ਅਨਮੋਲ ਕਵਾਤਰਾ ਲੜਾੲੀ: ਜਾਣੋ ਅਸਲ ਗੱਲ ਕੀ ਸੀ

By May 20, 2019


– ਪੱਤਰਕਾਰ ਸਿਮਰਨਜੋਤ ਸਿੰਘ ਮੱਕੜ ਮੁਤਾਬਕ-
ਲੁਧਿਆਣੇ ਦੇ ਇੱਕ ਸਮਾਜ ਸੇਵੀ ਨੌਜਵਾਨ ਮਗਰ ਕੱਲ ਲੋਕਾਂ ਦਾ ਹੜ੍ਹ ਆ ਗਿਆ। ਪਰ ਹੈਰਾਨੀ ਦੀ ਗੱਲ ਸੀ ਕਿ ਲੋਕਾਂ ਨੇ ਬਿਨਾਂ ਸੋਚੇ ਸਮਝੇ ਸੋਸ਼ਲ ਮੀਡੀਆ ਅਤੇ ਸ਼ਿਵਪੁਰੀ ਜਾਕੇ ਗਾਹ ਪਾ ਦਿੱਤਾ। ਮੈਨੂੰ ਤੁਸੀਂ ਗਲਤ ਕਹੋਗੇ, ਪਰ ਇਹ ਲੜਾਈ ਉਸ ਨੌਜਵਾਨ ਦੀ ਤੇ ਉਸ ਦੇ ਪਿਤਾ ਦੀ ਨਿੱਜੀ ਲੜਾਈ ਸੀ। ਉਹ ਆਪ ਦਸਦਾ ਹੈ ਕੇ ਉਸ ਦਾ ਪਿਤਾ ਬੈਂਸ ਦੀ ਪਾਰਟੀ ਤੋਂ ਚੋਣ ਲੜਿਆ, ਉਸ ਵੇਲੇ ਉਸ ਨੇ ਪਿਤਾ ਦੀ ਮਦਦ ਨਹੀਂ ਕੀਤੀ ਕਿਉਂਕਿ ਉਹ ਪਾਰਟੀ ਬਾਜ਼ੀ ਤੋਂ ਉੱਪਰ ਉੱਠ ਕੇ ਸਮਾਜ ਸੇਵਾ ਕਰਦਾ ਹੈ, ਤੇ ਕੱਲ ਦੀ ਲੜਾਈ ਸੀ ਉਹ ਵੀ ਤਾਂ ਪਾਰਟੀ ਬਾਜ਼ੀ ਦਾ ਹੀ ਨਤੀਜਾ ਸੀ।

ਕਿਸੇ ਨੇ ਉਸ ਦੇ ਪਿਤਾ ਤੇ ਹਮਲਾ ਇਸ ਲਈ ਨਹੀਂ ਕੀਤਾ ਕਿ ਓਹਨਾ ਨੇ ਕਿਸੇ ਨੂੰ ਦਵਾਈ ਦੇਣ ਤੋਂ ਨਾਂਹ ਕੀਤੀ ਜਾਂ ਮਦਦ ਕਰਨ ਤੋਂ ਨਾਂਹ ਕੀਤੀ। ਇਹ ਕੋਰੀ ਸਿਆਸੀ ਲੜਾਈ ਸੀ, ਤੇ ਜੇ ਸਿਆਸਤ ਕਰਨੀ ਆ ਤਾਂ ਆਹ ਸਭ ਵੀ ਝੱਲਣਾ ਸਿੱਖੋ। ਬਠਿੰਡੇ ਦੇ ਇਕ ਪੀਲੀ ਜੀਪ ਵਾਲੇ ਵਰਕਰ ਦਾ ਸਿਰ ਪਾੜ ਦਿੱਤਾ ਕਾਂਗਰਸੀਆਂ ਨੇ, ਤੇ ਅਗਲੇ ਨੇ ਝੱਲਿਆ। ਸਿਆਸੀ ਲੜਾਈ ਨੂੰ ਲੋਕਾਂ ਦੀ ਇੱਜਤ ਦਾ ਸਵਾਲ ਬਣਾ ਕੇ ਸੈਂਕੜੇ ਬੰਦੇ ਕੱਠੇ ਕਰਕੇ, ਫੇਸਬੁਕੀ ਕ੍ਰਾਂਤੀ ਲਿਆ ਕੇ ਲੋਕਾਂ ਦਾ ਮਜ਼ਾਕ ਬਣਾਇਆ ਗਿਆ। ਇਹ ਨਿਰੋਲ ਨਿੱਜੀ ਫਾਇਦਾ ਸੀ। ਭੋਲੇ ਲੋਕ ਨੇ ਸਾਡੇ ਮੁਲਕ ਦੇ।- ਪੱਤਰਕਾਰ ਸਿਮਰਨਜੋਤ ਸਿੰਘ ਮੱਕੜ

ਇਸ ਮਸਲੇ ਬਾਰੇ ਤਾਜ਼ਾ ਅਪਡੇਟ-
ਅਨਮੋਲ ਕਵਾਤਰਾ ਮਾਮਲੇ ‘ਚ ਵੱਡਾ ਮੋੜ, ਦੋਸ਼ੀਆਂ ਨੂੰ ਮਿਲੀ ਜ਼ਮਾਨਤ
ਲੁਧਿਆਣਾ ‘ਚ ਬੀਤੇ ਦਿਨ ਅਨਮੋਲ ਕਵਾਤਰਾ ਤੇ ਉਸ ਦੇ ਪਿਤਾ ‘ਤੇ ਹੋਏ ਹਮਲੇ ਦੇ ਮਾਮਲੇ ‘ਚ ਨਵਾਂ ਮੋੜ ਆ ਗਿਆ ਹੈ। ਪੁਲਸ ਨੇ ਮਾਮਲੇ ਦੇ ਦੋਸ਼ੀਆਂ ਖਿਲਾਫ ਕੁਝ ਹੀ ਘੰਟਿਆਂ ‘ਚ ਮਾਮਲਾ ਦਰਜ ਕਰ ਲਿਆ ਸੀ ਅਤੇ ਦੋਹਾਂ ਨੂੰ ਗ੍ਰਿਫਤਾਰ ਵੀ ਕਰ ਲਿਆ ਸੀ ਪਰ ਗ੍ਰਿਫਤਾਰੀ ਦੇ ਕੁਝ ਹੀ ਸਮੇਂ ਬਾਅਦ ਕਾਂਗਰਸੀ ਦੱਸੇ ਜਾਂਦੇ ਦੋਵੇਂ ਦੋਸ਼ੀਆਂ ਨੇ ਜ਼ਮਾਨਤ ਲੈ ਲਈ ਹੈ।

ਪੁਲਸ ਮੁਤਾਬਕ ਅਨਮੋਲ ਕਵਾਤਰਾ ਦੇ ਪਿਤਾ ਦੇ ਬਿਆਨਾਂ ‘ਤੇ ਮਾਮਲਾ ਦਰਜ ਕਰਕੇ ਮੋਹਿਤ ਰਾਜਪਾਲ ਤੇ ਉਸ ਦੇ ਦੋਸ਼ੀ ਸਾਥੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ।ਇਸ ਬਾਰੇ ਥਾਣਾ ਦਰੇਸੀ ਦੇ ਐੱਸ. ਐੱਚ. ਓ. ਸਤਪਾਲ ਸੰਧੂ ਨੇ ਦੱਸਿਆ ਕਿ ਬੀਤੇ ਦਿਨ ਅਨਮੋਲ ਕਵਾਤਰਾ ਤੇ ਉਸ ਦੇ ਪਿਤਾ ਦੀ ਕੁਝ ਕਾਂਗਰਸੀ ਵਰਕਰਾਂ ਨਾਲ ਕਿਸੇ ਗੱਲ ਨੂੰ ਲੈ ਕੇ ਬਹਿਸ ਹੋ ਗਈ, ਜਿਸ ਤੋਂ ਬਾਅਦ ਦੋਹਾਂ ਵਿਚਕਾਰ ਹੱਥੋਪਾਈ ਹੋਈ ਅਤੇ ਪੁਲਸ ਨੇ ਮੋਹਿਤ ਰਾਮਪਾਲ ਤੇ ਉਸ ਦੇ ਸਾਥੀ ‘ਤੇ ਮਾਮਲਾ ਦਰਜ ਕਰ ਲਿਆ ਸੀ।

ਦੱਸ ਦੇਈਏ ਕਿ ਬੀਤੇ ਦਿਨ ਵੋਟ ਪਾਉਣ ਉਪਰੰਤ ਅਨਮੋਲ ਕਵਾਤਰਾ ‘ਤੇ ਹੋਏ ਹਮਲੇ ਮਗਰੋਂ ਹਜ਼ਾਰਾਂ ਲੋਕ ਕਵਾਤਰਾ ਦੀ ਹਮਾਇਤ ‘ਚ ਉਤਰ ਆਏ ਸਨ। ਉਸ ਸਮੇਂ ਤਾਂ ਦਬਾਅ ਕਾਰਨ ਪੁਲਸ ਨੇ ਦੋਸ਼ੀਆਂ ਨੂੰ ਗ੍ਰਿਫਤਾਰ ਰ ਲਿਆ ਪਰ ਕੁਝ ਹੀ ਸਮੇਂ ਬਾਅਦ ਦੋਸ਼ੀਆਂ ਦੀ ਜ਼ਮਾਨਤ ਹੋਣਾ, ਜਿਸ ਦੇ ਪਿੱਛੇ ਸਿਆਸੀ ਰਸੂਖ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।

Posted in: ਪੰਜਾਬ