ਬਰਾਤੀਆਂ ਨੇ ਭਜਾ ਭਜਾ ਕੁੱਟੇ ਪੁਲਿਸ ਵਾਲੇ

By May 15, 2019


ਉੱਤਰ ਪ੍ਰਦੇਸ਼ ਦੇ ਹਰਦੋਈ ਜ਼ਿਲ੍ਹੇ ਵਿੱਚ ਸੁਰੱਖਿਆ ਥਾਣਾ ਖੇਤਰ ਦੇ ਪਿੰਡ ਮਲੀਹਾਬਾਦ ਵਿੱਚ ਬੀਤੀ ਰਾਤ ਬਰਾਤੀਆਂ ਤੇ ਕੁੜੀ ਵਾਲਿਆਂ ਦੀਆਂ ਦੋਵੇਂ ਧਿਰਾਂ ਵਿਚਾਲੇ ਕਿਸੇ ਗੱਲੋਂ ਬਹਿਸ ਹੋ ਗਈ। ਸੂਚਨਾ ਮਿਲਣ ਉੱਤੇ ਪੁੱਜੀ ਪੁਲਿਸ ਨੇ ਵਿਵਾਦ ਸ਼ਾਂਤ ਕਰਵਾਉਣ ਦਾ ਜਤਨ ਕੀਤਾ, ਤਾਂ ਬਰਾਤੀਆਂ ਨੇ ਪੁਲਿਸ ਪਾਰਟੀ ਉੱਤੇ ਹਮਲਾ ਬੋਲ ਦਿੱਤਾ। ਥਾਣੇਦਾਰ ਤੇ ਦੋ ਸਿਪਾਹੀਆਂ ਨੂੰ ਭਜਾ–ਭਜਾ ਕੇ ਥੱਪੜਾਂ, ਘਸੁੰਨਾਂ ਤੇ ਠੁੱਡਿਆਂ ਨਾਲ ਕੁੱਟਿਆ।

ਮਹਿਲਾਬਾਦ ਨਿਵਾਸੀ ਇੱਕ ਕੁੜੀ ਦਾ ਬੁੱਧਵਾਰ ਨੂੰ ਵਿਆਹ ਸੀ। ਉਨਾਓ ਜ਼ਿਲ੍ਹੇ ਦੇ ਕਸਬਾ ਬਾਂਗਰਮਊ ਤੋਂ ਬਰਾਤ ਆਉਣ ਪਿੱਛੋਂ ਧੂਮਧਾਮ ਨਾਲ ਉਸ ਦਾ ਸੁਆਗਤ ਕੀਤਾ ਗਿਆ। ਬਰਾਤ ਵਿੱਚ ਸ਼ਾਮਲ ਕੁਝ ਵਿਅਕਤੀਆਂ ਨੇ ਬਹੁਤ ਜ਼ਿਆਦਾ ਨਸ਼ਾ ਕੀਤਾ ਹੋਇਆ ਸੀ। ਸ਼ਰੇਆਮ ਸ਼ਰਾਬ ਪੀਣ ਤੋਂ ਬਾਅਦ ਉਨ੍ਹਾਂ ਖਰੂਦ ਮਚਾਉਣਾ ਸ਼ੁਰੂ ਕਰ ਦਿੱਤਾ।

ਕੁਝ ਨਸ਼ੇੜੀ ਬਰਾਤੀਆਂ ਨੂੰ ਕੁੜੀ ਵਾਲਿਆਂ ਨੇ ਕੁੱਟਿਆ, ਤਾਂ ਉਨ੍ਹਾਂ ਯੂਪੀ 100 ਪੁਲਿਸ ਨੂੰ ਫ਼ੋਨ ਕਰ ਕੇ ਘਟਨਾ ਦੀ ਖ਼ਬਰ ਦਿੱਤੀ। ਇਸ ਉੱਤੇ ਪੁਲਿਸ ਮੌਕੇ ਉੱਤੇ ਪੁੱਜੀ। ਝਗੜ ਰਹੇ ਲੋਕਾਂ ਨੂੰ ਸ਼ਾਂਤ ਕਰਵਾਉਣਾ ਸ਼ੁਰੂ ਕੀਤਾ। ਇਸ ਦੌਰਾਨ ਕੁਝ ਨਸ਼ੇੜੀ ਬਰਾਤੀਆਂ ਨੇ ਪੁਲਿਸ ਕਰਮਚਾਰੀਆਂ ਨੂੰ ਘੇਰ ਲਿਆ ਤੇ ਕੁੱਟਣਾ ਸ਼ੁਰੂ ਕਰ ਦਿੱਤਾ। ਪੁਲਿਸ ਕਰਮਚਾਰੀ ਜਾਨਾਂ ਬਚਾਉਣ ਲਈ ਨੱਸੇ, ਤਾਂ ਉਨ੍ਹਾਂ ਦਾ ਪਿੱਛਾ ਕਰ ਕੇ ਉਨ੍ਹਾਂ ਕੁੱਟਿਆ।ਬਾਅਦ ’ਚ ਸੂਚਨਾ ਮਿਲਣ ਉੱਤੇ ਭਾਰੀ ਪੁਲਿਸ ਬਲ ਥਾਣੇ ਤੋਂ ਪੁੱਜਿਆ ਪਰ ਤਦ ਤੱਕ ਨਸ਼ੇੜੀ ਉੱਥੋਂ ਭੱਜ ਚੁੱਕੇ ਸਨ। ਦੱਸਿਆ ਗਿਆ ਕਿ ਥਾਣੇਦਾਰ ਤੇ ਦੋ ਸਿਪਾਹੀ ਕੁੱਟਮਾਰ ਦੇ ਸ਼ਿਕਾਰ ਹੋਏ ਹਨ।

Posted in: ਰਾਸ਼ਟਰੀ