Home / ਸਾਹਿਤ / ਕਬੂਤਰ ਬਨਾਮ ਪੰਜਾਬੀ

ਕਬੂਤਰ ਬਨਾਮ ਪੰਜਾਬੀ

ਜੰਗਲ ‘ਚ ਜਦੋਂ ਕਬੂਤਰਾਂ ਦੀ ਗਿਣਤੀ ਬਹੁਤ ਘਟ ਗਈ ਤਾਂ ਉਹ ਸੋਚਣ ਲਈ ਮਜਬੂਰ ਹੋ ਗਏ ਕਿ ਸ਼ਿਕਾਰੀ ਤੋਂ ਕਿਵੇਂ ਬਚਿਆ ਜਾਵੇ? ਇਸ ਲਈ ਉਨ੍ਹਾਂ ਨੇ ਇਕੱਠੇ ਹੋ ਕੇ ਇੱਕ ਸਭਾ ਬੁਲਾਈ ਤੇ ਲੱਗੇ ਵਿਚਾਰ-ਵਟਾਂਦਰਾ ਕਰਨ।ਜਦੋਂ ਵਿਚਾਰ-ਵਟਾਂਦਰੇ ਵਿੱਚ ਕੋਈ ਵੀ ਗੱਲ ਸਿਰੇ ਨਾ ਲੱਗੀ ਤਾਂ ਉਨ੍ਹਾਂ ਵਿੱਚੋਂ ਸਭ ਤੋਂ ਸਿਆਣਾ ਤੇ ਬਜ਼ੁਰਗ ਕਬੂਤਰ ਬੋਲਿਆ ਕਿ ਆਪਾਂ ਦਾਣੇ ਦੇਖ ਕੇ ਭੁੱਲ ਜਾਂਦੇ ਹਾਂ ਕਿ ਇਹ ਦਾਣੀ ਕਿਸੇ ਸ਼ਿਕਾਰੀ ਨੇ ਜਾਲ ਵਿਛਾ ਕੇ ਖਿਲਾਰਿਓ ਵੀ ਹੋ ਸਕਦੇ ਹਨ।ਮੈਂ ਤੁਹਾਨੂੰ ਇੱਕ ਗੀਤ ਬਣਾ ਦਿੰਦਾ ਹਾਂ, ਇਸ ਨੂੰ ਹਰ ਵਕਤ ਗੁਣਗੁਣਾਉਂਦੇ ਰਹਿਣਾ, ਤੁਹਾਨੂੰ ਯਾਦ ਰਹੂ, ਤੁਹਾਡਾ ਬਚਾਅ ਹੋ ਜਾਇਆ ਕਰੂਗਾ।
ਉਹ ਗੀਤ ਸੀ: ‘‘ਸ਼ਿਕਾਰੀ ਆਊਗਾ, ਜਾਲ ਵਿਛਾਊਗਾ, ਚੋਗਾ ਪਾਊਗਾ, ਆਪਾਂ ਚੋਗਾ ਚੁਗਣਾ ਈ ਨੀ, ਆਪਾਂ ਫਿਰ ਫਸਣਾ ਈ ਨੀ।’’ਸਾਰੇ ਕਬੂਤਰਾਂ ਦੇ ਛੇਤੀ ਹੀ ਇਹ ਗੀਤ ਕੰਠ ਹੋ ਗਿਆ। ਜਦੋਂ ਸ਼ਿਕਾਰੀ ਆਇਆ ਤਾਂ ਉਸ ਨੇ ਜਾਲ ਵਿਛਾ ਕੇ ਚੋਗਾ ਪਾਇਆ ਤੇ ਲੁਕ ਕੇ ਬੈਠ ਗਿਆ, ਪਰ ਕੋਈ ਵੀ ਕਬੂਤਰ ਨਾ ਆਇਆ ਕਿਉਂਕਿ ਉਹ ਗੀਤ ਚੰਗੀ ਤਰ੍ਹਾਂ ਕਬੂਤਰਾਂ ਦੇ ਸਮਝ ਵਿੱਚ ਆ ਗਿਆ ਸੀ। ਸ਼ਿਕਾਰੀ ਸ਼ਾਮ ਤੱਕ ਬੈਠਾ ਰਿਹਾ ਕਰੇ, ਕੋਈ ਕਬੂਤਰ ਫਸੇ ਹੀ ਨਾ।

ਕਈ ਦਿਨਾਂ ਦੀ ਅਸਫਲਤਾ ਤੋਂ ਬਾਅਦ ਸ਼ਿਕਾਰੀ ਜੰਗਲ ਵਿੱਚ ਜਾਣੋਂ ਹੀ ਹਟ ਗਿਆ। ਉਧਰ ਕਬੂਤਰਾਂ ਦੀ ਜ਼ਿੰਦਗੀ ਵੀ ਵਧੀਆ ਲੰਘਣ ਲੱਗੀ। ਪਰ ਉਹ ਸਵੇਰੇ-ਸ਼ਾਮ ਗੀਤ ਨੂੰ ਜ਼ਰੂਰ ਦੁਹਰਾ ਲਿਆ ਕਰਦੇ ਸਨ ਪਰ ਹੌਲੀ-ਹੌਲੀ ਉਸ ਗੀਤ ਦੀ ਮੂਲ ਭਾਵਨਾ ਭੁੱਲ ਗਏ।ਕਬੂਤਰਾਂ ਦੇ ਅਗਾਂਹ ਬੱਚੇ ਹੋ ਗਏ, ਉਨ੍ਹਾਂ ਨੂੰ ਵੀ ਮਾਪਿਆਂ ਨੇ ਸਿਖਾ ਦਿੱਤਾ ਕਿ ਇਹ ਗੀਤ ਗਾਈ ਜਾਣਾ ਪਰ ਪੂਰੀ ਗੱਲ ਨਾ ਸਮਝਾ ਸਕੇ ਕਿ ਇਹ ਗੀਤ ਹੋਂਦ ‘ਚ ਕਿੱਦਾਂ ਆਇਆ ਸੀ।
ਕਾਫ਼ੀ ਸਮੇਂ ਬਾਅਦ ਸ਼ਿਕਾਰੀ ਆਇਆ। ੳੁਸ ਨੇ ਜਾਲ ਵਿਛਾਇਆ ਤੇ ਚੋਗਾ ਖਿਲਾਰ ਕੇ ਦੂਰ ਲੁਕ ਕੇ ਬੈਠ ਗਿਆ। ਪੁਰਾਣੇ ਕਬੂਤਰਾਂ ਦੇ ਜਵਾਨ ਹੋਏ ਬੱਚੇ ਗੀਤ ਗਾਈ ਗਏ ………..‘‘ਸ਼ਿਕਾਰੀ ਆਊਗਾ, ਜਾਲ ਵਿਛਾਊਗਾ, ਚੋਗਾ ਪਾਊਗਾ, ਆਪਾਂ ਚੋਗਾ ਚੁਗਣਾ ਈ ਨੀ, ਆਪਾਂ ਫਿਰ ਫਸਣਾ ਈ ਨੀ।’’
ਨਾਲੇ ਗਾਈ ਜਾਣ, ਨਾਲੇ ਦਾਣੇ ਚੁਗਣ ਗਏ ਜਾਲ ‘ਚ ਫਸੀ ਜਾਣ…….ਸ਼ਿਕਾਰੀ ਝੋਲਾ ਭਰ ਕੇ ਕਬੂਤਰਾਂ ਦਾ ਲੈ ਗਿਆ।

ਸਮੂਹ ਪੰਜਾਬੀਆਂ ਦੇ ਤੌਰ ‘ਤੇ ਪੰਜਾਬ ਦੇ ਬਹੁਤੇ ਮਸਲਿਆਂ ‘ਤੇ ਸਾਡੀ ਪਹੁੰਚ ਕਬੂਤਰਾਂ ਦੇ ਬੱਚਿਆਂ ਵਾਲੀ ਹੀ ਹੈ।
ਸਾਡੇ ਗੀਤ ਹਨ:
– ਪੰਜਾਬ ਨਾਲ ਧੱਕਾ ਹੋ ਰਿਹਾ
– ਪੰਜਾਬ ਦੇ ਹੱਕ ਲੈ ਕੇ ਰਹਾਂਗੇ
– ਪੰਜਾਬ ਖਾਲੀ ਹੋ ਜਾਣਾ
– ਪੰਜਾਬ ਦਾ ਪਾਣੀ ਖਰਾਬ ਹੋ ਗਿਆ
– ਇਸ ਪਾਣੀ ਨਾਲ ਕੈਂਸਰ ਹੋ ਰਿਹਾ

ਤੇ ਸਾਡੇ ਲੀਡਰਾਂ ਦੇ ਗੀਤ ਵੀ ਕੁਝ ਅਜਿਹੇ ਹੀ ਹਨ:
– ਪਾਣੀ ਦੀ ਇੱਕ ਵੀ ਬੂੰਦ ਪੰਜਾਬ ਤੋਂ ਬਾਹਰ ਨਹੀਂ ਜਾਵੇਗੀ
– ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਹੋ ਰਿਹਾ

ਬੱਸ ਗੀਤ ਹੀ ਗਾਉਣੇ ਹਨ, ਇਸ ਵਰਤਾਰੇ ਨੂੰ ਰੋਕਣ ਲਈ ਸਮੂਹਿਕ ਤੌਰ ‘ਤੇ ਕਰਨਾ ਕੁਝ ਨੀ।
– ਗੁਰਪ੍ਰੀਤ ਸਿੰਘ ਸਹੋਤਾ

Check Also

ਗੁਰਦੁਆਰਾ ਮਟਨ ਸਾਹਿਬ ਜਿਸ ਉੱਤੇ ਕਸ਼ਮੀਰੀ ਪਡਿੰਤਾਂ ਨੇ ਕਬਜ਼ਾ ਕੀਤਾ ਹੋਇਆ

ਮਟਨ ਇਕ ਜਗ੍ਹਾ ਦਾ ਨਾਮ ਹੈ ਜਿਸਦੇ ਬਾਰੇ ਮੈਂ ਜਿਆਦਾ ਨਹੀਂ ਸੀ ਸੁਣਿਆ….ਪਰ ਸਰਬਜੀਤ ਕੌਰ …

%d bloggers like this: