ਮਹਿਲਾ ਸਿਪਾਹੀ ਤੋਂ ਪ੍ਰੇਸ਼ਾਨ ਨੌਜਵਾਨ ਨੇ ਜ਼ਹਿਰ ਨਿਗਲਿਆ

By May 16, 2019


ਖੰਨਾ -ਇੱਥੇ ਆਨੰਦ ਨਗਰ ਵਿਚ ਰਹਿੰਦੀ ਪੰਜਾਬ ਪੁਲੀਸ ਦੀ ਮਹਿਲਾ ਸਿਪਾਹੀ ਤੋਂ ਦੁਖੀ ਹੋ ਕੇ ਮੁਹੱਲੇ ਦੇ ਹੀ ਵਸਨੀਕ ਕਰਨ (26) ਨਾਂ ਦੇ ਨੌਜਵਾਨ ਨੇ ਜ਼ਹਿਰ ਖਾ ਲਿਆ। ਕਰਨ ਦੀ ਹਾਲਤ ਨਾਜ਼ੁਕ ਹੋਣ ਕਰਕੇ ਉਸ ਨੂੰ ਖੰਨਾ ਤੋਂ ਪਟਿਆਲਾ ਰੈਫਰ ਕੀਤਾ ਗਿਆ ਹੈ।

ਪ੍ਰਾਪਤ ਜਾਣਕਾਰੀ ਅਨੁਸਾਰ ਕਾਂਸਟੇਬਲ ਨਵਦੀਪ ਕੌਰ ਪਟਿਆਲਾ ਵਿਚ ਤਾਇਨਾਤ ਹੈ। ਉਸ ਦਾ ਪਤੀ ਕੈਨੇਡਾ ਰਹਿੰਦਾ ਹੈ ਤੇ ਉਹ ਆਪਣੀ ਸੱਸ ਤੇ ਦੋ ਬੱਚਿਆਂ ਨਾਲ ਆਨੰਦ ਨਗਰ ਵਿਚ ਰਹਿੰਦੀ ਹੈ। ਉਸ ਨੇ ਬੱਚਿਆਂ ਦੀ ਦੇਖਭਾਲ ਲਈ ਆਪਣੇ ਪੇਕੇ ਘਰ ਕੋਟਕਪੂਰਾ ਤੋਂ ਇਕ ਲੜਕੀ ਨੂੰ ਇੱਥੇ ਲਿਆਂਦਾ ਹੋਇਆ ਸੀ। ਕੁਝ ਦਿਨ ਪਹਿਲਾਂ ਨਵਦੀਪ ਕੌਰ ਦੇ ਘਰੋਂ ਸੋਨੇ-ਚਾਂਦੀ ਦੇ ਗਹਿਣਿਆਂ, ਪਾਸਪੋਰਟ ਤੇ ਹੋਰ ਜ਼ਰੂਰੀ ਕਾਗਜ਼ਾਤ ਵਾਲਾ ਬੈਗ ਚੋਰੀ ਹੋ ਗਿਆ। ਨਵਦੀਪ ਨੇ ਬੱਚਿਆਂ ਦੀ ਦੇਖਭਾਲ ਲਈ ਰੱਖੀ ਲੜਕੀ ਦੇ ਸਬੰਧ ਕਰਨ ਨਾਲ ਹੋਣ ਕਰਕੇ ਦੋਵਾਂ ਉੱਪਰ ਚੋਰੀ ਕਰਨ ਦਾ ਸ਼ੱਕ ਜਤਾਇਆ ਸੀ। ਇਸ ਸਬੰਧੀ ਸਿਟੀ ਥਾਣਾ 2 ਵਿਚ ਸ਼ਿਕਾਇਤ ਵੀ ਦਿੱਤੀ ਗਈ। ਪੁਲੀਸ ਨੇ ਕਰਨ ਨੂੰ ਥਾਣੇ ਬੁਲਾ ਕੇ ਤਾੜਿਆ ਅਤੇ 24 ਮਈ ਤਕ ਚੋਰੀ ਦਾ ਸਾਮਾਨ ਹਰ ਹਾਲਤ ਵਿਚ ਵਾਪਸ ਕਰਨ ਦੀ ਗੱਲ ਆਖੀ।

ਪੁਲੀਸ ਦੇ ਇਸ ਰਵੱਈਏ ਤੋਂ ਕਰਨ ਡਰ ਗਿਆ ਅਤੇ ਉਸ ਨੇ ਬੀਤੀ ਰਾਤ ਘਰ ਵਿਚ ਪਈ ਜ਼ਹਿਰੀਲੀ ਦਵਾਈ ਨਿਗਲ ਲਈ। ਹਾਲਤ ਖ਼ਰਾਬ ਹੋਣ ’ਤੇ ਪਰਿਵਾਰ ਨੇ ਕਰਨ ਨੂੰ ਪਹਿਲਾਂ ਇਕ ਨਿੱਜੀ ਹਸਪਤਾਲ ਦਾਖ਼ਲ ਕਰਾਇਆ, ਜਿੱਥੋਂ ਉਸ ਨੂੰ ਸਰਕਾਰੀ ਹਸਪਤਾਲ ਭੇਜਿਆ ਗਿਆ। ਡਾਕਟਰਾਂ ਨੇ ਉਸ ਨੂੰ ਰਾਜਿੰਦਰਾ ਹਸਪਤਾਲ ਪਟਿਆਲਾ ਭੇਜ ਦਿੱਤਾ।
ਕਰਨ ਦੀ ਭੈਣ ਪ੍ਰੀਤੀ ਨੇ ਕਿਹਾ ਕਿ ਨਵਦੀਪ ਕੌਰ ਤੇ ਪੁਲੀਸ ਨੇ ਉਨ੍ਹਾਂ ਨੂੰ ਡਰਾਇਆ ਧਮਕਾਇਆ ਅਤੇ ਉਨ੍ਹਾਂ ਉੱਪਰ ਚੋਰੀ ਮੰਨਣ ਦਾ ਕਥਿਤ ਦਬਾਅ ਪਾਇਆ ਜਾ ਰਿਹਾ ਹੈ ਜਦੋਂਕਿ ਉਨ੍ਹਾਂ ਦਾ ਚੋਰੀ ਨਾਲ ਕੋਈ ਸਬੰਧ ਨਹੀਂ ਹੈ। ਸਿਟੀ ਥਾਣਾ 2 ਦੇ ਐੱਸਐੱਚਓ ਦਵਿੰਦਰ ਸਿੰਘ ਨੇ ਕਿਹਾ ਕਿ ਲੜਕੇ ਦੇ ਬਿਆਨ ਲੈਣ ਲਈ ਏਐੱਸਆਈ ਪ੍ਰਮੋਦ ਕੁਮਾਰ ਨੂੰ ਭੇਜਿਆ ਗਿਆ ਹੈ। ਬਿਆਨ ਮਗਰੋਂ ਪੜਤਾਲ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ।

Posted in: ਪੰਜਾਬ