜਿਹਨਾਂ ਨੇ ਸਾਡੇ ਭਰੋਸੇ ਦਾ ਚੀਰਹਰਣ ਕਰ ਕੇ ਇਹਨਾਂ ਬਲਾਵਾਂ ਦੀ ਪੁਸ਼ਤ-ਪਨਾਹੀ ਕੀਤੀ।

ਅਜੀਬ ਤ੍ਰਾਸਦੀ ਸੀ ਕਿ ਜਿਹਨਾਂ ਦੀ “ਸਿਆਣਪ” ਚੋਂ ਪੰਜਾਬ ਨੇ ਆਸ ਦੀ ਕਿਰਨ ਵੇਖਣੀ ਚਾਹੀ ਉਹ ਸਾਡੇ ਦਰਦਾਂ ਨੂੰ ਮਜ਼ਾਕ ਬਣਾ ਕੇ ਵੇਚਣ ਵਾਲਿਆਂ ਤੇ ਫ਼ਿਦਾ ਹੋ ਗਏ। ਅਜਿਹਾ ਕਿਉਂ ਹੋਇਆ? ਕਿਉਂਕਿ ਉਹਨਾਂ ਦੀ “ਸਿਆਣਪ” ਵੀ show business ਵਲੋਂ ਪੈਦਾ ਕੀਤੇ ਝੂਠੇ ਝਲਕਾਰੇ ਤੋਂ ਵੱਧ ਕੁਝ ਨਹੀਂ ਸੀ। ਡਾਲਰਾਂ ਦੀ ਹਵਾ ਨਾਲ ਫੇਸਬੁੱਕ ਉੱਤੇ ਘੁਮਾਏ ਜਾਂਦੇ ਵੀਡੀਓ (ਜਿਹੜੇ ਬਾਅਦ ਵਿਚ ਓਨੀ ਹੀ ਤੇਜੀ ਨਾਲ ਗਾਇਬ ਵੀ ਕਰ ਦਿੱਤੇ ਗਏ) ਸਾਡੀ ਜਵਾਨੀ ਦੇ ਭੋਲੇ ਮਨਾਂ ਨੂੰ ਹੈਕ ਕਰਕੇ ਹੀ ਰਹੇ। ਪਰ ਨਿਰਾਸ਼ ਹੋਣ ਦੀ ਲੋੜ ਨਹੀਂ, ਇਸ ਧੋਖੇ ਦਾ ਹਿਸਾਬ ਪੰਥ ਇੱਕ ਦਿਨ ਜਰੂਰ ਕਰੇਗਾ।

ਹੁਣ ਫਿਰ ਕੀ ਕੀਤਾ ਜਾਵੇ?
ਫਰਾਂਸੀਸੀ ਚਿੰਤਕ ਗਿੱਲਜ਼ ਦਲੂਜ਼ ਦਾ ਇਹ ਕਥਨ ਮਦਦਗਾਰ ਹੋ ਸਕਦਾ ਹੈ: “ਨਾ ਨਿਰਾਸ਼ ਹੋਣ ਦੀ ਲੋੜ ਹੈ ਤੇ ਨਾ ਹੀ ਬਹੁਤੇ ਆਸਵੰਦ ਹੋਣ ਦੀ। ਜੇ ਕੋਈ ਲੋੜ ਹੈ ਤਾਂ ਉਹ ਸਿਰਫ ਇੱਕ ਕੰਮ ਦੀ ਹੈ: ਸੰਘਰਸ਼ ਜਾਰੀ ਰੱਖਣ ਲਈ ਨਵੇਂ ਹਥਿਆਰ ਲੱਭਣ ਦੀ।” ਕਿਥੋਂ ਲੱਭਣਗੇ ਉਹ ਹਥਿਆਰ ਜੋ ਸਾਡੇ ਹੈਕ ਹੋਏ ਮਨਾਂ ਦੀ reprogramming ਕਰ ਦੇਣ। ਇਹ ਹਥਿਆਰ ਲੱਭਣ ਲਈ ਸਾਨੂੰ ਕਿਤੇ ਬਾਹਰ ਜਾਣ ਦੀ ਲੋੜ ਨਹੀਂ। ਗੁਰੂ ਸਾਹਿਬ ਨੇ ਸਾਨੂੰ ਬਾਣੀ ਰੂਪੀ ਗਿਆਨ-ਖੜਗ ਬਖਸ਼ਿਸ਼ ਕੀਤੀ ਹੈ। ਆਓ, ਇਸ ਗਿਆਨ-ਖੜਗ ਨੂੰ ਨਮਸਕਾਰ ਕਰੀਏ ਤਾਂ ਕਿ ਮੌਤ ਦੇ ਹਨ੍ਹੇਰੇ ਵਿਚ ਡੁੱਬਦੇ ਜਾਂਦੇ ਪੰਜਾਬ ਦੀ ਹੋਣੀ ਨੂੰ ਇੱਕ ਨਵੀਂ ਪ੍ਰਭਾਤ ਨਸੀਬ ਹੋਵੇ।

ਦੇਗ ਤੇਗ ਫਤਹਿ
ਪੰਥ ਕੀ ਜੀਤ
ਰਾਜ ਕਰੇਗਾ ਖ਼ਾਲਸਾ

-ਪ੍ਰਭਸ਼ਰਨਬੀਰ ਸਿੰਘ

Check Also

ਗੁਰਦਾਸ ਮਾਨ ਦੇ ਪੰਜਾਬ ਯੂਨੀਵਰਸਿਟੀ ਵਿੱਚ 7 ਮਾਰਚ ਨੂੰ ਲੱਗ ਰਹੇ ਅਖਾੜੇ ਦੇ ਵਿਰੋਧ ਦਾ ਐਲਾਨ

ਗੁਰਦਾਸ ਮਾਨ ਵੱਲੋਂ ਪੰਜਾਬੀਆਂ ਖਿਲਾਫ ਵਰਤੀ ਮੰਦੀ ਸ਼ਬਦਾਵਲੀ ਕਾਰਨ ਪੰਜਾਬ ਯੂਨੀਵਰਸਿਟੀ ਵਿੱਚ 7 ਮਾਰਚ ਨੂੰ …

%d bloggers like this: