ਬਰਗਾੜੀ ਮੋਰਚਾ ਚੁੱਕਣਾ ਮੰਡ ਦੀ ਵੱਡੀ ਗ਼ਲਤੀ: ਦਾਦੂਵਾਲ

By May 17, 2019


ਬਲਜੀਤ ਸਿੰਘ ਦਾਦੂਵਾਲ ਨੇ ਆਗਾਮੀ 19 ਮਈ ਨੂੰ ਹੋਣ ਜਾ ਰਹੀਆਂ ਲੋਕ ਸਭਾ ਚੋਣਾਂ ’ਚ ਬਾਦਲ ਪਰਿਵਾਰ ਨੂੰ ਹਰਾਉਣ ਦਾ ਸੱਦਾ ਦਿੱਤਾ ਹੈ। ਅੱਜ ਬਠਿੰਡਾ ’ਚ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਥੇਦਾਰ ਦਾਦੂਵਾਲ ਨੇ ਐਲਾਨ ਕੀਤਾ ਕਿ ਉਹ ਅੱਜ ਅਕਾਲੀ ਦਲ ਦੇ ਉਮੀਦਵਾਰਾਂ ਨੂੰ ਹਰਾਉਣ ਦਾ ਸੱਦਾ ਦਿੰਦੇ ਹਨ।

ਉਨ੍ਹਾਂ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਉਸ ਉਮੀਦਵਾਰ ਨੂੰ ਵੋਟ ਪਾਉਣ, ਜਿਹੜਾ ਅਕਾਲੀ ਉਮੀਦਵਾਰ ਨੂੰ ਹਰਾਉਣ ਦੀ ਸਮਰੱਥਾ ਰੱਖਦਾ ਹੋਵੇ, ਭਾਵੇਂ ਉਹ ਉਮੀਦਵਾਰ ਕਿਸੇ ਵੀ ਪਾਰਟੀ ਦਾ ਹੋਵੇ। ਉਨ੍ਹਾਂ ਕਿਹਾ ਕਿ ਬਰਗਾੜੀ ਮੋਰਚਾ ਚੁੱਕਣਾ ਭਾਈ ਮੰਡ ਦੀ ਵੱਡੀ ਗ਼ਲਤੀ ਸੀ ਅਤੇ ਇਸ ਬਾਰੇ ਲੋਕ ਵਿਦੇਸ਼ਾਂ ਵਿਚੋਂ ਉਸ ਨੂੰ ਸਵਾਲ ਕਰਦੇ ਹਨ। ਜੇਕਰ ਬਰਗਾੜੀ ਮੋਰਚਾ ਅੱਜ ਲੱਗਾ ਹੁੰਦਾ ਤਾਂ ਪੰਜਾਬ ਦੀ ਸਥਿਤੀ ਕੁਝ ਹੋਰ ਹੋਣੀ ਸੀ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਬਾਦਲ ਨੂੰ ਪੰਜਾਬ ਦੀ ਸਿਆਸਤ ਤੋਂ ਭਜਾਉਣ ਲਈ ਇਸ ਤੋਂ ਵਧੀਆ ਮੌਕਾ ਨਹੀਂ ਹੋ ਸਕਦਾ ਤੇ ਇਸ ਤੋਂ ਬਾਅਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਚੋਣਾਂ ਵਿੱਚ ਬਾਦਲ ਪਰਿਵਾਰ ਦਾ ਕਬਜ਼ਾ ਖ਼ਤਮ ਕੀਤਾ ਜਾਵੇਗਾ।

ਭਾਈ ਦਾਦੂਵਾਲ ਨੇ ਕਿਹਾ ਕਿ ਬਾਦਲ ਪਰਿਵਾਰ ਦੇ ਰਾਜ ਵਿੱਚ ਬਰਗਾੜੀ ਅਤੇ ਹੋਰ ਬਹੁਤ ਥਾਵਾਂ ’ਤੇ ਗੁਰੂ ਗ੍ਰੰਥ ਸਾਹਿਬ ਸਮੇਤ ਹੋਰ ਧਾਰਮਿਕ ਗ੍ਰੰਥਾਂ ਦੀ ਸ਼ਰਾਰਤੀ ਲੋਕਾਂ ਵੱਲੋਂ ਬੇਅਦਬੀ ਕੀਤੀ ਗਈ ਪਰ ਤਤਕਾਲੀ ਅਕਾਲੀ ਸਰਕਾਰ ਨੇ ਉਨ੍ਹਾਂ ਵਿਰੁੱਧ ਕਾਰਵਾਈ ਕਰਨ ਦੀ ਥਾਂ ਕਸੂਰਵਾਰਾਂ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ।

ਇਸ ਤੋਂ ਇਲਾਵਾ ਇਨਸਾਫ਼ ਮੰਗਦੇ ਸਿੱਖਾਂ ’ਤੇ ਕੋਟਕਪੂਰਾ ਤੇ ਬਹਿਬਲ਼ ਕਲਾਂ ਵਿਚ ਗੋਲੀਆਂ ਚਲਾ ਦਿੱਤੀਆਂ, ਜਿਸ ’ਚ ਦੋ ਸਿੱਖ ਸ਼ਹੀਦ ਹੋ ਗਏ ਸਨ। ਜਥੇਦਾਰ ਦਾਦੂਵਾਲ ਨੇ ਕਿਹਾ ਕਿ ਸੌਦਾ ਸਾਧ ਨੂੰ ਮੁਆਫ਼ੀ ਦੇਣ ਦੇ ਫ਼ੈਸਲੇ ਨੂੰ ਸਹੀ ਸਾਬਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੋਂ ਲੱਖਾਂ ਦੇ ਇਸ਼ਤਿਹਾਰ ਦਿਵਾਏ ਗਏ। ਇਸੇ ਤਰ੍ਹਾਂ ਤਖ਼ਤ ਸਾਹਿਬਾਨ ਦੇ ਜਥੇਦਾਰਾਂ ਦੀਆਂ ਮਨਮਰਜ਼ੀਆਂ ਨਾਲ ਨਿਯੁਕਤੀਆਂ ਕਰ ਕੇ ਅਤੇ ਸ਼੍ਰੋਮਣੀ ਕਮੇਟੀ ਤੇ ਕਬਜ਼ਾ ਕਰ ਕੇ ਉਸ ਦੀ ਦੁਰਵਰਤੋਂ ਕੀਤੀ।