ਸਿੱਖ ਅਜੇ ਤੱਕ ਘੱਲੂਘਾਰਾ ਨੀ ਭੁੱਲੇ, ਬੇਅਦਬੀ ਨੂੰ ਕਿਵੇਂ ਭੁੱਲ ਸਕਦੇ ਹਨ -ਕੈਪਟਨ

By May 15, 2019


ਖਬਰ ਪੰਜਾਬੀ ਟ੍ਰਿਬਿਊਨ ਦੀ ਹੈ। ਕੈਪਟਨ ਨੇ ਸੁਖਬੀਰ ਬਾਦਲ ਅਤੇ ਵੱਡੇ ਬਾਦਲ ‘ਤੇ ਟਿੱਪਣੀ ਕਰਦਿਆਂ ਬੇਅਦਬੀਆਂ ਬਾਰੇ ਕਿਹਾ ਕਿ “ਸਿੱਖ ਅਜੇ ਤੱਕ ਘੱਲੂਘਾਰਾ ਨੀ ਭੁੱਲੇ, ਉਹ ਇਸ ਮੁੱਦੇ ਨੂੰ ਕਿਵੇਂ ਭੁੱਲ ਸਕਦੇ ਹਨ।” ਬਿਲਕੁਲ ਸਹੀ ਗੱਲ ਹੈ, ਗੱਲ ਭੁੱਲਣ ਵਾਲੀ ਹੈ ਹੀ ਨਹੀਂ।ਪਰ ਯਾਦ ਕਰਾ ਦਿਆਂ ਕਿ ਇਹੀ ਓਹੀ ਕੈਪਟਨ ਜੀ ਹਨ, ਜਿਹੜੇ ਗਾਂਧੀ ਕੇ ਟੱਬਰ ਦੀ ਲਾਈਨ ‘ਤੇ ਚਲਦਿਆਂ ਸਿੱਖਾਂ ਨੂੰ ਖੁਦ ਚੌਰਾਸੀ ਭੁੱਲ ਕੇ ਅਗਾਂਹ ਵਧਣ ਦੀ ਸਲਾਹ ਦਿੰਦੇ ਰਹੇ ਹਨ। ਆਸ ਹੈ ਕਿ ਉਹ ਭਵਿੱਖ ‘ਚ ਆਪਣੇ ਹੀ ਬਿਆਨ ਨੂੰ ਚੇਤੇ ‘ਚ ਵਸਾਈ ਰੱਖਣਗੇ ਕਿ ਸਿੱਖ ਕਦੇ ਵੀ ਹੋਈ ਵਧੀਕੀ ਨੂੰ ਭੁੱਲਦੇ ਨਹੀਂ। ………ਤੇ ਖੁਦ ਵੀ ਵਧੀਕੀਆਂ ਕਰਨ ਲੱਗਿਆਂ ਇਹ ਯਾਦ ਰੱਖਣਗੇ।
– ਗੁਰਪ੍ਰੀਤ ਸਿੰਘ ਸਹੋਤਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਕਿਹਾ ਕਿ ਪੰਜਾਬ ਵਿੱਚ ਜਿੱਥੇ ਕਿਤੇ ਵੀ ਬੇਅਦਬੀ ਦੀ ਘਟਨਾ ਵਾਪਰਦੀ ਤਾਂ ਉਹ ਉਹਦਾ ਡਟ ਕੇ ਵਿਰੋਧ ਕਰਦੇ ਹਨ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਲਗਦਾ ਹੈ ਕਿ ਉਹ ਬੇਅਦਬੀ ਦੇ ਮਾਮਲਿਆਂ ਤੋਂ ਬਚ ਨਿਕਲਣਗੇ, ਪਰ ਇਹ ਉਨ੍ਹਾਂ ਦੀ ਗ਼ਲਤਫ਼ਹਿਮੀ ਹੈ। ਆਪਣੇ ਹੀ ਕੈਬਨਿਟ ਮੰਤਰੀ ਨਵਜੋਤ ਸਿੱਧੂ ’ਤੇ ਭੜਾਸ ਕੱਢਦਿਆਂ ਕੈਪਟਨ ਨੇ ਕਿਹਾ ਕਿ ਜੇਕਰ ਉਹ ਦੇਸ਼ ਭਰ ਵਿੱਚ ਕਾਂਗਰਸੀ ਉਮੀਦਵਾਰਾਂ ਲਈ ਪ੍ਰਚਾਰ ਕਰ ਸਕਦਾ ਹੈ ਤਾਂ ਇਥੇ ਪੰਜਾਬ ਵਿੱਚ ਪ੍ਰਚਾਰ ਲਈ ਉਸ ਨੂੰ ਕਿਸੇ ਨੇ ਨਹੀਂ ਡੱਕਿਆ। ਮੁੱਖ ਮੰਤਰੀ ਨੇ ਕਿਹਾ ਕਿ ਹੁਣ ਤਕ ਦੀ ਕਾਰਗੁਜ਼ਾਰੀ ਤੋਂ ਸਾਫ਼ ਹੈ ਕਿ ਕਾਂਗਰਸ ਕੇਂਦਰ ਵਿੱਚ ਹੋਰਨਾਂ ਭਾਈਵਾਲ ਪਾਰਟੀਆਂ ਨਾਲ ਸਰਕਾਰ ਬਣਾਏਗੀ। ਕੈਪਟਨ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਸੂਬੇ ਦਾ ਭਵਿੱਖੀ ਮੁੱਖ ਮੰਤਰੀ ਦੱਸਣ ਦੇ ਬਿਆਨ ਦੀ ਮੁੜ ਪੈਰਵੀ ਕੀਤੀ। ਮੁੱਖ ਮੰਤਰੀ ਇਥੇ ਵਿਸ਼ੇਸ਼ ਇੰਟਰਵਿਊ ਦੌਰਾਨ ਬੋਲ ਰਹੇ ਸਨ।

ਜੂਨ 1984 ਵਿੱਚ ਭਾਰਤੀ ਫੌਜ਼ੀ ਹਮਲੇ ਸਮੇ ਨੁਕਾਸਾਨੇ ਗਏ ਅਕਾਲ ਤਖਤ ਸਾਹਿਬ ਦੀ ਤਸਵੀਰ I


ਮੁੱਖ ਮੰਤਰੀ ਨੇ ਗਰਮਖਿਆਲੀਆਂ ਨਾਲ ਮਿਲੀਭੁਗਤ ਕਰਕੇ ਬੇਅਦਬੀ ਨੂੰ ਚੋਣ ਮੁੱਦਾ ਬਣਾਉਣ ਦੇ ਅਕਾਲੀ ਦਲ ਵੱਲੋਂ ਲਾਏ ਦੋਸ਼ਾਂ ਦਾ ਜਵਾਬ ਦਿੰਦਿਆਂ ਕਿਹਾ ਕਿ ‘ਸੁਖਬੀਰ ਇਹ ਗੱਲ ਸੁਣ ਲਏ, ਜਿੱਥੇ ਵੀ ਬੇਅਦਬੀ ਦਾ ਮਾਮਲਾ ਹੋਵੇਗਾ, ਮੈਂ ਉਸ ਦਾ ਡਟ ਕੇ ਵਿਰੋਧ ਕਰਾਂਗਾ।’ ਉਨ੍ਹਾਂ ਕਿਹਾ, ‘ਜੇ ਸੁਖਬੀਰ ਸੋਚਦਾ ਹੈ ਕਿ ਉਹ ਬੇਅਦਬੀ ਦੇ ਮਾਮਲਿਆਂ ਤੋਂ ਬਚ ਜਾਵੇਗਾ ਤਾਂ ਇਹ ਉਹਦੀ ਗ਼ਲਤਫ਼ਹਿਮੀ ਹੈ। ਮੈਂ ਇਸ ਮੁੱਦੇ ’ਤੇ ਉਸ ਦਾ ਸਭ ਤੋਂ ਵੱਧ ਵਿਰੋਧ ਕਰਾਂਗਾ।’ ਕੈਪਟਨ ਨੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਉਸ ਰਾਇ ਨੂੰ ਵੀ ਮੁੱਢੋਂ ਰੱਦ ਕਰ ਦਿੱਤਾ ਕਿ ਲੋਕ ਬੇਅਦਬੀ ਨੂੰ ਭੱਲ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਿੱਖ ਅਜੇ ਤਕ ਘੱਲੂਘਾਰਾ ਨੂੰ ਨਹੀਂ ਭੁੱਲੇ ਤਾਂ ਉਹ ਇਸ ਮੁੱਦੇ ਨੂੰ ਕਿਵੇਂ ਭੁੱਲ ਸਕਦੇ ਹਨ।