ਇਰਾਨ ਨੂੰ ਦੱਬਣ ਨੂੰ ਫਿਰਦੇ ਐ, ਪਰ ਦਬਦਾ ਕਿਥੇ ਐ

By May 20, 2019


ਮੱਧ ਪੂਰਬ ਵਿੱਚ ਹਾਲਾਤ ਇਸ ਵਾਰ ਫਿਰ ਤਲਖ਼ ਬਣੇ ਹੋਏ ਹਨ ਇਸ ਵਾਰ ਈਰਾਨ ਨਿਸ਼ਾਨੇ ਤੇ ਹੈ। 2015 ਵਿੱਚ ਇਰਾਨ ਨਾਲ ਹੋਏ ਐਟਮੀ ਕਰਾਰ ਤੋਂ ਪਿੱਛੇ ਹੱਟਣ ਤੋਂ ਬਾਅਦ ਅਮਰੀਕਾ ਵੱਲੋਂ ਈਰਾਨ ਨੂੰ ਚਾਰੇ ਪਾਸਿਓਂ ਘੇਰਨ ਦੀਆਂ ਕੋਸ਼ਿਸ਼ਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜਿਸ ਤਹਿਤ ਈਰਾਨ ਉੱਤੇ ਕਈ ਤਰ੍ਹਾਂ ਦੀਆਂ ਆਰਥਿਕ ਪਾਬੰਦੀਆਂ ਅਮਰੀਕਾ ਵੱਲੋਂ ਲਾਈਆਂ ਗਈਆਂ ਹਨ।ਜਿਨ੍ਹਾਂ ਦਾ ਮੁੱਖ ਮੰਤਵ ਈਰਾਨੀ ਤੇਲ ਦੀ ਵਿਕਰੀ ਨੂੰ ਸਿਫਰ ਤੇ ਲਿਆਉਣਾ ਹੈ ਕਿਉਂਕਿ ਤੇਲ ਇਰਾਨ ਦੀ ਆਮਦਨੀ ਦਾ ਮੁੱਖ ਸਾਧਨ ਹੈ ਅਤੇ ਨਾਲ ਇਰਾਨ ਉੱਤੇ ਦਾਬਾ ਬਣਾਉਣ ਲਈ ਅਮਰੀਕਾ ਵੱਲੋਂ ਜੰਗੀ ਸਮੁੰਦਰੀ ਬੇੜੇ ਵੀ ਫਾਰਸ ਦੀ ਖਾੜੀ ਵੱਲ ਤੋਰ ਦਿੱਤੇ ਗਏ ਹਨ।

ਈਰਾਨ ਅਤੇ ਅਮਰੀਕਾ ਵਿਚਕਾਰ ਤਲਖੀ ਦੇ ਕਈ ਕਾਰਨ ਹਨ ਪਰ ਪ੍ਰਮੁੱਖ ਕਾਰਨ ਤੇਲ ਹੀ ਹੈ1979 ਦੇ ਇਸਲਾਮਿਕ ਇਨਕਲਾਬ ਤੋਂ ਬਾਅਦ ਪੱਛਮੀ ਮੁਲਕਾਂ ਨੂੰ ਈਰਾਨ ਦੇ ਤੇਲ ਭੰਡਾਰਾਂ ਵਿੱਚੋਂ ਹਿੱਸੇਦਾਰੀ ਵੰਡਾਉਣ ਦੀ ਉਹ ਖੁੱਲ੍ਹ ਨਹੀਂ ਮਿਲੀ ਜੋ ਮੱਧ ਪੂਰਬ ਦੇ ਹੋਰ ਮੁਲਕਾਂ ਵਿੱਚ ਮਿਲੀ ਹੋਈ ਹੈ। ਅੱਜ ਦੇ ਹਾਲਾਤਾਂ ਨੂੰ ਸਮਝਣ ਲਈ ਈਰਾਨੀ ਤੇਲ ਦੀ ਤਵਾਰੀਖ਼ ਨੂੰ ਸਮਝਣਾ ਬੇਹੱਦ ਜ਼ਰੂਰੀ ਹੈ । ਸੰਨ 1908 ਵਿੱਚ ਤੇਲ ਦੀ ਖੋਜ ਤੋਂ ਲੈ ਕੇ 1951 ਤੱਕ ਈਰਾਨ ਦੇ ਤੇਲ ਉੱਤੇ ਬਰਤਾਨਵੀ ਸਰਕਾਰ ਦੀ ਬਾਦਸ਼ਾਹਤ ਰਹੀ। ਇਸ ਵਕਫ਼ੇ ਦੌਰਾਨ ਤੇਲ ਦੀ ਕਮਾਈ ਦਾ ਮਾਮੂਲੀ ਜਿਹਾ ਹਿੱਸਾ ਹੀ ਇਰਾਨ ਦੇ ਪੱਲੇ ਪੈਂਦਾ ਰਿਹਾ ਸੀ।

ਕੁਦਰਤੀ ਸਰੋਤਾਂ ਦੀ ਹੋ ਰਹੀ ਲੁੱਟ ਕਾਰਨ ਆਮ ਲੋਕ ਮਨਾਂ ਵਿੱਚ ਰੋਹ ਵੱਧ ਰਿਹਾ ਸੀ। ਇਸੇ ਰੋਹ ਨੂੰ ਭਾਂਪਦਿਆਂ 1951 ਵਿਚ ਇਰਾਨੀ ਪ੍ਰਧਾਨ ਮੰਤਰੀ ਮੁਹੰਮਦ ਮੂਸਾਦੇਕ ਨੇ ਇਰਾਨੀ ਤੇਲ ਨੂੰ ਰਾਸ਼ਟਰੀ ਜਾਇਦਾਦ ਐਲਾਨ ਦਿੱਤਾ। ਪਰ ਇਹ ਫੈਸਲਾ ਬਰਤਾਨਵੀ ਹਕੂਮਤ ਵਾਸਤੇ ਨਾ ਖੁਸ਼ਗਵਾਰ ਸੀ। ਇਸੇ ਕਰਕੇ MI6 ਨੇ CIA ਦੀ ਮਦਦ ਨਾਲ 1953 ਵਿੱਚ ਜਮਹੂਰੀ ਢੰਗ ਨਾਲ ਚੁਣੀ ਸਰਕਾਰ ਦਾ ਤਖਤਾ ਪਲਟ ਕਰ ਤਾਨਾਸ਼ਾਹੀ ਹੱਥ ਮੁਲਕਦੀ ਵਾਗ-ਡੋਰ ਦੇ ਦਿੱਤੀ।
(ਇੱਥੇ ਇਹ ਵੀ ਗੱਲ ਜਿਕਰਯੋਗ ਹੈ ਕਿ ਉਹੀ ਮੁਲਕ ਅੱਜ ਜਮਹੂਰੀਅਤ ਦੇ ਸਭ ਤੋਂ ਵੱਡੇ ਅਲੰਬਰਦਾਰ ਬਣੇ ਹੋਏ ਹਨ)
ਇਸ ਤਰ੍ਹਾਂ ਇੱਕ ਵਾਰ ਫਿਰ ਈਰਾਨੀ ਤੇਲ ਉੱਤੇ ਪੱਛਮ ਦੀ ਪਕੜ ਮਜ਼ਬੂਤ ਹੋ ਗਈ। ਪਰ 1979 ਦਾ ਇਸਲਾਮਿਕ ਇਨਕਲਾਬ,ਜੋ ਦੂਜੀ ਸੰਸਾਰ ਜੰਗ ਤੋਂ ਬਾਅਦ ਦਾ ਸਭ ਤੋਂ ਸਫਲ ਇਨਕਲਾਬ ਮੰਨਿਆ ਗਿਆ ਹੈ ਉਹ ਵੀ ਇਸੇ ਤੇਲ ਦੀ ਸਿਆਸਤ ਵਿੱਚੋਂ ਹੀ ਨਿਕਲਿਆ ਸੀ।

ਲੋਕ ਵਧ ਰਹੇ ਪੱਛਮੀ ਪ੍ਰਭਾਵ ਅਤੇ ਸਾਮਰਾਜਵਾਦ ਦੇ ਖ਼ਿਲਾਫ਼ ਇਕਜੁੱਟ ਹੋਏ ਅਤੇ ਢਾਈ ਹਜ਼ਾਰ ਸਾਲ ਪੁਰਾਣੀ ਰਾਜਸ਼ਾਹੀ ਨੂੰ ਖਤਮ ਕਰ ਇਸਲਾਮਿਕ ਰਿਪਬਲਿਕ ਆਫ ਇਰਾਨ ਦੀ ਨੀਂਹ ਰੱਖੀ। ਉਸ ਤੋਂ ਬਾਅਦ ਅੱਜ ਤੱਕ ਪੱਛਮੀ ਤਾਕਤਾਂ ਇਰਾਨ ਦੇ ਤੇਲ ਅਤੇ ਗੈਸ ਸਰੋਤਾਂ ਉੱਤੇ ਸਿੱਧੇ ਤੌਰ ਤੇ ਕਾਬਿਜ ਨਹੀਂ ਹੋ ਸਕੀਆਂ। ਜ਼ਿਕਰਯੋਗ ਹੈ ਕਿ ਤੇਲ ਭੰਡਾਰਾਂ ਦੇ ਮਾਮਲੇ ਵਿੱਚ ਇਰਾਨ ਦਾ ਦੁਨੀਆਂ ਵਿੱਚ ਪੰਜਵਾਂ ਥਾਂ ਹੈ ਅਤੇ ਰੂਸ ਤੋਂ ਬਾਅਦ ਕੁਦਰਤੀ ਗੈਸ ਦੇ ਸਭ ਤੋਂ ਵੱਧ ਭੰਡਾਰ ਵੀ ਇਰਾਨ ਕੋਲ ਹੀ ਹਨ। ਇਸ ਲਿਹਾਜ਼ ਨਾਲ ਦੁਨੀਆਂ ਦੇ ਬਾਲਣ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਵਿੱਚ ਇਰਾਨ ਦਾ ਅਹਿਮ ਥਾਂ ਹੈ| ਇਰਾਨ ਦੇ ਇਨ੍ਹਾਂ ਸਰੋਤਾਂ ਉੱਤੇ ਕਾਬਜ਼ ਹੋ ਅਮਰੀਕਾ ਚੀਨ ਨੂੰ ਠਿੱਬੀ ਲਾ ਸਕਦਾ ਹੈ।
ਦੂਜਾ ਵੱਡਾ ਕਾਰਨ ਇਜ਼ਰਾਈਲ ਹੈ ਜੋ ਈਰਾਨ ਨੂੰ ਆਪਣੀ ਹੋਂਦ ਲਈ ਖ਼ਤਰਾ ਮੰਨਦਾ ਹੈ। ਇਸ ਵਿੱਚ ਕੋਈ ਦੋ ਰਾਏ ਨਹੀਂ ਹਨ ਕਿ ਸ਼ੀਆ ਇਰਾਨ ਦਾ ਪ੍ਰਾਕਸੀ ਨੈੱਟਵਰਕ ਬਹੁਤ ਮਜ਼ਬੂਤ ਹੈ। 2006 ਵਿੱਚ ਇਜ਼ਰਾਈਲ ਦੀ ਹੁਣ ਤੱਕ ਦੀ ਇੱਕੋ ਇੱਕ ਹਾਰ ਜੋ ਹਿਜ਼ਬੁੱਲਾ ਹੱਥੋਂ ਸੀ ਉਸ ਨੂੰ ਵੀ ਈਰਾਨ ਦੀ ਸਰਪ੍ਰਸਤੀ ਪ੍ਰਾਪਤ ਹੈ। ਆਈ ਐੱਸ ਦੀ ਮਦਦ ਨਾਲ ਸਾਊਦੀ ਅਰਬ ਤੋਂ ਤੁਰਕੀ ਤੱਕ ਸੁੰਨੀ ਕੋਰੀਡੋਰ ਬਨਾਉਣ ਦੀ ਸਾਊਦੀ ਅਰਬ ਦੀ ਹਸਰਤ ਵੀ ਈਰਾਨ ਦੇ ਇਸ ਪ੍ਰੋਕਸੀ ਨੈਟਵਰਕ ਨੇ ਹੀ ਨਾਕਾਮ ਕੀਤੀ ਹੈ। ਜਿਸ ਦਾ ਮੁੱਖ ਮਕਸਦ ਇਜ਼ਰਾਈਲ ਨੂੰ ਸੇਫਗਾਡ ਦੇਣਾ ਸੀ। ਸੀਰੀਆ ਵਿਚ ਅਸਦ ,ਇਰਾਕੀ ਸ਼ੀਆ ਮਿਲੀਸ਼ੀਆ ਅਤੇ ਯਮਨ ਵਿੱਚ ਹੁਥੀ ਲੜਾਕੇ ਸਭ ਈਰਾਨੀ ਪ੍ਰਭਾਵ ਕਬੂਲਦੇ ਹਨ। ਸਾਊਦੀ ਅਰਬ ਇਜ਼ਰਾਇਲ ਅਤੇ ਅਮਰੀਕਾ ਈਰਾਨ ਦੇ ਇਸ ਪ੍ਰਭਾਵ ਨੂੰ ਘਟਾਉਣ ਲਈ ਵੱਡੇ ਪੱਧਰ ਤੇ ਚਾਰਾਜੋਈ ਕਰ ਰਹੇ ਹਨ।ਪਿਛਲੇ ਦਿਨਾਂ ਵਿੱਚ ਅਮਰਾਤੀ ਬੰਦਰਗਾਹ ਤੇ ਤੇਲ ਦੇ ਬੇੜੇ ਅਤੇ ਸਾਊਦੀ ਅਰਬ ਦੇ ਦੀਆਂ ਪਾਈਪਲਾਈਨਾਂ ਉੱਤੇ ਹੋਏ ਹਮਲਿਆਂ ਨੇ ਇਸ ਖਿੱਤੇ ਵਿੱਚ ਮਾਹੌਲ ਨੂੰ ਹੋਰ ਤਲਖ਼ ਕੀਤਾ ਹੈ। ਇਨ੍ਹਾਂ ਹਮਲਿਆਂ ਦੀ ਸਫ਼ਾਈ ਵਿੱਚ ਈਰਾਨ ਦਾ ਇਹ ਕਹਿਣਾ ਹੈ ਕਿ ਅਮਰੀਕਾ ਇਨ੍ਹਾਂ ਕੋਝੀਆਂ ਚਾਲਾਂ ਰਾਹੀਂ ਉਸ ਉੱਤੇ ਜੰਗ ਥੋਪਣਾ ਚਾਹੁੰਦਾ ਹੈ। ਪਰ ਦੂਜੇ ਪਾਸੇ ਇੱਕ ਵਿਚਾਰ ਇਹ ਵੀ ਹੈ ਕਿ ਗੈਸ ਪਾਈਪ ਲਾਈਨਾਂ ਤੇ ਹੌਤੀ ਲੜਾਕਿਆਂ ਤੋਂ ਹਮਲਾ ਕਰਵਾ ਇਰਾਨ ਇਹ ਸਾਬਤ ਕਰਨਾ ਚਾਹੁੰਦਾ ਹੈ ਜੇਕਰ ਉਸ ਨੂੰ ਜੰਗ ਵਿੱਚ ਧੱਕਿਆ ਜਾਂਦਾ ਹੈ ਤਾਂ ਉਸ ਦਾ ਪ੍ਰਾਕਸੀ ਨੈੱਟਵਰਕ ਅਮਰੀਕਾ ਦੇ ਮਿੱਤਰ ਮੁਲਕਾਂ ਦਾ ਵੱਡੇ ਪੱਧਰ ਤੇ ਨੁਕਸਾਨ ਕਰਨ ਦੀ ਸਮਰੱਥਾ ਰੱਖਦਾ ਹੈ। ਤੇਲ ਟੈਂਕਰਾਂ ਉੱਤੇ ਹਮਲੇ ਰਾਹੀਂ ਇਹ ਸੁਨੇਹਾ ਦੇਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਜੇਕਰ ਈਰਾਨ ਦੇ ਤੇਲ ਦੀ ਆਵਾਜਾਈ ਪ੍ਰਭਾਵਿਤ ਹੁੰਦੀ ਹੈ ਤਾਂ ਅਮਰਤੀ ਅਤੇ ਸਾਊਦੀ ਤੇਲ ਦੀ ਆਵਾਜਾਈ ਵੀ ਬਹੁਤੀ ਸੁਰੱਖਿਅਤ ਨਹੀਂ ਹੈ। ਜੇਕਰ ਅਮਰੀਕਾ ਚੀਨ ਨੂੰ ਤਰੱਕੀ ਦੀਆਂ ਲੀਹਾਂ ਤੋਂ ਲਾਉਣ ਲਈ ਅਤੇ ਬਾਲਣ ਦੇ ਭੰਡਾਰਾਂ ਉੱਤੇ ਆਪਣੀ ਸਰਦਾਰੀ ਕਾਇਮ ਕਰਨ ਲਈ ਇਰਾਨ ਤੇ ਹਮਲਾ ਕਰਦਾ ਹੈ ਤਾਂ ਇਹ ਉਸ ਦੀ ਵਿਦੇਸ਼ ਨੀਤੀ ਦੀ ਬਹੁਤ ਵੱਡੀ ਭੁੱਲ ਹੋਵੇਗੀ। ਕਿਉਂਕਿ ਪਿਛਲੀਆਂ ਤਿੰਨ ਜੰਗਾਂ ਜਿੱਥੇ ਕਬੀਲਾਈ ਪਹਿਚਾਣਾ ਹੱਥੋਂ ਅਮਰੀਕਾ ਨੇ ਕਰਾਰੀਆਂ ਹਾਰਾਂ ਖਾਧੀਆਂ ਹਨ ਈਰਾਨ ਉਸ ਪਹਿਚਾਣ ਦਾ ਮੁਜ਼ਾਹਰਾ 1978-79 ਦੀ ਇਸਲਾਮਿਕ ਇਨਕਲਾਬ ਵੇਲੇ ਕਰ ਚੁੱਕਿਆ ਹੈ।

ਆਉਣ ਵਾਲੇ ਦਿਨਾ ‘ਚ ਹਾਲਾਤ ਕੀ ਕਰਵਟ ਲਈਂਦੇ ਹਨ ਇਹ ਰੂਸ ਅਤੇ ਚੀਨ ਦੇ ਰੁਖ ਉਤੇ ਵੀ ਨਿਰਭਰ ਕਰੇਗਾ।

ਪੰਜਾਬੀਆਂ ਲਈ ਇਹ ਜਾਣਕਾਰੀਆਂ ਤਾਂ ਅਹਿਮ ਹਨ ਕਿਉਂਕਿ ਚੀਨ ਅਤੇ ਅਮਰੀਕਾ ਦੇ ਵੱਡੇ ਮੁਫਾਦ ਵਿੱਚ ਪੰਜਾਬ ਕਦੇ ਵੀ ਜੰਗ ਦਾ ਮੈਦਾਨ ਵੀ ਬਣਾਇਆ ਜਾ ਸਕਦਾ ਹੈ ।

#ਮਹਿਕਮਾ_ਪੰਜਾਬੀ