ਹਰਸਿਮਰਤ ਬਾਦਲ ਨੇ ਕੀਤੀ ਪ੍ਰਿਯੰਕਾ ਗਾਂਧੀ ਦੀ ਰੀਸ- ਧੀ ਤੋਂ ਬਣੀ ਪੰਜਾਬ ਦੀ ਨੂੰਹ

By May 16, 2019


ਕਹਿੰਦੇ ਨੇ ਵੋਟਾਂ ਵੇਲੇ ਲੀਡਰ ਰੰਗ ਹੀ ਨਹੀਂ ਬਦਲਦੇ, ਰਿਸ਼ਤੇ ਬਦਲਣ ਲੱਗੇ ਵੀ ਸਮਾਂ ਨਹੀਂ ਲਗਾਉਂਦੇ। ਇਸ ਗੱਲ ਦਾ ਪ੍ਰਤੱਖ ਪ੍ਰਮਾਣ ਅੱਜ ਮੌੜ ਵਿਖੇ ਆਪਣੇ ਲਈ ਵੋਟਾਂ ਮੰਗ ਰਹੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਦਿੱਤਾ। ਅੱਜ ਹਰਸਿਮਰਤ ਕੌਰ ਬਾਦਲ ਦੇ ਹੱਕ ਵਿੱਚ ਬਾਲੀਵੁੱਡ ਸਟਾਰ ਹੇਮਾ ਮਾਲਿਨੀ ਰੋਡ ਸ਼ੋਅ ਕਰ ਰਹੇ ਸਨ।

ਇਹ ਰੋਡ ਸ਼ੋਅ ਜਦੋਂ ਮੌੜ ਪਹੁੰਚਿਆ ਤਾਂ ਮੌੜ ਵਾਸੀਆਂ ਨੂੰ ਸੰਬੋਧਨ ਕਰਨ ਲਈ ਜਦੋਂ ਬੀਬੀ ਹਰਸਿਮਰਤ ਕੌਰ ਬਾਦਲ ਆਏ ਤਾਂ ਉਨ੍ਹਾਂ ਨੇ ਹੇਮਾ ਮਾਲਿਨੀ ਅਤੇ ਆਪਣੇ ਵੱਲ ਇਸ਼ਾਰਾ ਕਰਦਿਆਂ ਕਿਹਾ ਕਿ ਮੌੜ ਵਾਲਿਓਂ ਇਸ ਵਾਰ ਪੰਜਾਬ ਦੀਆਂ ਦੋਵੇਂ ਨੂੰਹਾਂ ਨੂੰ ਜਿਤਾਓ। ਦੱਸਦੇ ਚਲੀਏ ਕਿ ਹੁਣ ਤੱਕ ਬੀਬੀ ਬਾਦਲ ਆਪਣੇ ਆਪ ਨੂੰ ਪੰਜਾਬ ਦੀ ਧੀ ਕਹਿ ਕੇ ਸੰਬੋਧਨ ਕਰਦੇ ਆਏ ਹਨ।

ਅੱਜ ਮੌੜ ਵਿਖੇ ਹੇਮਾ ਮਾਲਿਨੀ ਨੂੰ ਵੇਖ ਕੇ ਸ਼ਾਇਦ ਉਨ੍ਹਾਂ ਦਾ ਮਨ ਬਦਲ ਗਿਆ ਤੇ ਵੋਟਾਂ ਲਈ ਪੰਜਾਬ ਨਾਲ ਰਿਸ਼ਤਾ ਵੀ ਬਦਲ ਲਿਆ। ਬਠਿੰਡਾ ਦੇ ਲੋਕ ਉਨ੍ਹਾਂ ਨੂੰ ਨੂੰਹ ਵਜੋਂ ਸਵੀਕਾਰ ਕਰਦੇ ਹਨ ਜਾਂ ਨਹੀਂ ਇਹ ਤਾਂ 23 ਮਈ ਹੀ ਦੱਸੂ ਪਰ ਇਹ ਜ਼ਰੂਰ ਪ੍ਰਤੱਖ ਹੋ ਗਿਆ ਕਿ ਲੀਡਰ ਵੋਟਾਂ ਲਈ ਕੁਝ ਵੀ ਕਰਦੇ ਨੇ ਤੇ ਕੁਝ ਵੀ ਕਹਿੰਦੇ ਨੇ।

Posted in: ਪੰਜਾਬ