ਚੋਣਾਂ ਬਾਅਦ ਵੱਡਾ ਧਮਾਕਾ ਕਰਨ ਦੀ ਸਿੱਧੂ ਵਲੋਂ ਕੈਪਟਨ ਨੂੰ ਧਮਕੀ

By May 17, 2019


ਲੋਕ ਸਭਾ ਚੋਣਾਂ ਲਈ ਕਾਂਗਰਸ 13 ਦੀਆਂ 13 ਸੀਟਾਂ ਜਿੱਤਣ ਦਾ ਦਾਅਵਾ ਕਰ ਰਹੀ ਏ ਪਰ ਸਿੱਧੂ ਜੋੜਾ ਆਪਣੀ ਹੀ ਪਾਰਟੀ ਦੀਆਂ ਜੜ੍ਹਾਂ ‘ਚ ਬੈਠੇ ਨਜ਼ਰ ਆ ਰਹੇ ਹਨ। ਮੈਡਮ ਸਿੱਧੂ ਵੱਲੋਂ ਕੈਪਟਨ ‘ਤੇ ਉਂਗਲ ਚੁੱਕਣ ਤੋਂ ਬਾਅਦ ਹੁਣ ਮਿਸਟਰ ਸਿੱਧੂ ਨੇ ਬਾਗ਼ੀ ਤੇਵਰ ਅਪਣਾ ਲਏ ਹਨ। ਬੇਅਦਬੀ ਦੀ ਆੜ ‘ਚ ਸਿੱਧੂ ਨੇ ਸਿੱਧੇ ਸਿੱਧੇ ਕੈਪਟਨ ਨੂੰ ਚੁਨੌਤੀ ਦੇ ਦਿੱਤੀ।

ਲੋਕ ਸਭਾ ਚੋਣਾਂ ਤੋਂ ਬਾਅਦ ਕਾਂਗਰਸ ‘ਚ ਇੱਕ ਵੱਡਾ ਧਮਾਕਾ ਹੋਣ ਦੇ ਆਸਾਰ ਹਨ। ਇਸ ਧਮਾਕੇ ਦੀ ਗੂੰਜ ਪੰਜਾਬ ਤੋਂ ਦਿੱਲੀ ਤੱਕ ਜਾ ਸਕਦੀ। ਇਹ ਸੰਕੇਤ ਬਗ਼ਾਵਤ ਅਤੇ ਬਗ਼ਾਵਤ ਦੇ ਇਹ ਸੰਕੇਤ ਦਿੱਤੇ ਨੇ ਸਮੇਂ ਸਮੇਂ ‘ਤੇ ਬਾਗ਼ੀ ਸੁਰ ਦਿਖਾਉਣ ਵਾਲੇ ਸਿੱਧੂ ਜੋੜੇ ਹਨ। ਬਾਦਲਾਂ ਦੇ ਗੜ੍ਹ ਬਠਿੰਡਾ ਪਹੁੰਚੇ ਸਿੱਧੂ ਵਿਰੋਧੀਆਂ ਦੀ ਬਜਾਏ ਆਪਣੀ ਸਰਕਾਰ ‘ਤੇ ਗਰਜਦੇ ਨਜ਼ਰ ਆਏ ਹਨ।

ਨਵਜੋਤ ਸਿੰਘ ਸਿੱਧੂ ਦੀ ਇਹ ਫਰੈਂਡਲੀ ਮੈਚ ਵਾਲੀ ਗੱਲ ਹੋ ਸਕਦਾ ਹੈ। ਤੁਹਾਨੂੰ ਸਮਝ ਨਾ ਆਈ ਹੋਵੇ, ਇਹ ਵੀ ਹੋ ਸਕਦਾ ਹੈ ਕਿ ਫਰੈਂਡਲੀ ਮੈਚ ‘ਤੇ ਤੁਹਾਡਾ ਧਿਆਨ ਅਕਾਲੀ ਬੀਜੇਪੀ ਗੱਠਜੋੜ ਵੱਲ ਗਿਆ ਹੋਵੇ, ਪਰ ਹੁਣ ਤੁਹਾਨੂੰ ਸਿੱਧੂ ਦਾ ਇੱਕ ਅਜਿਹਾ ਬਿਆਨ ਸੁਣਾਉਂਦੇ ਹਾਂ, ਜਿਸ ਤੋਂ ਤਸਵੀਰ ਪੂਰੀ ਸਾਫ਼ ਹੋ ਸਕਦੀ ਹੈ।

ਬੇਅਦਬੀ ਦੇ ਮਸਲੇ ‘ਤੇ ਸਿੱਧੂ ਇੱਕ ਤੀਰ ਨਾਲ ਕਈ ਨਿਸ਼ਾਨੇ ਲਾਉਣ ਦੀ ਫ਼ਿਰਾਕ ‘ਚ ਜਾਪਦੇ ਹਨ। ਤਿੱਖੇ ਸ਼ਬਦਾਂ ਦੇ ਬੋਲਾਂ ਨਾਲ ਅਜਿਹਾ ਰਗੜਾ ਬੇਸ਼ੱਕ ਅਕਾਲੀ ਦਲ ਨੂੰ ਲਾ ਰਹੇ ਹਨ। ਪਰ ਸਿੱਧੂ ਦੇ ਦੂਜੇ ਨਿਸ਼ਾਨੇ ‘ਤੇ ਆਪਣੇ ਹੀ ਕੈਪਟਨ ਵੀ ਨੇ, ਚੋਣਾਂ ਤੋਂ ਕੁੱਝ ਘੰਟੇ ਪਹਿਲਾਂ ਆਪਣੀ ਪਾਰਟੀ ਖ਼ਿਲਾਫ਼ ਮੋਰਚਾ ਖੋਲ੍ਹਣ ਦੀ ਵਜ੍ਹਾ ਸਿੱਧੂ ਦੇ ਰੋਸ ਨੂੰ ਬਿਆਨ ਕਰ ਰਿਹਾ ਹੈ। ਅਜਿਹਾ ਰੋਸ ਅਕਾਲੀ ਬੀਜੇਪੀ ‘ਚ ਹੁੰਦਿਆਂ ਵੀ ਨਜ਼ਰ ਆਇਆ ਸੀ, ਜਿਸ ਮਗਰੋਂ ਸਿੱਧੂ ਨੇ ਗੁਰੂ ਅਤੇ ਗੁਰੂ ਨਗਰੀ ਦਾ ਹਵਾਲਾ ਦੇ ਬੀਜੇਪੀ ਨੂੰ ਅਲਵਿਦਾ ਵੀ ਕਿਹਾ ਸੀ ਤੇ ਹੁਣ ਉਹ ਆਪਣੇ ਕੈਪਟਨ ਨੂੰ ਵੀ ਗੁਰੂ ਸਾਹਿਬ ਦੀਆਂ ਬੇਅਦਬੀਆਂ ਦਾ ਹਵਾਲਾ ਦੇ ਕੇ ਅਲਵਿਦਾ ਕਹਿਣ ਦੀ ਇੱਕ ਵੱਡੀ ਧਮਕੀ ਦੇ ਛੱਡੀ ਹੈ।

ਸਿਰਫ਼ ਨਵਜੋਤ ਸਿੰਘ ਸਿੱਧੂ ਹੀ ਨਹੀਂ ਬਲਕਿ ਉਨ੍ਹਾਂ ਦੀ ਧਰਮ ਪਤਨੀ ਨਵਜੋਤ ਕੌਰ ਸਿੱਧੂ ਵੀ ਕਾਂਗਰਸ ਲਈ ਮੁਸੀਬਤਾਂ ਖੜੀਆਂ ਕਰ ਸਕਦੇ ਨੇ, ਮੈਡਮ ਸਿੱਧੂ ਨੇ ਕੈਪਟਨ ਦੇ ਕਲੀਨ ਸਵੀਪ ਦੇ ਦਾਅਵੇ ਨੂੰ ਸਿਰੇ ਤੋਂ ਖ਼ਾਰਜ ਕੀਤਾ ਏ ਅਤੇ ਸਰਕਾਰ ਦੀ ਕਾਰਗੁਜ਼ਾਰੀ ‘ਤੇ ਹੀ ਸਵਾਲੀਆ ਨਿਸ਼ਾਨ ਖੜੇ ਕਰ ਦਿੱਤੇ।

ਮਾਮਲਾ ਹਾਈਕਮਾਨ ਤੱਕ ਪੁੱਜਿਆ ਜਾਪਦਾ ਏ, ਤਾਂ ਹੀ ਸਿੱਧੂ ਦੇ ਸ਼ਬਦਾਂ ਦੀ ਤਲਖ਼ੀ ਭਾਂਬੜ ਬਣ ਕੇ ਸਟੇਜਾਂ ਤੋਂ ਮੱਚਦੀ ਨਜ਼ਰ ਆ ਰਹੀ ਹੈ। ਬੱਸ ਦੇਖਣਾ ਹੋਵੇਗਾ ਕਿ ਹਾਈਕਮਾਨ ਤੋਂ ਕੈਪਟਨ ਨੂੰ ਬੇਅਦਬੀਆਂ ਦੇ ਮਸਲੇ ‘ਤੇ ਕੁੱਝ ਹੁਕਮ ਆਉਂਦੇ ਜਾਂ ਫਿਰ ਸਿੱਧੂ ਗੁਰੂ ਦੇ ਮਸਲੇ ‘ਤੇ ਕਾਂਗਰਸ ਨੂੰ ਅਲਵਿਦਾ ਕਹਿਣਗੇ। ਇਸ ਦੇ ਨਾਲ ਹੀ ਦੇਖਣਾ ਇਹ ਵੀ ਦਿਲਚਸਪ ਹੋਵੇਗਾ ਕਿ ਕੈਪਟਨ ਇਸ ਫਰੈਂਡਲੀ ਮੈਚ ਦੇ ਬਿਆਨ ਨੂੰ ਕਿਸ ਤਰਾ ਲੈਂਦੇ ਅਤੇ ਕੀ ਪ੍ਰਤੀਕਰਮ ਦਿੰਦੇ ਹਨ। ਸਿੱਧੂ ਦੀ ਇਹ ਭੜਾਸ ਬੇਅਦਬੀ ਦੇ ਦੋਸ਼ੀਆਂ ਨੂੰ ਸਲਾਖ਼ਾਂ ਪਿੱਛੇ ਨਾ ਪਹੁੰਚਾਉਣ ਕਰ ਕੇ ਨਿਕਲੀ ਹੈ।

Posted in: ਪੰਜਾਬ