ਨਵਜੋਤ ਸਿੱਧੂ ਮੁੱਖ ਮੰਤਰੀ ਬਣਨਾ ਚਾਹੁੰਦਾ- ਕੈਪਟਨ ਦਾ ਸਿੱਧੂ ਤੇ ਹਮਲਾ

By May 19, 2019


ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਕੈਬਨਿਟ ਮੰਤਰੀ ਨਵਜੋਤ ਸਿੱਧੂ ਵਿਚਾਲੇ ਅੰਦਰੂਨੀ ਖਿੱਚੋਤਾਣ ਹੁਣ ਖੁੱਲ੍ਹ ਕੇ ਸਾਹਮਣੇ ਆਉਣ ਲੱਗੀ ਹੈ। ਕੈਪਟਨ ਨੇ ਆਖਿਆ ਹੈ ਕਿ ਸਿੱਧੂ ਮੇਰੀ ਥਾਂ ਮੁੱਖ ਮੰਤਰੀ ਬਣਨਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਸਿੱਧੂ ਕਾਂਗਰਸ ਦੀ ਛਵੀ ਖਰਾਬ ਕਰ ਰਹੇ ਹਨ।

ਪਾਰਟੀ ਨੂੰ ਉਨ੍ਹਾਂ ਖ਼ਿਲਾਫ਼ ਕਾਰਵਾਈ ਕਰਨਾ ਚਾਹੀਦੀ ਹੈ। ਕੈਪਟਨ ਨੇ ਸਿੱਧੂ ਉਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਜੇਕਰ ਉਹ ਅਸਲੀ ਕਾਂਗਰਸੀ ਹੁੰਦੇ ਤਾਂ ਉਹ ਆਪਣੀ ਸ਼ਿਕਾਇਤਾਂ ਲਈ ਪੰਜਾਬ ਚੋਣ ਦਾ ਸਮਾਂ ਨਹੀਂ ਚੁਣਦੇ। ਪਟਿਆਲਾ ਵਿਚ ਵੋਟ ਪਾਉਣ ਜਾ ਰਹੇ ਕੈਪਟਨ ਨੇ ਸਿੱਧੂ ਉਤੇ ਇਹ ਹਮਲਾ ਬੋਲਿਆ। ਦੱਸ ਦਈਏ ਕਿ ਬੀਤੇ ਦਿਨ ਸਿੱਧੂ ਨੇ ਆਖਿਆ ਸੀ ਕਿ ਜੇਕਰ ਕੈਪਟਨ ਸਰਕਾਰ ਨੇ ਬੇਅਦਬੀ ਕਾਂਡ ਉਤੇ ਕਾਰਵਾਈ ਨਾ ਕੀਤੀ ਤਾਂ ਉਹ ਅਸਤੀਫ਼ਾ ਦੇ ਦੇਣਗੇ। ਇਸ ਤੋਂ ਇਲਾਵਾ ਉਹ ਆਪਣੀ ਪਤਨੀ ਨਵਜੋਤ ਕੌਰ ਨੂੰ ਚੰਡੀਗੜ੍ਹ ਤੋਂ ਟਿਕਟ ਨਾ ਦੇਣ ਦਾ ਦੋਸ਼ ਵੀ ਕੈਪਟਨ ਉਤੇ ਲਾ ਰਹੇ ਹਨ।


ਲੋਕ ਸਭਾ ਚੋਣਾਂ ਵਿਚ ਚੰਡੀਗੜ੍ਹ ਤੋਂ ਨਵਜੋਤ ਕੌਰ ਸਿੱਧੂ (Navjot Singh Sidhu) ਨੂੰ ਟਿਕਟ ਨਾ ਮਿਲਣ ਤੋਂ ਬਾਅਦ ਬੀਤੇ ਕੁਝ ਸਮੇਂ ਤੋਂ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Captain Amrinder Singh) ਵਿਚਕਾਰ ਸ਼ਬਦੀ ਜੰਗ ਵਰਗੀ ਸਥਿਤੀ ਬਣੀ ਹੋਈ ਸੀ। ਪਰ ਨਵਜੋਤ ਕੌਰ ਦੇ ਦੋਸ਼ਾਂ ‘ਤੇ ਇਸ ਵਾਰ ਕੈਪਟਨ ਅਮਰਿੰਦਰ ਸਿੰਘ ਨੇ ਵੀ ਖੁੱਲ੍ਹ ਕੇ ਬਿਆਨ ਦਿੱਤਾ ਹੈ।

ਚੰਡੀਗੜ੍ਹ ਤੋਂ ਕਾਂਗਰਸ ਪਾਰਟੀ ਦੀ ਟਿਕਟ ਚਾਹੁੰਦੀ ਨਵਜੋਤ ਕੌਰ ਨੇ ਇਹ ਦੋਸ਼ ਲਾਇਆ ਸੀ ਕਿ ਅਮਰਿੰਦਰ ਨੇ ਇਹ ਦਾਅਵਾ ਕੀਤਾ ਕਿ ਉਹ ਇਕੱਲੇ ਪਾਰਟੀ ਨੂੰ ਸੂਬੇ ਦੀਆਂ ਸਾਰੀਆਂ 13 ਸੀਟਾਂ ਉੱਤੇ ਜਿੱਤ ਦਿਵਾਉਣ ਲਈ ਸਮਰੱਥ ਹਨ।

Posted in: ਪੰਜਾਬ