ਜਦੋਂ ਫਰੀਜਰ ‘ਚ ਰੱਖੀ ਮ੍ਰਿਤਕ ਦੇਹ 5 ਘੰਟੇ ਬਾਅਦ ਜਿਊਂਦੀ ਪਾਈ ਗਈ

By May 14, 2019


ਕਾਲਾ ਸੰਘਿਆਂ, 14 ਮਈ – ਸਥਾਨਕ ਕਸਬੇ ‘ਚ ਬਾਬਾ ਨੰਦ ਚੰਦ ਮ੍ਰਿਤਕ ਦੇਹ ਸੰਭਾਲ ਘਰ ਵਿਖੇ ਰੱਖੀ ਮ੍ਰਿਤਕ ਦੇਹ 5 ਘੰਟੇ ਬਾਅਦ ਜਿਊਂਦੀ ਪਾਈ ਜਾਣ ਦਾ ਸਨਸਨੀ ਖੇਦ ਸਮਾਚਾਰ ਮਿਲਿਆ ਹੈ। ਸਥਾਨਕ ਪੁਲਿਸ ਚੌਂਕੀ ਦੇ ਇੰਚਾਰਜ ਠਾਕੁਰ ਸਿੰਘ ਏ. ਐੱਸ. ਆਈ. ਅਤੇ ਬਾਬਾ ਨੰਦ ਚੰਦ ਮ੍ਰਿਤਕ ਦੇਹ ਸੰਭਾਲ ਘਰ ਦੇ ਸੇਵਾਦਾਰ ਗੁਰਦੀਪ ਸਿੰਘ ਨੇ ਦੱਸਿਆ ਕਿ ਅੱਜ ਬਾਅਦ ਦੁਪਹਿਰ 2-30 ਕੁ ਵਜੇ ਪ੍ਰਵੀਨ ਕੁਮਾਰੀ ਪਤਨੀ ਬ੍ਰਹਮ ਦੱਤ ਉਮਰ ਅੰਦਾਜ਼ਨ 65 ਕੁ ਸਾਲ ਮ੍ਰਿਤਕ ਦੇਹ ਫ਼ਰੀਜਰ (ਮੋਰਚਰੀ) ‘ਚ ਰੱਖ ਕੇ ਗਏ ਸਨ।

ਮੋਰਚਰੀ ਦੇ ਸੇਵਾਦਾਰ ਗੁਰਦੀਪ ਸਿੰਘ ਨੇ ਕਿਹਾ ਕਿ ਕਰੀਬ 7 ਕੁ ਵਜੇ ਉਸ ਨੇ ਫਰੀਜਰ ਖ਼ੋਲ ਕੇ ਮ੍ਰਿਤਕ ਨੂੰ ਵੇਖਿਆ ਤਾਂ ਉਸ ਨੂੰ ਬਾਡੀ ਹਰਕਤ ਕਰਦੀ ਤੇ ਸਾਹ ਚਲਦੇ ਲੱਗੇ ਤਾਂ ਉਸ ਨੇ ਫਰੀਜਰ ਦਾ ਬੂਹਾ ਖ਼ੋਲ ਦਿੱਤਾ ਤੇ ਮਾਤਾ ਨੂੰ ਚੂਲੀ ਨਾਲ ਪਾਣੀ ਪਿਆਇਆ ਜੋ ਉਸ ਨੇ ਪੀ ਲਿਆ। ਪਰਿਵਾਰ ਵਾਲੇ ਕਰੀਬ 8 ਕੁ ਵਜੇ ਮਾਤਾ ਨੂੰ ਇੱਥੋਂ ਸਰਕਾਰੀ ਹਸਪਤਾਲ ਕਪੂਰਥਲੇ ਲੈ ਗਏ ਜਿੱਥੇ ਖ਼ਬਰ ਲਿਖੇ ਜਾਣ ਤੱਕ ਮਾਤਾ ਠੀਕ ਦੱਸੀ ਜਾ ਰਹੀ ਹੈ।

Posted in: ਪੰਜਾਬ