ਮਾਮਲਾ ਸਿੱਖ ਮੈਰਿਜ ਐਕਟ ਦਾ- ਡਾ. ਧਰਮਵੀਰ ਗਾਂਧੀ ਨੇ ਖੋਲੀ ਪ੍ਰਨੀਤ ਕੌਰ ਦੀ ਪੋਲ

By May 13, 2019


ਪਟਿਆਲਾ: ਪਟਿਆਲਾ ਤੋਂ ਮੈਂਬਰ ਪਾਰਲੀਮੈਂਟ ਅਤੇ ਪੰਜਾਬ ਜਮਹੂਰੀ ਗਠਜੋੜ ਦੇ ਉਮੀਦਵਾਰ ਡਾ. ਧਰਮਵੀਰ ਗਾਂਧੀ ਵੱਲੋਂ ਅੱਜ ਪ੍ਰੈਸ ਕਾਨਫਰੰਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਅਤੇ ਕਾਂਗਰਸੀ ਉਮੀਦਵਾਰ ਸ਼੍ਰੀਮਤੀ ਪ੍ਰਨੀਤ ਕੌਰ ਵੱਲੋਂ ਲਗਾਤਾਰ ਕੀਤੇ ਜਾ ਰਹੇ ਝੂਠੇ ਦਾਅਵਿਆਂ ਦੀ ਪੋਲ ਖੋਲ ਕੇ ਰੱਖ ਦਿੱਤੀ। ਡਾ. ਗਾਂਧੀ ਨੇ ਪੱਤਰਕਾਰਾਂ ਅੱਗੇ ਤੱਥ ਪੇਸ਼ ਕਰਦਿਆਂ ਦੱਸਿਆ ਕਿ ਸ਼੍ਰੀਮਤੀ ਪ੍ਰਨੀਤ ਕੌਰ ਆਏ ਦਿਨ ਲੋਕਾਂ ਨੂੰ ਝੂਠ ਬੋਲ ਕੇ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਹੇ ਕਿ ਪਟਿਆਲਾ ਵਿੱਚ ਪਾਸਪੋਰਟ ਦਫਤਰ ਉਹਨਾਂ ਨੇ ਕੇਂਦਰ ਵਿੱਚ ਕਾਂਗਰਸ ਸਰਕਾਰ ਹੁੰਦਿਆਂ ਬਤੌਰ ਕੇਂਦਰੀ ਵਿਦੇਸ਼ ਰਾਜ ਮੰਤਰੀ ਹੁੰਦਿਆਂ ਮਨਜ਼ੂਰ ਕਰਵਾਇਆ ਸੀ, ਜਦਕਿ ਇਹ ਕੋਰਾ ਝੂਠ ਹੈ ਅਤੇ ਇਸ ਦੀ ਸੱਚਾਈ ਇਹ ਹੈ ਕਿ ਪਾਸਪੋਰਟ ਦਫਤਰ ਮੈਂ ਵਿਦੇਸ਼ ਮੰਤਰੀ ਸ਼੍ਰੀਮਤੀ ਸ਼ੁਸ਼ਮਾ ਸਵਰਾਜ ਜੀ ਕੋਲੋਂ ਬੇਨਤੀ ਕਰਕੇ ਖੁਲਵਾਇਆ ਸੀ ਜਿਸਦੀ ਸਬੂਤ ਸ਼੍ਰੀਮਤੀ ਸ਼ੁਸ਼ਮਾ ਸਵਰਾਜ ਜੀ ਵੱਲੋਂ 27 ਮਾਰਚ 2017 ਨੂੰ ਜਾਰੀ ਕੀਤੀ ਚਿੱਠੀ ਹੈ, ਜਿਸ ਵਿੱਚ ਵਿਦੇਸ਼ ਮੰਤਰੀ ਨੇ ਸਾਫ ਲਿਖਿਆ ਹੈ ਕਿ ਪਟਿਆਲਾ ਵਿਚਲਾ ਪਾਸਪੋਰਟ ਦਫਤਰ ਡਾ. ਧਰਮਵੀਰ ਗਾਂਧੀ ਵੱਲੋਂ ਕੀਤੀ ਮੰਗ ਕਰਕੇ ਹੀ ਖੋਲਿਆ ਜਾ ਰਿਹਾ ਹੈ।

ਸ਼੍ਰੀਮਤੀ ਪ੍ਰਨੀਤ ਕੌਰ ਵੱਲੋਂ ਚੋਣ ਪ੍ਰਚਾਰ ਦੌਰਾਨ ਦੂਜੇ ਵੱਡੇ ਝੂਠੇ ਦਾਅਵਾ ਬਾਰੇ ਖੁਲਾਸਾ ਕਰਦਿਆਂ ਡਾ. ਗਾਂਧੀ ਨੇ ਦੱਸਿਆ ਕਿ ਸ਼੍ਰੀਮਤੀ ਪ੍ਰਨੀਤ ਕੌਰ ਆਪਣੇ ਚੋਣ ਪ੍ਰਚਾਰ ਵਿੱਚ ਦੂਜਾ ਵੱਡਾ ਝੂਠ ਇਹ ਬੋਲ ਰਹੇ ਹਨ ਕਿ ਰੇਲਵੇ ਪ੍ਰੋਜੈਕਟ ਉਹਨਾਂ ਨੇ ਕਾਂਗਰਸ ਸਰਕਾਰ ਕੋਲੋਂ ਪਾਸ ਕਰਵਾਇਆ ਸੀ, ਜਦਕਿ ਇਸਦੀ ਸੱਚਾਈ ਇਹ ਹੈ ਕਿ ਰਾਜਪੁਰਾ ਤੋਂ ਬਠਿੰਡਾ ਤੱਕ ਰੇਲ ਲਾਈਨ ਡਬਲ ਕਰਵਾਉਣ ਲਈ ਅਤੇ ਲਾਈਨ ਦਾ ਬਿਜਲੀਕਰਨ ਕਰਨ ਲਈ ਅਤੇ ਰਾਜਪੁਰਾ ਤੋਂ ਚੰਡੀਗੜ੍ਹ ਤੱਕ ਰੇਲ ਲਿੰਕ ਜੋੜਨ ਲਈ ਮੈਂ ਕਰੀਬ 20 ਵਾਰ ਰੇਲ ਮੰਤਰੀ ਨੂੰ ਮਿਲਿਆਅਤੇ 2 ਵਾਰ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੂੰ ਮਿਲਿਆ ਤਾਂ ਜਾ ਕੇ ਕਰੀਬ 2 ਹਜ਼ਾਰ ਕਰੋੜ ਰੁਪਏ ਦੇ ਇਹ ਰੇਲਵੇ ਪ੍ਰੋਜੈਕਟ ਨੇਪਰੇ ਚੜ੍ਹੇ।

ਡਾ. ਗਾਂਧੀ ਨੇ ਪੱਤਰਕਾਰਾਂ ਨੂੰ ਸ਼੍ਰੀਮਤੀ ਪ੍ਰਨੀਤ ਕੌਰ ਦਾ ਤੀਜੇ ਦਾਅਵੇ ਨੂੰ ਝੂਠਾ ਕਰਾਰ ਦਿੰਦਿਆਂ ਦੱਸਿਆ ਕਿ ਸ਼੍ਰੀਮਤੀ ਪ੍ਰਨੀਤ ਕੌਰ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਡਾ. ਗਾਂਧੀ ਜਿਸ “ਸਿੱਖ ਮੈਰਿਜ਼” ਐਕਟ ਬਿੱਲ ਦੀ ਗੱਲ ਕਰ ਰਹੇ ਹਨ ਉਹ “ਆਨੰਦ ਮੈਰਿਜ਼ ਐਕਟ” ਬਿੱਲ ਕੇਂਦਰ ਵਿਚਲੀ ਕਾਂਗਰਸ ਸਰਕਾਰ ਦੌਰਾਨ ਪਾਸ ਹੋਇਆ ਹੈ, ਜਦਕਿ ਬਹੁਤ ਹੀ ਹਾਸੋਹੀਣੀ ਗੱਲ ਹੈ ਕਿ ਸ਼੍ਰੀਮਤੀ ਪ੍ਰਨੀਤ ਕੌਰ ਨੂੰ ਇਹ ਵੀ ਜਾਣਕਾਰੀ ਨਹੀਂ ਹੈ ਕਿ ਮੈਂ ਤਾਂ “ਸਿੱਖ ਮੈਰਿਜ਼ ਐਕਟ” ਬਿੱਲ ਦੀ ਗੱਲ ਕਰ ਰਿਹਾ ਹਾਂ ਨਾ ਕਿ ਆਨੰਦ ਮੈਰਿਜ਼ ਐਕਟ ਦੀ। ਆਨੰਦ ਮੈਰਿਜ਼ ਐਕਟ ਬਿੱਲ ਨੂੰ ਸਿੱਖ ਕੌਮ ਪਹਿਲਾ ਹੀ ਨਕਾਰ ਚੁੱਕੀ ਹੈ, ਕਿਉਂਕਿ ਆਨੰਦ ਮੈਰਿਜ਼ ਐਕਟ ਬਿੱਲ ਹਿੰਦੂ ਮੈਰਿਜ਼ ਐਕਟ ਬਿੱਲ ਦਾ ਹੀ ਇੱਕ ਭਾਗ ਹੈ, ਜਿਸ ਵਿੱਚ ਅਗਰ ਕਿਸੇ ਸਿੱਖ ਵਿਅਕਤੀ ਨੂੰ ਤਲਾਕ ਲੈਣਾ ਪਵੇ ਤਾਂ ਉਸਨੂੰ ਹਿੰਦੂ ਮੈਰਿਜ਼ ਐਕਟ ਵਿੱਚ ਹੀ ਜਾਣਾ ਪੈਂਦਾ ਹੈ। ਮੇਰੇ ਵੱਲੋਂ ਸਾਲ 2016 ਵਿੱਚ ਸਿੱਖ ਕੌਮ ਦੇ ਨਾਮੀਂ ਲੇਖਕਾਂ ਅਤੇ ਧਾਰਮਿਕ ਸਖਸ਼ੀਅਤਾਂ ਨਾਲ ਮਸ਼ਵਰਾ ਕਰਕੇ ਪਾਰਲੀਮੈਂਟ ’ਚ ਪੇਸ਼ ਕੀਤਾ ਗਿਆ “ਸਿੱਖ ਮੈਰਿਜ਼ ਐਕਟ” ਬਿੱਲ ਪੂਰਨ ਰੂਪ ਵਿੱਚ ਸਿੱਖ ਕੌਮ ਦੀ ਵਿਲੱਖਣਤਾ ਪੇਸ਼ ਕਰਦਾ ਹੈ,
ਕਿਉਂਕਿ ਸਿੱਖ ਇੱਕ ਵਿਲੱਖਣ ਕੌਮ ਹੈ ਇਸ ਲਈ ਸਿੱਖ ਕੌਮ ਲਈ ਵੱਖਰਾ ਸਿੱਖ ਮੈਰਿਜ਼ ਐਕਟ ਬਿੱਲ ਪਾਸ ਹੋਣਾ ਚਾਹੀਦਾ ਹੈ ਜੋ ਸਿੱਖਾਂ ਦੀ ਧਾਰਮਿਕ ਵਿਲੱਖਣਤਾ ਅਤੇ ਪਛਾਣ ਨੂੰ ਦਰਸਾਉਂਦਾ ਹੋਵੇ। ਡਾ. ਗਾਂਧੀ ਨੇ ਕਿਹਾ ਕਿ ਮੈਂਨੂੰ ਸ਼੍ਰੀਮਤੀ ਪ੍ਰਨੀਤ ਕੌਰ ਦੇ ਬਿਆਨਾਂ ਉੱਤੇ ਤਰਸ ਵੀ ਆਉਂਦਾ ਹੈ ਹਾਸਾ ਵੀ ਆਉਂਦਾ ਹੈ ਕਿ ਐਨਾ ਪੜੇ-ਲਿਖੇ ਹੋਣ ਦੇ ਬਾਵਜੂਦ ਉਹਨਾਂ ਨੂੰ ਕੋਈ ਵੀ ਜਾਣਕਾਰੀ ਨਹੀਂ। ਉਹਨਾਂ ਕਿਹਾ ਕਿ ਸ਼੍ਰੀਮਤੀ ਪ੍ਰਨੀਤ ਕੌਰ ਦੇ ਮੀਡੀਆ ਸਲਾਹਕਾਰ ਉਹਨਾਂ ਨੂੰ ਜਿਵੇਂ ਗੁੰਮਰਾਹ ਕਰਦੇ ਹਨ ਉਹ ਅੱਗੋਂ ਉਵੇਂ ਹੀ ਲਗਾਤਾਰ ਪਟਿਆਲਾ ਹਲਕੇ ਦੇ ਲੋਕਾਂ ਨੂੰ ਗੁੰਮਰਾਹ ਕਰੀ ਜਾ ਰਹੇ ਹਨ।

ਡਾ. ਗਾਂਧੀ ਨੇ ਕਿਹਾ ਕਿ ਪਹਿਲਾ ਸ਼੍ਰੀਮਤੀ ਪ੍ਰਨੀਤ ਕੌਰ ਸੋਸ਼ਲ ਮੀਡੀਆ ਰਾਹੀਂ ਇਹ ਦਾਅਵਾ ਕੀਤਾ ਸੀ ਕਿ ਥਾਪਰ ਕਾਲਜ ਉਹਨਾਂ ਨੇ ਬਣਵਾਇਆ ਹੈ, ਜਦਕਿ ਜਦੋਂ ਥਾਪਰ ਕਾਲਜ ਬਣਿਆ ਸੀ ਉਸ ਵੇਲੇ ਸ਼੍ਰੀਮਤੀ ਪ੍ਰਨੀਤ ਕੌਰ ਦੀ ਉਮਰ ਮਹਿਜ਼ 13 ਸਾਲ ਦੀ ਸੀ। ਡਾ. ਗਾਂਧੀ ਨੇ ਕਿਹਾ ਅਗਰ ਉਕਤ ਪ੍ਰੋਜੈਕਟਾਂ ਵਿੱਚੋਂ ਕੋਈ ਵੀ ਪ੍ਰੋਜੈਕਟ ਸ਼੍ਰੀਮਤੀ ਪ੍ਰਨੀਤ ਕੌਰ ਲੈ ਕੇ ਆਏ ਹਨ ਤਾਂ ਉਹ ਕਿਸੇ ਵੀ ਪਬਲਿਕ ਮੰਚ ’ਤੇ ਮੀਡੀਆ ਸਾਹਮਣੇ ਪੁਖਤਾ ਸਬੂਤ ਪੇਸ਼ ਕਰਨ ਅਤੇ ਮੈਂ ਵੀ ਉਸੇ ਮੰਚ ’ਤੇ ਆਪਣੇ ਪੁਖਤਾ ਤੱਥ ਪੇਸ਼ ਕਰਾਂਗਾ ਤਾਂ ਜੋ ਸਾਰੇ ਲੋਕਾਂ ਸਾਹਮਣੇ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿੱਤਰ ਸਕੇ।

ਉਹਨਾਂ ਕਿਹਾ ਆਪਣੀ ਹਾਰ ਨੂੰ ਦੇਖਦਿਆ ਅਤੇ ਡਾ. ਗਾਂਧੀ ਦੀ ਜਿੱਤ ਤੋਂ ਡਰਦਿਆਂ ਕਾਂਗਰਸ ਅਤੇ ਆਪ ਦੇ ਉਮੀਦਵਾਰ ਆਪਸ ਵਿੱਚ ਮਿਲ ਕੇ ਮੇਰੇ ਸਮਰਥਕਾਂ ਨੂੰ ਮੇਰੇ ਚੋਣ ਨਿਸ਼ਾਨ ਦਾ ਭੁਲੇਖਾ ਪਾ ਰਹੇ ਹਨ, ਜਦਕਿ ਬੱਚੇ ਬੱਚੇ ਨੂੰ ਪਤਾ ਹੈ ਕਿ ਇਸ ਵਾਰ ਡਾ. ਗਾਂਧੀ ਦਾ ਚੋਣ ਨਿਸ਼ਾਨ ਮਾਈਕ ਹੈ।