Breaking News
Home / ਪੰਜਾਬ / ਹੇਮਾ ਮਾਲਿਨੀ ਨੇ ਮੰਗੀਆਂ ਹਰਸਿਮਰਤ ਬਾਦਲ ਲਈ ਵੋਟਾਂ

ਹੇਮਾ ਮਾਲਿਨੀ ਨੇ ਮੰਗੀਆਂ ਹਰਸਿਮਰਤ ਬਾਦਲ ਲਈ ਵੋਟਾਂ

ਪੰਜਾਬ ਦੇ ਦੰਗਲ ‘ਚ ਬਾਲੀਵੁੱਡ ਅਦਾਕਾਰਾ ਤੇ ਬੀਜੇਪੀ ਆਗੂ ਹੇਮਾ ਮਾਲਿਨੀ ਉਤਰੇ ਹਨ। ਮਾਨਸਾ ‘ਚ ਹਰਸਿਮਰਤ ਬਾਦਲ ਲਈ ਰੋਡ ਸ਼ੋਅ ਕਰ ਰਹੇ ਹਨ। ਸੰਨੀ ਦਿਓਲ ਵੀ ਪ੍ਰਚਾਰ ਕਰਨਗੇ।ਗਲੀ-ਮੁਹੱਲੇ ਇੱਕੋ ਹੀ ਸੁਆਲ ਹੈ, ਬਠਿੰਡੇ ਤੋਂ ਕੌਣ ਜਿੱਤੂ ? ਹਵਾ ਦਾ ਰੁਖ਼ ਕੀਹਦੇ ਵੱਲ ਹੈ ? ਵੋਟਾਂ ਪੈਣ ’ਚ ਸਿਰਫ਼ ਚਾਰ ਦਿਨ ਬਾਕੀ ਹਨ। ਬਾਦਲਾਂ ਦਾ ਸਿਆਸੀ ਗੱਡਾ ਚਿੱਕੜ ’ਚ ਫਸਿਆ ਜਾਪਦਾ ਹੈ। ਰਾਜਾ ਵੜਿੰਗ ਨੂੰ ਵੀ ਧੁੜਕੂ ਲੱਗਾ ਹੋਇਆ ਹੈ। ਨਵਜੋਤ ਸਿੱਧੂ ਦੇ ਸਿਆਸੀ ਲਲਕਾਰੇ ਨੇ ਸਾਹ ਸੂਤੇ ਹਨ। ਤਾਹੀਓਂ 16 ਮਈ ਨੂੰ ਹਰਸਿਮਰਤ ਦੀ ਹਮਾਇਤ ’ਚ ਸਨੀ ਦਿਓਲ ਰੋਡ ਸ਼ੋਅ ਕਰੇਗਾ। ਭਲਕੇ 16 ਮਈ ਨੂੰ ਹੀ ਅਦਾਕਾਰ ਅਤੇ ਭਾਜਪਾ ਆਗੂ ਹੇਮਾ ਮਾਲਿਨੀ ਵਲੋਂ ਸਰਦੂਲਗੜ੍ਹ ਵਿਚ ਰੈਲੀ ਅਤੇ ਮਾਨਸਾ ਵਿਚ ਰੋਡ ਸ਼ੋਅ ਕੀਤੇ ਜਾਣਗੇ। ਚੋਣ ਪ੍ਰਚਾਰ ਦੇ ਆਖ਼ਰੀ ਦਿਨ 17 ਮਈ ਨੂੰ ਬਠਿੰਡਾ ਹਲਕੇ ’ਚ ਨਵਜੋਤ ਸਿੱਧੂ ਦਾ ਰੋਡ ਸ਼ੋਅ ਹੋਵੇਗਾ। ਸਨੀ ਦਿਓਲ ਤੇ ਨਵਜੋਤ ਸਿੱਧੂ ਕਿੰਨਾ ਕੁ ਭਾਰੀ ਪੈਂਦਾ ਹੈ, ਇਸ ਉੱਤੇ ਵੀ ਕਾਫ਼ੀ ਕੁੱਝ ਨਿਰਭਰ ਕਰੇਗਾ। ਕੁੱਝ ਦਿਨ ਪਹਿਲਾਂ ਤੱਕ ਸਿਆਸੀ ਗਿਣਤੀਆਂ ਮਿਣਤੀਆਂ ’ਚ ਹਰਸਿਮਰਤ ਕੌਰ ਬਾਦਲ ਅੱਗੇ ਸਨ, ਹੁਣ ਫ਼ਰਕ ਮੀਟਰਾਂ ਦਾ ਨਹੀਂ, ਸੂਤਾਂ ਦਾ ਰਹਿ ਗਿਆ ਹੈ।

ਬਠਿੰਡਾ ਸੰਸਦੀ ਹਲਕੇ ’ਚ ਨੌ ਵਿਧਾਨ ਸਭਾ ਹਲਕੇ ਪੈਂਦੇ ਹਨ। ਵਿਧਾਨ ਸਭਾ ਚੋਣਾਂ ’ਚ ਪੰਜ ਹਲਕਿਆਂ ’ਚ ‘ਆਪ’, ਦੋ ’ਚ ਕਾਂਗਰਸ ਤੇ ਦੋ ਹਲਕਿਆਂ ’ਚ ਅਕਾਲੀ ਦਲ ਜੇਤੂ ਰਿਹਾ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬਠਿੰਡਾ ਰੈਲੀ ਮੌਸਮ ਦੀ ਖਰਾਬੀ ਕਰਕੇ ਪੁਰਾਣਾ ਰੰਗ ਨਹੀਂ ਬੰਨ੍ਹ ਸਕੀ। ਮਗਰੋਂ ਪ੍ਰਿਯੰਕਾ ਗਾਂਧੀ ਨੇ ਰੈਲੀ ਕੀਤੀ। ਦੋਵਾਂ ਦੇ ਇਕੱਠ ’ਚ ਕੋਈ ਵੱਡਾ ਫਰਕ ਨਹੀਂ ਸੀ। ਸਿਰਫ਼ ਜਲੌਅ ਦੇ ਜਲਵੇ ਦਾ ਵਖਰੇਵਾਂ ਦਿਖਿਆ। ਕੈਪਟਨ ਅਮਰਿੰਦਰ ਦੇ ਸਿਆਸੀ ਹਾਵ-ਭਾਵ ਤੋਂ ਲੋਕ ਠੀਕ ਅੰਦਾਜ਼ੇ ਨਹੀਂ ਲਗਾ ਰਹੇ। ਬੇਅਦਬੀ ਮਾਮਲੇ ਕਾਰਨ ਅਕਾਲੀ ਦਲ ਦਾ ਸਿਆਸੀ ਦਮ ਘੁੱਟਣ ਲੱਗਾ ਹੈ। ਜਦੋਂ ਕਾਂਗਰਸੀ ਬੇਅਦਬੀ ਦੀ ਗੱਲ ਕਰਦੇ ਸਨ ਤਾਂ ਅਕਾਲੀ ਦਰਬਾਰ ਸਾਹਿਬ ਤੇ ਹੋਏ ਹਮਲੇ ਨਾਲ ਗੱਲ ਦੀ ਕਾਟ ਕਰਦੇ ਸਨ।

ਚੋਣਾਂ ਤੋਂ ਚਾਰ ਦਿਨ ਪਹਿਲਾਂ ਹਰਸਿਮਰਤ ਕੌਰ ਬਾਦਲ ਨੂੰ ਅੱਜ ਏਦਾਂ ਦਾ ਪੈਂਤੜਾ ਲੈਣਾ ਪਿਆ ਹੈ ਕਿ ਵਾਈਰਲ ਵੀਡੀਓ ’ਚ ਬੀਬੀ ਬਾਦਲ ਆਖ ਰਹੇ ਹਨ,‘ ਮੈਂ ਗੁਰੂ ਸਾਹਿਬ ਅੱਗੇ ਦੋਵੇਂ ਹੱਥ ਜੋੜ ਕੇ ਅਰਦਾਸ ਕਰਦੀ ਹਾਂ ਕਿ ਜਿਸ ਨੇ ਵੀ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬੇਅਦਬੀ ਕੀਤੀ ਅਤੇ ਜੋ ਵੀ ਇਸ ’ਤੇ ਰਾਜਨੀਤੀ ਕਰ ਰਹੇ ਹਨ, ਉਨ੍ਹਾਂ ਦਾ ਕੱਖ ਨਾ ਰਹੇ।’ ਮੋਗਾ ’ਚ ਕੁੱਝ ਦਿਨ ਪਹਿਲਾਂ ਸੁਖਬੀਰ ਬਾਦਲ ਨੇ ਵੀ ਇਸ ਤਰ੍ਹਾਂ ਆਖਿਆ ਸੀ। ਬਾਦਲਾਂ ਦੀ ਇਹ ਬੇਨਤੀ ਪਿੰਡਾਂ ਵਿੱਚ ਕਿਸੇ ਹੱਦ ਤੱਕ ਠੰਢਾ ਵੀ ਛਿੜਕਦੀ ਹੈ। ਪੰਥਕ ਧਿਰਾਂ, ਕਿਸਾਨ ਯੂਨੀਅਨ ਤੇ ਭੁੱਲਰ ਭਾਈਚਾਰੇ ਵੱਲੋਂ ਕੀਤਾ ਵਿਰੋਧ ਅਕਾਲੀ ਦਲ ਨੂੰ ਭਾਰੀ ਪੈਣ ਲੱਗਾ ਹੈ।

ਵੱਡੇ ਬਾਦਲ ਐਤਕੀਂ ਬਠਿੰਡਾ ਸ਼ਹਿਰ ਵਿੱਚ ਬਹੁਤਾ ਨਹੀਂ ਆਏ। ਪਿੰਡਾਂ ’ਤੇ ਹੀ ਧਿਆਨ ਦੇ ਰਹੇ ਹਨ। ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਪੂਰੀ ਟੀਮ ਸਮੇਤ ਪੁੱਜੇ ਹੋਏ ਹਨ। ਰੁੱਸਿਆਂ ਨੂੰ ਨਾਲ ਤੋਰਨ ’ਚ ਅਕਾਲੀ ਕਾਮਯਾਬ ਰਹੇ ਹਨ। ਬੇਅਦਬੀ ਅਤੇ ਸਥਾਪਤੀ ਵਿਰੋਧੀ ਹਵਾ ਠੱਲ੍ਹਣ ਲਈ ਅਕਾਲੀ ਦਲ ਕੋਈ ਕਸਰ ਬਾਕੀ ਨਹੀਂ ਛੱਡ ਰਿਹਾ। ਰਾਜਾ ਵੜਿੰਗ ਅਤੇ ਉਸ ਦੀ ਪਤਨੀ ਅੰਮ੍ਰਿਤਾ ਵੜਿੰਗ ਨੇ ਵੀ ਪ੍ਰਚਾਰ ਲਈ ਕੋਈ ਮੌਕਾ ਹੱਥੋਂ ਨਹੀਂ ਜਾਣ ਦਿੱਤਾ। ਪੰਜਾਬ ਏਕਤਾ ਪਾਰਟੀ ਦੇ ਸੁਖਪਾਲ ਸਿੰਘ ਖਹਿਰਾ ਦੇ ਸਰਗਰਮ ਚੋਣ ਪ੍ਰਚਾਰ ਨੇ ‘ਆਪ’ ਨੂੰ ਪਿਛਾਂਹ ਛੱਡ ਦਿੱਤਾ ਸੀ ਪਰ ਕੇਜਰੀਵਾਲ ਦੇ ਰੋਡ ਸ਼ੋਅ ਨੇ ਮਾਹੌਲ ਨੂੰ ਮੋੜਾ ਦਿੱਤਾ ਹੈ। ਇਸ ਪੜਾਅ ’ਤੇ ਟੱਕਰ ਮੁੱਖ ਧਿਰਾਂ ਵਿੱਚ ਹੀ ਉਭਰੀ ਜਾਪਦੀ ਹੈ।
ਦੇਖਿਆ ਗਿਆ ਕਿ ਸ਼ਹਿਰਾਂ ਵਿੱਚ ਨੋਟਬੰਦੀ ਤੇ ਜੀਐੱਸਟੀ ਦਾ ਥੋੜ੍ਹਾ ਅਸਰ ਹੈ। ਵੱਡਾ ਮਸਲਾ ਬੇਅਦਬੀ ਤੋਂ ਇਲਾਵਾ ਬੇਰੁਜ਼ਗਾਰੀ ਦਾ ਵੀ ਉਭਰਿਆ ਹੈ। ਕਿਸਾਨੀ ਵੋਟ ਬੈਂਕ ਅਹਿਮ ਭੂਮਿਕਾ ਨਿਭਾਏਗਾ। ਡੇਰਾ ਸਿਰਸਾ ਨੇ 18 ਮਈ ਦੀ ਰਾਤ ਨੂੰ ਫੈਸਲਾ ਕਰਨਾ ਹੈ। ਇੰਝ ਲੱਗਦਾ ਹੈ ਕਿ ਡੇਰਾ ਫੈਸਲਾ ਗੁਪਤ ਰੱਖੇਗਾ। ਕਾਂਗਰਸੀ ਉਮੀਦਵਾਰ ਵੜਿੰਗ ਦੀ ਜੜ੍ਹੀਂ ਜਿਹੜੇ ਕਾਂਗਰਸੀ ਅੰਦਰੋਂ ਤੇਲ ਦਿੰਦੇ ਲੱਗਦੇ ਹਨ, ਉਨ੍ਹਾਂ ਦੀ ਖਿਚਾਈ ਵੀ ਦੋ ਦਿਨ ਪਹਿਲਾਂ ਹਾਈਕਮਾਨ ਨੇ ਕਰ ਦਿੱਤੀ ਹੈ। ਆਖ਼ਰੀ ਪਲਾਂ ’ਚ ਪੈਸਾ ਵੀ ਰੰਗ ਦਿਖਾ ਸਕਦਾ ਹੈ।
ਇਸ ਚੋਣ ਵਿੱਖ ਬਾਦਲਾਂ ਨੂੰ ਵੱਡੀ ਆਸ ਹਲਕਾ ਲੰਬੀ ਤੇ ਸਰਦੂਲਗੜ੍ਹ ਤੋਂ ਹੈ। ਹਲਕਾ ਲੰਬੀ ਵਿੱਚ 2014 ਵਿੱਚ 34 ਹਜ਼ਾਰ ਦੀ ਲੀਡ ਅਕਾਲੀ ਦਲ ਦੀ ਸੀ। ਬਠਿੰਡਾ (ਸ਼ਹਿਰੀ) ਤੋਂ ਕਾਂਗਰਸ ਦੀ ਕਰੀਬ 30 ਹਜ਼ਾਰ ਦੀ ਲੀਡ ਸੀ। ਅਕਾਲੀ ਦਲ ਦੀ ਕੁੱਝ ਹਲਕਿਆਂ ਚੋਂ ਮਿਲਣ ਵਾਲੀ ਲੀਡ ਨੂੰ ਕਾਂਗਰਸ ਬਠਿੰਡਾ (ਸ਼ਹਿਰੀ) ਤੇ ਮਾਨਸਾ ਵਿਧਾਨ ਸਭਾ ਹਲਕੇ ਦੇ ਵੋਟ ਬੈਂਕ ਨਾਲ ਠੱਲ੍ਹਣ ਦੀ ਤਾਕ ਵਿੱਚ ਹੈ।

ਪਹਿਲੀ ਨਜ਼ਰੇ ਸ਼੍ਰੋਮਣੀ ਅਕਾਲੀ ਦਲ ਲੰਬੀ, ਸਰਦੂਲਗੜ੍ਹ, ਬਠਿੰਡਾ (ਦਿਹਾਤੀ) ਤੇ ਭੁੱਚੋ ਮੰਡੀ ਹਲਕੇ ’ਚ ਉਪਰ ਦਿਖ ਰਿਹਾ ਹੈ। ਕਾਂਗਰਸ ਦਾ ਬਠਿੰਡਾ (ਸ਼ਹਿਰੀ) , ਮਾਨਸਾ ਅਤੇ ਮੌੜ ’ਚ ਹੱਥ ਉਪਰ ਜਾ ਰਿਹਾ ਹੈ। ਤਲਵੰਡੀ ਸਾਬੋ ਤੇ ਬੁਢਲਾਡਾ ਹਲਕਿਆਂ ਵਿੱਚ ਮੈਚ ਫਸਵਾਂ ਹੈ। ਮੌੜ ਹਲਕੇ ’ਚ ਅਕਾਲੀ ਦਲ ਨੂੰ ਮੰਡੀ ਕਲਾਂ ਅਤੇ ਬਾਲਿਆਂਵਾਲੀ ਵਿੱਚ ਹੋਏ ਵਿਰੋਧ ਨੇ ਵੱਡੀ ਸਿਆਸੀ ਸੱਟ ਮਾਰੀ ਹੈ। ਕਾਲੀਆਂ ਝੰਡੀਆਂ ਅਤੇ ਸੁਆਲ ਅਕਾਲੀ ਦਲ ਦੇ ਰਾਹ ਦਾ ਰੋੜਾ ਬਣੇ ਹਨ। ਹੁਣ ਸੱਟਾ ਬਾਜ਼ਾਰ ਵਿੱਚ ਵੀ ਕਾਫ਼ੀ ਬਦਲਾਅ ਦਿਖਣ ਲੱਗਾ ਹੈ।ਅੱਜ ਦੀ ਘੜੀ ਕੋਈ ਵੀ ਜਿੱਤ ਦਾ ਦਾਅਵਾ ਨਹੀਂ ਕਰ ਸਕਦਾ। ਮਾਨਸਾ ਤੇ ਬੁਢਲਾਡਾ ਹਲਕਿਆਂ ਵਿੱਚ ਹਰਸਿਮਰਤ ਦੇ ਬਾਹਰਲੇ ਲਫਟੈਣਾਂ ਨੇ ਢਾਹ ਲਾਈ ਹੈ। ਚਰਚੇ ਨੇ ਕਿ ਜਿਸ ਰਾਜੇ ਵੜਿੰਗ ਨੂੰ ਮੁੱਢਲੇ ਪੜਾਅ ’ਤੇ ਬਲਦੀ ਅੱਗ ਵਿੱਚ ਸੁੱਟਿਆ ਗਿਆ ਸੀ, ਉਹੀ ਰਾਜਾ ਹੁਣ ਟੱਕਰ ਵਿੱਚ ਖੜ੍ਹਾ ਹੋ ਗਿਆ ਹੈ। ਪਹਿਲੀ ਦਫਾ ਹੈ ਕਿ ਬਠਿੰਡਾ ਦੀ ਹਾਟ ਸੀਟ ’ਤੇ ਕੁੱਝ ਵੀ ਸੰਭਵ ਹੈ।

ਭੰਮੇ ਕਲਾਂ ਦੇ ਖੇਤਾਂ ’ਚ ਜਦੋਂ ਗੱਗੀ ਨਾਂਅ ਦੇ ਨੌਜਵਾਨ ਨੂੰ ਪੁੱਛਿਆ, ਕਾਹਦੀ ਚੋਣ ਹੋ ਰਹੀ ਹੈ ਤੇ ਕਿਸ ਨੂੰ ਵੋਟਾਂ ਪਾਵੋਗੇ, ਜੁਆਬ ਮਿਲਿਆ ‘ ਮੈਨੂੰ ਤਾਂ ਕਾਸੇ ਦਾ ਨੀਂ ਪਤਾ, ਐਂ ਜੀਅ ਕਰਦੈ ਕਿਸੇ ਨੂੰ ਨਾ ਪਾਈਏ ਵੋਟ, ਕੋਈ ਕੁਛ ਨਹੀਂ ਕਰਦਾ, ਮਿੱਟੀ ਨਾਲ ਮਿੱਟੀ ਹੋਈ ਜਾਂਦੇ ਹਾਂ, ਨਰਮਾ ਕਰੰਡ ਹੋਇਆ ਪਿਐ।’ ਸਤਪਾਲ ਦਾ ਵੱਖਰਾ ਜੁਆਬ ਸੀ, ‘ਹਾਲੇ ਸਭ ਦੇ ਭਾਸ਼ਨ ਸੁਣੀ ਜਾਂਦੇ ਹਾਂ, ਜੋ ਜਵਾਨੀ ਬਾਰੇ ਸੋਚੂ, ਉਸ ਦਾ ਬਟਨ ਦੱਬਾਂਗੇ’। ਅੰਮ੍ਰਿਤਧਾਰੀ ਭੋਲਾ ਸਿੰਘ ਆਖਦਾ ਹੈ ਕਿ ਕਿਸੇ ਨੇ ਲੋਕਾਂ ਦਾ ਕੁੱਝ ਨਹੀਂ ਕੀਤਾ।

Check Also

ਵਾਇਰਲ ਆਡੀਉ- ਐਨ.ਆਰ.ਆਈ ਨੇ ਮੰਗਿਆ ਗੋਲਡੀ ਕੋਲੋਂ ਹਿਸਾਬ

ਦਬੜੂ ਘੁਸੜੂ N.G.O ਨੇ ਕੱਲ੍ਹ ਕੁਝ ਅਜੇਹੀਆਂ ਗੱਲਾਂ ਕਹੀਆਂ ਜਿਹੜੀਆਂ ਓਹਨਾਂ ਦੇ ਹੀ ਖਿਲਾਫ ਜਾਂਦੀਆਂ …

%d bloggers like this: