Breaking News
Home / ਅੰਤਰ ਰਾਸ਼ਟਰੀ / ਕਨੇਡਾ- ਮੰਦਰ ਦੇ ਪ੍ਰਧਾਨ ਪ੍ਰਵੀਨ ਸ਼ਰਮਾ ਨੂੰ ਬਲਾਤਕਾਰ ਕੇਸ ਵਿੱਚ ਸਜ਼ਾ

ਕਨੇਡਾ- ਮੰਦਰ ਦੇ ਪ੍ਰਧਾਨ ਪ੍ਰਵੀਨ ਸ਼ਰਮਾ ਨੂੰ ਬਲਾਤਕਾਰ ਕੇਸ ਵਿੱਚ ਸਜ਼ਾ

ਉਂਟੇਰੀਓ ਦੀ ਸੁਪਰੀਅਰ ਕੋਰਟ ਆਫ ਜਸਟਿਸ ਵੱਲੋਂ 22 ਫਰਵਰੀ 2019 ਨੂੰ ਕੀਤੇ ਗਏ ਇੱਕ ਫੈਸਲੇ ਵਿੱਚ ਬਰੈਂਪਟਨ ਵਿੱਚ ਗੋਰ ਰੋਡ ਉੱਤੇ ਸਥਿਤ ਹਿੰਦੂ ਸਭਾ ਮੰਦਰ ਦੇ ਪ੍ਰਧਾਨ ਪ੍ਰਵੀਨ ਸ਼ਰਮਾ ਨੂੰ ਬਲਾਤਕਾਰ ਦੇ ਕੇਸ ਵਿੱਚ ਢਾਈ ਸਾਲ ਦੀ ਸਜ਼ਾ ਸੁਣਾਈ ਗਈ ਹੈ। ਇਸ ਫੈਸਲੇ ਵਿੱਚ ਅਦਾਲਤ ਨੇ 25 ਸਾਲਾ ਪੀੜਤ ਲੜਕੀ ਦੀ ਪਹਿਚਾਣ ਗੁਪਤ ਰੱਖਣ ਦਾ ਫੈਸਲਾ ਕੀਤਾ ਹੈ। ਅਦਾਲਤ ਨੇ ਲੜਕੀ ਨੂੰ ਸਿਰਫ਼ ਐਮ ਜੀ (M.G) ਦਾ ਨਾਮ ਦੇ ਕੇ ਪਹਿਚਾਣਿਆ ਹੈ। 6 ਦਿਨ ਚੱਲੇ ਟਰਾਇਲ ਵਿੱਚ ਅਦਾਲਤ ਨੇ ਇੱਹ ਦੋਸ਼ ਸਾਬਤ ਕੀਤੇ ਕਿ ਦੋਸ਼ੀ ਪਰਵੀਨ ਸ਼ਰਮਾ ਨੇ ਆਪਣੇ ਮਕਾਨ ਦੀ ਬੇਸਮੈਂਟ ਵਿੱਚ ਰਹਿੰਦੀ 25 ਸਾਲਾ ਲੜਕੀ ਨਾਲ 2 ਅਤੇ 3 ਅਕਤੂਬਰ 2015 ਦੇ ਦਰਮਿਆਨ ਸੈਕਸੁਅਲ ਬਦਸਲੂਕੀ ਲੜਕੀ ਦੇ ਸਹਿਮਤੀ ਤੋਂ ਬਗੈਰ ਜਬਰੀ ਕੀਤੀ।

ਅਦਾਲਤ ਦੇ ਫੈਸਲੇ ਨੂੰ ਪੜਨ ਤੋਂ ਬਾਅਦ ਇੰਝ ਪ੍ਰਤੀਤ ਹੁੰਦਾ ਹੈ ਕਿ ਪੀੜਤ ਲੜਕੀ ਕੈਨੇਡਾ ਵਿੱਚ ਅੰਤਰਰਾਸ਼ਟਰੀ ਸਟੂਡੈਂਟ ਹੈ ਕਿਉਂਕਿ ਪ੍ਰਵੀਨ ਸ਼ਰਮਾ ਵੱਲੋਂ ਲੜਕੀ ਨੂੰ ਜੌਬ ਲੱਭਣ, ਕੈਨੇਡਾ ਵਿੱਚ ਪੱਕੇ ਹੋਣ ਲਈ ਮੰਦਰ ਵਿੱਚ ਨੌਕਰੀ ਦੇਣ ਆਦਿ ਦੇ ਵਾਅਦੇ ਕੀਤੇ ਗਏ। ਲੜਕੀ ਅਤੇ ਪ੍ਰਵੀਨ ਸ਼ਰਮਾ ਵਿੱਚ ਵੱਟਸਐਪ ਉੱਤੇ 6 ਮਹੀਨੇ ਦੇ ਕਰੀਬ ਮੈਸੇਜ ਸਾਂਝੇ ਹੁੰਦੇ ਰਹੇ ਜਿਸ ਤੋਂ ਬਾਅਦ ਸ਼ਰਮਾ ਨੇ ਲੜਕੀ ਨੂੰ ਆਪਣੀ ਪਤਨੀ ਦੀ ਮਾਰਫ਼ਤ ਆਪਣੇ ਹੀ ਘਰ ਦੀ ਬੇਸਮੈਂਟ ਵਿੱਚ ਰਹਿਣ ਲਈ ਸੁਝਾਅ ਦਿੱਤਾ।

28 ਸਤੰਬਰ ਨੂੰ ਪਰਵੀਨ ਸ਼ਰਮਾ ਦੀ ਪਤਨੀ ਭਾਰਤ ਵਿਜ਼ਟ ਕਰਨ ਗਈ। ਪੀੜਤ ਲੜਕੀ ਦਾ ਦੋਸ਼ ਹੈ ਕਿ 2 ਅਕਤੂਬਰ ਨੂੰ ਦੋਸ਼ੀ ਉਸਦੀ ਬੇਸਮੈਂਟ ਵਿੱਚ ਆਇਆ ਅਤੇ ਆਪਣੇ ਪੈਰਾਂ ਦੀ ਮਾਲਸ਼ ਕਰਨ ਲਈ ਲੜਕੀ ਨੂੰ ਕਿਹਾ। ਲੜਕੀ ਮਾਲਸ਼ ਕਰਨ ਲਈ ਜ਼ਮੀਨ ਉੱਤੇ ਬੈਠੀ ਅਤੇ ਪਰਵੀਨ ਸ਼ਰਮਾ ਮੂਧੇ ਮੂੰਹ ਬੈੱਡ ਉੱਤੇ ਲੇਟਿਆ ਅਤੇ ਥੋੜੀ ਦੇਰ ਬਾਅਦ ਉਸਨੇ ਲੜਕੀ ਦੇ ਜਿਸਮ ਨੂੰ ਛੂਹਣ ਅਤੇ ਉਸਦੇ ਕੱਪੜਿਆਂ ਅੰਦਰ ਹੱਥ ਪਾ ਕੇ ਬੇਸ਼ਰਮੀ ਭਰੀਆ ਹਰਕਤਾਂ ਆਰੰਭ ਕਰ ਦਿੱਤੀਆਂ। ਇਸਦੇ ਉਲਟ ਦੋਸ਼ੀ ਧਿਰ ਵੱਲੋਂ ਆਖਿਆ ਗਿਆ ਕਿ ਜਦੋਂ ਪ੍ਰਵੀਨ ਸ਼ਰਮਾ ਬੇਸਮੈਂਟ ਵਿੱਚ ਆਇਆ ਤਾਂ ਉਸਨੇ ਹੀਟ ਸਹੀ ਕਰਨ ਲਈ ਵੈਂਟ ਤੱਕ ਪਹੁੰਚ ਕੀਤੀ ਤਾਂ ਲੜਕੀ ਨੇ ਉਸਨੂੰ ਪਿੱਛੇ ਤੋਂ ਜੱਫ਼ੀ ਪਾਈ। ਅਦਾਲਤ ਨੇ ਬਚਾਅ ਪੱਖ ਦੀ ਇਸ ਗੱਲ ਨੂੰ ਕਬੂਲ ਨਹੀਂ ਕੀਤਾ।

ਪਰਵੀਨ ਸ਼ਰਮਾ ਦਾ ਇਹ (ਬੇਸ਼ਰਮੀ ਭਰਿਆ) ਵਰਤਾਅ ਦੋ ਦਿਨ ਤੱਕ ਜਾਰੀ ਰਿਹਾ ਜਿਸਦਾ ਲੜਕੀ ਲਗਾਤਾਰ ਇਸਦਾ ਵਿਰੋਧ ਕਰਦੀ ਰਹੀ। ਆਖਰ ਨੂੰ ਪਰੇਸ਼ਾਨ ਹੋਈ ਲੜਕੀ ਨੇ 4 ਅਕਤੂਬਰ ਨੂੰ ਸੰਦੀਪ ਬਰਾੜ ਨਾਮਕ ਇੱਕ ਜਾਣਕਾਰ ਦੀ ਮਦਦ ਨਾਲ ਬੇਸਮੈਂਟ ਛੱਡ ਦਿੱਤੀ। ਸੰਦੀਪ ਬਰਾੜ ਨੇ ਅਦਾਲਤ ਵਿੱਚ ਗਵਾਹੀ ਦਿੱਤੀ ਕਿ ਲੜਕੀ ਬਹੁਤ ਘਬਰਾਈ ਹੋਈ ਸੀ ਜਿਸਨੂੰ ਵੇਖਦੇ ਹੋਏ ਉਹ ਲੜਕੀ ਨੂੰ ਪੀਲ ਪੁਲੀਸ ਕੋਲ ਸਿ਼ਕਾਇਤ ਕਰਨ ਲਈ ਲੈ ਕੇ ਗਿਆ। ਲੜਕੀ ਨੇ ਪੁਲੀਸ ਕੋਲ 4 ਅਕਤੂਬਰ 2015 ਅਤੇ 23 ਜਨਵਰੀ 2018 ਨੂੰ ਵੀਡੀਓ ਟੇਪ ਕਰਕੇ ਆਪਣੇ ਬਿਆਨ ਦਰਜ਼ ਕਰਵਾਏ ਜਿਹਨਾਂ ਨੂੰ ਅਦਾਲਤ ਨੇ ਕਾਫੀ ਭਰੋਸੇ ਯੋਗ ਮੰਨਿਆ।

ਇਸਤੋਂ ਉਪਰੰਤ ਮਾਮਲੇ ਨੂੰ ਰਫਾ ਦਫ਼ਾ ਕਰਨ ਦੇ ਇਰਾਦੇ ਨਾਲ ਲੜਕੀ ਦੇ ਪਿਤਾ ਦੇ ਦੋਸਤ ਹਰਭਗਵਾਨ ਮੱਕੜ ਦੇ ਘਰ ਇੱਕ ਮੀਟਿੰਗ ਹੋਈ ਜਿਸ ਵਿੱਚ ਮੰਦਰ ਦੇ ਪੁਜਾਰੀ ਅਭੈ ਦੇਵ ਸ਼ਰਮਾ ਨੇ ਸ਼ਮੂਲੀਅਤ ਕੀਤੀ। ਅਭੈ ਦੇਵ ਨੇ ਲੜਕੀ ਨੂੰ ਮੰਦਰ ਦੀ ਇੱਜ਼ਤ ਰੱਖਣ ਲਈ ਪੈਸੇ ਲੈ ਕੇ ਕੇਸ ਵਾਪਸ ਲੈਣ ਦੀ ਪੇਸ਼ਕਸ਼ ਕੀਤੀ। ਅਭੈ ਦੇਵ ਨੇ ਕਿਹਾ ਕਿ ਜੇ ਉਹ ਕੇਸ ਵਾਪਸ ਲੈ ਲਵੇ ਤਾਂ ਪਰਵੀਨ ਸ਼ਰਮਾ ਜਾਂ ਮੰਦਰ ਵੱਲੋਂ ਲੜਕੀ ਦੀ ਮਦਦ ਕੀਤੀ ਜਾ ਸਕਦੀ ਹੈ। ਲੜਕੀ ਨੇ ਅਦਾਲਤ ਵਿੱਚ ਕਿਹਾ ਕਿ ਉਸਨੇ ਕਦੇ ਵੀ ਇਹ ਗੱਲ ਕਬੂਲ ਨਹੀਂ ਕੀਤੀ ਕਿ ਉਹ 50 ਹਜ਼ਾਰ ਡਾਲਰ ਲੈ ਕੇ ਕੇਸ ਨੂੰ ਵਾਪਸ ਲੈ ਲਵੇਗੀ।ਅਦਾਲਤ ਨੇ ਸਪੱਸ਼ਟ ਕੀਤਾ ਕਿ ਹਰ ਪੱਖ ਨੂੰ ਘੋਖਣ ਤੋਂ ਬਾਅਦ ਪੀੜਤ ਲੜਕੀ ਨੂੰ ਨਿਰਦੋਸ਼ ਮੰਨਿਆ ਜਾਂਦਾ ਹੈ। ਦੋਸ਼ੀ ਪਰਵੀਨ ਸ਼ਰਮਾ ਨੇ ਅਦਾਲਤ ਵਿੱਚ ਕੋਈ ਗਵਾਹੀ ਨਹੀਂ ਭਰੀ ਜਿਸਨੂੰ ਅਦਾਲਤ ਨੇ ਉਸਦੇ ਹੱਕ ਵਜੋਂ ਸਵੀਕਾਰ ਕੀਤਾ। ਦੋਸ਼ੀ ਪਰਵੀਨ ਸ਼ਰਮਾ ਦਾ ਉਹ ਡੀ ਐਨ ਏ ਟੈਸਟ ਅਦਾਲਤ ਵਿੱਚ ਗਵਾਹੀ ਵਜੋਂ ਜਰੂਰ ਪੇਸ਼ ਕੀਤਾ ਗਿਆ ਜਿਸ ਵਿੱਚ ਪਾਇਆ ਗਿਆ ਕਿ ਉਸਦੇ ਵੀਰਜ ਦੇ ਅੰਸ਼ ਲੜਕੀ ਦੇ ਗੁਪਤ ਅੰਗਾਂ ਨੂੰ ਲੱਗੇ ਹੋਏ ਸਨ। ਅਦਾਲਤ ਨੇ ਮੰਨਿਆ ਕਿ ਸੁਆਲ ਇਹ ਨਹੀਂ ਕਿ ਦੋਸ਼ੀ ਨੇ ਲੜਕੀ ਨਾਲ ਜਿਸਮਾਨੀ ਸਬੰਧ ਬਣਾਏ (ਜੋ ਕਿ ਸਾਬਤ ਹੈ) ਸਗੋਂ ਅਦਾਲਤ ਨੇ ਸਿਰਫ਼ ਇਹ ਵੇਖਣਾ ਹੈ ਕਿ ਕੀ ਇਹ ਸਬੰਧ ਜਬਰੀ ਬਣਾਏ ਗਏ ਜਾਂ ਦੋਵਾਂ ਦੀ ਆਪਸੀ ਸਹਿਮਤੀ ਨਾਲ ਬਣੇ। ਅੰਤ ਨੂੂੰ ਅਦਾਲਤ ਨੇ ਇਹ ਸਬੰਧ ਦੋਸ਼ੀ ਵੱਲੋਂ ਲੜਕੀ ਨਾਲ ਜਬਰੀ ਬਣਾਏ ਗਏ ਮੰਨੇ ਗਏ।

ਅਦਾਲਤ ਨੇ ਮੰਦਰ ਦੇ ਪੁਜਾਰੀ ਅਭੈ ਦੇਵ ਸ਼ਰਮਾ ਦੀ ਗਵਾਹੀ ਨੂੰ ਯਕੀਨ ਕਰਨ ਯੋਗ ਨਹੀਂ ਮੰਨਿਆ ਕਿਉਂਕਿ ਉਹ ਅਦਾਲਤ ਵਿੱਚ ਗਵਾਹੀ ਦੇਣ ਵੇਲੇ ਖੁੱਲ ਕੇ ਗੱਲ ਨਹੀਂ ਸੀ ਕਰਦਾ ਸਗੋਂ ਅਦਾਲਤ ਨੂੰ ਉਸਦੇ ਮੂੰਹ ਤੋਂ ਗੱਲ ਕਰਵਾਉਣ ਲਈ ਵਾਰ 2 ਪੁੱਛਣਾ ਪੈਂਦਾ ਰਿਹਾ।ਅਦਾਲਤ ਨੇ ਇਹ ਵੀ ਕਿਹਾ ਕਿ ਲੜਕੀ ਦੀ ਗੱਲਬਾਤ ਅਤੇ ਕਹਾਣੀ ਯਕੀਨ ਕਰਨ ਵਾਲੀ ਹੈ ਕਿਉਂਕਿ ਉਸਨੇ ਆਪਣੇ ਬਿਆਨ ਇਸ ਢੰਗ ਨਾਲ ਦਾਖ਼ਲ ਕੀਤੇ ਜੋ ਸਪੱਸ਼ਟ, ਪ੍ਰਭਾਵ ਪਾਉਣ ਵਾਲੇ ਅਤੇ ਦਲੀਲ ਵਾਲੇ ਸਨ।

ਮਾਣਯੋਗ ਜੱਜ ਵੂਲਕੌਂਬ ਜੇ (Woollcombe J. ) ਨੇ ਫੈਸਲੇ ਵਿੱਚ ਲਿਖਿਆ ਹੈ ਕਿ ਲੜਕੀ ਨੇ 2 ਅਕਤੂਬਰ 2015 ਅਤੇ 3 ਅਕਤੂਬਰ 2015 ਨੂੰ ਹੋਈ ਵਾਰਦਾਤ ਬਾਰੇ ਜੋ ਗੱਲਾਂ ਆਖੀਆਂ ਉਹ ਯਕੀਨ ਕਰਨ ਯੋਗ ਹਨ ਅਤੇ ਮੈਂ ਸਰਕਾਰੀ ਵਕੀਲਾਂ ਦੀ ਇਸ ਦਲੀਲ ਨਾਲ ਸਹਿਮਤ ਹਾਂ ਕਿ ਪਰਵੀਨ ਸ਼ਰਮਾ ਨੇ ਲੜਕੀ ਨਾਲ ਸੈਕਸੁਅਲ ਜਬਰ ਕੀਤਾ ਜਿਸ ਦੇ ਆਧਾਰ ਉੱਤੇ ਉਸਨੂੰ ਗੁਨਾਹਗਾਰ ਪਾਇਆ ਜਾਂਦਾ ਹੈ।ਨੈਸ਼ਨਲ ਪੋਸਟ ਦੀ ਖ਼ਬਰ ਮੁਤਾਬਕ ਵਾਰਦਾਤ ਵਾਲਾ ਮਕਾਨ ਦੋਸ਼ੀ ਪਰਵੀਨ ਸ਼ਰਮਾ ਦਾ ਹੈ ਜਿਸ ਵਿੱਚ ਉਹ ਆਪਣੀ ਪਤਨੀ ਅਤੇ 26 ਸਾਲਾ ਲੜਕੇ ਨਾਲ ਰਹਿੰਦਾ ਹੈ। ਨੈਸ਼ਨਲ ਪੋਸਟ ਮੁਤਾਬਕ ਦੋਸ਼ੀ ਪਰਵੀਨ ਸ਼ਰਮਾ ਦਾ ਵਕੀਲ ਇਸ ਫੈਸਲੇ ਨੂੰ ਚੁਣੌਤੀ ਦੇਣ ਲਈ ਤਿਆਰੀ ਕਰ ਰਿਹਾ ਹੈ।

CopyAMP code

Check Also

ਕੈਨੇਡਾ ‘ਚ ਇੰਝ ਟੁੱਟਦੀ ਹੈ ਬੇਰੀ

-ਗੁਰਪ੍ਰੀਤ ਸਿੰਘ ਸਹੋਤਾ/ ਸਰੀ/ੜ੍ਹਦੀ ਕਲਾ ਬਿਊਰੋ ਜਦ ਪੇਂਡੂ ਪੰਜਾਬ ‘ਚ ਕੈਨੇਡਾ ਦੀ ਗੱਲ ਚਲਦੀ ਹੈ …

%d bloggers like this: